ਪੰਜਾਬ 'ਚ ਡਰਾਈਵਿੰਗ ਲਾਇਸੰਸ ਤੇ RC ਨਾਲ ਸੰਬਧਿਤ ਅਗਲੇ 5 ਦਿਨਾਂ ਤੱਕ ਨਹੀ ਹੋਣਗੇ ਕੋਈ ਵੀ ਕੰਮ, ਪੋਰਟਲ 'ਚ ਕੀਤਾ ਜਾ ਰਿਹਾ ਬਦਲਾਅ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਟ੍ਰਾਂਸਪੋਰਟ ਡਿਪਾਰਟਮੈਂਟ 'ਚ ਵਾਹਨਾਂ ਅਤੇ ਡਰਾਈਵਿੰਗ ਲਾਇਸੰਸ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਕੰਮ ਸ਼ੁੱਕਰਵਾਰ ਤੋਂ ਅਗਲੇ 5 ਦਿਨਾਂ ਤੱਕ ਨਹੀਂ ਹੋਣਗੇ। ਇਸ ਦੌਰਾਨ ਬਿਨੈਕਾਰਾਂ ਨੂੰ ਅਗਲੇ 5 ਦਿਨ ਤੱਕ ਆਰ.ਟੀ.ਓ ਦਫ਼ਤਰ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਅਸਲ 'ਚ ਟ੍ਰਾਂਸਪੋਰਟ ਡਿਪਾਰਟਮੈਂਟ ਵਾਰਨ ਅਤੇ ਸਾਰਥੀ ਪੋਰਟਲ 'ਤੇ ਆਨਲਾਈਨ ਪੇਮੈਂਟ ਦੇ ਗੇਟਵੇ 'ਚ ਕੁਝ ਤਬਦੀਲੀਆਂ ਕਰ ਰਹੇ ਹਨ। ਇਸ ਪ੍ਰਕਿਰਿਆ 'ਚ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ 5 ਦਿਨ ਦਾ ਸਮਾਂ ਲੱਗੇਗਾ। ਡਿਪਾਰਟਮੈਂਟ ਨੇ ਬਾਕਾਇਦਾ ਆਪਣੀ ਵੈੱਬਸਾਈਟ 'ਤੇ ਲੋਕਾਂ ਨੂੰ ਇਸ ਸੰਬੰਧੀ ਸੂਚਿਤ ਕਰ ਦਿੱਤਾ ਹੈ। ਟ੍ਰਾਂਸਪੋਰਟ ਡਿਪਾਰਟਮੈਂਟ ਨੇ ਸਪੱਸ਼ਟ ਕੀਤਾ ਕਿ 14 ਤੋਂ 18 ਜੂਨ ਤੱਕ ਜਿੰਨ੍ਹਾਂ ਦਸਤਾਵੇਜ਼ਾਂ ਦੀ ਵੈਲੀਡਿਟੀ ਖ਼ਤਮ ਹੋ ਰਹੀ ਹੈ, ਉਹ 19 ਜੂਨ ਤੱਕ ਵੈਲਿਡ ਮੰਨੇ ਜਾਣਗੇ।
ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਆਨਲਾਈਨ ਪੇਮੈਂਟ ਦਾ ਗੇਟਵੇ ਬਦਲਣ ਦੇ ਨਿਰਦੇਸ਼ ਦਿੱਤੇ ਸਨ। ਵਿੱਤ ਵਿਭਾਗ ਨੇ ਆਨਲਾਈਨ ਪੇਮੈਂਟ ਦਾ ਗੇਟਵੇ ਆਈ.ਐੱਫ. ਐੱਮ.ਐੱਸ ਪੰਜਾਬ ਤੋਂ ਕਲਾਡ ਟੂ ਡਾਟਾ ਸੈਂਟਰ ਪੰਜਾਬ 'ਚ ਸਿਫਟ ਕਰਨ ਲਈ ਕਿਹਾ ਸੀ ਪਰ ਡਿਪਾਰਟਮੈਂਟ ਨੇ ਇਸ ਨੂੰ ਸ਼ਿਫਟ ਨਹੀਂ ਕੀਤਾ ਸੀ। ਵਿੱਤ ਵਿਭਾਗ ਦੀ ਸਖ਼ਤੀ ਤੋਂ ਬਾਅਦ ਡਿਪਾਰਟਮੈਂਟ ਨੇ ਹੁਣ ਆਨਲਾਈਨ ਪੇਮੈਂਟ ਗੇਟਵੇ ਨੂੰ ਸ਼ਿਫਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸ਼ਿਫਟਿੰਗ ਦੌਰਾਨ ਵਿਭਾਗ ਨੇ 14 ਜੂਨ ਸ਼ਾਮ 6:30 ਵਜੇ ਤੋਂ 18 ਜੂਨ ਸ਼ਾਮ 7:00 ਵਜੇ ਤੱਕ ਵਾਹਨ ਅਤੇ ਸਾਰਥੀ ਪੋਰਟਲ ਬੰਦ ਰੱਖਣ ਦਾ ਫੈਸਲਾ ਲਿਆ ਹੈ। ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਉਹ 18 ਜੂਨ ਤੋਂ ਬਾਅਦ ਹੀ ਕੰਮ ਕਰਵਾਉਣ ਲਈ ਆਰ.ਟੀ.ਓ ਦਫਤਰ ਆਉਣ, ਤਾਂ ਕਿ ਉਨ੍ਹਾਂ ਨੂੰ ਪ੍ਰੇਸ਼ਾਨੀ ਨਾ ਹੋਵੇ। Author : Malout Live