ਸਰਕਾਰੀ ਕੰਮਾਂ ਲਈ ਹਲਫੀਆਂ ਬਿਆਨ ਲੈਣ ਦੀ ਪੂਰਨ ਮਨਾਹੀ- ਵਧੀਕ ਡਿਪਟੀ ਕਮਿਸ਼ਨਰ

ਮਲੋਟ ਵਧੀਕ ਡਿਪਟੀ ਕਮਿਸ਼ਨਰ ਡਾ. ਮਨਦੀਪ ਕੌਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਹਲਫੀਆਂ ਬਿਆਨ ਬੰਦ ਕਰਕੇ ਸਵੈ ਘੋਸ਼ਣਾ ਪੱਤਰ ਸ਼ੁਰੂ ਕੀਤੇ ਗਏ ਸਨ ਤਾਂ ਜੋ ਲੋਕਾਂ ਨੂੰ ਬਿਨ੍ਹਾਂ ਵਜ੍ਹਾ ਤੋਂ ਸੇਵਾ ਕੇਂਦਰਾਂ ਦੇ ਚੱਕਰ ਨਾ ਮਾਰਨੇ ਪੈਣ। ਸ਼੍ਰੀ ਸੂਦਨ ਨੇ ਸਖਤ ਸ਼ਬਦਾਂ ਵਿੱਚ ਹਦਾਇਤ ਕਰਦਿਆਂ ਕਿਹਾ ਕਿ ਕੁੱਝ ਦਫਤਰਾਂ ਵੱਲੋਂ ਅਜੇ ਵੀ ਹਲਫੀਆਂ ਬਿਆਨਾਂ ਦੀ ਮੰਗ ਕੀਤੀ ਜਾਂਦੀ ਹੈ ਜੋ ਕਿ ਪੂਰੀ ਤਰ੍ਹਾਂ ਸਰਕਾਰੀ ਹਦਾਇਤਾਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡਾ. ਮਨਦੀਪ ਕੌਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਈ-ਸੇਵਾ ਪੋਰਟਲਾਂ ਰਾਹੀਂ ਡਿਜੀਟਲ ਸਾਈਨ ਹੋਣ ਵਾਲੇ ਸਰਟੀਫਿਕੇਟਾਂ/ਦਸਤਾਵੇਜਾਂ ‘ਤੇ ਕਿਸੇ ਵੀ ਤਰ੍ਹਾਂ ਦੇ ਭੌਤਿਕ ਦਸਤਖਤਾਂ,

ਮੋਹਰ ਜਾਂ ਹੋਲੋਗਰਾਮ ਦੀ ਜਰੂਰਤ ਨਹੀਂ ਹੋਵੇਗੀ ਅਤੇ ਇਹਨਾਂ ਦੀ ਵੈਰੀਫਿਕੇਸ਼ਨ ਜਾਂ ਪ੍ਰਮਾਣਿਕਤਾ ਵੈਲ ਲਿੰਕ https://esewa.punjab.gov.in/certificateVerification ‘ਤੇ ਦਸਤਾਵੇਜ ਸੀਰੀਅਲ ਨੰਬਰ ਦੀ ਵਰਤੋਂ ਕਰਕੇ ਚੈੱਕ ਕੀਤੀ ਜਾ ਸਕਦੀ ਹੈ। ਜੇਕਰ ਇਸ ਵਿੱਚ ਮੌਜੂਦਾ ਵੇਰਵਿਆਂ ਦੀ ਤੁਲਨਾ ਵਿੱਚ ਅੰਤਰ ਪਾਇਆ ਜਾਂਦਾ ਹੈ ਤਾਂ ਉਹ ਸਰਟੀਫਿਕੇਟ/ਦਸਤਾਵੇਜ ਅਵੈਧ ਸਮਝਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਡਿਜੀਟਲ ਸਾਈਨ ਹੋਣ ਤੋਂ ਬਾਅਦ ਪ੍ਰਾਰਥੀ ਆਪਣੇ ਸਰਟੀਫਿਕੇਟ ਐੱਸ.ਐੱਮ.ਐੱਸ/ ਈ ਮੇਲ ’ਤੇ ਲਿੰਕ ਭੇਜਿਆ ਜਾਵੇਗਾ, ਜਿੱਥੇ ਉਹ ਪ੍ਰਾਪਤ ਹੋਏ ਲਿੰਕ ਰਾਹੀਂ ਸਿੱਧੇ ਤੌਰ ‘ਤੇ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਪਣੇ ਨਜਦੀਕੀ ਸੇਵਾ ਕੇਂਦਰ ਤੋਂ ਅਰਜੀ ਦੀ ਰਸੀਦ ਦਿਖਾ ਕੇ ਦਸਤਾਵੇਜ ਦਾ ਪ੍ਰਿੰਟ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਈ ਸੇਵਾ ਪੋਰਟਲ https://esewa.punjab.gov.in ਰਾਹੀਂ 'Download Your Certificate' ਲਿੰਕ ‘ਤੇ ਜਾ ਕੇ ਪ੍ਰਿੰਟ ਲਿਆ ਜਾ ਸਕਦਾ ਹੈ। Author: Malout Live