ਚਾਈਨਾ ਡੋਰ ਵੇਚਣ ਵਾਲਿਆਂ ਨੂੰ ਕਰਨੀ ਪੈ ਸਕਦੀ ਹੈ ਜੇਲ੍ਹ ਯਾਤਰਾ, ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਦਿੱਤੀ ਆਖਰੀ ਚੇਤਾਵਨੀ
ਮਲੋਟ: ਚਾਈਨਾ ਡੋਰ ਦੇ ਇਸਤੇਮਾਲ ਨਾਲ ਜਾਨਵਰਾਂ, ਪੰਛੀਆਂ ਅਤੇ ਮਨੁੱਖਾਂ ਉਪਰ ਹੋਣ ਵਾਲੇ ਅਤਿਅੰਤ ਹੀ ਖਤਰਨਾਕ ਹਾਦਸਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚਾਈਨਾ ਡੋਰ ਨੂੰ ਰੱਖਣ, ਵੇਚਣ ਅਤੇ ਖ੍ਰੀਦਣ ਵਾਲਿਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸੰਬੰਧੀ ਸ਼੍ਰੀ ਵਿਨੀਤ ਕੁਮਾਰ, ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਇਸ ਖਤਰਨਾਕ ਡੋਰ ਨੂੰ ਰੱਖਣ, ਵੇਚਣ ਵਾਲਿਆਂ ਖਿਲਾਫ਼ ਧਾਰਾ 144 ਅਤੇ ਧਾਰਾ 188 ਦੇ ਤਹਿਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਪਤੰਗ ਉਡਾਉਣ ਵਾਲਿਆਂ ਲਈ ਖਾਸ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਇਸ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਕਿਉਂਕਿ
ਇਸ ਨਾਲ ਜਾਨੀ ਨੁਕਸਾਨ ਹੋਣ ਦੇ ਖਦਸ਼ੇ ਹਮੇਸ਼ਾਂ ਬਣੇ ਰਹਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਵੀ ਇਸ ਖਤਰਨਾਕ ਡੋਰ ਦੇ ਇਸਤੇਮਾਲ ਨਾਲ ਜਿੱਥੇ ਸਾਇਕਲ, ਮੋਟਰਸਾਇਕਲ, ਸਕੂਟਰ ਚਾਲਕਾਂ, ਬਜ਼ੁਰਗਾਂ ਅਤੇ ਬੱਚਿਆਂ ਦੇ ਗਲੇ ਕੱਟੇ ਗਏ ਉੱਥੇ ਭਾਰੀ ਮਾਤਰਾ ਵਿੱਚ ਪੰਛੀਆਂ ਦੀਆਂ ਜਾਨਾਂ ਦਾ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਇਸ ਸੰਬੰਧੀ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਚਾਈਨਾ ਡੋਰ ਖਿਲਾਫ਼ ਪੁਲਿਸ ਪ੍ਰਸ਼ਾਸ਼ਨ ਦਾ ਪੂਰਾ ਸਹਿਯੋਗ ਦੇਣ। ਇਸ ਖਤਰਨਾਕ ਡੋਰ ਨੂੰ ਰੱਖਣ, ਵੇਚਣ ਵਾਲਿਆਂ ਦੀ ਇਤਲਾਹ ਨੇੜਲੇ ਪੁਲਿਸ ਥਾਨੇ ਜਾਂ ਦਫ਼ਤਰ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਨ ਤਾਂ ਜੋ ਇਸ ਖਤਰਨਾਕ ਡੋਰ ਤੋਂ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸ ਸੰਬੰਧੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। Author: Malout Live