ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ’ਤੇ ਨਿੱਜੀ ਸੰਸਥਾ ਦਾ ਨਾਮ ਲਿਖਣ ’ਤੇ ਸੰਗਤਾਂ ’ਚ ਭਾਰੀ ਰੋਸ
ਮਲੋਟ: ਮਲੋਟ ਸ਼ਹਿਰ ਦਾ ਤਿਨਕੋਨੀ ਚੌਂਕ ਜਿਸ ਦਾ ਨਾਮ ਸੰਗਤਾਂ ਦੀ ਭਾਰੀ ਮੰਗ ’ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ’ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਰੱਖਿਆ ਗਿਆ ਸੀ। ਇਸ ਚੌਂਕ ਨੂੰ ਸੁੰਦਰ ਬਣਾਉਣ ਦੀ ਮੰਗ ਜਿੱਥੇ ਇਲਾਕਾਂ ਵਾਸੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਸਰਕਾਰ ਤੋਂ ਕੀਤੀ ਜਾ ਰਹੀ ਹੈ, ਉੱਥੇ ਹੀ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ’ਚ ਬਕਾਇਦਾ ਤੌਰ ’ਤੇ ਬਣਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਪ੍ਰਬੰਧਕ ਕਮੇਟੀ ਵੱਲੋਂ ਵੀ ਚੌਂਕ ਨੂੰ ਸੁੰਦਰ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਚੌਂਕ ਦੇ ਸੁੰਦਰ ਬਨਣ ਦੀ ਉਡੀਕ ਕਰ ਰਹੇ ਇਲਾਕਾ ਵਾਸੀਆਂ ਵਿੱਚ ਉਸ ਸਮੇਂ ਰੋਸ ਵੱਧ ਗਿਆ ਜਦ ਇਕ ਨਿੱਜੀ ਸੰਸਥਾ ਦਾ ਨਾਂਅ ਮੁੱਖ ਤੌਰ ’ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ’ਚ ਲਿਖਿਆ ਦੇਖਿਆ ਗਿਆ।
ਜਿਸ ਉਪਰੰਤ ਲੋਕਾਂ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਕਿ ਇਸ ਚੌਂਕ ਦਾ ਨਾਮ ਸ਼ਾਇਦ ਬਦਲ ਤਾਂ ਨਹੀਂ ਦਿੱਤਾ ਗਿਆ। ਇਥੇ ਦੱਸਣਯੋਗ ਹੈ ਕਿ ਇਸ ਚੌਂਕ ਦਾ ਨਾਂਅ ਤਾਂ ਨਹੀਂ ਬਦਲਿਆ ਗਿਆ, ਪਰ ਇਕ ਨਿੱਜੀ ਸੰਸਥਾ ਦਾ ਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਨਾਲੋਂ ਬੇਹੱਦ ਵਧੀਆ ਢੰਗ ਨਾਲ ਲਿਖਿਆ ਹੋਇਆ ਹੈ। ਜਿਸ ਕਾਰਨ ਲੋਕਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਇਸੇ ਰੋਸ ਵਜੋਂ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਪ੍ਰਬੰਧਕ ਕਮੇਟੀ ਤੇ ਹੋਰ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਸਾਰੇ ਨੁਮਾਇੰਦਿਆਂ ਤੇ ਸੰਗਤਾਂ ਨੇ ਮੁੱਖ ਮੰਤਰੀ ਪੰਜਾਬ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆਂ ਤੋਂ ਮੰਗ ਕੀਤੀ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਕਤ ਚੌਂਕ ਤੋਂ ਨਿੱਜੀ ਸੰਸਥਾਂ ਦਾ ਨਾਮ ਹਟਾਇਆ ਜਾਵੇ ਨਹੀਂ ਤਾਂ ਸੰਗਤਾਂ ਦਾ ਰੋਸ ਹੋਰ ਵੱਧ ਜਾਵੇਗਾ। Author: Malout Live