ਹਾਈ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ 'ਪਬਜੀ ਗੇਮ' ਤੇ ਰੋਕ ਲਗਾਉਣ ਦੇ ਦਿੱਤੇ ਗਏ ਹੁਕਮ
ਦੁਨੀਆਂ ਭਰ 'ਚ ਚਰਚਿਤ ਸਮਾਰਟ ਮੋਬਾਇਲ ਫ਼ੋਨ ਗੇਮ ਪਲੇਅਰ ਅਨਨੋਨ ਬੈਟਲ ਗਰਾਊਂਡਜ਼ 'ਪਬਜੀ' ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਦਾਖਲ ਕੀਤੀ ਗਈ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਕੇਂਦਰ ਸਰਕਾਰ ਦੀ ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ ਮਨਿਸਟਰੀ ਨੂੰ ਉਕਤ ਗੇਮ 'ਤੇ ਰੋਕ ਲਗਾਉਣ ਨੂੰ ਲੈ ਕੇ ਛੇਤੀ ਫ਼ੈਸਲਾ ਲੈਣ ਨੂੰ ਕਿਹਾ ਹੈ। ਵਕੀਲ ਐੱਚ.ਸੀ. ਅਰੋੜਾ ਵਲੋਂ ਦਾਖਲ ਕੀਤੀ ਗਈ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਪਬਜੀ ਗੇਮ ਇਕ ਬਹੁਤ ਹੀ ਖਤਰਨਾਕ ਸਮਾਰਟਫੋਨ ਗੇਮ ਹੈ, ਜਿਸ 'ਤੇ ਬੱਚੇ 4 ਤੋਂ 5 ਘੰਟੇ ਹਰ ਰੋਜ਼ ਬਰਬਾਦ ਕਰ ਰਹੇ ਹਨ ਅਤੇ ਉਕਤ ਗੇਮ ਉਨ੍ਹਾਂ ਨੂੰ ਮਾਨਸਿਕ ਰੋਗੀ ਬਣਾ ਰਹੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਪਬਜੀ ਗੇਮ ਯੂਥ ਨੂੰ ਬਰਬਾਦ ਕਰ ਰਹੀ ਹੈ, ਜੋ ਕਿ ਪੰਜਾਬ 'ਚ ਨਸ਼ੇ ਤੋਂ ਵੀ ਜ਼ਿਆਦਾ ਮਾੜੀ ਹੈ, ਕਿਉਂਕਿ ਇਸ ਗੇਮ ਨੂੰ ਖੇਡਣ ਵਾਲਾ ਇੰਨਾਂ ਉਤੇਜਿਤ ਹੋ ਜਾਂਦਾ ਹੈ ਕਿ ਉਸ ਨੂੰ ਕੁਝ ਹੋਰ ਦਿਖਾਈ ਨਹੀਂ ਦਿੰਦਾ, ਉਹ ਖੁਦ ਨੂੰ ਅਤੇ ਕਈ ਵਾਰ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਵਿਦਿਆਰਥੀਆਂ 'ਚ ਇਸ ਗੇਮ ਨੂੰ ਲੈ ਕੇ ਇੰਨਾ ਕਰੇਜ਼ ਵਧ ਰਿਹਾ ਹੈ ਕਿ ਉਹ ਪੜ੍ਹਾਈ 'ਚ ਧਿਆਨ ਨਹੀਂ ਲਗਾ ਰਹੇ ਅਤੇ ਭਵਿੱਖ ਹਨੇਰੇ ਵੱਲ ਜਾ ਰਿਹਾ ਹੈ, ਇਸ ਲਈ ਇਸ ਗੇਮ 'ਤੇ ਤੁਰੰਤ ਰੋਕ ਲਗਾਈ ਜਾਵੇ।