ਮੀਟਿੰਗਾਂ ਦੇ ਟਾਲ-ਮਟੋਲ ਤੋਂ ਪ੍ਰੇਸ਼ਾਨ ਫਾਰਮੇਸੀ ਅਫਸਰ ਤੇ ਦਰਜਾ-4 ਕਰਨਗੇ 3 ਨੂੰ ਖਰੜ ਚ ਚੱਕਾ ਜਾਮ

ਮਲੋਟ:- ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਿਹਤ ਵਿਭਾਗ ਵਿੱਚ ਰੂਰਲ ਹੈੱਲਥ ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਤੇ ਪੰਚਾਇਤ ਵਿਭਾਗ ਅਤੇ ਉਨ੍ਹਾਂ ਨਾਲ ਕੰਮ ਕਰਦੇ ਦਰਜ਼ਾ ਚਾਰ ਕਰਮਚਾਰੀਆਂ ਯੂਨੀਅਨ ਦੀ ਮੀਟਿੰਗ ਹੋਈ, ਜਿਸ ਵਿੱਚ ਬੀਤੇ ਦਿਨੀਂ ਜੋ ਸੂਬਾ ਵਫਦ ਕੀ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਬੇਸਿੱਟਾ ਮੀਟਿੰਗ ਹੋਈ ਉਸ ਪ੍ਰਤੀ ਸਮੂਹ ਮੁਲਾਜਮਾਂ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਪਰਮਪਾਲ ਸਿੰਘ ਨੇ ਕਿਹਾ ਕਿ 2017 ਵਿੱਚ ਕਾਂਗਰਸ ਨੇ ਸਾਡੇ ਮੁਲਾਜਮਾਂ ਨਾਲ ਵਾਅਦਾ ਕੀਤਾ ਸੀ ਜਦੋਂ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਤੁਹਾਡੇ ਮੁਲਾਜਮਾਂ ਨੂੰ ਪਹਿਲ ਦੇ ਅਧਾਰ ਤੇ ਪੱਕਾ ਕੀਤਾ ਜਾਵੇਗਾ। ਉਨ੍ਹਾ ਕਿਹਾ ਪਰ ਸਰਕਾਰ ਲਗਾਤਾਰ ਮੀਟਿੰਗ ਕਰਕੇ ਲਾਰੇ ਲੱਪੇ ਲਾ ਰਹੀ ਹੈ, ਜਿਸ ਨਾਲ ਸਾਡੇ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਵਾਅਦਾ ਖਿਲਾਫੀ ਦੇ ਚੱਲਦੇ ਸੂਬਾ ਭਰ ਵਿੱਚ ਡਿਊਟੀਆਂ ਦਾ ਬਾਈਕਾਟ ਕਰਦੇ ਹੋਏ ਧਰਨੇ ਦਿੱਤੇ ਜਾ ਰਹੇ ਹਨ। ਪਰ ਸਰਕਾਰ ਦੇ ਕੰਨਾਂ ਤੇ ਜੂੰਅ ਨਹੀ ਸਰਕ ਰਹੀ। ਉਨ੍ਹਾਂ ਦੱਸਿਆਂ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀ ਪੂਰੀਆਂ ਹੁੰਦੀਆਂ ਧਰਨਾ ਇਸੇ ਤਰ੍ਹਾ ਜਾਰੀ ਰਹੇਗਾ। ਉਨ੍ਹਾ ਕਿਹਾ ਕਿ ਸਾਡੇ ਮੁਲਾਜਮ ਪਿਛਲੇ ਸਾਢੇ 15 ਸਾਲ ਤੋਂ ਨਾਮਾਤਰ ਤਨਖਾਹ ਤੇ ਬੜੀ ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਪਿਛਲੇ 2 ਸਾਲ ਤੋਂ ਸਾਡੇ ਮੁਲਾਜਮ ਕੋਰੋਨਾ ਮਾਹਾਂਮਾਰੀ ਦੌਰਾਨ ਬਿਨਾਂ ਕਿਸੇ ਸਿਹਤ ਬੀਮੇ ਤੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਡਿਊਟੀਆਂ ਨਿਭਾ ਰਹੇ ਹਨ ਪਰ ਸਰਕਾਰ ਨੇ ਇਸ ਕੋਰੋਨਾ ਕਾਲ ਦੌਰਾਨ ਸਾਡੇ ਮੁਲਾਜਮਾਂ ਦਾ ਇਕ ਵੀ ਪੈਸਾ ਨਹੀ ਵਧਾਇਆ ਗਿਆ। ਸਰਕਾਰ ਫਾਰਮੇਸੀ ਕੇਡਰ ਨੂੰ ਪੂਰੀ ਤਰ੍ਹਾ ਤਬਾਹ ਕਰਨ ਤੇ ਤੁੱਲੀ ਹੋਈ ਹੈ ਪਰ ਸਾਡੇ ਮੁਲਾਜਮ ਸਰਕਾਰ ਦੇ ਇਸ ਮਨਸੂਬੇ ਨੂੰ ਕਿਸੇ ਹਾਲਤ ਵਿੱਚ ਵੀ ਸਫਲ ਨਹੀ ਹੋਣ ਦੇਣਗੇ। 3 ਜਨਵਰੀ ਨੂੰ ਸੂਬਾ ਕਰਜਕਰਨੀ ਵੱਲੋਂ ਖਰੜ ਵਿਖੇ ਰੋਸ ਪ੍ਰਦਰਸ਼ਨ ਕਰਕੇ ਹਾਈਵੇ ਜਾਮ ਕਰਨ ਦੀ ਕਾਲ ਦਿੱਤੀ ਗਈ ਹੈ, ਉਸ ਵਿੱਚ ਸਾਡੇ ਜਿਲ੍ਹੇ ਭਰ ਚੋਂ ਭਾਰੀ ਗਿਣਤੀ ਵਿੱਚ ਮੁਲਾਜਮ ਸ਼ਮੂਲੀਅਤ ਕਰਨਗੇ ਅਤੇ ਸੁੱਤੀ ਹੋਈ ਸਰਕਾਰ ਨੂੰ ਜਗਾਉਣਗੇ। ਮੀਟਿੰਗ ਵਿੱਚ ਪ੍ਰਦੀਪ ਚਾਵਲਾ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਦਿਲਰਾਜ ਸਿੰਘ ਤੇ ਹੋਰ ਮੁਲਾਜਮ ਹਾਜ਼ਿਰ ਸਨ।