ਮਹਿਣਾ 'ਚ ਲੋਕਾਂ ਨੇ ਫਲਾਈਓਵਰ ਦੀ ਮੰਗ ਤਹਿਤ ਧਰਨਾ ਲਗਾ ਕੇ ਮੁੱਖ ਸੜਕ ਕੀਤੀ ਜਾਮ, ਫਲਾਈਓਵਰ ਦੀ ਮਨਜ਼ੂਰੀ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਕੀਤਾ ਐਲਾਨ

ਮਲੋਟ (ਲੰਬੀ-ਮਹਿਣਾ): ਛੇ ਮਾਰਗੀ ਉਸਾਰੀ ਤਹਿਤ ਡੱਬਵਾਲੀ-ਮਲੋਟ ਜਰਨੈਲੀ ਸੜਕ-9 'ਤੇ ਪਿੰਡ ਮਹਿਣਾ ਵਿਖੇ ਫਲਾਈਓਵਰ ਬਣਾਉਣ ਦੀ ਮੰਗ ਤਹਿਤ ਬੀਤੇ ਦਿਨ ਪਿੰਡ ਵਾਸੀਆਂ ਨੇ ਮੁੱਖ ਸੜਕ 'ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਇੱਥੇ ਖੇਤਰ ਦੇ ਕਰੀਬ ਦੱਸ ਪਿੰਡ ਬਾਦਲ, ਬਨਵਾਲਾ ਅੰਨੂ, ਚੱਕ ਮਿੱਡੂ ਸਿੰਘ ਵਾਲਾ, ਮਿੱਡੂਖੇੜਾ, ਲੁਹਾਰਾ, ਘੁਮਿਆਰਾ, ਸਿੰਘੇਵਾਲਾ ਅਤੇ ਮਿਠੜੀ ਬੁੱਧਗਿਰ ਦੀਆਂ ਲਿੰਕ ਸੜਕਾਂ ਡੱਬਵਾਲੀ-ਮਲੋਟ ਕੌਮੀ ਸ਼ਾਹ ਰਾਹ 'ਤੇ ਨਿੱਕਲਦੀਆਂ ਹਨ। ਪਿੰਡ ਦਾ ਬਹੁਗਿਣਤੀ ਹਿੱਸਾ ਸੜਕ ਕੰਢੇ 'ਤੇ ਵਸਿਆ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਛੇ ਮਾਰਗੀ ਹੋਣ ਕਾਰਨ ਉਪਰੰਤ ਵਹੀਕਲਾਂ ਦੀ ਰਫ਼ਤਾਰ ਵਧੇਗੀ, ਮਹਿਣਾ 'ਚ ਫਲਾਈਓਵਰ ਨਾ ਬਣਾਏ ਜਾਣ ਕਰਕੇ ਹਾਦਸਿਆਂ ਵਿਚ ਹੋਰ ਵਾਧਾ ਹੋਵੇਗਾ। ਜਦਕਿ ਪਹਿਲਾਂ ਹੀ ਇੱਥੇ ਕਾਫ਼ੀ ਹਾਦਸੇ ਹੁੰਦੇ ਹਨ ਅਤੇ ਬਹੁਤ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਸ ਮੌਕੇ ਪਿੰਡ ਬਨਵਾਲਾ ਦੇ ਕਾਫ਼ੀ ਲੋਕ ਸ਼ਾਮਿਲ ਹੋਏ। ਧਰਨਾਕਾਰੀ ਨਾਜ਼ਮ ਸਿੰਘ, ਛਿੰਦਰ ਸਿੰਘ ਮਹਿਣਾ, ਨੈਬ ਸਿੰਘ ਕੁਲਾਰ, ਕਿਸਾਨ ਆਗੂ ਨੈਬ ਸਿੰਘ ਬੈਣੀਵਾਲ,

ਨੈਬ ਸਿੰਘ, ਨਿਰਮਲ ਸਿੰਘ ਬਨਵਾਲਾ, ਸਾਧੂ ਸਿੰਘ ਅਤੇ ਪੰਚ ਗੁਰਜਿੰਦਰ ਸਿੰਘ ਨੇ ਕਿਹਾ ਕਿ ਮੁਸਾਫ਼ਰ ਵਹੀਕਲਾਂ ਨੂੰ ਹਾਦਸਿਆਂ ਤੋਂ ਬਚਾਅ ਅਤੇ ਸਥਾਨਕ ਵਸੋਂ ਦੀ ਨਿਰਵਿਘਨ ਰੋਜ਼ਾਨਾ ਜ਼ਿੰਦਗੀ ਲਈ ਫਲਾਈਓਵਰ ਦੀ ਮੰਗ ਕੀਤੀ ਜਾ ਰਹੀ ਹੈ। ਲੰਬੀ ਥਾਣੇ ਦੇ ਮੁਖੀ ਮਨਿੰਦਰ ਸਿੰਘ ਅਤੇ ਠੇਕੇਦਾਰ ਕੰਪਨੀ ਈ-5 ਕੰਪਨੀ ਦੇ ਸ਼ਿਵੇਸ਼ ਕੁਮਾਰ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਪਰ ਲੋਕਾਂ ਨੇ ਫਲਾਈਓਵਰ ਦੀ ਮਨਜ਼ੂਰੀ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਪੰਚ ਗੁਰਜਿੰਦਰ ਸਿੰਘ ਨੇ ਐਲਾਨ ਕੀਤਾ ਕਿ ਫਲਾਈਓਵਰ ਦੀ ਮਨਜ਼ੂਰੀ ਮਿਲਣ ਤੱਕ ਪਿੰਡ ਵਿਚ ਸੜਕ ਨਹੀਂ ਬਣਨ ਦਿੱਤੀ ਜਾਵੇਗੀ। ਦੂਜੇ ਪਾਸੇ ਈ-5 ਕੰਪਨੀ ਦੇ ਅਧਿਕਾਰੀ ਸਿਵੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਭਾਗੂ 'ਚ ਸਰਕਾਰੀ ਆਦਰਸ਼ ਸਕੂਲ ਦੇ ਨੇੜੇ ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਲਾਂਘੇ ਲਈ ਐੱਨ.ਐੱਚ.ਏ.ਆਈ ਨੇ ਸੜਕ ਦੇ ਉੱਪਰੋਂ ਐੱਫ਼.ਓ.ਜੀ (ਫੁੱਟ ਓਵਰ ਬ੍ਰਿਜ) ਦੀ ਤਜਵੀਜ਼ ਕੇਂਦਰ ਸਰਕਾਰ ਨੂੰ ਮਨਜ਼ੂਰੀ ਲਈ ਭੇਜੀ ਹੈ। ਜੇਕਰ ਮਹਿਣਾ ਵਾਸੀ ਵੀ ਚਾਹੁੰਣ ਤਾਂ ਐੱਫ਼.ਓ.ਜੀ. ਲਈ ਦਰਖਾਸਤ ਲਿਖ ਕੇ ਦੇ ਸਕਦੇ ਹਨ। Author: Malout Live