ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਮਨਾਇਆ ਗਿਆ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ
ਮਲੋਟ:- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਬੀਤੇ ਐਂਤਵਾਰ ਦਾ ਧਾਰਮਿਕ ਸਮਾਗਮ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ। ਇਸ ਦੌਰਾਨ ਭਾਈ ਗੁਰਬੀਰ ਸਿੰਘ ਮਲੇਸ਼ੀਆ ਵਾਲੇ ਰਾਗੀ ਜੱਥੇ ਵੱਲੋਂ ਗੁਰਬਾਣੀ ਕੀਰਤਨ ਅਤੇ 9 ਜੁਲਾਈ ਨੂੰ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਬਾਰੇ ਅਤੇ ਉਹਨਾਂ ਦੇ ਸਿੱਖ ਨੂੰ ਸਮਰਪਿਤ ਜੀਵਨ ਤੇ ਚਾਨਣਾ ਪਾਇਆ ਗਿਆ। ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਨੌਜਵਾਨ, ਬੱਚੇ-ਬੱਚੀਆਂ ਨੂੰ ਭਾਈ ਮਨੀ ਸਿੰਘ ਜਿਹੀਆਂ ਮਹਾਨ ਸ਼ਖਸੀਅਤਾਂ ਨੂੰ ਆਪਣਾ ਨਾਇਕ ਬਣਾਉਣ ਲਈ ਪ੍ਰੇਰਿਆ। ਬਾਬਾ ਜੀ ਨੇ ਕਿਹਾ ਕਿ ਬੰਦ-ਬੰਦ ਕਟਵਾਉਣ ਵਾਲੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਨੇ ਨਾ ਕੇਵਲ ਆਪਣੀ ਸ਼ਹਾਦਤ ਦਿੱਤੀ ਬਲਕਿ ਉਹਨਾਂ ਦੇ 11 ਭਰਾ ਅਤੇ 7 ਸਪੁੱਤਰਾਂ ਸਮੇਤ ਪਰਿਵਾਰ ਦੇ ਕੁੱਲ 52 ਜੀਆਂ ਨੇ ਸਿੱਖੀ ਖਾਤਰ ਆਪਾ ਕੁਰਬਾਨ ਕੀਤਾ। ਬਾਬਾ ਜੀ ਨੇ ਦੱਸਿਆ ਕਿ 13 ਜੁਲਾਈ ਬੁੱਧਵਾਰ ਨੂੰ ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ ਤੇ ਗੁਰੂਘਰ ਵਿਖੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਹੋਵੇਗਾ, ਜਿਸ ਵਿੱਚ ਸੰਤ ਬਾਬਾ ਰਵਿੰਦਰ ਸਿੰਘ ਜੀ ਜੌਨੀ ਤਖਾਣਵੱਧ ਨਾਨਕਸਰ ਵਾਲੇ ਦੀਵਾਨ ਸਜਾਉਣਗੇ। ਉਹਨਾਂ ਤੋਂ ਇਲਾਵਾ ਭਾਈ ਵਰਿੰਦਰ ਸਿੰਘ ਬੰਟੀ ਸਿੱਖਵਾਲਾ ਅਤੇ ਹਜੂਰੀ ਰਾਗੀ ਭਾਈ ਗੁਰਬੀਰ ਸਿੰਘ ਵੀ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਗੁਰੂਘਰ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਭਾਈ ਮਨੀ ਸਿੰਘ ਜੀ ਨਾ ਕੇਵਲ ਇੱਕ ਮਹਾਨ ਵਿਦਵਾਨ ਅਤੇ ਪੂਰਨ ਭਗਤ ਸਨ ਬਲਕਿ ਸਿਰਕੱਢ ਯੋਧੇ ਅਤੇ ਬੇਖੌਫ਼ ਸਿੱਖ ਆਗੂ ਵੀ ਸਨ। ਉਹਨਾਂ ਦੀ ਸ਼ਹੀਦੀ ਨੇ ਉਸ ਸਮੇਂ ਦੀ ਸਿੱਖ ਸੰਗਤ ਵਿੱਚ ਇੱਕ ਨਵੇਂ ਜੋਸ਼ ਨਾਲ ਭਰ ਦਿੱਤਾ ਸੀ ਅਤੇ ਅੱਜ ਵੀ ਸਿੱਖ ਦੋਵੇਂ ਵੇਲੇ ਅਰਦਾਸ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹਨ। ਇਸ ਮੌਕੇ ਭਾਈ ਜਗਮੀਤ ਸਿੰਘ,ਭਾਈ ਸੁਰਿੰਦਰ ਸਿੰਘ ਬੱਗਾ, ਬੀਬੀ ਰਾਣੀ ਕੌਰ ਅਬੋਹਰ, ਬਿੰਦਰ ਸਿੰਘ, ਜੱਜਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਮਲੋਟ ਆਦਿ ਸੇਵਾਦਾਰਾਂ ਸਮੇਤ ਵੱਡੀ ਗਿਣਤੀ ਸੰਗਤ ਹਾਜ਼ਿਰ ਸੀ। Author: Malout Live