ਗੁਰੂ ਅਮਰਦਾਸ ਜੀ ਨੇ ਪਹਿਲੀ ਵਾਰ ਔਰਤ ਦੇ ਹੱਕ 'ਚ ਸਤੀ ਪ੍ਰਥਾ ਖਿਲਾਫ ਅਵਾਜ ਉਠਾਈ – ਬਾਬਾ ਬਲਜੀਤ ਸਿੰਘ

ਮਲੋਟ (ਹੈਪੀ) : ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਮਲੋਟ ਵਿਖੇ ਐਤਵਾਰ ਨੂੰ ਵਿਸ਼ੇਸ਼ ਧਾਰਮਿਕ ਦਿਵਾਨ ਸਜਾਏ ਗਏ । ਇਸ ਮੌਕੇ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿਚ ਅੱਜ ਵੀ ਔਰਤ ਦੀ ਇੱਜਤ ਲਈ ਖਾਲਸਾ ਹੋਕਾ ਹੀ ਨਹੀ ਦਿੰਦਾ ਬਲਕਿ ਖੁਦ ਮੈਦਾਨ ਵਿਚ ਉਤਰਦਾ ਹੈ । ਉਹਨਾਂ ਦੱਸਿਆ ਕਿ ਔਰਤ ਦੇ ਹੱਕ ਵਿਚ ਜਿਥੇ ਬਾਬਾ ਨਾਨਕ ਨੇ ਬਾਣੀ ਰਾਹੀਂ ਸੰਦੇਸ਼ ਦਿੱਤਾ ਉਥੇ ਹੀ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਪਹਿਲੀ ਵਾਰ ਔਰਤਾਂ ਤੇ ਹੋ ਰਹੇ ਅਤਿਆਚਾਰ ਭਾਵ ਸਤੀ ਪ੍ਰਥਾ ਖਿਲਾਫ ਅਵਾਜ ਉਠਾਈ । ਬਾਬਾ ਜੀ ਨੇ ਸੰਗਤ ਨੂੰ ਕਿਸੇ ਵੀ ਤਰਾਂ ਦੇ ਹਾਲਾਤਾਂ ਵਿਚ ਭਾਵਨਾਵਾਂ ਤੋਂ ਉਪਰ ਉਠ ਕਿ ਆਪਸੀ ਪਰੇਮ ਤੇ ਭਾਈਚਾਰਕ ਸਾਂਝ ਬਣਾ ਕਿ ਰੱਖਣ ਲਈ ਪ੍ਰੇਰਨਾ ਕੀਤੀ ਅਤੇ ਕਿਹਾ ਕਿ ਸਭ ਤੋਂ ਪਹਿਲਾਂ ਇਨਸਾਨੀਅਤ ਦਾ ਧਰਮ ਹੁੰਦਾ ਹੈ ਅਤੇ ਕੋਈ ਵੀ ਧਰਮ ਆਪਸੀ ਵੈਰ ਵਿਰੋਧ ਜਾਂ ਨਫਰਤ ਨਹੀ ਸਿਖਾਉਂਦਾ । ਇਸ ਮੌਕੇ ਭਾਈ ਮੱਖਣ ਸਿੰਘ ਫੌਜੀ ਦੇ ਢਾਡੀ ਜੱਥੇ ਵੱਲੋਂ ਵਿਸ਼ੇਸ਼ ਤੌਰ ਤੇ ਸਿੱਖ ਇਤਹਾਸ ਸਾਂਝਾ ਕੀਤਾ ਗਿਆ ਅਤੇ ਸੰਗਤ ਨੂੰ ਪੂਰਨ ਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਕੀਤੀ ਗਈ । ਉਹਨਾਂ ਕਿਹਾ ਕਿ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਲੁਕਾਈ ਚਾਰ ਵਰਨਾ ਭਾਵ ਭਾਗਾਂ ਵਿਚ ਵੰਡੀ ਹੋਈ ਸੀ ਅਤੇ ਬਾਬਾ ਨਾਨਕ ਜੀ ਨੇ ਊਚ ਨੀਚ ਜਾਤ ਪਾਤ ਦੇ ਭੇਦ ਭਾਵ ਮਿਟਾਉਣ ਦੀ ਸਿੱਖਿਆ ਦਿੱਤੀ । ਉਹਨਾਂ ਕਿਹਾ ਕਿ ਸਿੱਖ ਧਰਮ ਦੇ ਦੱਸ ਗੁਰੂ ਸਾਹਿਬਾਨ ਨੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਤਾਂ ਜੋ ਪੂਰੀ ਦੁਨੀਆ ਵਿਚੋਂ ਰੰਗ ਰੂਪ ਤੇ ਜਾਤ ਪਾਤ ਖਤਮ ਕਰਕੇ ਆਪਸੀ ਪਿਆਰ ਤੇ ਭਾਈਚਾਰਾ ਕਾਇਮ ਕੀਤਾ ਜਾ ਸਕੇ । ਇਸ ਮੌਕੇ ਡ੍ਰਾ ਸ਼ਮਿੰਦਰ ਸਿੰਘ, ਜੱਜ ਸ਼ਰਮਾ ਅਤੇ ਗੁਰੂਘਰ ਕਮੇਟੀ ਦੇ ਅਹੁਦੇਦਾਰ ਵੀ ਹਾਜਰ ਸਨ ।