ਨਿੱਜੀ ਸਕੂਲਾਂ 'ਚ ਪੰਜਵੀਂ ਪ੍ਰੀਖਿਆ ਦੇ ਫੀਸ ਵਾਧੇ ਪ੍ਰਤੀ ਭਾਰੀ ਰੋਸ
ਮਲੋਟ (ਹੈਪੀ) : ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਸਕੂਲਾਂ ਨਾਲ ਸਬੰਧੀ ਸੰਸਥਾ ਰਾਸਾ ਦੀ ਇਕ ਜ਼ਿਲ੍ਹਾ ਪੱਧਰੀ ਮੀਟਿੰਗ ਮਲੋਟ ਵਿਖੇ ਪ੍ਰਿੰਸੀਪਲ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਨਿੱਜੀ ਸਕੂਲਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਤੇ ਖੁਲ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਵਿਸ਼ੇਸ਼ ਤੌਰ ਤੇ ਸਿੱਖਿਆ ਬੋਰਡ ਦੁਆਰਾ ਹੋਣ ਵਾਲੀਆਂ ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਨਿੱਜੀ ਸਕੂਲਾਂ ਦੀਆਂ ਫੀਸਾਂ ਵਿਚ ਕੀਤੇ ਭਾਰੀ ਵਾਧੇ ਅਤੇ ਸਰਕਾਰੀ ਸਕੂਲਾਂ ਨੂੰ ਛੋਟ ਦੇਣ ਤੇ ਭਾਰੀ ਰੋਸ ਪ੍ਰਗਟ ਕੀਤਾ ਗਿਆ । ਸੰਸਥਾ ਵੱਲੋਂ ਮੰਗ ਕੀਤੀ ਗਈ ਕਿ ਸਰਕਾਰ ਨੂੰ ਇਸ ਫੈਸਲੇ ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਅਤੇ ਇਹ ਵਾਧਾ ਵਾਪਸ ਲੈਣਾ ਚਾਹੀਦਾ ਹੈ । ਇਸ ਮੌਕੇ ਰਾਸਾ ਦੇ ਪਿਛਲੇ ਤਿੰਨ ਸਾਲ ਦਾ ਲੇਖਾ ਜੋਖਾ ਜਿਲ•ਾ ਸਕੱਤਰ ਪ੍ਰਿੰਸੀਪਲ ਜਸਵਿੰਦਰ ਸ਼ਰਮਾ ਨੇ ਪੇਸ਼ ਕੀਤਾ । ਰਾਸਾ ਦੀ ਨਵੀਂ ਕਾਰਜਕਾਰਨੀ ਦੀ ਚੋਣ ਅਗਲੀ ਮੀਟਿੰਗ ਵਿਚ ਕਰਨ ਦਾ ਫੈਸਲਾ ਕਰਦਿਆਂ ਵੱਖ ਵੱਖ ਬਲਾਕਾਂ ਵਿਚ ਐਫੀਲੇਟਡ ਸਕੂਲਾਂ ਦੀ 2019-20 ਲਈ ਮੈਂਬਰਸ਼ਿਪ ਭਰਨ ਦੀ ਜਿੰਮੇਵਾਰੀ ਬਲਾਕ ਪ੍ਰਧਾਨਾਂ ਕਰਮੇਸ਼ ਅਰੋੜਾ ਗਿੱਦੜਬਾਹਾ, ਰਕੇਸ਼ ਪਰੂਥੀ ਸ੍ਰੀ ਮੁਕਤਸਰ ਸਾਹਿਬ, ਧਰਮਪਾਲ ਗੁੰਬਰ ਮਲੋਟ ਅਤੇ ਪ੍ਰਤਾਪ ਸੰਧੂ ਲੰਬੀ ਨੂੰ ਦਿੱਤੀ ਗਈ । ਇਸ ਮੌਕੇ ਨਿਸ਼ਾ ਅਸੀਜਾ, ਸੁਨੀਤਾ ਅਸੀਜਾ, ਹਰਜੀਤ ਸਿੰਘ ਅਤੇ ਜੋਗਾ ਸਿੰਘ ਆਦਿ ਹਾਜਰ ਸਨ ।