ਮਿਲਾਵਟੀ ਸਮਾਨ ਵੇਚਣ ਵਾਲਿਆਂ ਖਿਲਾਫ ਸਖਤ ਸਜਾ ਦਾ ਕਾਨੂੰਨ ਬਣਾਉਣ ਦੀ ਕੀਤੀ ਮੰਗ
ਮਲੋਟ (ਹੈਪੀ) : ਮਾਰਕੀਟ ਅੰਦਰ ਖਾਣ ਪੀਣ ਦਾ ਮਿਲਾਵਟੀ ਸਮਾਨ ਵੇਚਣ ਵਾਲਿਆਂ ਖਿਲਾਫ ਕੋਈ ਸਖਤ ਸਜਾ ਦਾ ਕਾਨੂੰਨ ਨਾ ਹੋਣ ਕਾਰਨ ਇਹ ਲੋਕ ਬਿਨਾ ਡਰ ਖੌਫ ਧੜੱਲੇ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਲੋਟ ਦੇ ਉੱਘੇ ਆਰ ਟੀ ਆਈ ਐਕਟੀਵਿਸਟ ਸੰਦੀਪ ਮਲੂਜਾ ਨੇ ਕਰਦਿਆਂ ਕਿਹਾ ਕਿ ਬੀਤੇ ਦਿਨ ਸਿਹਤ ਵਿਭਾਗ ਵੱਲੋਂ ਮਲੋਟ ਵਿਖੇ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਗਈ ਅਤੇ ਸੈਂਪਲ ਭਰੇ ਗਏ । ਪਰ ਇਸ ਸਬੰਧੀ ਕੀ ਕਾਰਵਾਈ ਅਮਲ ਵਿਚ ਲਿਆਂਦੀ ਗਈ, ਦੀ ਜਦ ਆਰਟੀਆਈ ਰਾਹੀਂ ਜਾਣਕਾਰੀ ਲਈ ਗਈ ਤਾਂ ਹੈਰਾਨਾਜਨਕ ਤੱਥ ਸਾਹਮਣੇ ਆਏ । ਮਲੋਟ ਦੇ ਕਰੀਬ ਡੇਢ ਦਰਜਨ ਦੁਕਾਨਦਾਰਾਂ ਦੇ ਸੈਂਪਲ ਸਹੀ ਨਹੀ ਪਾਏ ਗਏ ਪਰ ਇਹਨਾਂ ਲਈ ਕੋਈ ਸਖਤ ਸਜਾ ਦਾ ਕਾਨੂੰਨ ਨਾ ਹੋਣ ਕਾਰਨ ਇਹਨਾਂ ਨੂੰ ਮਾਤਰ 5-7 ਹਜਾਰ ਜੁਰਮਾਨਾ ਹੀ ਕੀਤਾ ਗਿਆ ਜੋ ਕਿ ਇਹਨਾਂ ਵੱਲੋਂ ਭਰ ਕੇ ਫਿਰ ਤੋਂ ਮਿਲਾਵਟੀ ਸਮਾਨ ਸ਼ਰੇਆਮ ਵੇਚਿਆ ਜਾ ਰਿਹਾ ਹੈ । ਕਰੀਬ 7 ਦੁਕਾਨਦਾਰਾਂ ਨੂੰ ਜੁਰਮਾਨਾ ਕੀਤਾ ਗਿਆ ਅਤੇ ਬਾਕੀ ਦਾ ਕੇਸ ਹਾਲੇ ਫੈਸਲਾ ਰਾਖਵਾਂ ਰੱਖਿਆ ਗਿਆ ਹੈ । ਸੰਦੀਪ ਮਲੂਜਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਸਖਤ ਸਜਾ ਦਾ ਕਾਨੂੰਨ ਬਣਾਇਆ ਜਾਵੇ ਅਤੇ ਜਿਹਨਾਂ ਦੇ ਸੈਂਪਲ ਸਹੀ ਨਹੀ ਪਾਏ ਜਾਂਦੇ ਉਹਨਾਂ ਦੀ ਦੁਕਾਨ ਦੇ ਬਾਹਰ ਇਕ ਬੋਰਡ ਲਗਾਇਆ ਜਾਵੇ ਤਾਂ ਜੋ ਲੋਕ ਸਾਵਧਾਨ ਹੋ ਸਕਣ ।