ਦਾਣਾ ਮੰਡੀਆਂ 'ਚ ਜੀ.ਓ.ਜੀ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਚੁਫੇਰਿਉਂ ਸ਼ਲਾਘਾ
ਮਲੋਟ, 27 ਅਪ੍ਰੈਲ (ਆਰਤੀ ਕਮਲ):- ਜੀ.ਓ.ਜੀ (ਗਾਰਡੀਐਂਸ ਆਫ ਗਵਰਨੈਂਸ) ਦੇ ਰੂਪ ਵਿਚ ਕੰਮ ਕਰ ਰਹੇ ਸਾਬਕਾ ਫੌਜੀਆਂ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਦਾਣਾ ਮੰਡੀਆਂ ਦੌਰਾਨ ਨਿਭਾਈ ਭੂਮਿਕਾ ਦੀ ਚੁਫੇਰਿਉਂ ਸ਼ਲਾਘਾ ਹੋ ਰਹੀ ਹੈ ।
ਇਸ ਸਬੰਧੀ ਗੱਲਬਾਤ ਕਰਦਿਆਂ ਜੀ.ਓ.ਜੀ ਤਹਿਸੀਲ ਮਲੋਟ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਲਾਂਕਿ ਜੀ.ਓ.ਜੀ ਦਾ ਮੁੱਖ ਕੰਮ ਮੰਡੀ ਬੋਰਡ ਵੱਲੋਂ ਦਾਣਾ ਮੰਡੀਆਂ ਅੰਦਰ ਕੀਤੇ ਖਰੀਦ ਪ੍ਰਬੰਧਾਂ ਅਤੇ ਹੋਰ ਸੁਵਿਧਾਵਾਂ ਦੀ ਫੀਡਬੈਕ ਸਰਕਾਰ ਨੂੰ ਦੇਣਾ ਸੀ ਪਰ ਨਾਲ ਹੀ ਜੀ.ਓ.ਜੀ ਦੇ ਸੀਨੀਅਰ ਵਾਈਸ ਚੇਅਰਮੈਨ ਲੈਫ. ਜਰਨਲ ਸ਼ੇਰਗਿੱਲ ਦੀ ਪ੍ਰੇਰਨਾ ਨਾਲ ਸਮੂਹ ਜੀ.ਓ.ਜੀ ਨੇ ਕਿਸਾਨਾਂ ਤੇ ਮਜਦੂਰਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਸਮਾਜਿਕ ਦੂਰੀ, ਮਾਸਕ ਅਤੇ ਸੈਨੀਟੇਸ਼ਨ ਦੇ ਨਾਲ ਹੱਥਾਂ ਨੂੰ ਬਾਰ ਬਾਰ ਧੋਣਾ ਆਦਿ ਬਾਰੇ ਲਗਾਤਾਰ ਦਾਣਾਮੰਡੀਆਂ ਵਿਚ ਆਪਣਾ ਫਰਜ ਨਿਭਾਇਆ ਹੈ । ਉਹਨਾਂ ਦੱਸਿਆ ਕਿ ਇਸ ਸਬੰਧੀ ਮਲੋਟ ਦੇ ਐਸ.ਡੀ.ਐਮ ਗੋਪਾਲ ਸਿੰਘ ਨੇ ਵੀ ਜੀ.ਓ.ਜੀ ਟੀਮ ਨੂੰ ਮੈਸਜ ਕਰਕੇ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਜੀ.ਓ.ਜੀ ਨੂੰ ਵੀ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਪ੍ਰੇਰਿਤ ਕੀਤਾ ਹੈ । ਜੀ.ਓ.ਜੀ ਇੰਚਾਰਜ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਲੋਟ ਸਬ ਡਿਵੀਜਨ ਅੰਦਰ ਕਣਕ ਦੀ ਖਰੀਦ ਹੁਣ ਤੱਕ ਸੁਚਾਰੂ ਢੰਗ ਨਾਲ ਚਲ ਰਹੀ ਹੈ ਅਤੇ ਕਿਸੇ ਵੀ ਮੰਡੀ ਜਾਂ ਖਰੀਦ ਕੇਂਦਰ ਅੰਦਰ ਕਿਸਾਨਾਂ ਵੱਲੋਂ ਕੋਈ ਸ਼ਿਕਾਇਤ ਨਹੀ ਆਈ । ਇਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਦੇ ਜਿਲ•ਾ ਮੰਡੀ ਅਫਸਰ ਅਜੈਪਾਲ ਸਿੰਘ ਬਰਾੜ ਅਤੇ ਮਾਰਕੀਟ ਕਮੇਟੀ ਮਲੋਟ ਦੇ ਸੈਕਟਰੀ ਗੁਰਪ੍ਰੀਤ ਸਿੰਘ ਸਿੱਧੂ ਨੇ ਵੀ ਕਿਹਾ ਕਿ ਜੀ.ਓ.ਜੀ ਦਾਣਾ ਮੰਡੀਆਂ ਅੰਦਰ ਬਹੁਤ ਵਧੀਆ ਭੂਮਿਕਾ ਨਿਭਾ ਰਹੇ ਹਨ ਅਤੇ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਲਗਾਤਾਰ ਹਰ ਆਉਣ ਜਾਣ ਵਾਲੇ ਨੂੰ ਜਾਗਰੂਕ ਕਰ ਰਹੇ ਹਨ ।