ਵਿਜੈ ਦਿਵਸ ਤੇ ਜੀ.ਓ.ਜੀ ਟੀਮ ਮਲੋਟ ਨੇ ਕਾਰਗਿਲ ਸ਼ਹੀਦਾਂ ਨੂੰ ਕੀਤਾ ਸੈਲੂਟ

ਮਲੋਟ (ਹੈਪੀ) : ਕਾਰਗਿੱਲ ਦੀ ਲੜਾਈ ਤੇ ਜਿੱਤ ਪ੍ਰਾਪਤੀ ਦੇ 20 ਸਾਲ ਪੂਰੇ ਹੋਣ ਤੇ ਹਰ ਸਾਲ ਦੀ ਤਰਾਂ ਮਨਾਏ ਜਾਣ ਵਾਲੇ ''ਵਿਜੈ ਦਿਵਸ'' ਤੇ ਜੀ.ਓ.ਜੀ ਤਹਿਸੀਲ ਮਲੋਟ ਦੀ ਟੀਮ ਵੱਲੋਂ ਤਹਿਸੀਲ ਮਲੋਟ ਦੇ ਇੰਚਾਰਜ ਤੇ ਭਾਰਤੀ ਹਵਾਈ ਸੈਨਾ ਦੇ ਪੂਰਵ ਵਰੰਟ ਅਫਸਰ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਕਾਰਗਿਲ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸੈਲੂਟ ਕੀਤਾ ਗਿਆ । ਇਸ ਮੌਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੀ.ਓ.ਜੀ ਟੀਮ ਦੇ ਬਹੁਤੇ ਸਾਬਕਾ ਸੈਨਿਕ 20 ਸਾਲ ਪਹਿਲਾਂ ਇਸ ਯੁੱਧ ਦਾ ਹਿੱਸਾ ਰਹੇ ਸਨ ਅਤੇ ਉਹਨਾਂ ਨੂੰ ਆਪਣੇ ਸਾਥੀ ਸ਼ਹੀਦਾਂ ਤੇ ਹਮੇਸ਼ਾਂ ਮਾਣ ਰਹੇਗਾ । ਉਹਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਧੋਖੇ ਨਾਲ ਕਾਰਗਿਲ ਦਰਾਸ ਸੈਕਟਰ ਦੀਆਂ ਭਾਰਤੀ ਚੌਕੀਆਂ ਤੇ ਕੀਤੇ ਕਬਜੇ ਉਪਰੰਤ ਮਈ ਮਹੀਨੇ ਭਾਰਤੀ ਫੌਜ ਵੱਲੋਂਂ ਓਪਰੇਸ਼ਨ ਵਿਜੈ ਸ਼ੁਰੂ ਕੀਤਾ ਗਿਆ ਸੀ ਅਤੇ 26 ਜੁਲਾਈ ਨੂੰ ਵਾਪਸ ਕਾਰਗਿੱਲ ਚੌਕੀਂ ਤੇ ਤਿਰੰਗਾ ਝੁਲਾ ਕੇ ਦੁਸ਼ਮਣ ਨੂੰ ਚਣੇ ਚਬਾ ਦਿੱਤੇ ਗਏ ਸਨ । ਉਹਨਾਂ ਕਿਹਾ ਕਿ ਇਕ ਫੌਜੀ ਆਪਣੇ ਦੇਸ਼ ਦੀ ਮਿੱਟੀ ਲਈ ਹੀ ਮਰ ਮਿੱਟਦਾ ਹੈ ਅਤੇ ਇਹ ਹੀ ਉਸਦੀ ਜਿੰਦਗੀ ਦਾ ਸਰਵਉਚ ਮਾਣ ਹੁੰਦਾ ਹੈ । ਇਸ ਮੌਕੇ ਕੈਪਟਨ ਹਰਜਿੰਦਰ ਸਿੰਘ ਕੱਖਾਂਵਾਲੀ, ਸੂਬੇਦਾਰ ਤਜਿੰਦਰ ਸਿੰਘ ਕਬਰਵਾਲਾ, ਹੌਲਦਾਰ ਦਰਸ਼ਨ ਸਿੰਘ ਕੱਟਿਆਂ ਵਾਲੀ, ਨਿਰੰਜਣ ਸਿੰਘ ਫਤਿਹਪੁਰ ਮਣੀਆਂਵਾਲਾ, ਜਸਕੌਰ ਸਿੰਘ ਲੱਕੜਵਾਲਾ ਅਤੇ ਗੁਰਸੇਵਕ ਸਿੰਘ ਅਬੁਲ ਖੁਰਾਣਾ ਆਦਿ ਸਮੇਤ ਜੀ.ਓ.ਜੀ ਦੀ ਪੂਰੀ ਟੀਮ ਹਾਜਰ ਸੀ ।