ਚੜ੍ਹਦੀਕਲਾ ਸਮਾਜਸੇਵੀ ਸੰਸਥਾ ਮਲੋਟ ਵੱਲੋਂ ਤਹਿਸੀਲ ਕੰਪਲੈਕਸ ਮਲੋਟ ਵਿਖੇ ਠੰਡੇ ਪਾਣੀ ਦੀ ਟੈਂਕੀ ਦੀ ਕੀਤੀ ਸ਼ੁਰੂਆਤ
ਚੜ੍ਹਦੀਕਲਾ ਸਮਾਜਸੇਵੀ ਸੰਸਥਾ ਮਲੋਟ ਵੱਲੋਂ ਤਹਿਸੀਲ ਕੰਪਲੈਕਸ ਮਲੋਟ ਵਿਖੇ ਠੰਡੇ ਪਾਣੀ ਦੀ ਟੈਂਕੀ ਦੀ ਸ਼ੁਰੂਆਤ ਕੀਤੀ ਗਈ। ਗਰਮੀਆਂ ਵਿੱਚ ਲੋਕਾਂ ਲਈ ਪੀਣ ਵਾਲੇ ਠੰਡੇ ਪਾਣੀ ਦੀ ਵੱਡੀ ਲੋੜ ਹੁੰਦੀ ਹੈ ਅਤੇ ਇਸ ਤਰ੍ਹਾਂ ਦੀ ਸੇਵਾ ਸੱਚੇ ਮਨੁੱਖਤਾ ਭਰੇ ਕਾਰਜਾਂ ਵਿੱਚੋਂ ਇੱਕ ਹੈ।
ਮਲੋਟ : ਗਰਮੀਆਂ ਦੇ ਮੌਸਮ ਦੌਰਾਨ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਮਾਜਸੇਵੀ ਸੰਸਥਾਵਾਂ ਵੱਲੋਂ ਕੀਤੇ ਜਾਂਦੇ ਪਰਉਪਕਾਰੀ ਉਪਰਾਲਿਆਂ ਤਹਿਤ ਚੜ੍ਹਦੀਕਲਾ ਸਮਾਜਸੇਵੀ ਸੰਸਥਾ ਮਲੋਟ ਵੱਲੋਂ ਤਹਿਸੀਲ ਕੰਪਲੈਕਸ ਮਲੋਟ ਵਿਖੇ ਠੰਡੇ ਪਾਣੀ ਦੀ ਟੈਂਕੀ ਦੀ ਸ਼ੁਰੂਆਤ ਕੀਤੀ ਗਈ। ਇਸ ਪਿਆਓ ਦਾ ਉਦਘਾਟਨ ਐੱਸ.ਡੀ.ਐਮ ਸ੍ਰੀ ਪੰਕਜ ਕੁਮਾਰ, ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾਕਟਰ ਸੁਖਦੇਵ ਸਿੰਘ ਗਿੱਲ, ਰਾਮ ਸਿੰਘ ਪੀ.ਏ.ਟੂ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ, ਸੰਸਥਾ ਦੇ ਪ੍ਰਧਾਨ ਸਵਰਨ ਸਿੰਘ ਅਤੇ ਹੋਰ ਮੈਂਬਰਾਂ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐਮ ਸ੍ਰੀ ਪੰਕਜ ਕੁਮਾਰ ਨੇ ਸੰਸਥਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਗਰਮੀਆਂ ਵਿੱਚ ਲੋਕਾਂ ਲਈ ਪੀਣ ਵਾਲੇ ਠੰਡੇ ਪਾਣੀ ਦੀ ਵੱਡੀ ਲੋੜ ਹੁੰਦੀ ਹੈ ਅਤੇ ਇਸ ਤਰ੍ਹਾਂ ਦੀ ਸੇਵਾ ਸੱਚੇ ਮਨੁੱਖਤਾ ਭਰੇ ਕਾਰਜਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਮਾਜ ਲਈ ਪ੍ਰੇਰਣਾ ਸ੍ਰੋਤ ਹਨ। ਡਾਕਟਰ ਸੁਖਦੇਵ ਸਿੰਘ ਗਿੱਲ ਨੇ ਇਸ ਮੌਕੇ ਤਹਿਸੀਲ ਕੰਪਲੈਕਸ ਨਾਲ ਜੁੜੀਆਂ ਕਈ ਲੋਕ ਭਲਾਈ ਸਮੱਸਿਆਵਾਂ ਵੀ ਐੱਸ.ਡੀ.ਐਮ ਦੇ ਧਿਆਨ ਵਿੱਚ ਲਿਆਂਦੀਆਂ।
ਉਨ੍ਹਾਂ ਕਿਹਾ ਕਿ ਕੰਪਲੈਕਸ ਵਿੱਚ ਔਰਤਾਂ ਲਈ ਬਾਥਰੂਮਾਂ ਦੀ ਘਾਟ ਹੈ ਅਤੇ ਮੁੱਖ ਗੇਟ ਨਾ ਹੋਣ ਕਾਰਨ ਆਵਾਰਾ ਪਸ਼ੂ ਅੰਦਰ ਦਾਖਿਲ ਹੋ ਕੇ ਪੌਦਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਦੀ ਖਰਾਬ ਹਾਲਤ, ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਪੈਦਾ ਹੋਈ ਗੰਦਗੀ ਤੇ ਵੀ ਚਿੰਤਾ ਪ੍ਰਗਟ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਦਬੂਦਾਰ ਪਾਣੀ ਪੀਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਅਤੇ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਐੱਸ.ਡੀ.ਐਮ ਸ੍ਰੀ ਪੰਕਜ ਕੁਮਾਰ ਨੇ ਸੰਸਥਾ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਲੋਕ ਹਿੱਤ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਜਲਦ ਕਾਰਵਾਈ ਕੀਤੀ ਜਾਵੇਗੀ। ਕਾਰਜਕ੍ਰਮ ਦੌਰਾਨ ਸੰਸਥਾ ਵੱਲੋਂ ਸੰਗਤਾਂ ਵਿੱਚ ਲੱਡੂ ਵੀ ਵੰਡੇ ਗਏ। ਇਸ ਮੌਕੇ ਪ੍ਰਧਾਨ ਸਵਰਨ ਸਿੰਘ, ਜਨਰਲ ਸਕੱਤਰ ਹਰਭਜਨ ਸਿੰਘ, ਪ੍ਰਧਾਨ ਸਰੂਪ ਸਿੰਘ, ਜਸਵਿੰਦਰ ਸਿੰਘ ਵਾਲੀਆ, ਮਾਸਟਰ ਹਰਜਿੰਦਰ ਸਿੰਘ, ਚੇਤ ਰਾਮ, ਬੰਟੀ ਖੁੰਗਰ, ਕਰਨੈਲ ਸਿੰਘ, ਸਤਨਾਮ ਸਿੰਘ, ਹਰਪਿੰਦਰ ਸਿੰਘ, ਨਰੇਸ਼ ਕੁਮਾਰ, ਹਰਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੱਢਾ ਸਮੇਤ ਹੋਰ ਮੈਂਬਰ ਹਾਜ਼ਿਰ ਸਨ।
Author : Malout Live



