ਜੰਕ ਫੂਡ ਖਾਣ ਵਾਲੇ ਹੋ ਜਾਓ ਸਾਵਧਾਨ! ਬ੍ਰਿਟੇਨ ਦੇ ਖੋਜੀਆਂ ਵੱਲੋਂ ਵੱਡਾ ਖੁਲਾਸਾ
ਫਾਸਟ ਫੂਡ, ਕੇਕ ਤੇ ਰੀਫਾਇੰਡ ਮਾਸ ਖਾਣ ਨਾਲ ਤਣਾਓ (ਡਿਪਰੈਸ਼ਨ) ਦਾ ਖ਼ਤਰਾ ਵਧ ਸਕਦਾ ਹੈ। ਇਹ ਗੱਲ ਅਧਿਐਨ ਵਿੱਚ ਸਾਹਮਣੇ ਆਈ ਹੈ। ਬ੍ਰਿਟੇਨ ਦੀ ਮੈਨਚੈਸਟਰ ਮੈਟਰੋਪਾਲਿਟਨ ਯੂਨੀਵਰਸਿਟੀ ਦੇ ਖੋਜੀਆਂ ਨੇ ਪਾਇਆ ਹੈ ਕਿ ਜਲਣ ਪੈਦਾ ਕਰਨ ਵਾਲਾ ਖਾਣੇ ਵਿੱਚ ਕੋਲੈਸਟ੍ਰੋਲ ਤੇ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾਂ ਦਾ ਖਾਣਾ ਖਾਣ ਨਾਲ ਤਣਾਓ ਦਾ ਖ਼ਤਰਾ 40 ਫੀਸਦੀ ਤਕ ਵਧ ਜਾਂਦਾ ਹੈ।
ਟੀਮ ਨੇ ਤਣਾਓ ਤੇ ਜਲਣ ਪੈਦਾ ਕਰਨ ਵਾਲੇ ਭੋਜਨ ਵਿੱਚ ਸਬੰਧ ਦੇ ਆਧਾਰ ’ਤੇ 11 ਅਧਿਐਨ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਹ ਵਿਸ਼ਲੇਸ਼ਣ ਅਮਰੀਕਾ, ਐਸਟ੍ਰੇਲੀਆ, ਯੂਰਪ ਤੇ ਮੱਧ ਪੂਰਬ ਵਿੱਚ ਆਉਂਦੇ 16 ਤੋਂ 72 ਸਾਲ ਦੀ ਉਮਰ ਦੇ ਵੱਖ-ਵੱਖ ਨਸਲਾਂ ਦੇ ਲੋਕਾਂ ’ਤੇ ਕੀਤਾ ਗਿਆ ਹੈ। ਅਧਿਐਨ ਦੌਰਾਨ ਸਾਰੇ ਲੋਕਾਂ ਵਿੱਚ ਤਣਾਓ ਦੇ ਲੱਛਣ ਪਾਏ ਗਏ। ਸਾਰੇ ਅਧਿਐਨ ਵਿੱਚ ਜਲਣ ਪੈਦਾ ਕਰਨ ਵਾਲਾ ਖਾਣਾ ਖਾਣ ਵਾਲਿਆਂ ਵਿੱਚ ਤਣਾਓ ਤੇ ਇਸ ਦੇ ਲੱਛਣਾਂ ਦਾ ਖ਼ਤਰਾ ਕਰੀਬ ਡੇਢ ਗੁਣਾ ਜ਼ਿਆਦਾ ਪਾਇਆ ਗਿਆ ਹੈ।
‘ਕਲੀਨੀਕਲ ਨਿਊਟ੍ਰੀਸ਼ਨ’ ਵਿੱਚ ਛਪੇ ਅਧਿਐਨ ਦੇ ਨਤੀਜਿਆਂ ਤੋਂ ਸਾਫ ਹੈ ਕਿ ਸਾਰੇ ਉਮਰ ਵਰਗ ਤੇ ਲਿੰਗ ਦੇ ਲੋਕਾਂ ਵਿੱਚ ਤਣਾਓ ਦਾ ਖ਼ਤਰਾ ਹੁੰਦਾ ਹੈ। ਮੈਨਚੈਸਟਰ ਮੈਟਰੋਪਾਲਿਟਨ ਯੂਨੀਵਰਸਿਟੀ ਦੇ ਸਟੀਵ ਬ੍ਰੈਡਬਰਨ ਨੇ ਕਿਹਾ ਕਿ ਇਸ ਅਧਿਐਨ ਨਾਲ ਤਣਾਓ ਤੇ ਹੋਰ ਰੋਗਾਂ ਵਰਗੇ ਅਲਜ਼ਾਈਮਰ ਦੇ ਇਲਾਜ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਲਾਜ ਦੀ ਥਾਂ ਆਪਣੇ ਖਾਣੇ ਵਿੱਚ ਬਦਲਾਅ ਲਿਆ ਕੇ ਇਸ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ।