ਸ਼ਾਇਦ ਤੁਸੀਂ ਨਹੀਂ ਜਾਣਦੇ ਮੋਟਾਪੇ ਦੇ ਨੁਕਸਾਨ, ਜਾਣੋ ਕਿਉਂ ਹੁੰਦਾ ਮੋਟਾਪਾ

1. ਅੱਜ ਵਰਲਡ ਓਬੇਸਿਟੀ ਡੇਅ ਹੈ। ਇਹ ਅਜਿਹਾ ਦਿਨ ਹੈ ਜਦ ਲੋਕ ਇਸ ਦਾ ਜਸ਼ਨ ਸੁਆਦਲੇ ਪਕਵਾਨਾਂ ਨੂੰ ਖਾ ਕੇ ਨਹੀਂ ਬਲਕਿ ਇਨ੍ਹਾਂ ਤੋਂ ਪਰਹੇਜ਼ ਕਰਕੇ ਮਨਾਉਂਦੇ ਹਨ। ਇਸ ਦਿਹਾੜੇ ਮੌਕੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮੋਟਾਪਾ ਕੀ-ਕੀ ਸਮੱਸਿਆਵਾਂ ਦੀ ਜੜ੍ਹ ਹੈ ਤੇ ਇਸ ਨੂੰ ਕਿਸ ਤਰ੍ਹਾਂ ਘੱਟ ਕੀਤਾ ਜਾ ਸਕਦਾ ਹੈ।
2.ਇੰਟਰਨਲ ਮੈਡੀਸਨ ਦੇ ਡਾ. ਗੌਰਵ ਜੈਨ ਦਾ ਕਹਿਣਾ ਹੈ ਕਿ ਮੋਟਾਪੇ ਕਾਰਨ ਤੁਹਾਡੇ ਸ਼ਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ।
3.ਮੋਟਾਪੇ ਨਾਲ ਪੀੜਤ ਵਿਅਕਤੀਆਂ ਦੇ ਦੂਜਾ ਦਰਜਾ ਡਾਇਬਿਟੀਜ਼, ਉੱਚ ਖ਼ੂਨ ਦਾ ਦਬਾਅ, ਦਿਲ ਦੀਆਂ ਬਿਮਾਰੀਆਂ ਤੇ ਇੱਥੋਂ ਤਕ ਕਿ ਕੈਂਸਰ ਵਰਗੀਆਂ ਜਨਲੇਵਾ ਬਿਮਾਰੀਆਂ ਦੇ ਗ੍ਰਸਤ ਹੋਣ ਦਾ ਖ਼ਤਰਾ ਰਹਿੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਅੱਜ ਨੌਜਵਾਨਾਂ ਵਿੱਚ ਮੋਟਾਪਾ ਬੜੀ ਤੇਜ਼ੀ ਨਾਲ ਵਧ ਰਿਹਾ ਹੈ।
4.ਮਾਹਰਾਂ ਮੁਤਾਬਕ ਇੱਕੋ ਹੀ ਥਾਂ 'ਤੇ ਲੰਮਾ ਸਮਾਂ ਬੈਠੇ ਰਹਿਣ ਕਾਰਨ ਲੋਕ ਬਚਪਨ ਵਿੱਚ ਹੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ।
5.ਹਾਲ ਹੀ ਵਿੱਚ ਆਈ ਖੋਜ ਮੁਤਾਬਕ ਦਮੇ ਨਾਲ ਪੀੜਤ ਬੱਚਿਆਂ ਵਿੱਚ ਮੋਟਾਪੇ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਵੱਧ ਰਹਿੰਦੀ ਹੈ। ਕਾਰਨ ਹੈ ਕਿ ਉਹ ਸਾਹ ਚੜ੍ਹਨ ਦੇ ਡਰੋਂ ਕਸਰਤ ਨਹੀਂ ਕਰਦੇ ਤੇ ਦਵਾਈਆਂ ਵਿੱਚ ਸਟੀਰਾਇਡ ਆਦਿ ਲੈਣ ਨਾਲ ਉਨ੍ਹਾਂ ਨੂੰ ਭੁੱਖ ਵੀ ਜ਼ਿਆਦਾ ਲਗਦੀ ਹੈ।
6.ਗੈਸਟ੍ਰੋਇੰਟ੍ਰੌਲੋਜਿਸਟ ਡਾ. ਜੀ.ਐਸ. ਲਾਂਬਾ ਮੁਤਾਬਕ ਜੇਕਰ ਤੁਸੀਂ ਤਣਾਅ ਵਿੱਚ ਰਹਿੰਦੇ ਹੋ ਤਾਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਤਣਾਅ ਅਜਿਹੇ ਹਾਰਮੋਨ ਪੈਦਾ ਕਰਦਾ ਹੈ, ਜਿਸ ਨਾਲ ਕੋਲੈਸਟ੍ਰੋਲ ਵੀ ਪੈਦਾ ਹੁੰਦਾ ਹੈ। ਇਹ ਹਾਰਮੋਨ ਚਰਬੀ ਨੂੰ ਸੰਭਾਲਦਾ ਹੈ ਤੇ ਸ਼ਰੀਰ ਨੂੰ ਘੱਟ ਊਰਜਾ ਖਪਤ ਕਰਨ ਲਈ ਢਾਲਦਾ ਹੈ।
7. ਮਾਹਰ ਕਹਿੰਦੇ ਹਨ ਕਿ ਗੰਭੀਰ ਤਣਾਅ ਦੀ ਸਥਿਤੀ ਵਿੱਚ ਫੈਟ ਦੇ ਰੂਪ ਵਿੱਚ ਸ਼ਰੀਰ ਵਿੱਚ ਊਰਜਾ ਇਕੱਠੀ ਹੋਣ ਲਗਦੀ ਹੈ ਤੇ ਸਭ ਤੋਂ ਵੱਧ ਢਿੱਡ ਪ੍ਰਭਾਵਿਤ ਹੁੰਦਾ ਹੈ।
8. ਮੋਟਾਪੇ ਤੇ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਘਟਾਉਣ ਲਈ ਰੋਜ਼ਾਨਾ ਇੱਕ ਘੰਟੇ ਤਕ ਕਸਰਤ ਕਰਨੀ ਚਾਹੀਦੀ ਹੈ। ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਜ਼ਿਆਦਾ ਤਣਾਅ ਵਿੱਚ ਨਾ ਰਹੋ ਤੇ ਸਿਹਤਮੰਦ ਰਹਿਣ ਲਈ ਆਪਣੇ ਸ਼ਰੀਰ ਨੂੰ ਗਤੀਸ਼ੀਲ ਰੱਖੋ।