ਅਣਪਛਾਤੇ ਵਿਅਕਤੀਆਂ ਵੱਲੋਂ ਕੂੜੇ ਨੂੰ ਲਗਾਈ ਗਈ ਅੱਗ, ਲੋਕਾਂ ਲਈ ਬਣੀ ਪ੍ਰੇਸ਼ਾਨੀ ਦਾ ਕਾਰਨ
ਮਲੋਟ:- ਅਣਪਛਾਤੇ ਵਿਅਕਤੀਆਂ ਵਲੋਂ ਬਿਰਲਾ ਰੋਡ ਮਲੋਟ ਨਜ਼ਦੀਕ ਰੇਲਵੇ ਲਾਈਨ 'ਤੇ ਬਣੇ ਕੂੜੇ ਦੇ ਡੰਪ ਵਿਚ ਕੂੜੇ ਨੂੰ ਅੱਗ ਲਗਾ ਦਿੱਤੀ ਗਈ, ਜਿਸ ਕਾਰਨ ਉਸ ਤੋਂ ਉੱਠਣ ਵਾਲਾ ਜ਼ਹਿਰੀਲਾ ਧੂੰਆਂ ਸ਼ਹਿਰ ਵਿਚ ਫ਼ੈਲ ਗਿਆ। ਇਸ ਦਾ ਸਭ ਤੋਂ ਵੱਧ ਪ੍ਰਭਾਵ ਮੱਕੜ ਕਾਲੋਨੀ, ਬਿਰਲਾ ਕਾਲੋਨੀ ਅਤੇ ਬਿਰਲਾ ਰੋਡ ਦੇ ਵਾਸੀਆਂ 'ਤੇ ਪੈ ਰਿਹਾ ਹੈ। ਜਿਸ ਨਾਲ ਸ਼ਹਿਰ ਵਾਸੀਆਂ ਨੂੰ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਹੈ। ਬਿਰਲਾ ਰੋਡ ਨਿਵਾਸੀ ਸ਼ਿਵ ਕੁਮਾਰ ਸ਼ਿਵਾ, ਫ਼ਕੀਰ ਚੰਦ ਫੁਟੇਲਾ, ਮਾਨ ਸਿੰਘ , ਸੁਸ਼ੀਲ ਸੱਚਦੇਵਾ ਤੇ ਸੰਪੂਰਨ ਸਿੰਘ ਆਦਿ ਨੇ ਦੱਸਿਆ ਕਿ ਲੋਕ ਕੂੜਾ ਇਕੱਠਾ ਕਰਕੇ ਉਸ ਵਿਚ ਅੱਗ ਲਗਾ ਦਿੰਦੇ ਹਨ, ਜਿਸ ਤੋਂ ਉੱਠਣ ਵਾਲਾ ਜ਼ਹਿਰੀਲਾ ਧੂੰਆਂ ਸਿਹਤ 'ਤੇ ਬਹੁਤ ਹੀ ਬੁਰਾ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਨਗਰ ਕੌਂਸਲ ਨੂੰ ਗੁਹਾਰ ਲਗਾਈ ਕਿ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਸੈਨਟਰੀ ਸੁਪਰਵਾਈਜ਼ਰ ਸਰਬਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਤੇ ਫ਼ਾਈਰ ਬਿ੍ਗੇਡ ਨੂੰ ਕੂੜੇ 'ਤੇ ਲੱਗੀ ਅੱਗ ਨੂੰ ਕਾਬੂ ਕਰਨ ਲਈ ਭੇਜਿਆ ਗਿਆ ਹੈ।