ਖਾਉ ਪੀਉ ਐਸ ਕਰੋ ਮਿੱਤਰੋ

, ,

ਸਾਡਾ ਦੇਸ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ ਹੈ। ਇੱਥੇ ਹਰ ਪੰਜ ਸਾਲਾਂ ਬਾਅਦ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ। ਕਰੋੜਾਂ ਅਰਬਾਂ ਦੇ ਘੁਟਾਲੇ ਚਲਦੇ ਰਹਿੰਦੇ ਹਨ। ਕੀ ਮਜਾਲ ਐ ਕਿਸੇ ਨੂੰ ਕੋਈ ਸਜਾ ਮਿਲੀ ਹੋਵੇ। ਦੋ ਚਾਰ ਦਿਨ ਰੌਲਾ ਰੱਪਾ ਪੈਂਦਾ ਹੈ ਫਿਰ ਕੋਈ ਜਾਂਚ ਕਮਿਸਨ ਬੈਠਾਅ ਦਿੱਤਾ ਜਾਂਦਾ ਹੈ। ਸਾਡੀ ਬਦਨਸੀਬੀ , ਸਾਨੂੰ ਕਦੇ ਮੁਗਲਾਂ ਨੇ ਲੁੱਟਿਆ ਤੇ ਕਦੇ ਸਾਡੇ ਆਯਾਸੀ ਰਾਜੇ ਮਹਾਰਾਜਿਆਂ ਨੇ। ਉਸ ਤੋਂ ਮਗਰੋਂ ਚਿੱਟੀ ਚਮੜੀ ਵਾਲੇ ਸਾਡਾ ਸੋਸਣ ਕਰਦੇ ਰਹੇ। ਕਿੰਨੇ ਹੀ ਦੇਸ ਭਗਤ ਸਹੀਦਾਂ ਨੇ ਜਾਨ ਵਾਰਕੇ ਆਜਾਦੀ ਹਾਸਲ ਕੀਤੀ ਪਰ ਅਸੀਂ ਆਜਾਦੀ ਦਾ ਐਨਾ ਲੁਤਫ ਲੈਣਾ ਸੁਰੂ ਕਰ ਦਿੱਤਾ ਕਿ ਸਾਰੇ ਹੀ ਰਲ ਮਿਲ ਕੇ ਮਹਿਕਦੀ ਸੋਨੇ ਦੀ ਚਿੜੀ ਦੀ ਜਾਨ ਕੱਢਣ ਲੱਗੇ ਹਾਂ।
ਕਿਸਨੂੰ ਚੰਗਾ ਕਹੀਏ ? ਤੂੰ ਵੀ ਚੋਰ ਤੇ ਮੈਂ ਵੀ ਚੋਰ ?
ਭਾਵੇਂ ਸਾਡੇ ਦੇਸ ਵਿੱਚ ਪੰਜ ਸਾਲ ਬਾਅਦ ਸਰਕਾਰ ਬਦਲਦੀ ਹੈ ਪਰ ਹੁਣ ਰਲੀ ਮਿਲੀ ਸਰਕਾਰ ਦਾ ਜਮਾਨਾ ਹੈ। ਸਰਕਾਰ ਕੋਈ ਵੀ ਹੋਵੇ , ਸੱਤਾਧਾਰੀ ਮੰਤਰੀਆਂ ਤੇ ਘਪਲਿਆਂ ਤੇ ਘੁਟਾਲਿਆਂ ਦੇ ਦੋਸ ਲੱਗਦੇ ਰਹਿੰਦੇ ਹਨ। ਜਿਸ ਕਰਕੇ ਸਦਨ ਵਿੱਚ ਵਿਰੋਧੀ ਧਿਰ ਖੂਬ ਸੋਰ ਸਰਾਬਾ ਮਚਾਉਂਦੀ ਹੈ। ਕਦੇ ਕਦੇ ਤਾਂ ਘਸੁੰਨ ਮੁੱਕੀ ਅਤੇ ਜੂਤ ਪਰੇਡ ਦੀ ਵੀ ਨੌਬਤ ਆ ਜਾਂਦੀ ਹੈ। ਮੇਜ ਕੁਰਸੀਆਂ , ਮਾਈਕ , ਫਾਈਲਾਂ , ਪੇਪਰ ਵੇਟ ਜੋ ਵੀ ਹੱਥ ਆ ਜਾਵੇ , ਇੱਕ ਦੂਜੇ ਵੱਲ ਵਗਾਅ ਮਾਰਦੇ ਹਨ। ਕਦੇ ਕੋਈ ਕੋਈ ਛੋਟੇ ਬੱਚਿਆਂ ਵਾਂਗ ਰੁੱਸ ਕੇ ਵਾਕ ਆਉਟ ਵੀ ਕਰ ਜਾਂਦਾ ਹੈ। ਕਈ ਦਿਨ ਕਾਰਵਾਈ ਨਹੀਂ ਚੱਲਣ ਦਿੱਤੀ ਜਾਂਦੀ। ਫਿਰ ਕੋਈ ਸੁਹਿਰਦ ਬੰਦਾ ਵਿਚੋਲੇ ਦੀ ਭੂਮਿਕਾ ਅਦਾ ਕਰਦਾ ਹੈ। ਮਾਮਲੇ ਨੂੰ ਰਫਾ ਦਫਾ ਕਰਨ ਲਈ ਸਾਰੀਆਂ ਧਿਰਾਂ ਨੂੰ ਸਮਝਾਉਂਦਾ ਹੈ ਕਿ ਮੇਰੇ ਵੱਡੇ ਵੀਰੋ , ਸਾਰੇ ਰਲ ਮਿਲ ਕੇ ਰਿਹਾ ਕਰੋ। ਤੁਹਾਨੂੰ ਚੰਗਾ ਭਲਾ ਪਤਾ ਹੈ ਕਿ ਲੋਕ ਸਾਨੂੰ ਵਾਰੋ ਵਾਰੀ ਸੇਵਾ ਦਾ ਮੌਕਾ ਦਿੰਦੇ ਰਹਿੰਦੇ ਹਨ , ਇਸ ਲਈ ਖਾਉ ਪੀਉ ਤੇ ਐਸ ਕਰੋ। ਸਿਆਣੇ ਬਣੀਏਂ ਅਤੇ ਲੋਕਾਂ ਵਿੱਚ ਆਪਣੀ ਮਿੱਟੀ ਪਲੀਤ ਨਾਂ ਕਰਵਾਈਏ।
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ)
9914081524