ਸਮਾਂ

ਇਕ ਪੇਂਟਰ ਨੇ ਬਹੁਤ ਹੀ ਸੁੰਦਰ ਔਰਤ ਦੀ ਤਸ਼ਵੀਰ ਬਣਾਈ। ਉਹ ਆਪਣੇ ਪੱਬਾਂ ਤੇ ਖੜੀ ਹੋਈ ਸੀ, ਉਸਦੀਆਂ ਅੱਡੀਆਂ ਥੱਲੇ ਨਹੀਂ ਸਨ ਲਗਦੀਆਂ। ੳਸਦੇ ਸੱਜੇ ਹੱਥ ਵਿਚ ਤਿੱਖੀ ਕਿਰਪਾਨ ਸੀ। ਉਸਦੇ ਸਿਰਤੇ ਮੂਹਰੇ ਵਾਲ ਸਨ ਪਰ ਪਿਛਲੇ ਪਾਸਿਓ ਬਿਲਕੁਲ ਗੰਜੀ ਸੀ। ਪੇਂਟਰ ਦਾ ਦੋਸਤ ਪੇਂਟਰ ਕੋਲ ਆਉਂਦਾ ਹੈ। ਪੇਂਟਰ ਉਸਨੂੰ ਪੁੱਛਦਾ ਹੈ ਕਿ , ‘‘ਸੁਣਾ ਦੋਸਤ ਕੀ ਹਾਲ ਏ, ਕਿਸ ਤਰਾਂ ਆਉਣਾ ਹੋਏ’’। 
ਦੋਸਤ : ਬੱਸ ਯਾਰ ਮੈਂ ਵਿਹਲਾ ਸੀ, ਸੋਚਿਆ ਤੇਰੇ ਕੋਲ ਜਾ ਕੇ ਦੋ ਚਾਰ ਗੱਪਾਂ ਮਾਰ ਲਈਏ। 
‘‘ਅਚਾਨਕ ਪੇਂਟਰ ਦੇ ਦੋਸਤ ਦੀ ਨਿਗਾ ਉਸ ਤਸ਼ਵੀਰ ਤੇ ਪੈਂਦੀ ਹੈ। 
‘ਯਾਰ ਇਹ ਕੀ ਹੈ? ’
ਪੇਂਟਰ : ਇਹ ਸਮਾਂ ਹੈ, ਸਮਾਂ। 
ਦੋਸਤ : ਸਮਾਂ
ਪੇਂਟਰ : ਹਾਂ, ਸਮਾਂ
ਦੋਸਤ : ਇਹ ਏਨੀ ਸੁੰਦਰ।
ਪੇਂਟਰ : ਸਮਾਂ ਬਹੁਤ ਸੁੰਦਰ ਹੈ, ਬੱਸ ਇਸਦੀ ਸੁੰਦਰਤਾ ਨੂੰ ਦੇਖਣ ਦਾ ਤਰੀਕਾ ਆਉਣਾ ਚਾਹੀਦਾ ਹੈ। 
ਦੋਸਤ : ਇਹ ਪੱਬਾਂ ਤੇ ਕਿਉਂ ਖੜੀ ਹੈ। 
ਪੇਂਟਰ : ਕਿਉਂਕਿ ਸਮਾਂ ਕਦੀ ਵੀ ਰੁਕਦਾ ਨਹੀਂ।
ਦੋਸਤ : ਇਸਦੇ ਹੱਥ ਦੀ ਕਿਰਪਾਨ। 
ਪੇਂਟਰ : ਇਹ ਇਸ ਲਈ ਹੈ ਕਿ ਸਮੇਂ ਦੀ ਮਾਰ ਬਹੁਤ ਬੁਰੀ ਹੁੰਦੀ ਹੈ। 
ਦੋਸਤ : ਇਸਦੇ ਸਿਰ ਤੇ ਮੂਹਰੇ ਵਾਲ ਹਨ ਪਿੱਛੇ ਨਹੀਂ, ਇਹ ਕਿਉਂ? 
ਪੇਂਟਰ : ਸਮਾਂ ਗਤੀਸ਼ੀਲ ਹੋਣ ਕਰਕੇ ਮੂਹਰਿਓ ਹੀ ਫੜਿਆ ਜਾ ਸਕਦਾ ਹੈ, ਜੇ ਇਹ ਲੰਘ ਗਿਆ ਤਾਂ ਮਗਰੋਂ ਹੱਥ ਵਿਚ ਨਹੀਂ ਆਉਂਦਾ। 
ਦੋਸਤ : ਚੰਗਾ ਯਾਰ ਮੈਂ ਚਲਦਾ ਹਾਂ । 
ਪੇਂਟਰ : ਯਾਰ ਚਾਹ ਪਾਣੀ ਤਾਂ ਪੀ ਕੇ ਜਾਈਂ।
ਦੋਸਤ : ਨਹੀਂ ਯਾਰ, ਮੈਂ ਆਪਣੇ ਤੇ ਤੇਰੇ ਕੀਮਤੀ ਸਮੇਂ ਨੂੰ ਗੱਪਾਂ ਮਾਰ ਕੇ ਨਸ਼ਟ ਨਹੀਂ ਕਰਨਾ ਚਾਹੁੰਦਾ।
ਨਿਮਰਤਾ
-ਭਵਨਦੀਪ ਸਿੰਘ ਪੁਰਬਾ