ਜੱਟਾਂ ਦੇ ਕਾਕੇ, ਫਿਕਰ ਨਾ ਫਾਕੇ

ਜੱਟਾਂ ਦੇ ਕਾਕੇ, ਫਿਕਰ ਨਾ ਫਾਕੇ। ਇਹ ਅੱਜਕੱਲ ਦੇ ਕਾਕਿਆਂ ਦੇ ਮੋਟਰ ਸਾਇਕਲ ਪਿੱਛੇ ਲਿਖਿਆ ਆਮ ਹੀ ਮਿਲ ਜਾਂਦਾ ਹੈ। ਲਿਖਦੇ ਉਹੀ ਹਨ ਜੋ ਆਪਣੇ ਆਪ ਨੂੰ ਬਹੁਤ ਜਿਆਦਾ ਮੌਡਰਨ ਸਮਝਦੇ ਹਨ। ਇਸ ਕਿਸਮ ਦੇ ਕਾਕਿਆਂ ਵਿੱਚ ਹੋਰ ਵੀ ਕਈ ਤਰਾਂ ਦੇ ਗੁਣ ਪਾਏ ਜਾਂਦੇ ਹਨ। ਇਹਨਾਂ ਨੂੰ ਦਿਖਾਵਾ ਕਰਨ ਦੀ ਬੜੀ ਭੈੜੀ ਬਿਮਾਰੀ ਹੁੰਦੀ ਹੈ। ਇਹ ਬੜਾ ਲਿਸਕ ਪੁਸਕ ਕੇ ਰਹਿੰਦੇ ਨੇ। ਬੋਦੀਆਂ ਨੂੰ ਜੈੱਲ ਸੈੱਲ ਲਾ ਕੇ ਰੱਖਦੇ ਨੇ। ਲੜਾਈ ਵਾਲੇ ਫ਼ੌਜੀਆਂ ਵਾਂਗ ਫੁੱਲ ਟੈਟ - ਫ਼ੈਟ ਹੋ ਕੇ ਰਹਿਂਦੇ ਨੇ। ਫੇਰ ਇੱਕ ਦੂਜੇ ਨੂੰ ਪੁੱਛਣਗੇ, ਕਿਉਂ, ਮੇਰੇ ਬੂਟ ਘੈਂਟ ਨੇ, ਮੇਰੇ ਵਾਲ ਘੈਂਟ ਨੇ।ਮੇਰੀ ਟੀ ਸਰਟ, ਮੇਰੀ ਗਾਨੀ,ਮੇਰਾ ਮੋਬਾਇਲ, ਮੇਰੀ ਜੀਨ ਵਗੈਰਾ ਵਗੈਰਾ। ਇਸ ਕਿਸਮ ਦੇ ਕਾਕਿਆਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੁੰਦੀ।ਨਾਂ ਹੀ ਕਿਸੇ ਭੈਣ ਭਰਾ ਜਾਂ ਮਾਂ ਪਿਉ ਦੀ ਸ਼ਰਮ।ਇਹ ਚਾਹੁੰਦੇ ਹਨ ਕਿ ਸਾਨੂੰ ਕੋਈ ਕੰਮ ਨਾਂ ਕਰਨਾ ਪਵੇ, ਪਰੰਤੂ ਅਸੀਂ ਇੱਕ ਮਿੰਟ ਵਿੱਚ ਹੀ ਹੀਰੋ ਬਣ ਜਾਈਏ।ਸਾਰੀ ਦੁਨੀਆਂ ਸਾਨੂੰ ਸਲਾਮਾਂ ਕਰੇ।ਜਦੋਂ ਅਸੀਂ ਲੋਕਾਂ ਦੀ ਭੀੜ ਵਿੱਚ ਹੋਈਏ ਤਾਂ ਲੋਕ ਸਾਡੇ ਉੱਤੇ ਫ਼ੁੱਲਾਂ ਦੀ ਵਰਖਾ ਕਰਨ।ਅਸੀਂ ਜਦੋਂ ਵੀ ਆਪਣੇ ਵਾਈਟ ਹਾਊਸ਼ ਵਿੱਚੋਂ ਬਾਹਰ ਨਿਕਲੀਏ,ਟੀਵੀ ਰੇਡੀਉ ਅਤੇ ਅਖਬਾਰਾਂ ਵਾਲੇ ਸਾਡੀਆਂ ਫੋਟੋਆਂ ਖਿੱਚਦੇ ਫਿਰਨ।ਸਾਡਾ ਸੰਸਾਰ ਦੇ ਮਹਾਨ ਕਵੀਆਂ, ਲੇਖਕਾਂ, ਸਾਹਿਤਕਾਰਾਂ, ਬੁੱਧੀਜੀਵਾਂ ਵਿੱਚ ਨਾਮ ਹੋਵੇ।ਅਖਬਾਰਾਂ ਦੇ ਮੁੱਖ ਪੰਨੇ ਸਾਡੀਆਂ ਸਿਫਤਾਂ ਨਾਲ ਭਰੇ ਹੋਣ।ਘਰ ਵਿੱਚ ਵੱਡੇ ਸੋਫ਼ੇ ਤੇ ਬੈਠ ਕੇ ਟੀਵੀ ਵਿੱਚ ਆਪਣੀ ਫੋਟੋ ਦੇਖੀਏ।ਨਿੱਤ ਨਵੇਂ ਨਵੇਂ ਦੇਸਾਂ ਦੇ ਟੂਰ ਤੇ ਜਾਈਏ, ਜਿਵੇਂ ਵਿਦੇਸ ਮੰਤਰੀ ਜਾਂਦੇ ਨੇ।
ਬੜੇ ਵੱਡੇ ਵੱਡੇ ਸੁਪਨੇ ਨੇ, ਜੱਟਾਂ ਦਿਆਂ ਕਾਕਿਆਂ ਦੇ।ਬੱਸ ਇਹਨਾਂ ਦੀ ਇੱਕੋ ਸਰਤ ਹੈ ਕਿ ਕੁਝ ਕਰਨਾ ਨਾਂ ਪਵੇ।ਕਿਤੇ ਸਾਡੇ ਹੱਥਾਂ ਨੂੰ ਮਿੱਟੀ ਨਾਂ ਲ਼ੱਗ ਜਾਵੇ।ਸਾਡਾ ਨਾਮ ਦੁਨੀਆਂ ਦੀਆਂ ਮਹਾਨ ਪੁਸਤਕਾਂ ਵਿੱਚ ਹੋਵੇ, ਬੱਸ ਸਾਨੂੰ ਮੇਹਨਤ ਨਾਂ ਕਰਨੀ ਪਵੇ।
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ)
9914081524