ਭੱਖੜੇ ਦੇ ਕੰਡੇ

ਕਰਤਾਰੇ ਫ਼ੌਜੀ ਦੇ ਘਰ ਵਿੱਚ ਦੋ ਹੋਣਹਾਰ ਪੁੱਤਰ ਜਿਉਂ ਜਿਉਂ ਜਵਾਨ ਹੋ ਰਹੇ ਸਨ ਤਿਉਂ ਤਿਉਂ ਕਰਤਾਰੇ ਨੂੰ ਮਾਣ ਤੇ ਹੌਸਲਾ ਮਿਲਦਾ ਸੀ ਕਿ ਬੁਢਾਪੇ ਵਿੱਚ ਇਹ , ਉਸਦੇ ਬਿਖਰੇ ਰਾਹਾਂ ਦੀ ਡੰਗੋਰੀ ਬਣਨਗੇ। ਫੌਜ ਵਿੱਚ ਚੰਗੇ ਮਰਤਬੇ ਵਾਲਾ ਕਰਤਾਰ ਸਿੰਘ ਆਪਣੇ ਪਰਿਵਾਰ ਨੂੰ ਹਰ ਸੁੱਖ ਮੁਹੱਈਆ ਕਰਾਉਂਦਾ ਆ ਰਿਹਾ ਸੀ। ਜਿਵੇਂ ਕਹਿ ਲਵੋ ਕਿ ਜੇ ਉਹਦੇ ਪੁੱਤਰ ਚਿੜੀਆਂ ਦਾ ਦੁੱਧ ਵੀ ਮੰਗਣ ਤਾਂ ਕਰਤਾਰਾ ਨਾਂਹ ਕਹਿ ਕੇ ਆਪਣੇ ਸਹਿਬਜਾਦਿਆਂ ਦਾ ਦਿਲ ਕਦੇ ਨਾਂ ਤੋੜਦਾ।
ਕਰਤਾਰਾ ਠਾਈ ਸਾਲ ਫ਼ੌਜ ਦੀ ਨੌਕਰੀ ਕਰਕੇ ਸੂਬੇਦਾਰ ਪੈਨਸਨ ਆ ਗਿਆ। ਪਤਾ ਨਹੀਂ ਕਿਉਂ ਉਹ ਆਪਣੇ ਆਪ ਨੂੰ ਬੇਰੁਜਗਾਰ ਸਮਝਣ ਲੱਗ ਪਿਆ ਪਰ ਉਸਨੂੰ ਆਪਣੇ ਪੁੱਤਰਾਂ ਤੇ ਬੜਾ ਮਾਣ ਸੀ। ਉਹ ਉਹਨਾਂ ਕੋਲੋਂ ਬਹੁਤ ਉਮੀਦਾਂ ਰੱਖਦਾ ਸੀ। ਪਰ ਬਾਪੂ ਦੇ ਸੇਵਾ ਮੁਕਤ ਹੁੰਦਿਆਂ ਹੀ ਪੁੱਤਰਾਂ ਦੇ ਸੁਭਾਅ ਵਿੱਚ ਪਿਉ ਲਈ ਤਲਖੀ ਆ ਗਈ। ਪਿਉ ਦੀਆਂ ਆਸਾਵਾਂ ਸੀਸੇ ਤੇ ਪਏ ਤੇਲ ਵਾਂਗੂ ਧੁੰਦਲੀਆਂ ਹੋਣ ਲੱਗੀਆਂ। ਪੈਨਸਨ ਦੇ ਪੈਸੇ ਕਰਤਾਰਾ ਅਤੇ ਉਸਦੀ ਘਰ ਵਾਲੀ ਘਰ ਵਿੱਚ ਲਾ ਦਿੰਦੇ। ਪੁੱਤਰਾਂ ਦੇ ਕੋਝੇ ਰੱਵਈਏ ਨੇ ਕਰਤਾਰੇ ਨੂੰ ਬੇਵੱਸ ਤੇ ਲਾਚਾਰ ਬਣਾ ਦਿੱਤਾ। ਆਪ ਧੁੱਪ ਵਿੱਚ ਬੈਠ ਕੇ ਲਾਡਲਿਆਂ ਨੂੰ ਛਾਵਾਂ ਦੇਣ ਵਾਲਾ ਕਰਤਾਰਾ ਅੱਜ ਉਹਨਾਂ ਹੀ ਹਮਸਾਇਆਂ ਪਾਸੋਂ ਛਾਂ ਦੀ ਭੀਖ ਮੰਗਦਾ ਨਜਰ ਆਉਂਦਾ ਸੀ। ਕਿਸੇ ਨੂੰ ਕੀ ਦੱਸੇ ਕਿ ਜਿਹਨਾਂ ਪੁੱਤਰਾਂ ਲਈ ਉਸਨੇ ਆਪਣੇ ਸਰਵਿਸ ਕਾਲ ਵਿੱਚ ਸੁੱਖਾਂ ਭਰਿਆ ਜੀਵਨ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ , ਉਹੀ ਲਾਡਲੇ ਅੱਜ ਭੱਖੜੇ ਦੇ ਕੰਡਿਆਂ ਵਾਂਗ ਉਸਦੇ ਜੀਵਨ ਵਿੱਚ ਚੁੱਭਣ ਲੱਗ ਪਏ ਹਨ।
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ)
9914081524