ਬਨਾਉਟੀ ਰਿਸ਼ਤਾ

ਸਵੇਰ ਦਾ ਕੰਮ ਉੱਪਰ ਗਿਆ ਦੀਪਾ ਸ਼ਾਮ ਨੂੰ ਘਰ ਆਉਂਦਾ ਹੀ ਦਰਵਾਜ਼ੇ ਕੋਲ ਪਈਆਂ ਚਿੱਠੀਆਂ ਚੁੱਕਦਾ। ਅੱਜ ਜਦੋ ਉਸ ਨੇ ਪਿੰਡੋਂ ਆਈ ਚਿੱਠੀ ਦੇਖੀ ਤਾਂ ਖੁਸ਼ੀ ਨਾਲ ਪੌੜੀਆਂ ਵਿਚ ਬੈਠ ਕੇ ਹੀ ਉਸ ਨੂੰ ਪੜ੍ਹਨ ਲੱਗ ਪਿਆ। ਚਿੱਠੀ ਉਸ ਦੇ ਛੋਟੇ ਭਰਾ ਦੀ ਲਿਖੀ ਹੋਈ ਸੀ। ਰਾਜ਼ੀ-ਖੁਸ਼ੀ ਤੋਂ ਬਾਅਦ ਜ਼ਿਆਦਾਤਰ ਇਸ ਗੱਲ ਉੱਪਰ ਹੀ ਦਬਾਅ ਪਾਇਆ ਗਿਆ ਸੀ ਕਿ ਉਹਨਾਂ ਨੂੰ ਜਲਦੀ ਕੈਨੇਡਾ ਸੱਦਿਆ ਜਾਵੇ। ਦੀਪੇ ਨੂੰ ਕੈਨੇਡਾ ਆਏ ਸਿਰਫ਼ ਦੋ ਮਹੀਨੇ ਹੀ ਹੋਏ ਸਨ। ਅਜੇ ਤਾਂ ਉਹ ਆਪਣੀ ਪਤਨੀ ਦਲਬੀਰ ਉੱਪਰ ਹੀ ਜ਼ਿਆਦਾ ਨਿਰਭਰ ਕਰਦਾ ਸੀ। ਕੰਮ ਉੱਪਰ ਵੀ ਉਹ ਮਹੀਨੇ ਤੋਂ ਹੀ ਜਾਣ ਲੱਗਾ ਸੀ। ਉਹ ਆਪਣੇ ਕੰਮ ਵਾਲੇ ਕੱਪੜੇ ਬਦਲਣ ਅਤੇ ਨਹਾਉਣ ਲਈ ਗੁਸਲਖਾਨੇ ਵੱਲ ਜਾਣ ਹੀ ਲੱਗਾ ਸੀ ਕਿ ਦਲਬੀਰ ਕੰਮ ਤੋਂ ਆ ਗਈ। ਉਹ ਆਪਣਾ ਪਰਸ ‘ਫਰਿਜ’ ਉੱਪਰ ਰੱਖਦੀ ਬੋਲੀ, “ ‘ਮੇਲ’ ਚੁੱਕ ਲਈ ਜਾਂ ਅੱਜ ਕੁੱਝ ਆਇਆ ਹੀ ਨਹੀ?”
“ ਕੋਈ ਖਾਸ ਚਿੱਠੀ ਨਹੀ ਆਈ” ਇਹ ਕਹਿ ਕੇ ਦੀਪਾ ਗੁਸਲਖਾਨੇ ਵਿਚ ਨਹਾਉਣ ਵੜ ਗਿਆ।
“ਚਲੋ, ਚੰਗਾ ਹੋਇਆ, ਕੋਈ ਨਾ ਕੋਈ ‘ਬਿਲ’ ਹੀ ਆਉਣਾ ਸੀ” ‘ਬਿਲਾਂ’ ਤੋਂ ਤੰਗ ਆਈ ਦਲਬੀਰ ਨੇ ਕਿਹਾ।
ਦੀਪਾ ਟੱਬ ਵਿਚ ਬੈਠਾ ਸੋਚ ਰਿਹਾ ਸੀ ਕਿ ਦਲਬੀਰ ਕੋਲ ਪਿੰਡ ਵਾਲੀ ਚਿੱਠੀ ਦਾ ਜਿਕਰ ਕਰਾਂ ਜਾਂ ਨਾ। ਕਿਉਕਿ ਚਿੱਠੀ ਦਿਖਾਲਦਿਆਂ ਉਹ ਸ਼ਰਮ ਮਹਿਸੂਸ ਕਰਦਾ ਸੀ ਕਿ ਉਸ ਦੀ ਪਤਨੀ ਕੀ ਆਖੇਗੀ? ਅਜੇ ਕੈਨੇਡਾ ਆਏ ਨੂੰ ਦੋ ਮਹੀਨੇ ਵੀ ਨਹੀ ਹੋਏ, ਮਗਰ ਟੱਬਰ ਦੀਆਂ ਚਿੱਠੀਆਂ ਆਉਣ ਲੱਗ ਪਈਆਂ ਕਿ ਸਾਨੂੰ ਸੱਦ ਲਉ।ਫਿਰ ਵੀ ਦੀਪੇ ਨੇ ਦਲਬੀਰ ਨੂੰ ਚਿੱਠੀ ਦਿਖਾ ਹੀ ਦਿੱਤੀ ਅਤੇ ਨਾਲ ਕਹਿ ਵੀ ਦਿੱਤਾ, “ ਪਿੰਡ ਵਾਲਿਆਂ ਨੂੰ ਦੇਖ ਕਿਨੀ ਕਾਹਲੀ ਹੈ ਕੈਨੇਡਾ ਆਉਣ ਦੀ।”
“ ‘ਇੰਡੀਆਂ ਤੋਂ ਇਥੇ ਆਉਣ ਲਈ ਸਾਰੇ ਹੀ ਇਸ ਤਰਾਂ ਹੀ ਕਰਦੇ ਹਨ।” ਦਲਬੀਰ ਨੇ ਗੱਲ ਮਕਾਉਂਦੇ ਕਿਹਾ, “ਤੁਸੀ ਉਹਨਾਂ ਨੂੰ ਲਿਖ ਦਿਉ ਕਿ ਅਸੀ ਪੂਰੀ ਕੋਸ਼ਿਸ਼ ਕਰਾਂਗੇ ਜਲਦੀ ‘ਅਪਲਾਈ’ ਕਰਨ ਦੀ।”
ਥੋੜ੍ਹੇ ਸਮੇਂ ਬਾਅਦ ਦੀਪੇ ਨੇ ਪਿੰਡ ਦੀ ਐਸ.ਟੀ.ਡੀ. ਵਿਚ ਫੋਨ ਕੀਤਾ, “ ਮੇਰੇ ਭਾਪਾ ਜੀ ਨੂੰ ਬੁਲਾ ਦਿਉ, ਪੰਦਰਾਂ ਕੁ ਮਿੰਟਾਂ ਵਿਚ ਮੈ ਦੁਬਾਰਾ ਫੋਨ ਕਰਦਾ ਹਾਂ।”
ਪੰਦਰਾਂ ਮਿੰਟਾਂ ਤੋਂ ਬਆਦ ਦੀਪੇ ਨੇ ਭਾਪਾ ਜੀ ਨੂੰ ਦੱਸਿਆ, “ਭਾਪਾ ਜੀ, ਅਸੀ ਤੁਹਾਡਾ ‘ਅਪਲਾਈ’ ਛੇਤੀ ਕਰ ਦੇਣਾ ਹੈ।ਤੁਸੀ ਦੋਨਾਂ ਭਰਾਂਵਾ ਦੇ ‘ਸਰਟੀਫਿਕੇਟ’ ਭੇਜ ਦਿਉ।”
ਸਰਟੀਫਿਕੇਟ, ਤੇਰੇ ਭਰਾਂਵਾ ਦੇ ਅਤੇ ਤੇਰੀ ਭੈਣ ਦੇ ਅਸੀ ਪਹਿਲਾਂ ਹੀ ਤਿਆਰ ਕੀਤੇ ਹੋਏ ਹਨ, ਲਾਗਲੇ ਪਿੰਡ ਵਾਲੇ ਗੁਰਬਚਨ ਸਿੰਘ ਕੋਲ ਭੇਜ ਰੇਹੇ ਹਾਂ, ਉਹ ਛੇਤੀ ਹੀ ਕੈਨੇਡਾ ਆ ਰਿਹਾ ਹੈ”
ਭੈਣ ਬਾਰੇ ਦੀਪਾ ਸੁਣ ਕੇ ਹੈਰਾਨ ਰਹਿ ਗਿਆ। ਕਿਉਕਿ ਉਸ ਦੀ ਤਾਂ ਕੋਈ ਭੈਣ ਹੀ ਨਹੀ ਸੀ। ਉਸ ਨੇ ਫੋਨ ਉੱਪਰ ਹੀ ਭਾਪਾ ਜੀ ਕੋਲੋ ਪੁਛਿਆ, “ ਆਹ ਭੈਣ ਕਿਥੋਂ ਆ ਗਈ?”
“ ਆਪਣੇ ਪਿੰਡ ਵਾਲੇ ਮੁਖਿਅਤਾਰ ਸਿੰਘ ਦੀ ਕੁੜੀ ਗੁਡੋ, ਤੈਨੂੰ ਪਤਾ ਹੀ ਹੈ ਕਿ ਉਹ ਆਪਣੇ ਕਿੰਨੇ ਲਿਹਾਜ ਵਾਲੇ ਹਨ, ਆਪਾ ਉਸ ਨੂੰ ਆਪਣੀ ਕੁੜੀ ਬਣਾ ਕੇ ਕੈਨੇਡਾ ਲੰਘਾਉਣਾ ਹੈ।” ਭਾਪਾ ਜੀ ਨੇ ਦੀਪੇ ਦੀ ਹੈਰਾਨੀ ਦੂਰ ਕਰਦਿਆਂ ਆਖਿਆ।ਜਦੋ ਦੀਪੇ ਨੇ ਨਵੀ ਬਣੀ ਭੈਣ ਬਾਰੇ ਦਲਬੀਰ ਨੂੰ ਦੱਸਿਆ ਕਿ ਉਸ ਦੀ ਵੀ ਚਿੱਠੀ ਭਰਨੀ ਪੈਣੀ ਹੈ। ਦਲਬੀਰ ਇਸ ਗੱਲ ਨਾਲ ਸਹਿਮਤ ਨਹੀ ਹੋ ਰਹੀ ਸੀ ਕਿ ਕਿਸੇ ਬੇਗਾਨੀ ਕੁੜੀ ਦੀ ਜਿੰਮੇਵਾਰੀ ਚੁੱਕੀ ਜਾਵੇ। ਪਰ ਦੀਪੇ ਦਾ ਇਰਾਦਾ ਪੱਕਾ ਦੇਖ ਕੇ ਉਸ ਨੂੰ ਹਾਂ ਕਰਨੀ ਪਈ।ਸਰਟੀਫਿਕੇਟ ਭੇਜਣ ਤੋਂ ਬਾਅਦ ਦੀਪੇ ਦੇ ਭਾਪਾ ਜੀ ਦਾ ਫੋਨ ਫਿਰ ਆ ਗਿਆ, “ ਦੀਪਿਆ, ਕੁਝ ਚਾਹੀਦਾ ਹੋਵੇ ਤਾਂ ਸਾਨੂੰ ਦੱਸ ਦੇ, ਆਉਂਦੇ ਹੋਏ ਲਈ ਆਵਾਂਗੇ।” 
“ ਭਾਪਾ ਜੀ, ਅਜੇ ਤਾਂ ਇੱਧਰ ਪਹੁੰਚਣ ਨੂੰ, ਸ਼ਾਇਦ ਤਹਾਨੂੰ ਸਾਲ ਲੱਗ ਜਾਵੇ”
“ਅੱਛਾ, ਚੱਲ ਕੋਈ ਨਾ, ਪਰ ਤੁਸੀ ਛੇਤੀ ਕਰੀਉ। ਕਿੳਂੁਕਿ ਇਧਰ ਲੋਕ ਮੁੰਡਿਆਂ ਦੇ ਰਿਸ਼ਤਿਆਂ ਨੂੰ ਮਗਰ ਭਜੇ ਫਿਰਦੇ ਹਨ।” ਭਾਪਾ ਜੀ ਨੇ ਛੇਤੀ ਕਰਨ ਦਾ ਕਾਰਨ ਦੱਸਿਆ।
“ਪਰ ਤੁਸੀ ਕਿਸੇ ਨੂੰ ਹਾਂ ਨਾ ਕਰਉ, ਕਿਉਕਿ ਹਾਲਾਤ ਬਦਲਦੇ ਰਹਿੰਦੇ ਹਨ।” ਦੀਪੇ ਨੇ ਭਾਪਾ ਜੀ ਨੂੰ ਸਮਝਾਇਆ।”
ਪਰ ਦੀਪੇ ਦੇ ਕਹਿਣ ਦੇ ਬਾਵਜੂਦ ਵੀ ਵੱਡੇ ਮੁੰਡੇ ਦਾ ਰਿਸ਼ਤਾ ਕਰ ਦਿੱਤਾ।ਦੀਪੇ ਨੇ ਬਹੁਤ ਕੋਸ਼ਿਸ਼ ਕਰਕੇ ਪਰਿਵਾਰ ਦਾ ‘ਐਪਲੀਕੇਸ਼ਨ ਫਾਰਮ’ ਭਰ ਦਿੱਤਾ। ਫਿਰ ਦੋਵੇ ਪਤੀ ਪਤਨੀ ‘ਉਵਰਟਾਈਮ’ ਲਾ ਲਾ ਕੇ ਪਰਿਵਾਰ ਲਈ ਚੀਜ਼ਾਂ ਬਣਾਉਣ ਲੱਗ ਪਏ। ਦਲਬੀਰ ਸ਼ਾਂਤ ਸੁਭਾਅ ਦੀ ਹੋਣ ਕਾਰਣ ਜਿਸ ਤਰ੍ਹਾਂ ਦੀਪਾ ਆਖਦਾ ਉਹ ਕਰੀ ਜਾਂਦੀ।‘ਐਪਲੀਕੇਸ਼ਨ’ ਭਰਨ ਤੋਂ ਬਾਅਦ ਵੀ ਦੀਪੇ ਦੇ ਮਨ ਵਿਚ ਡਰ ਜਿਹਾ ਸੀ ਕਿ ਕਿਤੇ ‘ਇਮੀਗਰੇਸ਼ਨ’ ਵਾਲਿਆਂ ਨੂੰ ਗੁਡੋ ਬਾਰੇ ਪਤਾ ਨਾ ਲੱਗ ਜਾਵੇ। ਪਰ ਸਾਰਾ ਕੰਮ ਸਹੀ ਸਲਾਮਤ ਹੋ ਗਿਆ ਅਤੇ ਦੀਪੇ ਦਾ ਪਰਿਵਾਰ ਕੈਨੇਡਾ ਪਹੁੰਚ ਗਿਆ। ਦਲਬੀਰ ਅਤੇ ਦੀਪੇ ਨੇ ਪਰਿਵਾਰ ਦੇ ਮੈਬਰਾਂ ਨੂੰ ਕੰਮ ਲੱਭਣ ਅਤੇ ਡਰਾਵਿੰਗ ‘ਲਾਈਸੈਂਸ’ ਲੈਣ ਵਿਚ ਪੂਰੀ ਮੱਦਦ ਕੀਤੀ।ਥੋੜੀ ਦੇਰ ਤਾਂ ਘਰ ਦਾ ਮਹੌਲ ਸੁਖਾਵਾਂ ਹੀ ਰਿਹਾ।ਪਰ ਗੱਲ ਉਸ ਵੇਲੇ ਵਿਗੜੀ ਜਦੋ ਦਲਬੀਰ ਨੇ ਭਾਪਾ ਜੀ ਕੋਲ ਆਪਣੇ ਛੋਟੇ ਦੇਵਰ ਜੀਤੇ ਅਤੇ ਗੁਡੋ ਦੀ ਸ਼ਕਾਇਤ ਲਾਈ, “ਭਾਪਾ ਜੀ, ਜੀਤੇ ਅਤੇ ਗੁਡੋ ਦੇ ਵਿਚਕਾਰ ਜੋ ਚੱਕਰ ਚਲ ਰਿਹਾ ਹੈ ਉਹ ਠੀਕ ਨਹੀ, ਜੇ ਉਸ ਨੂੰ ਕੁੜੀ ਬਣਾ ਕੇ ਲਿਆਏ ਹੋ ਅਤੇ ਉਸ ਨੂੰ ਆਪਣੇ ਘਰ ਦੀ ਧੀ ਹੀ ਸਮਝਨਾ ਚਾਹੀਦਾ ਹੈ।”
“ਤੈਨੂੰ ਵਹਿਮ ਹੋ ਗਿਆ, ਬਹੂ। ਐਸੀ ਕੋਈ ਗੱਲ ਨਹੀ।” ਭਾਪਾ ਜੀ ਨੇ ਪੈਰਾਂ ਉੱਪਰ ਪਾਣੀ ਨਾ ਪੈਣ ਦਿੱਤਾ।ਇਕ ਦਿਨ ਦੀਪੇ ਨੇ ਦੋਹਾਂ ਨੂੰ ਗ਼ਲਤ ਹਰਕਤਾਂ ਕਰਦੇ ਦੇਖ ਲਿਆ, ਉਸ ਦਿਨ ਉਸਨੂੰ ਇਹ ਅਹਿਸਾਸ ਵੀ ਹੋਇਆ ਕਿ ਦਲਬੀਰ ਦੀ ਗੱਲ ਠੀਕ ਹੀ ਸੀ ਕਿ ਬੇਗਾਨੇ ਧੀ ਪੁੱਤ ਦੀ ਜਿੰਮੇਵਾਰੀ ਨਹੀ ਚੁੱਕਣੀ ਚਾਹੀਦੀ।ਦੀਪੇ ਨੇ ਉਸ ਸ਼ਾਮ ਸਾਰਿਆਂ ਨੂੰ ਬੈਠਾ ਲਿਆ। ਸਾਰਿਆਂ ਦੇ ਸਾਹਮਣੇ ਜਦੋ ਦੀਪੇ ਨੇ ਗੱਲ ਛੇੜੀ ਤਾਂ ਥੋੜਾ ਚਿਰ ਚੁੱਪ ਰਹਿਣ ਤੋਂ ਬਾਅਦ ਜੀਤਾ ਬੋਲਿਆ, “ ਲੈ, ਭਾਅ ਇਹ ਕਿਹੜੀ ਗੱਲ ਹੈ ਅਸੀ ਵਿਆਹ ਕਰਵਾ ਲੈਂਦੇ ਹਾਂ।” ਜਦੋਂ ਭਾਪਾ ਜੀ ਨੇ ਇਹ ਸੁਣਿਆ ਤਾਂ ਇਕਦਮ ਉਹਨਾਂ ਦੀਆਂ ਨਾੜਾ ਗੁੱਸੇ ਨਾਲ ਤਨ ਗਈਆਂ ਅਤੇ ਪੈਰ ਵਾਲਾ ਸਲੀਪਰ ਹੱਥ ਵਿਚ ਲੈ ਕੇ ਜੀਤੇ ਵੱਲ ਨੂੰ ਦੋੜੇ, “ ਉਹ, ਕੰਜਰਾ ਆਹ ਕੀ ਬਕਵਾਸ ਕੀਤਾ?”
“ ਮੈ ਕੁੱਝ ਝੂਠ ਤਾਂ ਨਹੀ ਕਿਹਾ।”
“ ਉਹ ਤੇਰੀ ਤਾਂ…, ਦਫਾ ਹੋ ਜਾਉ ਮੇਰੀਆਂ ਅੱਖਾਂ ਤੋਂ ਸਾਹਮਣੇ, ਕੰਜਰਾਂ ਤੈ ਤਾਂ ਹੱਦ ਹੀ ਕਰ ਦਿੱਤੀ, ਸ਼ਰਮ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ, ਤੇਰੀ….” ਭਾਪਾ ਜੀ ਜੀਤੇ ਦੇ ਜੁੱਤੀ ਠੋਕਣ ਵਾਲੇ ਹੀ ਸਨ ਕਿ ਦੀਪੇ ਨੇ ਅੱਗੇ ਹੋ ਕੇ ਉਹਨਾਂ ਨੂੰ ਫੜ ਲਿਆ।ਉਹਨਾਂ ਦਾ ਸਾਹ ਨਾਲ ਸਾਹ ਨਹੀ ਸੀ ਰਲ ਰਿਹਾ। ਦੀਪੇ ਨੇ ਫੜ ਕੇ ਸੋਫੇ ਉਪਰ ਬੈਠਾ ਦਿੱਤਾ। ਦਲਬੀਰ ਨੇ ਪਾਣੀ ਲਿਆ ਕੇ ਦਿੱਤਾ।ਘਰੇਲੂ ਮਹੌਲ ਨੁੰ ਦੇਖਦੇ ਹੋਏ ਗੁਡੋ ਅਤੇ ਜੀਤਾ ਉਥੋਂ ਚੁੱਪ ਕਰ ਕੇ ਖਿਸਕ ਗਏ।ਭਾਪਾ ਜੀ ਦੀਪੇ ਨੂੰ ਕੋਸਣ ਲੱਗ ਪਏ,” ਮੈ ਤਾਂ ਵੱਡੇ ਵਾਂਗ ਇਸ ਦਾ ਵੀ ਰਿਸ਼ਤਾ ਪੰਜਾਬ ਵਿਚ ਕਰਕੇ ਹੀ ਆਉਣਾ ਸੀ। ਪਰ ਤੂੰ ਹੀ ਇਕ ਰਟ ਲਾਈ ਹੋਈ ਸੀ ਕਿ ਕਿਸੇ ਦਾ ਵੀ ਰਿਸ਼ਤਾ ਨਾ ਕਰਉ।”
ਕਈ ਦਿਨ ਗੁਡੋ ਅਤੇ ਜੀਤੇ ਦਾ ਪਤਾ ਹੀ ਨਹੀ ਲੱਗਿਆ, ਕਿ ਕਿੱਧਰ ਗਏ।
ਉੱਧਰ ਪਿੰਡ ਵਿਚ ਤਾਂ ਪਹਿਲਾਂ ਹੀ ਰੋਲਾ ਪੈ ਗਿਆ ਕਿ ਜੀਤਾ ਅਤੇ ਗੁਡੋ ਕੈਨੇਡਾ ਵਿਚ ਇਕੱਠੇ ਰਹਿ ਰੇਹੇ ਹਨ। ਗੁਡੋ ਦੇ ਪਿਉ ਦਾ ਫੋਨ ਦੀਪੇ ਦੇ ਘਰ ਆਇਆ ਅਤੇ ਸਲਾਹ ਹੋਈ ਕਿ ਕਿਸੇ ਤਰ੍ਹਾਂ ਗੁਡੋ ਨੂੰ ਪੰਜਾਬ ਵਿਚ ਲਿਆਂਦਾ ਜਾਵੇ।ਦੀਪਾ ਕਾਫ਼ੀ ਕੋਸ਼ਿਸ਼ ਦੇ ਬਾਅਦ ਗੁਡੋ ਅਤੇ ਜੀਤੇ ਨੂੰ ਲੱਭਣ ਵਿਚ ਸਫਲ ਹੋਇਆ ਅਤੇ ਬਹਾਨਾ ਲਾਇਆ,
“ ਗੁਡੋ, ਤੇਰੇ ਭਾਪੇ ਦੀ ਸਿਹਤ ਬਹੁਤ ਖਰਾਬ ਹੈ ਅਤੇ ਤੈਨੂੰ ਛੇਤੀ ਪੰਜਾਬ ਜਾਣਾ ਪੈਣਾ ਹੈ।” ਗੁਡੋ ਦੀਪੇ ਉਪਰ ਯਕੀਨ ਕਰਦੀ ਰੋਣ ਲੱਗੀ ਅਤੇ ਛੇਤੀ ਹੀ ਪੰਜਾਬ ਜਾਣਾ ਮੰਨ ਗਈ। ਦਲਬੀਰ ਨੇ ਭਾਪਾ ਜੀ ਨੂੰ ਠੰਢੇ ਜਿਗਰੇ ਨਾਲ ਸੋਚਣ ਲਈ ਮਜ਼ਬੂਰ ਕੀਤਾ ਅਤੇ ਸਲਾਹ ਦਿੱਤੀ, “ਭਾਪਾ ਜੀ, ਤੁਸੀ ਆਪ ਜਾ ਕੇ ਗੁਡੋ ਨੂੰ ਉਸ ਦੇ ਮਾਂ ਪਿਉ ਦੇ ਸਪੁਰਦ ਕਰ ਕੇ ਆਉ।”
ਭਾਪਾ ਜੀ ਨੂੰ ਅਜੇ ਪੰਜਾਬ ਪਹੁੰਚਿਆਂ ਦੋ ਦਿਨ ਹੀ ਹੋਏ ਸਨ ਕਿ ਜੀਤੇ ਤੋਂ ਵੱਡੇ ਭਰਾ ਬੀਰੂ ਦਾ ਸਹੁਰਾ ਘਰ ਆ ਗਿਆ। ਆਉਂਦਾ ਹੀ ਕਹਿਣ ਲੱਗਾ, “ਸਰਦਾਰ ਜੀ, ਤੁਸੀ ਬੀਰੂ ਨੂੰ ਵੀ ਨਾਲ ਲੈ ਕੇ ਆੳਂੁਣਾ ਸੀ। ਅਸੀ ਸੋਚਦੇ ਹਾਂ ਤੁਸੀ ਆਏ ਤਾਂ ਹੈ ਹੀ, ਆਪਾਂ ਨਿਆਣਿਆਂ ਦਾ ਵਿਆਹ ਕਰ ਦਿੰਦੇ।” 
“ਗੱਲ ਤਾਂ ਤੁਹਾਡੀ ਠੀਕ ਹੈ, ਕਿਹੜਾ ਮੁੜ ਮੁੜ ਕੇ ਪੰਜਾਬ ਆਇਆ ਜਾਂਦਾ ਹੈ।”ਭਾਪਾ ਜੀ ਨੇ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਕਿਹਾ,
“ ਮੈ ਕੈਨੇਡਾ ਦੀਪੇ ਨੂੰ ਫੋਨ ਕਰ ਦਿੰਦਾਂ ਹਾਂ ਕਿ ਉਹ ਬੀਰੂ ਨੂੰ ਭੇਜ ਦੇਣਗੇ। ਚਲੋ, ਤੁਸੀ ਵਿਆਹ ਦੀ ਤਿਆਰੀ ਸ਼ੁਰੂ ਕਰੋ।”ਜਦੋ ਦੀਪੇ ਨੇ ਬੀਰੂ ਨੂੰ ਭਾਪਾ ਜੀ ਦੇ ਫੋਨ ਬਾਰੇ ਦੱਸਿਆ।ਉਸ ਨੇ ਸਾਫ ਹੀ ਨਾਹ ਕਰ ਦਿੱਤੀ, “ ਮੈ ਪੰਜਾਬ ਨਹੀ ਜਾ ਸਕਦਾ।”
“ਕਿਉ ਨਹੀ, ਭਾਪਾ ਜੀ ਨੇ ਤੇਰੇ ਭਰੋਸੇ ਉਪਰ ਕੁੜੀ ਵਾਲਿਆਂ ਨੂੰ ਵਿਆਹ ਦੀ ਤਿਆਰੀ ਕਰਨ ਵਾਸਤੇ ਵੀ ਕਹਿ ਦਿੱਤਾ ਹੈ।”
“ ਭਾਜੀ, ਮੈ ਤੇਰੇ ਨਾਲ ਗੱਲ ਕਰਨ ਵਾਲਾ ਹੀ ਸੀ। ਮੈ ਉੱਥੇ ਵਿਆਹ ਨਹੀ ਕਰਵਾਉਣਾ ਜਿੱਥੇ ਮੇਰੀ ਮੰਗਣੀ ਹੋ ਚੁੱਕੀ ਹੈ।” ਬੀਰੂ ਨੇ ਕਿਹਾ।
“ਜਿਨਾਂ ਨਾਲ ਵਿਆਹ ਦੀ ਜ਼ੁਬਾਨ ਕਰਕੇ ਆਏ ਸੀ। ਉਹਨਾਂ ਨੂੰ ਕੀ ਜਵਾਬ ਦੇਵੋਗੇ?”
“ਮੇਰੇ ਨਾਲ ਕੁੜੀ ਕੰਮ ਕਰਦੀ ਹੈ, ਵਿਆਹ ਮੈ ਉਸ ਨਾਲ ਕਰਵਾਉਣਾ ਹੈ। ਰਹੀ ਗੱਲ ਜ਼ੁਬਾਨ ਦੀ, ਉਹ ਅੱਜ ਕੱਲ ਕੌਣ ਨਿਭਾਉਂਦਾ ਹੈ।” ਬੀਰੂ ਨੇ ਅੱਜ ਦੇ ਜ਼ਮਾਨੇ ਦੀ ਮਿਸਾਲ ਦਿੰਦੇ ਕਿਹਾ।
“ਸੁਣੀਦਾ ਹੈ ਕਿ ਬਾਹਰਲੇ ਮੁਲਕਾਂ ਦੇ ਬੱਚੇ ਮਾਂ ਬਾਪ ਦੀ ਪਰਵਾਹ ਨਹੀ ਕਰਦੇ।ਆਹ ਜਿਹੜੇ ਕੱਲ ਪੰਜਾਬ ਤੋਂ ਆਏ ਉਹਨਾਂ ਦਾ ਹਾਲ ਦੇਖ ਲਉ, ਮੈ ਤਾਂ ਤਹਾਨੂੰ ਇਧਰ ਸੱਦਣ ਦੀ ਭੁਲ ਕਰ ਬੈਠਾ।” ਦੀਪਾ ਬੁੜ ਬੜਾਇਆ।
“ ਅਹਿਸਾਨ ਤਾਂ ਕੋਈ ਕੀਤਾ ਨਹੀ ਸਾਰੇ ਹੀ ਆਪਣਿਆ ਨੂੰ ਸੱਦ ਦੇ ਹਨ।”
“ ਮੇਰੇ ਵਲੋਂ ਸਭ ਢੱਠੇ ਖੂਹ ਵਿਚ ਜਾਉ” ਦੀਪੇ ਨੇ ਉੱਚੀ ਅਵਾਜ਼ ਵਿਚ ਕਿਹਾ ਅਤੇ ਫਿਰ ਚੁੱਪ ਹੋ ਜਾਣ ਵਿਚ ਹੀ ਭਲੀ ਸਮਝੀ।
ਜਦੋ ਕੁੜੀ ਵਾਲਿਆਂ ਨੂੰ ਪਤਾ ਲੱਗਾ ਕਿ ਬੀਰੂ ਵਿਆਹ ਕਰਵਾਉਣ ਨੂੰ ਮੰਨਦਾ ਨਹੀ ਤਾਂ ਕੁੜੀ ਦੀ ਮਾਂ ਬੋਲੀ, “ਚਲੋ ਕੋਈ ਗੱਲ ਨਹੀ, ਜੇ ਬੀਰੂ ਨਹੀ ਮੰਨਦਾ। ਤੁਸੀ ਛੋਟੇ ਜੀਤੇ ਨੂੰ ਮੰਨਾ ਲਉ, ਅਸੀ ਵਿਆਹ ਦੀ ਤਾਂ ਸਾਰੀ ਤਿਆਰੀ ਕਰ ਲਈ ਹੈ।”
ਫਿਰ ਦੀਪੇ ਨੇ ਜੀਤੇ ਦਾ ਮਿਨ੍ਹਤ ਤਰਲਾ ਕੀਤਾ, “ ਜੀਤਿਆ, ਤੂੰ ਹੀ ਪੰਜਾਬ ਚਲਿਆ ਜਾਹ ਅਤੇ ਭਾਪਾ ਜੀ ਦੀ ਇੱਜ਼ਤ ਰੱਖਣ ਖਾਤਰ ਬੀਰੂ ਦੀ ਮੰਗ ਵਿਆਹ ਲੈ, ਨਹੀ ਤਾਂ ਤੈਨੂੰ ਪਤਾ ਹੀ ਹੈ ਕਿ ਭਾਪਾ ਜੀ ਦਾ ਕੀ ਹਾਲ ਹੋਵੇਗਾ।” 
“ਪਰ ਭਾ” ਜੀਤਾ ਪੂਰੀ ਗੱਲ ਨਾ ਕਰ ਸਕਿਆ।
“ਕੀ ਤੂੰ ਸੱਚ ਮੁਚ ਹੀ ਗੁਡੋ ਨੂੰ ਪਿਆਰ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ?” ਦੀਪੇ ਨੇ ਉਸ ਨੂੰ ਦੋਚਿਤੀ ਵਿਚ ਪਏ ਨੂੰ ਪੁਛਿਆ।
“ਨਹੀ ਐਸੀ ਗੱਲ ਤਾਂ ਕੋਈ ਨਹੀ, ਗੁਡੋ ਨਾਲ ਤਾਂ ਸ਼ੁਗਲ ਮੇਲਾ ਹੀ ਸੀ। ਵੈਸੇ ਵਿਆਹ ਜਰਾ ਅਟਕ ਕੇ ਕਰਵਾਉਣਾ ਚਾਹੁੰਦਾ ਹਾਂ, ਜਰਾ ‘ਸੈਟਲ ਸੁਟਲ’ ਹੋ ਕੇ।”
“ਤੂੰ ‘ਸੈਟਲ’ ਹੋਣ ਦਾ ਫ਼ਿਕਰ ਨਾ ਕਰ, ਜੇ ਤੂੰ ਸਾਡਾ ਕਹਿਣਾ ਮੰਨੇ ਗਾ ਤਾਂ ‘ਸੈਟਲ’ ਅਸੀ ਤੈਨੂੰ ਆਪੇ ਹੀ ਕਰ ਦੇਣਾ ਹੈ।” ਇਸ ਲਈ ਫਿਰ ਜੀਤਾ ਵੀ ਪੰਜਾਬ ਗਿਆ। ਉੱਥੇ ਉਸ ਦਾ ਵਿਆਹ ਬੀਰੂ ਦੀ ਮੰਗ ਨਾਲ ਹੋ ਗਿਆ। ਉੱਧਰ ਗੁਡੋ ਦਾ ਵਿਆਹ ਵੀ ਉਸ ਦੇ ਘਰਦਿਆਂ ਨੇ ਇਕ ਚੰਗੇ ਪੜ੍ਹੇ ਲਿਖੇ ਅਤੇ ਸੁੱਨਖੇ ਮੁੰਡੇ ਨਾਲ ਕਰ ਦਿੱਤਾ।ਦੋਹਾਂ ਨੇ ਖੁਸ਼ੀ ਖੁਸ਼ੀ ਨਵੇ ਥਾਂਵਾ ਉੱਪਰ ਬਿਨਾ ਉਦਾਸੀ ਅਤੇ ਅੜੀ ਦੇ ਮਾਪਿਆਂ ਦੇ ਕਹੇ ਅਨੁਸਾਰ ਵਿਆਹ ਕਰਵਾ ਲਏ ।ਵਿਆਹ ਕਰਵਾਉਣ ਤੋਂ ਬਾਅਦ ਕੈਨੇਡਾ ਵਿਚ ਆ ਕੇ ਆਪਸ ਵਿਚ ਫਿਰ ਮਿਲਣ ਲੱਗ ਪਏ।ਦਲਬੀਰ ਭਾਂਵੇ ਛੋਟੀ ਹੁੰਦੀ ਹੀ ਕੈਨੇਡਾ ਆ ਗਈ ਸੀ ਫਿਰ ਵੀ ਉਹ ਸਮਝਦੀ ਸੀ ਕਿ ਪੰਜਾਬਣ ਕੁੜੀ ਦੀ ਇੱਜ਼ਤ ਹੀ ਸਭ ਕੁੱਝ ਹੁੰਦੀ ਹੈ। ਇਹ ਸੋਚ ਕੇ ਉਸ ਨੇ ਗੁਡੋ ਨੂੰ ਕਿਹਾ, “ ਜੇ ਜੀਤੇ ਨੂੰ ਸ਼ਰਮ ਨਹੀ ਤਾਂ ਤੂੰ ਹੀ ਕੁੱਝ ਸਮਝ ਕਰ।”“ਭਾਬੀ, ਜਦੋਂ ਮੇਰੇ ਘਰਵਾਲਾ ਆ ਗਿਆ ਫਿਰ ਥੋੜੀ ਮੈ ਜੀਤੇ ਨੂੰ ਮਿਲਿਆ ਕਰਨਾ ਹੈ, ਨਾਲੇ ਇਹ ਕੈਨੇਡਾ ਵਿਚ ਤਾਂ ਸਭ ਕੁੱਝ ਚਲਦਾ ਹੈ।” ਗੁਡੋ ਦੇ ਜਵਾਬ ਨੇ ਦਲਬੀਰ ਨੂੰ ਬਦਲ ਰਹੇ ਸਮਾਜਕ ਢਾਂਚੇ ਬਾਰੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਕਿੱਥੇ ਪਿੰਡ ਦੀ ਕੁੜੀ ਸਭ ਲਈ ਧੀ ਭੈਣ ਦੇ ਬਰਾਬਰ ਹੁੰਦੀ ਸੀ ਅਤੇ ਕਿੱਥੇ ਕੈਨੇਡਾ ਦੇ ਲਾਲਚ ਨੇ ਪਵਿੱਤਰ ਰਿਸ਼ਤੇ ਵੀ ਤਬਾਹ ਕਰ ਦਿੱਤੇ।ਦਲਬੀਰ ਇਹ ਸਭ ਕੁੱਝ ਸੋਚਦੀ ਹੋਈ ਦੀਪੇ ਨੂੰ ਪੁੱਛਣ ਲੱਗੀ, “ਆਪਣੇ ਸਭਿਆਚਾਰ ਵਿਚ ਕਿਸੇ ਦੂਸਰੇ ਨਾਲ ਸਬੰਧ ਰੱਖਣੇ ਪਾਪ ਸਮਝਿਆ ਜਾਂਦਾ ਹੈ।ਹੁਣ ਇਹਨਾਂ ਗੱਲਾਂ ਦੀ ਅਹਿਮੀਅਤ ਕਿਉਂ ਘੱਟ ਰਹੀ ਹੈ?”
“ਕਿਸੇ ਨੂੰ ਕੀ ਦੋਸ਼ ਦੇਣਾ, ਹੁਣ ਸਾਡੇ ਗਾਉਣ ਵਾਲੇ ਵੀ ਗ੍ਰਹਿਸਤ ਜੀਵਨ ਨੂੰ ਤੋੜਣ ਲਈ ਪੁੱਠੇ ਗਾਉਣ ਲੱਗ ਪਏ।ਅਖੇ, ਸੁਹਣਿਆ,ਵਿਆਹ ਕਰਵਾ ਕੇ ਵੀ, ਸਾਨੂੰ ਮਿਲਦਾ ਗਿਲਦਾ ਰਹੀ’।” ਦੀਪੇ ਨੇ ਨੋਜਵਾਨ ਪੀੜ੍ਹੀ ਨੂੰ ਵਿਗਾੜਣ ਲਈ ਗ਼ਲਤ ਗੀਤਾਂ ਦਾ ਵੀ ਅਸਰ ਦੱਸਿਆ। 
“ਗੁੱਡੋ ਅਤੇ ਜੀਤੇ ਵਿਚ ਪਿਆਰ ਨਾਮ ਦੀ ਤਾਂ ਕੋਈ ਚੀਜ਼ ਲੱਗਦੀ ਨਹੀ ਕਿਉਕਿ ਉਹਨਾਂ ਨੇ ਖੁਸ਼ੀ ਨਾਲ ਅਲੱਗ ਅਲੱਗ ਥਾਂਵਾ ਉੱਪਰ ਵਿਆਹ ਕਰਵਾ ਲਏ ਅਤੇ ਦੂਸਰਾ ਲੋਕਾਂ ਦੇ ਸਾਹਮਣੇ ਇਕ ਦੂਸਰੇ ਨੂੰ ਭੈਣ ਅਤੇ ਵੀਰਾ ਕਹਿ ਕੇ ਬਲਾਉਂਦੇ ਹਨ, ਫਿਰ ਆਪਸ ਵਿਚ ਇਹਨਾਂ ਦਾ ਕੀ ਰਿਸ਼ਤਾ ਹੋਇਆ?” ਦਲਬੀਰ ਨੇ ਉੱਭਰ ਰਹੇ ਨਵੇ ਰਿਸ਼ਤੇ ਬਾਰੇ ਪੁੱਛਿਆ।
“ਬਨਾਉਟੀ ਰਿਸ਼ਤਾ।” ਦੀਪੇ ਨੇ ਫਿਕਾ ਜਿਹਾ ਹਾਸਾ ਹੱਸ ਕੇ ਕਿਹਾ।
ਅਨਮੋਲ ਕੌਰ