ਕਿਉਂ ਚਲੀ ਗਈ?
“ ਅੱਜ ਮੈਨੂੰ ਪੂਰੇ ਪੰਦਰਾਂ ਸਾਲ ਹੋ ਗਏ ਨੇ ਕਨੈਡਾ ਆਈ ਨੂੰ।” ਬਿੰਦੀ ਨੇ ਬਰੈਡਾਂ ਵਾਲੀ ਟਰੇ ੳਵਨ ਵਿਚੋਂ ਕੱਢਦੀ ਨੇ ਆਖਿਆ।
“ ਇਹਨਾਂ ਪਦੰਰਾਂ ਸਾਲਾਂ ਵਿਚ ਤੂੰ ਪੰਜਾਬ ਕਿੰਨੀ ਵਾਰੀ ਗਈ?” ਬੇਕਰੀ ਵਿਚ ਨਾਲ ਹੀ ਕੰਮ ਕਰਦੀ ਗਿੰਦਰ ਨੇ ਪੁੱਛਿਆ।
“ ਪਹਿਲਾਂ ਤਾਂ ਹਰ ਸਾਲ ਹੀ ਦੌੜ ਜਾਂਦੀ ਸੀ, ਵਿਆਹ ਕਰਾਉਣ ਦੇ ਚਾਅ ਨਾਲ, ਪਰ ਵਿਆਹ ਵਿਚਾਰੀ ਦਾ ਅਜੇ ਤੱਕ ਨਹੀ ਹੋਇਆ।” ਇਹ ਕਹਿ ਕੇ ਕੋਲ ਖਲੋਤੀ ਨਿਮੋ ਖਿੜ ਖੜਾ ਕੇ ਹੱਸ ਪਈ।
ਨਿਮੋ ਦਾ ਹਾਸਾ ਸੁਣ ਕੇ ਬਿੰਦੀ ਦਾ ਦਿਲ ਕਰੇ ਕਿ ਬੰਨਾ ਨਾਲ ਭਰੀ ਟਰੇ ਹੀ ਉਸ ਦੇ ਸਿਰ ਵਿਚ ਮਾਰੇ।ਫਿਰ ਵੀ ਆਪਣੇ ਗੁੱਸੇ ਨੂੰ ਲੁਕਾਉਂਦੀ ਹੋਈ ਚੁੱਪ ਹੀ ਰਹੀ।
ਬਿੰਦੀ ਜਦੋਂ ਪੰਜਾਬ ਆਪਣੇ ਮਾਂ ਬਾਪ ਕੋਲ ਵਿਆਹ ਕਰਵਾਉਣ ਜਾਂਦੀ ਹੈ ਤਾਂ ਉਹ ਇਕ ਦੋ ਸਾਲ ਦੀ ਉਡੀਕ ਕਰਨ ਲਈ ਕਹਿ ਦਿੰਦੇ। ਬਿੰਦੀ ਬਹੁਤ ਹੀ ਸਾਊ ਕੁੜੀ ਹੋਣ ਕਾਰਨ ਉਸ ਤਰਾਂ ਹੀ ਮੰਨ ਜਾਂਦੀ। ਜਦੋਂ ਉਸ ਦੇ ਮਾਸੀ ਮਾਸੜ ਜੀ ਕਨੈਡਾ ਆਪਣੇ ਪੁੱਤ ਕੋਲ ਆਏ ਸਨ। ਉਸ ਨੂੰ ਵੀ ਆਪਣੀ ਧੀ ਬਣਾ ਕੇ ਨਾਲ ਲਿਆਏ ਸਨ। ਬਹੁਤ ਚਿਰ ਉਹ ਆਪਣੇ ਮਾਸੀ ਮਾਸੜ ਜੀ ਨੂੰ ਹੀ ਆਪਣੇ ਮੱਮੀ ਡੈਡੀ ਦੱਸਦੀ ਰਹੀ।ਹੌਲੀ ਹੌਲੀ ਸਭ ਨੂੰ ਪਤਾ ਲੱਗ ਗਿਆ ਸੀ ਕਿ ਉਸ ਦੇ ਮਾਂ ਬਾਪ ਪੰਜਾਬ ਵਿਚ ਹੀ ਹਨ।ਬਹੁਤ ਦੇਰ ਤੋਂ ਬਿੰਦੀ ਦੋ ਦੋ ਸ਼ਿਫਟਾਂ ਕੰਮ ਕਰ ਰਹੀ ਸੀ। ਆਪਣੇ ਖਰਚੇ ਜੋਗੇ ਪੈਸੇ ਕੋਲ ਰੱਖ ਕੇ ਬਾਕੀ ਮਾਂ- ਬਾਪ ਨੂੰ ਭੇਜ ਦੇਂਦੀ।ਪਹਿਲਾਂ ਮਾਸੀ ਮਾਸੜ ਕੋਲ ਰਹਿਣ ਕਰਕੇ ਖਰਚਾ ਵੀ ਬਹੁਤਾ ਨਹੀ ਸੀ ਹੁੰਦਾ।ਪਿਛਲੇ ਸਾਲ ਤੋ ਹੀ ਕਿਸੇ ਕੁੜੀ ਨਾਲ ਬੇਸਮਿੰਟ ਵਿਚ ਰਹਿ ਰਹੀ ਹੈ। ਜਦੋਂ ਬਿੰਦੀ ਦੀ ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਕਹਿਣ ਲੱਗੀ, “ ਬਿੰਦੀ, ਮਿੱਠੀ ਪਿਆਰੀ ਹੋ ਕੇ ਮਾਸੀ ਵਿਚ ਹੀ ਰਹੀ ਜਾਂਦੀ, ਤੇਰੇ ਪੈਸੇ ਤਾਂ ਬਚੇ ਰਹਿੰਦੇ।”
“ ਬੀਬੀ, ਮੈ ਤਹਾਨੂੰ ਅੱਗੇ ਵੀ ਦੱਸਿਆ ਸੀ ਕਿ ਮਾਸੜ ਜੀ ਆਪਣੇ ਭਤੀਜੇ ਦੇ ਰਿਸ਼ਤੇ ਨੂੰ ਕਹਿੰਦੇ ਆ।”
“ ਪੁੱਤ, ਲਾਰਾ ਲਾਈ ਜਾਈਦਾ ਆ ਅਤੇ ਆਪਣਾ ਮਤਲਵ ਕੱਢਣ ਵਾਲੇ ਬਣੀਦਾ ਏ।”
“ ਮੇਰੇ ਕੋਲੋ ਇਸ ਤਰਾਂ ਨਹੀ ਹੁੰਦਾ।”“ ਅੱਛਾ, ਚੱਲ ਛੱਡ ਮਾਸੜ ਨੂੰ,ਅਸੀ ਤੇਰੇ ਲਈ ਡਾਕਟਰ ਜਾਂ ਵਕੀਲ ਮੁੰਡਾ ਲੱਭਾਂਗੇ, ਐਤਕੀ ਪੈਸੇ ਛੇਤੀ ਭੇਜ ਦਈਂ , ਤੇਰੇ ਵੀਰੇ ਜਿਦੂੰ ਨੂੰ ਪੜ੍ਹਨ ਲਈ ਹੋਸਟਲ ਵਿਚ ਪਾਉਣਾ ਆ।”
ਬਿੰਦੀ ਦੇ ਪੈਸੇ ਨਾਲ ਪਿੰਡ ਵਿਚ ਸੁਹਣਾ ਘਰ ਬਣ ਗਇਆ, ਟਰੈਕਟਰ ਆ ਗਿਆ ਤੇ ਭਰਾ ਵੀ ਹੌਸਟਲ ਵਿਚ ਪੜ੍ਹਦਾ ਘੱਟ ਤੇ ਮੌਜ਼ ਮਸਤੀ ਜ਼ਿਆਦਾ ਕਰਦਾ। ਅਜੇ ਵੀ ਬਿੰਦੀ ਆਪਣੇ ਨਾਲੋ ਆਪਣੇ ਮਾਪਿਆ ਦਾ ਫ਼ਿਕਰ ਵੱਧ ਕਰਦੀ। ਪਰ ਜਦੋਂ ਉਸ ਨਾਲ ਕੰਮ ਕਰਦੀਆਂ ਕੁੜੀਆਂ ਇਕ ਦੂਜੀ ਨੂੰ ਗੁੱਝੀਆਂ ਟਿਚਰਾਂ ਕਰਦੀਆਂ ਤਾਂ ਉਸ ਦਾ ਦਿਲ ਵੀ ਵਿਆਹ ਕਰਵਾਉਣ ਨੂੰ ਕਰਦਾ।ਗਿੰਦਰ ਉਸ ਦਾ ਮੂੰਹ ਦੇਖ ਕੇ ਇਹ ਭੇਦ ਸਮਝ ਜਾਂਦੀ ਤੇ ਕਹਿ ਦੇਂਦੀ, “ ਬਿੰਦੀ, ਆਪਣੇ ਘਰਦਿਆ ਤੋਂ ਵਿਆਹ ਦੀ ਆਸ ਲਾਹ ਛੱਡ, ਉਹਨਾਂ ਨੂੰ ਤਾਂ ਤੂੰ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਆ, ਉਹਨਾਂ ਸਹਿਜੇ ਕੀਤੇ ਤੇਰਾ ਵਿਆਹ ਨਾ ਕੀਤਾ।”
“ ਮੈ ਤਾਂ ਇਹਨੂੰ ਬਥੇਰਾ ਕਿਹਾ।” ਨਿਮੋ ਨੇ ਆਪਣਾ ਦਾਅ ਦੱਸਿਆ, “ਮੇਰਾ ਭਰਾ ਪੰਜਾਬ ਤੋਂ ਮੰਗਾ ਲਾ , ਅਸੀ ਰਲ ਮਿਲ ਕੇ ਤਹਾਨੂੰ ਘਰ ਲੈ ਦੇਵਾਂਗੇ, ਤੁਸੀ ਐਸ਼ ਕਰਉ, ਪਰ ਇਹ ਕੰਨ ਹੀ ਨਹੀ ਧਰਦੀ।ਮਾਪਿਆਂ ਦੀ ਆਸ ਤੇ ਬੈਠੀ ਨੇ ਬੁੱਢੀ ਹੋ ਜਾਣਾ।”
“ ਦੀਦੀ, ਤੁਸੀ ਮੇਰੇ ਘਰਦਿਆਂ ਦੇ ਖਿਲਾਫ਼ ਕੋਈ ਗੱਲ ਨਾ ਕਰਿਆ ਕਰੋ, ਕਦੀ ਮਾਪੇ ਵੀ ਕੁਮਾਪੇ ਹੋ ਸਕਦੇ ਆ।”
ਇਕ ਹੋਰ ਕੁੜੀ ਬੋਲੀ,“ ਭੋਲੀਏ ਭੈਣ ਮੇਰੀਏ, ਇਹ ਕੱਲਯੁਗ ਆ, ਮਤਲਵ ਦੀ ਖਾਤਰ ਬਥੇੜੇ ਮਾਪੇ ਕੁਮਾਪੇ ਹੰਦੇ ਦੇਖੇ ਆ।”
“ ਅੱਗੇ ਤਾਂ ਸਹੁਰੇ ਨੂਹਾਂ ਦੇ ਦਾਜ ਦੇ ਲਾਲਚੀ ਸੁਣਦੇ ਸਾਂ, ਹੁਣ ਕਈ ਮਾਪੇ ਧੀਆਂ ਦੀ ਕਮਾਈ ਦੇ ਲਾਲਚੀ ਹੋ ਗਏ।” ਨਿਮੋ ਨੇ ਵੀ ਆਪਣੀ ਸੋਚ ਦੱਸੀ।
ਬਿੰਦੀ ਉਹਨਾਂ ਦੀਆਂ ਗੱਲਾਂ ਅਣਸੁਣੀਆਂ ਕਰਦੀ ਲਗਾਤਾਰ ਕੰਮ ਕਰੀ ਗਈ । ਕਾਫੀ ਚਿਰ ਕੈਨੇਡਾ ਵਿਚ ਰਹਿਣ ਕਰਕੇ ਭਾਂਵੇ ਉਸ ਦੇ ਰਹਿਣ ਸਹਿਣ ਵਿਚ ਕੋਈ ਫਰਕ ਨਹੀ ਸੀ ਆਇਆ, ਪਰ ਵਿਚਾਰਾਂ ਵਿਚ ਥੌੜਾ ਬਹੁਤਾ ਅੰਤਰ ਆ ਹੀ ਗਿਆ ਸੀ।ਇਸ ਲਈ ਉਸ ਨੇ ਇਕ ਵਾਰੀ ਆਪਣੀ ਮਾਂ ਤੋਂ ਸਿਧਾ ਹੀ ਪੁੱਛ ਲਿਆ,“ ਬੀਬੀ, ਤੁਸੀ ਮੇਰੇ ਵਿਆਹ ਬਾਰੇ ਕੁੱਝ ਸੋਚਿਅ ਜਾਂ ਫਿਰ ਮੈਨੂੰ ਆਪ ਹੀ…।”
“ ਨਾ ਨਾ ਪੁੱਤ ਚੰਗੇ ਘਰਾ ਦੀਆਂ ਕੁੜੀਆਂ ਇਸ ਤਰਾਂ ਨਹੀ ਗੱਲਾਂ ਕਰਦੀਆਂ। ਮਾਂ ਨੇ ਪੂਰੀ ਗੱਲ ਸੁਨਣ ਤੋਂ ਪਹਿਲਾਂ ਹੀ ਕਹਿ ਦਿੱਤਾ, “ ਵਿਆਹ ਤਾਂ ਤੇਰਾ ਅਸੀ ਗਜ ਵਜ ਕੇ ਕਰਾਂਗੇ।ਬਸ ਧੀਰਜ਼ ਰੱਖ ਜਰਾ।”
ਧੀਰਜ਼ ਰੱਖਦੀ ਬਿੰਦੀ ਕੰਮ ਤੋਂ ਛੁੱਟੀ ਵੀ ਘੱਟ ਹੀ ਕਰਦੀ। ਸਮੇਂ ਅਤੇ ਥਕਾਵਟ ਨੇ ਉਸ ਚਿਹਰੇ ਤੇ ਪਹਿਲਾਂ ਵਾਲੀ ਗੱਲ ਨਹੀ ਸੀ ਰਹਿਣ ਦਿੱਤੀ। ਉਸ ਦੀਆਂ ਅੱਖਾਂ ਦੁਆਲੇ ਕਾਲੇ ਘੇਰੇ ਹੋਣ ਲੱਗ ਪਏ ਅਤੇ ਮੂੰਹ ਉੱਪਰ ਵੀ ਛਾਈਆਂ ਪੈਣ ਲੱਗ ਪਈਆਂ। ਕਦੀ ਇਹ ਸੋਚ ਉਸ ਤੇ ਭਾਰੂ ਹੋ ਜਾਂਦੀ ਕਿ ਨਾਲ ਕੰਮ ਕਰਦੀਆਂ ਕੁੜੀਆਂ ਦੀਆ ਗੱਲਾਂ ਠੀਕ ਹਨ। ਉਸ ਦੇ ਮਾਪੇ ਉਹ ਦੀ ਕਮਾਈ ਨਾਲ ਲਾਲਚੀ ਬਣ ਚੁੱਕੇ ਹੈ।
ਕੰਮ ਤੇ ਪਹੁੰਚੀ ਬਿੰਦੀ ਨੂੰ ਗਿੰਦਰ ਕਹਿਣ ਲੱਗੀ, “ ਤੈਨੂੰ ਆਖਰੀ ਵਾਰ ਰਿਸ਼ਤੇ ਲਈ ਕਹਿਣ ਲੱਗੀ ਆ, ਮੇਰੀ ਭੂਆ ਦਾ ਮੁੰਡਾ ਰਿਫੂਜ਼ੀ ਆਇਆ ਏ, ਬਹੁਤ ਹੀ ਚੰਗਾ ਆ, ਇਕ ਵਾਰੀ ਨਿਗਹ ਤਾਂ ਮਾਰ ਲੈ”
“ ਅੱਛਾ, ਚੱਲ , ਕਰ ਲੈ ਗੱਲ ਆਪਣੀ ਭੂਆ ਦੇ ਮੁੰਡੇ ਨਾਲ।” ਪਤਾ ਨਹੀ ਬਿੰਦੀ ਦੇ ਮੂੰਹੋ ਕਿਵੇ ਨਿਕਲ ਗਿਆ।ਜਾਂ ਫਿਰ ਉਸ ਦੀ ਢਲਦੀ ਉਮਰ ਆਪ ਹੀ ਬੋਲ ਉੱਠੀ, “ ਐਤਕੀ ਤੂੰ ਬਚੋਲਣ ਬਣ ਹੀ ਜਾ।”
“ਤੂੰ ਬਿਚੋਲਣ ਬਣਾਉਣ ਵਾਲੀ ਤਾਂ ਬਣ।” ਗਿੰਦਰ ਨੇ ਸੋਟੀ ਥਾਂ ਤੇ ਵੱਜੀ ਦੇਖ ਕੇ ਕਿਹਾ, “ਤੂੰ ਦਸ ਕਦੋਂ ਮਿਲਾਵਾ ਆਪਣੇ ਹੀਰੇ ਵਰਗੇ ਭਰਾ ਨਾਲ ?”
“ ਆਉਂਦੇ ‘ਵੀਕਐਂਡ’ ਤੇ ਕਰ ਲਈਏ ਮੁਲਾਕਾਤ।”
“ ਠੀਕ ਆ, ਤੂੰ ਇਕ ਕੁ ਵਜੇ ਸਾਡੇ ਘਰ ਆ ਜਾਵੀ।”
“ ਮੈ ਤੇਰੇ ਘਰ ਨਹੀ ਆਉਣਾ , ਤੂੰ ਉਸ ਨੂੰ ਲੈ ਕੇ ਮੇਰੀ ਬੇਸਮਿੰਟ ਵਿਚ ਇਕ ਵਜੇ ਆ ਜਾਵੀ।”
“ ਕੋਈ ਨਹੀ, ਅਸੀ ਆ ਜਾਵਾਂਗੇ।” ਗਿੰਦਰ ਤਾਂ ਹਰ ਗੱਲ ਖੁਸ਼ੀ ਨਾਲ ਮੰਨ ਰਹੀ ਸੀ ਤਾਂ ਜੋ ਉਸ ਦੀ ਭੂਆ ਦਾ ਪੁੱਤ ਕਿਸੇ ਤਰਾਂ ‘ਫਰੀ’ ਹੋ ਜਾਵੇ।
ਐਤਵਾਰ ਨੂੰ ਗਿੰਦਰ ਮੁੰਡੇ ਨੂੰ ਨਾਲ ਲੈ ਕੇ ਬਿੰਦੀ ਦੀ ਬੇਸਮਿੰਟ ਤੇ ਜਾ ਪੁੱਜੀ।
ਬਿੰਦੀ ਦੇ ਨਾਲ ਰਹਿੰਦੀ ਕੁੜੀ ਨੇ ਹੀ ਦਰਵਾਜ਼ਾ ਖੋਲ੍ਹਿਆ। ਬਿੰਦੀ ਸੰਗਦੀ ਜਿਹੀ ਕਮਰੇ ਤੋਂ ਬਾਹਰ ਆਈ। ਮੁੰਡਾ ਉਸ ਨੂੰ ਬਣਦਾ – ਤਣਦਾ ਲੱਗਿਆ। ਸਮੋਸੇ ਅਤੇ ਬਰਫੀ ਦੀਆਂ ਪਲੇਟਾਂ ਮੇਜ਼ ਉੱਪਰ ਰੱਖ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਕੁਰਸੀ ਤੇ ਬੈਠ ਗਈ। ਗਿੰਦਰ ਨੇ ਗੱਲ ਤੋਰੀ, “ਭਾਈ, ਹੁਣ ਮੈ ਤਹਾਨੂੰ ਆਮਣੇ- ਸਾਹਮਣੇ ਕਰ ਦਿੱਤਾ ਹੈ, ਤੁਸੀ ਆਪ ਹੀ ਇਕ ਦੂਜੇ ਦੀ ਪੱਛ- ਪੜਤਾਲ ਕਰ ਲਵੋ।”
“ ਤੁਸੀ ਕਿਹੜੇ ਕਾਲਜ਼ ਪੜੇ ਹੋ”? ਮੁੰਡੇ ਨੇ ਸਵਾਲ ਕੀਤਾ।
“ ਮੈ ਤਾਂ ਦਸਵੀ ਤੱਕ ਹੀ ਪੜ੍ਹੀ ਹਾਂ।”
ਇਸ ਤਰਾਂ ਹੋਰ ਦੋ ਚਾਰ ਰਸਮੀ ਗੱਲਾਂ ਕਰਨ ਤੋਂ ਬਾਅਦ ਪਤਾ ਲੱਗਾ ਕਿ ਮੁੰਡਾ ਤਿੰਨ ਸਾਲ ਬਿੰਦੀ ਤੋਂ ਛੋਟਾ ਹੈ। ਚਾਅ ਪਾਣੀ ਪੀਣ ਤੋ ਬਾਅਦ ਝੂੱਠੇ ਭਾਂਡੇ ਚੁੱਕ ਕੇ ਬਿੰਦੀ ਕਿਚਨ ਵਿਚ ਚਲੀ ਗਈ। ਉਸ ਦੇ ਜਾਣ ਤੋਂ ਬਾਅਦ ਮੁੰਡੇ ਨੇ ਹੌਲੀ ਜਿਹੀ ਗਿੰਦਰ ਨੂੰ ਕਿਹਾ,“ ਭੈਣ, ਕੁੜੀ ਤਾਂ ਠੀਕ ਹੀ ਆ, ਜਿੰਨੀ ਉਮਰ ਤੂੰ ਦੱਸਦੀ ਹੈ ਉਸ ਤੋਂ ਵੀ ਉਹ ਕਾਫੀ ਵੱਡੀ ਲੱਗਦੀ ਹੈ।”
“ ਤੂੰ ਉਮਰ ਦੇਖਣੀ ਹੈ, ਜਾਂ ਕੈਨਡਾ ਵਿਚ ਪੱਕਾ ਹੋਣਾ ਆ।”
“ ਇਹ ਵੀ ਠੀਕ ਆ, ਫਿਰ ਤੂੰ ਕਰਦੇ ਹਾਂ। ਬਾਕੀ ਬਾਅਦ ਵਿਚ ਦੇਖੀ ਜਾਊਗੀ।”
ਬਿੰਦੀ ਨੂੰ ਗਿੰਦਰ ਨੇ ਦੱਸਿਆ, “ ਕੁੱਕੂ ਕਹਿੰਦਾ ਹੈ ਕਿ ਉਸ ਲਈ ਤਾਂ ਸਭ ਠੀਕ ਹੈ, ਹੁਣ ਤੂੰ ਦੱਸ।”
“ ਮੈਨੂੰ ਇਕ ਵਾਰੀ ਇੰਡੀਆ ਨੂੰ ਫੋਨ ਕਰਨਾ ਪੈਣਾ ਆ।”
“ ਹਾਂ ਭਾਈ, ਤੂੰ ਆਪਣੇ ਮਾਪਿਆ ਨੂੰ ਫੋਨ ਕਰ ਦੇਵੀ, ਉਹ ਭੂਆ ਦੇ ਪਿੰਡ ਜਾ ਕੇ ਆਪਣੀ ਤਸੱਲੀ ਕਰ ਲੈਣ।”
“ ਤੱਸਲੀ ਦੀ ਤਾਂ ਕੋਈ ਗੱਲ ਨਹੀ, ਮੇਰਾ ਮਤਲਵ ਪਈ ਇਕ ਵਾਰੀ…।”
“ ਮੈ ਸਮਝ ਗਈ ਤੇਰੀ ਗੱਲ।” ਗਿੰਦਰ ਨੇ ਵਿਚੋਂ ਹੀ ਟੋਕਦੇ ਕਿਹਾ, “ ਇਦਾ ਦੇ ਕੰਮਾ ਵਿਚ, ਮਾਪਿਆਂ ਦੀ ਸਲਾਹ ਵੀ ਲੈਣੀ ਹੀ ਚਾਹੀਦੀ ਆ।”
“ਵੈਸੇ ਅਗਲੇ ਮਹੀਨੇ ਮੈ ਵੀ ਪੰਜਾਬ ਨੂੰ ਜਾ ਰਹੀ ਹਾਂ।” ਬਿੰਦੀ ਦੇ ਨਾਲ ਰਹਿੰਦੀ ਬੇਸਮਿੰਟ ਵਾਲੀ ਕੁੜੀ ਨੇ ਕਿਹਾ, “ ਮੈ ਤੁਹਾਡੇ ਪਿੰਡ ਜਾ ਕੇ ਸਾਰੀ ਗੱਲ ਦਸ ਦੇਵਾਂਗੀ।
“ ਜਿਵੇ ਤਹਾਨੂੰ ਚੰਗਾ ਲੱਗੇ ਉਸ ਤਰਾਂ ਕਰ ਲੈਣਾ।” ਜਿੰਦਰ ਨੇ ਕਿਹਾ, “ ਫਿਰ ਸਾਨੁੰ ਛੇਤੀ ਦੱਸ ਦਿਉ।”
ਛੇਤੀ ਹੀ ਗਿੰਦਰ ਕੁੱਕੂ ਨੂੰ ਲੈ ਕੇ ਚਲੀ ਗਈ। ਬਿੰਦੀ ਨੂੰ ਦੇਖਣ ਤੋਂ ਮੁੰਡਾ ਚੰਗਾ ਲੱਗਾ ਸੀ। ਪਰ ਵਿਚੋਂ ਉਸ ਦਾ ਮਨ ਡਰਦਾ ਵੀ ਸੀ ਕੌਈ ਧੋਖਾ ਹੀ ਨਾ ਹੋ ਜਾਵੇ। ਗਿੰਦਰ ਨੇ ਉਸ ਨੂੰ ਕਿਹਾ ਸੀ ਕਿ ਅਜੇ ਕੰਮ ਤੇ ਰਿਸ਼ਤੇ ਬਾਰੇ ਗੱਲ ਨਾ ਕਰੇ। ਭਾਂਵੇ ਗਿੰਦਰ ਦੇ ਮਨਾ ਕੀਤਾ ਸੀ। ਫਿਰ ਵੀ ਬਿੰਦੀ ਨੇ ਸੀਤੋ ਨੂੰ ਸਭ ਦਸ ਦਿੱਤਾ ਅਤੇ ਨਾਲ ਹੀ ਆਪਣਾ ਸ਼ੱਕ ਵੀ ਜਾਹਰ ਕੀਤਾ, “ ਸੀਤੋ, ਮੁੰਡਾ ਦੇਖਣ ਨੂੰ ਤਾਂ ਚੰਗਾ ਲੱਗਾ ਹੋਰ ਨਾ ਪੱਕਾ ਹੋ ਕੇ ਮੈਨੂੰ ਧੋਖਾ ਦੇ ਜਾਵੇ।
“ ਇਸ ਬਾਰੇ ਤਾਂ ਕੋਈ ਵੀ ਕੁਛ ਨਹੀ ਕਹਿ ਸਕਦਾ।” ਸੀਤੋ ਨੇ ਜ਼ਵਾਬ ਦਿੱਤਾ, “ ਪੰਜਾਬ ਤੋਂ ਕਿੰਨੇ ਮੁੰਡੇ ਕੁੜੀਆਂ ਇਧਰ ਅਉਣ ਦੀ ਖਾਤਰ ਖੁਸ਼ੀ ਖੁਸ਼ੀ ਵਿਆਹ ਕਰ ਲੈਣ ਗੇ। ਤੈਨੂੰ ਪਤਾ ਹੀ ਹੈ ਕਈ ਫਿਰ ਇੱਧਰ ਆ ਕੇ ਕੀ ਕਰਦੇ ਨੇ?”
“ ਇੱਧਰ ਆ ਕੇ ਫਿਰ ਉਹ ਸ਼ਕਲਾਂ, ਉਮਰਾਂ ਤੇ ਰੰਗ ਰੂਪ ਨੂੰ ਘੋਖਣ ਲੱਗ ਪੈਣਗੇ” ਬਿੰਦੀ ਨੇ ਨਾਲ ਹੀ ਬਰੈਡ ਵਾਲੇ ਰੈਕ ਨੂੰ ਏਡੀ ਜੋਰ ਦੀ ਧੱਕ ਕੇ ਪਰੇ ਕੀਤਾ ਜਿਵੇ ਧੋਖਾ ਦੇਣ ਵਾਲਿਆਂ ਦਾ ਗੁੱਸਾ ਰੈਕ ਤੇ ਲਾਇਆ ਹੋਵੇ।
“ ਤੈਨੂੰ ਆਪਣਾ ਘਰ ਵਸਾਉਣ ਲਈ ਰਿਸਕ ਤਾਂ ਲੈਣਾ ਹੀ ਪੈਣਾ ਹੈ।” ਸੀਤੋ ਨੇ ਬਰੈਡਾ ਵਾਲੇ ਉਵਨ ਦਾ ਬਟਨ ਦਵਾਉਂਦੀ ਨੇ ਕਿਹਾ, “ ਵੈਸੇ ਅੱਜ ਕੱਲ ਦੇ ਬਹੁਤੇ ਵਿਆਹਾਂ ਵਿਚ ਹੀ ਰਿਸਕ ਹੁੰਦਾ ਹੈ, ਤੇਰੀ ਤਾਂ ਉਮਰ ਹੀ…।” ਬਾਕੀ ਗੱਲ ਸੀਤੋ ਨੇ ਮੂੰਹ ਵਿਚ ਹੀ ਰੱਖ ਲਈ ਜਿਵੇ ਉਸ ਨੂੰ ਡਰ ਹੋਵੇ ਜ਼ਿਆਦਾ ਉਮਰ ਕਹਿਣ ਤੇ ਬਿੰਦੀ ਗੁੱਸਾ ਹੀ ਨਾ ਕਰ ਲਵੇ।
ਗੱਲ ਪਲਟਾਉਣ ਲਈ ਉਸ ਨੇ ਫਿਰ ਕਿਹਾ, “ ਚੱਲ ਤੂੰ ਕਿਸੇ ਵੀ ਗੱਲ ਦੀ ਵਰੀ (ਫਿਕਰ) ਨਾ ਕਰ । ਆਪਣੇ ਪਿੰਡ ਫੋਨ ਕਰਕੇ ਘਰਦਿਆਂ ਦੀ ਸਲਾਹ ਜ਼ਰੂਰ ਲੈ ਲਈ।”
“ ਐਤਕੀ ਤਾਂ ਭਾਂਵੇ ਉਹ ਨਾ ਵੀ ਕਰਨ, ਪਰ ਮੈ ਹਾਂ ਹੀ ਕਰ ਦੇਣੀ ਹੈ।” ਬਿੰਦੀ ਨੇ ਆਪਣੇ ਮਨ ਵਿਚ ਹੀ ਕਿਹਾ, “ ਬਥੇਰੀ ਵਾਰੀ ਉਹਨਾ ਨੂੰ ਪੁੱਛਿਆ ਹੋਰ ਕੀਨੀ ਕੁ ਢੀਠ ਬਣੀ ਜਾਂਵਾ।”
ਉਹ ਹੀ ਗੱਲ ਹੋਈ ਜਦੋਂ ਬਿੰਦੀ ਨੇ ਫੋਨ ਕੀਤਾ ਤਾਂ ਘਰਦਿਆਂ ਦਾ ਜ਼ਵਾਬ ਸੀ, “ ਅਸੀ ਤਾਂ ਸ਼ਹਿਰ ਕੋਠੀ ਬਣਾਉਣੀ ਸ਼ੁਰੂ ਕੀਤੀ ਹੋਈ ਹੈ। ਸਾਡਾ ਖਿਆਲ ਸੀ ਕਿ ਕੋਠੀ ਪੂਰੀ ਹੋਣ ਤੋਂ ਬਾਅਦ ਅਸੀ ਤੇਰੇ ਲਈ ਵਧੀਆਂ ਰਿਸ਼ਤਾ ਲੱਭ ਕੇ ਨਵੀ ਕੋਠੀ ਵਿਚ ਤੇਰਾ ਵਿਆਹ ਕਰਾਂਗੇ।”
ਇਹ ਗੱਲ ਸੁਣ ਕੇ ਬਿੰਦੀ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਹੌਲੀ ਜਿਹੀ ਸਿਰਫ ਇਹ ਹੀ ਕਿਹਾ,“ ਕੋਈ ਨਹੀ ਤੁਸੀ ਆਪਣੀ ਕੋਠੀ ਪੂਰੀ ਕਰ ਲਉ, ਬਾਕੀ ਗੱਲ ਮੈ ਫਿਰ ਕਿਤੇ ਕਰ ਲਵਾਂਗੀ।” ਨਾਲ ਹੀ ਉਸ ਨੇ ਫੋਨ ਰੱਖ ਦਿੱਤਾ।ਬਿੰਦੀ ਨੇ ਆਪਣੇ ਕੋਲੋ ਗੱਲ ਬਣਾ ਕੇ ਗਿੰਦਰ ਨੂੰ ਫੋਨ ਕਰ ਦਿੱਤਾ ਕਿ ਘਰਦਿਆਂ ਨਾਲ ਗੱਲ ਹੋ ਗਈ ਹੈ , ਉਹਨਾ ਕਿਹਾ ਹੈ ਕਿ ਜਿਵੇ ਤੇਰੀ ਮਰਜ਼ੀ ਤੂੰ ਉਸ ਤਰਾਂ ਹੀ ਕਰ।
ਅੰਨਾ ਕੀ ਭਾਲੇ ਦੋ ਅੱਖਾਂ, ਗਿੰਦਰ ਨੇ ਮਹੀਨੇ ਦੇ ਅੰਦਰ ਹੀ, ਨੱਠ- ਭੱਜ ਕਰਕੇ ਦੋ ਚਾਰ ਬੰਦੇ ਗੁਰਦੁਆਰੇ ਸੱਦ ਕੇ ਬਿੰਦੀ ਦਾ ਅਤੇ ਕੂੱਕੂ ਦਾ ਵਿਆਹ ਕਰਵਾ ਦਿੱਤਾ।ਥੌੜਾ ਚਿਰ ਤਾਂ ਵਿਆਹ ਬਹੁਤ ਵਧੀਆ ਚਲਿਆ। ਪਰ ਜਿਉਂ ਹੀ ਕੁੱਕੂ ਪੱਕਾ ਹੋਇਆ ਤਿਉਂ ਉਸ ਨੂੰ ਕੈਨੇਡਾ ਲੱਗਣ ਲੱਗ ਪਿਆ। ਬਿੰਦੀ ਭਾਵੇ ਉਸ ਤੋਂ ਤਿੰਨ ਸਾਲ ਵੱਡੀ ਸੀ, ਪਰ ਉਸ ਨੂੰ ਦੱਸ ਸਾਲ ਵੱਡੀ ਲੱਗਣ ਲੱਗੀ। ਬਿੰਦੀ ਬਾਹਰ ਕੰਮ ਕਰਕੇ ਆ ਕੇ ਘਰ ਦਾ ਵੀ ਸਾਰਾ ਕੰਮ ਕਰੇ। ਕੁੱਕੂ ਪਾਣੀ ਦਾ ਗਿਲਾਸ ਵੀ ਆਪ ਨਾ ਭਰੇ। ਪਰ ਬਿੰਦੀ ਨੇ ਫਿਰ ਵੀ ਆਪਣਾ ਘਰ ਬਣਾਈ ਰੱਖਣ ਲਈ ਪੂਰਾ ਜਤਨ ਕੀਤਾ। ਕੁੱਕੂ ਨੇ ਵਿਚੋ ਵਿਚ ਇਰਾਦਾ ਕਰ ਲਿਆ ਸੀ ਕਿ ਬਿੰਦੀ ਨੂੰ ਤਲਾਕ ਦੇ ਕੇ ਪੰਜਾਬ ਤੋਂ ਹਲਕੀ ਜਿਹੀ ਸਹੁਣੀ ਸੁੱਨਖੀ ਕੁੜੀ ਲੈ ਕੇ ਆਵੇਗਾ।ਬਿੰਦੀ ਨੇ ਗਿੰਦਰ ਕੋਲ ਵੀ ਸ਼ਕਾਇਤ ਕੀਤੀ ਕੀ ਕੁੱਕੂ ਉਸ ਨੂੰ ਬਿਨਾ ਵਜਹ ਤੰਗ ਕਰਦਾ ਰਹਿੰਦਾ ਹੈ। ਗਿੰਦਰ ਨੇ ਦੋ ਚਾਰ ਵਾਰੀ ਗੱਲ ਕੁੱਕੂ ਨਾਲ ਕੀਤੀ ਵੀ, ਪਰ ਉਸ ਤੇ ਕੋਈ ਅਸਰ ਨਾ ਹੋਇਆ। ਅਗਲੀ ਵਾਰ ਬਿੰਦੀ ਨੇ ਫੋਨ ਕੀਤਾ ਤਾਂ ਉਸ ਨੇ ਸਾਫ ਜ਼ਵਾਬ ਦੇ ਦਿੱਤਾ, “ ਭਾਈ , ਮੈ ਹੁਣ ਕੀ ਕਰ ਸਕਦੀ ਹਾਂ। ਇਹ ਤਾ ਕੁੱਕੂ ਦੀ ਮਰਜ਼ੀ ਹੈ ਕਿ ਉਸ ਨੇ ਕੀ ਕਰਨਾ ਆ।” ਇਹ ਸੁਣ ਕੇ ਬਿੰਦੀ ਨੂੰ ਗੁੱਸਾ ਚੜ੍ਹ ਗਿਆ। ਭਰੀ-ਪੀਤੀ ਗਿੰਦਰ ਨੂੰ ਕਹਿਣ ਲੱਗੀ, “ ਜਦੋਂ ਭਰਾ ਨੂੰ ਪੱਕਾ ਕਰਵਾਉਣਾ ਸੀ ੳਦੋਂ ਕਿਹਦੀ ਮਰਜ਼ੀ ਚੱਲੀ ਸੀ।”
“ ਸ਼ੁੱਕਰ ਕਰ, ਤੇਰਾ ਸੰਜੋਗ ਤਾਂ ਮੈ ਬਣਾਤਾ , ਨਹੀ ਤਾ ਹੋਰ ਤੈਨੂੰ ਅੱਧ-ਬੁੱਢ ਨੂੰ ਕੋਣ ਲੈਣ ਲੱਗਾ ਸੀ।”
“ ਹੁਣ ਤੈਨੂੰ ਅੱਧ-ਬੁੱਢ ਦਿਸਦੀ ਹਾਂ, ਜਦੋਂ ਮੇਰੇ ਮਗਰ ਮਗਰ ਰਿਸ਼ਤੇ ਲਈ ਫਿਰਦੀ ਸੀ, ਚੇਤਾ ਭੁੱਲ ਗਈ।”
“ ਤੂੰ ਹੈ ਜਿਉਂ ਹੂਰ-ਪਰੀ , ਤੇਰੇ ਮਗਰ ਫਿਰਦੀ ਸਾਂ, ਮੂੰਹ ਨਾ ਮੱਥਾ, ਜਿਨ ਪਹਾੜੋਂ ਲੱਥਾ।”
ਕਾਫੀ ਦੇਰ ਇਕ ਦੂਜੇ ਨਾਲ ਮਿਹਣੋ-ਮਿਹਣੀ ਹੁੰਦੀਆ ਰਹੀਆਂ। ਪਰ ਗੱਲ ਕਿਸੇ ਜ਼ਤਨ ਨਾਲ ਵੀ ਸਿਰੇ ਨਾ ਚੜ੍ਹੀ ਸਗੋਂ ਵਿਗੜ ਗਈ। ਕੁੱਕੂ ਛੇਤੀ ਹੀ ਬਿੰਦੀ ਵਾਲੀ ਬੇਸਮਿੰਟ ਛੱਡ ਕੇ ਕਿਤੇ ਹੋਰ ਚਲਾ ਗਿਆ। ਬਿੰਦੀ ਨੂੰ ਕੁਝ ਪਤਾ ਨਾ ਲੱਗੇ ਕਿ ਉਹ ਆਪਣੀ ਮੱਦਦ ਲਈ ਕਿਸ ਨੂੰ ਅਵਾਜ਼ ਮਾਰੇ। ਕੰਮ ਤੇ ਜਾਣ ਨੂੰ ਵੀ ਉਸ ਦਾ ਦਿਲ ਨਾ ਕਰੇ ਕਿ ਕਿਹੜਾ ਮੂੰਹ ਲੈ ਕੇ ਜਾਏ। ਉਸ ਨੇ ਕੰਮ ਤੇ ਫੋਨ ਕਰਕੇ ਦੱਸਿਆ ਕਿ ਉਹ ਬਿਮਾਰ ਹੈ ਇਕ ਵੀਕ ਕੰਮ ਤੇ ਨਹੀ ਆ ਸਕਦੀ।ਗਿੰਦਰ ਨੂੰ ਉਸ ਦੇ ਖਿਲਾਫ਼ ਪ੍ਰਚਾਰ ਕਰਨ ਦਾ ਮੌਕਾ ਮਿਲ ਗਿਆ। ਕਦੀ ਸੋਚਦੀ ਮਾਸੀ ਦਾ ਦੱਸਿਆ ਰਿਸ਼ਤਾ ਕਰ ਲੈਂਦੀ ਤਾਂ ਸ਼ਾਇਦ ਦੁੱਖ ਨਾ ਪਾਉਂਦੀ। ਮਾਸੀ ਵੀ ਉਸ ਨਾਲ ਇਸ ਕਰਕੇ ਹੀ ਗੁੱਸੇ ਹੋਈ ਸੀ। ਮਾਪਿਆ ਨਾਲ ਉਸ ਦੀ ੳਦੋਂ ਦੀ ਟੁਟ ਗਈ ਸੀ। ਜਦੋਂ ਉਸ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਸ ਨੇ ਵਿਆਹ ਕਰਵਾ ਲਿਆ ਹੈ ਤਾ ਪਿਉ ਨੇ ਉਸ ਵੇਲੇ ਗੁੱਸੇ ਵਿਚ ਕਹਿ ਦਿੱਤਾ ਸੀ, “ ਅੱਜ ਤੋਂ ਤੂੰ ਸਾਡੇ ਲਈ ਮਰ ਗਈ ਅਤੇ ਅਸੀ ਤੇਰੇ ਲਈ।”
ਅਜਿਹਾ ਸਭ ਕੁਝ ਸੋਚਦੀ ਤਾਂ ਰਾਤ ਰੋਂਦੀ ਦੀ ਨਿਕਲ ਜਾਂਦੀ। ਇਹਨਾ ਸੋਚਾਂ ਵਿਚ ਏਨੀ ਘਿਰ ਗਈ ਕਿ ਚਾਰ- ਪੰਜ ਦਿਨ ਘਰੋਂ ਬਾਹਰ ਨਾ ਨਿਕਲੀ।
ਸਾਹਮਣੇ ਘਰ ਵਾਲੀ ਬੇਸਮਿੰਟ ਵਿਚ ਫਿਜੀ ਤੋਂ ਆਈ ਕੁੱਸ਼ਲਿਆ ਆਂਟੀ ਬਿੰਦੀ ਨੂੰ ਜਾਂਦੀ ਆਉਂਦੀ ਦੇਖਦੀ ਰਹਿੰਦੀ ਸੀ।ਬਹੁਤ ਵਾਰੀ ਇਕ ਦੂਜੀ ਨੂੰ ਹਾਏ-ਬਾਏ ਵੀ ਕਰਦੀਆਂ ਸਨ। ਅੱਜ ਪੰਜਵੇ ਦਿਨ ਵੀ ਉਸ ਨੂੰ ਬਿੰਦੀ ਨਾ ਦਿਸੀ ਤਾਂ ਉਸ ਨੇ ਆ ਬੇਸਮਿੰਟ ਦਾ ਦਰਵਾਜ਼ਾ ਖੜਕਾਇਆ। ਬਿੰਦੀ ਸੋਫੇ ਤੋਂ ਉੱਠ ਕੇ ਮਸੀ ਦਰਵਾਜੇ ਤਕ ਗਈ। ਕੁੱਸ਼ਲਿਆ ਆਂਟੀ ਨੂੰ ਦੇਖ ਕੇ ਉਸ ਨੂੰ ਪਤਾ ਨਹੀ ਕੀ ਹੋਇਆ। ਉਹ ਆਂਟੀ ਦੇ ਮੋਢੇ ਨਾਲ ਲੱਗ ਕੇ ਉੱਚੀ ਉੱਚੀ ਰੌਣ ਲੱਗੀ।
“ ਬਾਤ ਤੋ ਬਤਾ ਕਿਆ ਹੂਆ।” ਆਂਟੀ ਉਸ ਦੀ ਪਿੱਠ ਪਲੋਸਦੀ ਬੋਲੀ, “ ਏਕ ਤੋ ਯੇਹ ਕਟੰਰੀ ਵੀ ਐਸਾ ਹੈ ਕਿਸੀ ਕੇ ਪਾਸ ਦੂਸਰੇ ਕੀ ਬਾਤ ਪੂਛਨੇ ਕਾ ਸਮਾਂ ਹੀ ਨਹੀ ਹੋਤਾ।। ਰੋ ਮਤ, ਮੁੱਝੇ ਬਾਤ ਬਤਾ।”
ਬਿੰਦੀ ਫਿਰ ਵੀ ਰੋਂਦੀ ਰਹੀ ।
“ ਜਹਾਂ ਤੋ ਕਿਸੀ ਕੇ ਗਰ ਕਿਆ ਹੋ ਰਿਹਾ ਹੈ, ਪਡੋਸ ਤੱਕ ਖਬਰ ਨਹੀ ਹੋਤੀ, “ ਆਂਟੀ ਫਿਰ ਆਪ ਹੀ ਬੋਲੀ, “ ਜਬ ਪੁਲੀਸ ਕਾ ਗਾਡੀ ਸ਼ੋਰ ਮਚਾਤਾ ਆਤਾ ਹੈ ਤਬ ਹੀ ਪਤਾ ਚਲਤਾ ਹੈ।”
ਜਦੋਂ ਬਿੰਦੀ ਦਾ ਰੋਣਾ ਥੱਮਿਆ ਤਾਂ ਉਸ ਨੇ ਆਪਣੀ ਦੁੱਖ ਭਰੀ ਕਹਾਣੀ ਆਂਟੀ ਨੂੰ ਦੱਸੀ। ਆਂਟੀ ਨੇ ਉਸ ਨੂੰ ਆਪਣੇ ਗੱਲ ਨਾਲ ਲਾ ਲਿਆ। ਉਸ ਵੇਲੇ ਬਿੰਦੀ ਨੂੰ ਆਂਟੀ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਜਾਪੀ।
ਹੌਲੀ ਹੌਲੀ ਦੋਨੋ ਆਪਸ ਵਿਚ ਏਨੀਆਂ ਹੇਲ- ਮੇਲ ਹੋ ਗਈਆਂ ਕਿ ਮਾਂ ਧੀ ਦੀ ਤਰਾਂ ਰਹਿਣ ਲੱਗੀਆਂ। ਦੋਵਾਂ ਨੇ ਸਲਾਹ ਕਰਕੇ ਇਕ ਸਾਝੀ ਬੇਸਮਿੰਟ ਲੈ ਲਈ। ਬਿੰਦੀ ਦਾ ਬੇਕਰੀ ਵਿਚ ਕੰਮ ਕਰਨ ਨੂੰ ਦਿਲ ਨਾ ਕੀਤਾ। ਆਂਟੀ ਨੇ ਆਪਣੇ ਨਾਲ ਹੀ ਉਸ ਨੂੰ ਕੰਮ ਤੇ ਰਖਾ ਲਿਆ।ਕਲਾਸਾਂ ਲਗਾ ਕੇ ਸਿੱਖੀ ਇੰਗਲਸ਼ ਨੇ ਬਿੰਦੀ ਨੂੰ ਇਸ ਕੰਮ ਉੱਪਰ ਬਹੁਤ ਫਾਈਦਾ ਦਿੱਤਾ। ਕੰਮ ਦੇ ਉੱਪਰ ਗੋਰੇ ਗੋਰੀਆਂ ਹੀ ਕੰਮ ਕਰਦੇ ਹੋਣ ਕਾਰਨ ਬਿੰਦੀ ਖੁੱਲਾ ਖੁਲਾ ਮਹੌਲ ਮਹਿਸੂਸ ਕਰਦੀ। ਜੋਹਨ ਨਾਲ ਤਾਂ ਉਹ ਜ਼ਿਆਦਾ ਹੀ ਘੁਲਮਿਲ ਗਈ । ਕੰਮ ਤੋਂ ਕਈ ਵਾਰੀ ਉਹਨਾ ਨੂੰ ਰਾਈਡ ਵੀ ਦਿੰਦਾ।
ਬਿੰਦੀ ਜਦੋ ਕਦੀ ਕਿਸੇ ਪਾਰਟੀ ਵਿਚ ਜਾਂਦੀ ਤਾਂ ਉਸ ਨੂੰ ਲੱਗਦਾ ਜਿਵੇ ਲੋਕੀ ਉਸ ਵੱਲ ਉਂਗਲਾ ਕਰ ਕਰ ਗੱਲਾਂ ਕਰ ਰਹੇ ਹੋਣ।ਕਈ ਪੰਜਾਬੀ ਮਰਦ ਉਸ ਨੂੰ ਇੰਜ ਦੇਖਦੇ ਜਿਵੇ ਉਸ ਦੀ ਕੋਈ ਇੱਜ਼ਤ ਹੀ ਨਾ ਹੋਵੇ।
ਉਹ ਸਾਰੀਆਂ ਗੱਲਾਂ ਜਹੋਨ ਨੂੰ ਜ਼ਰੂਰ ਦੱਸਦੀ। ਜਹੋਨ ਉਸ ਨੂੰ ਪੂਰੀ ਇੱਜ਼ਤ ਦਿੰਦਾ। ਬਿੰਦੀ ਵੀ ਆਪਣਾ ਜ਼ਿਆਦਾ ਸਮਾ ਜਹੋਨ ਨਾਲ ਹੀ ਬਿਤਾਉਣ ਲੱਗੀ।
ਕੁੱਸ਼ਲਿਆ ਆਟੀ ਇਹ ਸਭ ਦੇਖ ਕੇ ਖੁਸ਼ ਹੁੰਦੀ। ਪਰ ਬਿੰਦੀ ਫਿਰ ਵੀ ਸਮਾਜ਼ ਤੋਂ ਡਰਦੀ ਆਂਟੀ ਨਾਲ ਗੱਲ ਕਰਦੀ, “ ਆਟੀ, ਗੋਰੇ ਕੇ ਸਾਥ ਮੁਝੇ ਦੇਖ ਕਰ, ਅਬ ਤੋ ਆਪਣੇ ਲੋਕ ਮੈਨੂੰ ਬਿਲਕੁਲ ਵੀ ਪਸੰਦ ਨਹੀ ਕਰਦੇ ਹੋਣਗੇ।”
“ ਆਪਣੇ ਲੋਗੋ ਨੇ ਤੁਝੇ ਕਿਆ ਦੀਆ।” ਆਂਟੀ ਬੋਲਦੀ , “ ਜਬ ਤੁੰ ਦੁਖ ਮੇ ਥੀ ਤਾਂ ਕਿਸੀ ਨੇ ਤੇਰਾ ਬਾਤ ਪੂਛਾ? ਅਬ ਤੂੰ ਆਪਣੇ ਲੋਗੋ ਕੇ ਬਾਰੇ ਮੇ ਕਿਉਂ ਸੋਚਤੀ ਹੂੰ। ਜੋਹਨ ਗੋਰਾ ਹੈ ਪਰ ਤੇਰਾ ਕਿਤਨਾ ਖਿਆਲ ਕਰਤਾ ਹੈ। ”
“ ਆਂਟੀ, ਜੇ ਤੋ ਮੈ ਵੀ ਸੋਚਦੀ ਹੂੰ।”
“ ਜੋਹਨ ਬਹੁਤ ਦੇਰ ਸੇ ਮੇਰੇ ਸਾਥ ਕਾਮ ਕਰ ਰਿਹਾ ਹੈ।ਅੱਛਾ ਹੈ, ਇਸ ਕੀ ਬੀਵੀ ਇਸ ਕੋ ਛੋਡ ਕਰ ਕਿਸੀ ਕੇ ਸਾਥ ਭਾਗ ਗਈ।”
“ ਹਾਂ ਬਤਾਇਆ ਥਾ ਉਸ ਨੇ।”
ਕੁੱਕੂ ਨੇ ਪਹਿਲਾ ਜਦੋਂ ਬਿੰਦੀ ਨੂੰ ਤਲਾਕ ਦੇ ਪੇਪਰ ਭੇਜੇ ਸਨ ਤਾਂ ਬਿੰਦੀ ਨੇ ਦਸਖਤ ਨਹੀ ਸਨ ਕੀਤੇ । ਹੁਣ ਬਿੰਦੀ ਨੇ ਆਪ ਦਸਖਤ ਕਰਕੇ ਪੇਪਰ ਕੁੱਕੂ ਨੂੰ ਭੇਜ ਦਿੱਤੇ।
ਅੱਜ ਬਿੰਦੀ ਦਾ ਜਨਮਦਿਨ ਸੀ। ਜਹੋਨ ਨੂੰ ਪਤਾ ਨਹੀ ਕਿਵੇ ਪਤਾ ਲੱਗਾ। ਉਹ ਬਿੰਦੀ ਲਈ ਫੁਲਾ ਦਾ ਗੁਲਦਸਤਾ ਲੈ ਕੇ ਆਇਆ। ਉਸ ਨੇ ਜਦੋ ਬਿੰਦੀ ਨੂੰ ‘ ਹੈਪੀ ਬਰਥਡੇ ਟੂ ਜੂ’ ਕਿਹਾ ਤਾਂ ਬਿੰਦੀ ਦੀ ਅੱਖਾ ਵਿਚ ਖੁਸ਼ੀ ਦੇ ਹੁੰਝੂ ਆ ਗਏ। ਜਿੰਦਗੀ ਵਿਚ ਪਹਿਲੀ ਵਾਰੀ ਕੋਈ ਉਸ ਦਾ ਜਨਮਦਿਨ ਮਨਾ ਰਿਹਾ ਸੀ। ਆਂਟੀ ਤੋਂ ਪੁੱਛ ਕੇ ਜਹੋਨ ਬਾਹਰ ਉਸ ਨੂੰ ਖਾਣੇ ਤੇ ਵੀ ਲੈ ਕੇ ਗਿਆ।
ਬਿੰਦੀ ਜਦੋ ਮੁੜ ਕੇ ਆਈ ਤਾਂ ਆਂਟੀ ਨੇ ਉਸ ਨੂੰ ਸਿੱਧਾ ਕਹਿ ਦਿੱਤਾ, “ ਜਹੋਨ ਕੇ ਸਾਥ ਸ਼ਾਦੀ ਰਚਾ ਲਉ।”
“ ਆਂਟੀ ਕਿਆ ਹੋ ਗਿਆ ਆਪ ਕੋ।”
“ ਮੈ ਠੀਕ ਕਹਿਤੀ ਹੂੰ, ਅਬ ਤੁਝੇ ਆਪਣਾ ਤਾਂ ਕੋਈ ਸ਼ਾਦੀ ਕਰੇਗਾ ਨਹੀ”
“ ਜਹੋਨ ਕਰੇਗਾ” ਹੱਸਦੀ ਹੋਈ ਬਿੰਦੀ ਨੇ ਕਿਹਾ।
“ ਇਸ ਕੇ ਬਾਰੇ ਮੈ ਉਸ ਸੇ ਬਾਤ ਕਰ ਰੱਖਾ ਹੈ।”
“ ਉਹ ਮੇਰੇ ਨਾਲ ਕਿਉਂ ਵਿਆਹ ਕਰੇਗਾ।”
“ ਉਹ ਬੋਲਦਾ ਇੰਡੀਅਨ ਬੀਵੀ ਖਾਣਾ ਬਹੁਤ ਅੱਛਾ ਬਣਾਤਾ ਹੈ। ਕਿਚਨ ਕਾ ਸਭ ਕਾਮ ਇਕੱਲੇ ਹੀ ਕਰ ਲੈਤਾ। ਪਤੀ ਕੀ ਇੱਜ਼ਤ ਵੀ ਬਹੁਤ ਕਰਤਾ ਹੈ।”
ਆਂਟੀ ਦੇ ਦਿੱਤੇ ਦੋ ਤਿੰਨ ਕਾਰਣ ਸੁਣ ਕੇ ਬਿੰਦੀ ਚੁੱਪ ਹੋ ਕੇ ਸ਼ਰਮਾ ਗਈ।
ਆਂਟੀ ਨੇ ਪਤਾ ਨਹੀ ਜੋਹਨ ਨਾਲ ਕੀ ਗੱਲ ਕੀਤੀ। ਉਸ ਨੇ ਸਵੇਰੇ ਹੀ ਬੇਸਮਿੰਟ ਦਾ ਦਰਵਾਜ਼ਾ ਖੜਕਾ ਦਿੱਤਾ। ਬਿੰਦੀ ਨੇ ਦਰਵਾਜ਼ਾ ਖੋਲਿਆ ਤਾਂ ਉਹ ਬਿੰਦੀ ਦੇ ਪੈਰਾਂ ਵਿਚ ਗੋਡਿਆਂ ਭਾਰ ਹੁੰਦਾ ਇਕ ਛੋਟੀ ਜਿਹੀ ਮੁੰਦੀ ਕੱਢ ਕੇ ਬੋਲਿਆ, “ ਵਿਲ ਜੂ ਮੈਰੀ ਮੀ।”
ਬਿੰਦੀ ਨੇ ਪਿੱਛੇ ਮੁੜ ਕੇ ਆਂਟੀ ਵੱਲ ਦੇਖਿਆ ਤਾਂ ਉਹ ਮੁਸਕ੍ਰਾ ਰਹੀ ਸੀ। ਬਿੰਦੀ ਦਾ ਧਿਆਨ ਫਿਰ ਵੀ ਆਪਣਿਆਂ ਵੱਲ ਚਲਾ ਗਿਆ ਤਾਂ ਉਸ ਨੂੰ ਲੱਗਾ ਉਸ ਦੇ ਮਾਂ ਪਿਉ, ਕੁੱਕੂ , ਮਾਸੀ ਮਾਸੜ, ਕੰਮ ਕਰਦੀਆਂ ਕੁੜੀਆਂ ਸਭ ਆਪਣੇ ਮਤਲਵ ਲਈ ਉਸ ਨੂੰ ਵਰਤਣ ਲਈ ਆਪਣੇ ਹਥਿਆਰ ਤਿੱਖੇ ਕਰ ਰਹੇ ਹੋਣ। ਉਸ ਨੇ ਇਕਦਮ ਕਿਹਾ, “ ਜੈਸ।”
ਜਹੋਨ ਨੇ ਲਿਆਂਦੀ ਮੁੰਦੀ ਉਸ ਦੀ ਉਂਗਲ ਵਿਚ ਪਾ ਦਿੱਤੀ। ਆਂਟੀ ਨੇ ਦੋਨੋ ਨੂੰ ਆਪਣੀਆ ਬਾਹਾਂ ਵਿਚ ਲੈ ਲਿਆ।ਜਹੋਨ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਹ ਆਪਣੇ ਪੁਰਾਣੇ ਕੰਮ ਤੇ ਗਈ। ਜਹੋਨ ਦਾ ਹੱਥ ਫੜ ਕੇ ਕੁੜੀਆਂ ਦੇ ਸਾਹਮਣੇ ਦੀ ਲੰਘੀ ਤਾਂ ਸਾਰੀਆਂ ਦੇਖਦੀਆਂ ਰਹਿ ਗਈਆਂ। ਪਰ ਗਿੰਦਰ ਬੋਲ ਉੱਠੀ, “ਹਾਅ ਨੀ, ਇੰਨੇ ਗੋਰੇ ਨਾਲ ਵਿਆਹ ਕਰਵਾ ਲਿਆ।”
“ ਹਾਂ ਕਰਵਾ ਲਿਆ, ਤੂੰ ਦਸ ਤੈਨੂੰ ਕੀ ਤਕਲੀਫ ਆ”? ਬਿੰਦੀ ਨੇ ਪਿੱਛੇ ਮੁੜ ਕੇ ਜਵਾਬ ਦਿੱਤਾ, “ਤੇਰੇ ਭਰਾ ਵਾਂਗ ਕਿਸੇ ਮਤਲਵ ਲਈ ਨਹੀ ਕਰਵਾਇਆ। ਇਹ ਕਹਿ ਕੇ ਬਿੰਦੀ ਅਗਾਂਹ ਹੋ ਤੁਰੀ।
ਦੂਜੀ ਬੋਲੀ , “ ਕੁੜੇ ਗੋਰਾ ਵੀ ਦੇਖ ਕਿਦਾ ਦਾ ਲੱਭਿਆ।”
“ ਹੁਣ ਤਾਂ ਆਪ ਵੀ ਬੇਥਰੀ ਨਿਖਰੀ ਫਿਰਦੀ ਆ।”
ਬਿੰਦੀ ਨੂੰ ਇਹ ਗੱਲਾਂ ਸੁਣ ਕੇ ਲੱਗਾ। ਜਿਸ ਕਾਰਨ ਕਰਕੇ ਉਹ ਜਾਣ ਕੇ ਜਹੋਨ ਨੂੰ ਉਹਨਾ ਦੇ ਸਾਹਮਣੇ ਲੈ ਕੇ ਆਈ ਸੀ ਉਹ ਪੂਰਾ ਹੋ ਗਿਆ।
ਪਿਛੋਂ ਫਿਰ ਇਕ ਹੋਰ ਅਵਾਜ਼ ਆਈ, “ ਹਾਅ ਕੁੜੇ, ਗੋਰੇ ਨਾਲ ਕਿਉਂ ਚਲੀ ਗਈ?
ਇਹ ਸੁਣ ਕੇ ਬਿੰਦੀ ਦਾ ਦਿਲ ਕੀਤਾ ਕਿ ਉੱਚੀ ਉੱਚੀ ਬੋਲ ਕੇ ਜ਼ਵਾਬ ਦੇਵਾਂ, ਇਸ ਇੱਜ਼ਤ ਅਤੇ ਅਣਖ ਵਾਲੇ ਸਮਾਜ ਨੂੰ ਕਿ ਮੈ ਕਿਉਂ ਗਈ ਗੋਰੇ …? ਪਰ ਬਿੰਦੀ ਨੇ ਇਸ ਅਵਾਜ਼ ਦੀ ਕੋਈ ਪਰਵਾਹ ਨਾ ਕੀਤੀ। ਉਹ ਜਹੋਨ ਦੀ ਬਾਹ ਫੜੀ ਬਰੈਡਾ ਵਾਲੀਆ ਟੇਰਆ ਵਿਚੋਂ ਦੀ ਗੁਜਰਦੀ ਹੋਈ ਬੇਕਰੀ ਵਿਚੋਂ ਬਾਹਰ ਨਿਕਲ ਗਈ।
ਅਨਮੋਲ ਕੌਰ