ਖੁਦਗਰਜ਼ ਲੋਕ
ਉਸਦੀ ਉਮਰ ਹੋਵੇਗੀ ਚਾਲੀ ਬਤਾਲੀ ਸਾਲ ਦੀ, ਪਰ ਦੇਖਣ ਤੋਂ ਮਸੀ ਪੈਂਤੀ ਦੀ ਲਗਦੀ। ਉਸ ਦੀ ਬੋਲੀ ਬਹੁਤ ਮਿੱਠੀ ਸੀ ਅਤੇ ਹਰ ਇੱਕ ਨਾਲ ਛੇਤੀ ਹੀ ਰਚ- ਮਿਚ ਜਾਂਦੀ। ਉਸ ਦਾ ਪਤੀ ਗੁਰਦੁਆਰੇ ਸਾਹਿਬ ਦਾ ਗ੍ਰੰਥੀ ਹੋਣ ਕਾਰਨ ਲੋਕੀ ਉਸ ਦੀ ਬਹੁਤ ਇੱਜ਼ਤ ਕਰਦੇ। ਉਹ ਆਪਣਾ ਪਿਛੋਕੜ ਇਸ ਤਰ੍ਹਾਂ ਦੱਸਦੀ, “ਪਹਿਲਾਂ ਅਸੀ ਕਸ਼ਮੀਰੀ ਹਿੰਦੂ ਸਾਂ, ਜਦੋਂ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਲਈ ਕੁਰਬਾਨੀ ਦਿੱਤੀ ਤਾਂ ਸਾਡੇ ਵਡੇਰੇ ਸਿੰਘ ਸੱਜ ਗਏ ਅਤੇ ਅਸੀ ਪੰਜਾਬ ਵਿਚ ਆ ਕੇ ਰਹਿਣ ਲੱਗ ਪਏ।”
ਉਸ ਦਾ ਪਤੀ ਜਿਸ ਨੂੰ ਸਭ ਭਾਈ ਜੀ ਹੀ ਕਹਿੰਦੇ ਸਨ, ਬਹੁਤ ਸੁੰਦਰ ਸ਼ਖਸ਼ੀਅਤ ਅਤੇ ਸੋਹਣੀ ਅਵਾਜ਼ ਦਾ ਮਾਲਕ ਸੀ। ਜਦੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਂਦਾ ਤਾਂ ਗੁਰਦੁਆਰੇ ਦੀ ਨਾਲ ਲੱਗਦੀ ਸੜਕ ਉੱਪਰ ਜਾਣ ਵਾਲੇ ਲੋਕੀ ਰੁਕ ਜਾਂਦੇ। ਉਸ ਨੂੰ ਇਸ ਗੱਲ ਦਾ ਬਹੁਤ ਮਾਣ ਸੀ ਉਸ ਦਾ ਘਰਵਾਲਾ ਬਹੁਤ ਹੀ ਸੁੰਦਰ ਅਤੇ ਸੁਰੀਲਾ ਹੈ। ਉਹ ਦੋਨੋਂ ਪਤੀ ਪਤਨੀ ਮਾਤਾ ਜੀ ਪ੍ਰਤਾਪ ਕੌਰ ਦੇ ਘਰ ਬਹੁਤ ਆਉਦੇ ਜਾਂਦੇ। ਹਰ ਦੁੱਖ ਸੁੱਖ ਮਾਤਾ ਜੀ ਨਾਲ ਸਾਝਾਂ ਕਰਦੇ। ਮਾਤਾ ਜੀ ਉਮਰ ਕਾਫ਼ੀ ਹੋ ਚੁੱਕੀ ਸੀ। ਸਿਆਣੇ ਹੋਣ ਕਾਰਨ ਉਹਨਾਂ ਕੋਲੋ ਗੁਰਦੁਆਰੇ ਘੱਟ ਹੀ ਜਾ ਹੁੰਦਾਂ। ਕਿਸੇ ਖਾਸ ਸਮਾਗਮ ਉੱਪਰ ਹੀ ਜਾਂਦੇ। ਇਸ ਕਰਕੇ ਭਾਈ ਜੀ ਅਤੇ ਉਹਨਾਂ ਦੀ ਪਤਨੀ ਆਪ ਹੀ ਆ ਕੇ ਮਾਤਾ ਜੀ ਨੂੰ ਮਿਲ ਜਾਂਦੇ। ਮਾਤਾ ਜੀ ਦਾ ਸਾਰਾ ਪ੍ਰੀਵਾਰ ਹੀ ਉਹਨਾਂ ਦੀ ਬਹੁਤ ਇੱਜ਼ਤ ਕਰਦਾ। ਜਿਸ ਦਿਨ ਭਾਈ ਜੀ ਅਤੇ ਉਹਨਾਂ ਦੀ ਪਤਨੀ, ਮਾਤਾ ਜੀ ਦੇ ਘਰ ਆਉਂਦੇ ਤਾਂ, ਮਾਤਾ ਜੀ ਦੇ ਨਾਲ ਉਹਨਾਂ ਦਾ ਪਰਿਵਾਰ ਵੀ ਬਹੁਤ ਖੁਸ਼ ਹੁੰਦਾ। ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨਾਲ ਭਾਈ ਜੀ ਦੇ ਪਰਿਵਾਰ ਦੀ ਸੇਵਾ ਕੀਤੀ ਜਾਂਦੀ।
ਗੁਰਦੁਆਰੇ ਕਈ ਵਾਰੀ ਕਮੇਟੀ ਵਿਚ ਲੜਾਈਆਂ ਹੋ ਜਾਦੀਆਂ। ਭਾਈ ਜੀ ਲੜਾਈ ਤੋਂ ਬਾਹਰ ਹੀ ਰਹਿੰਦੇ। ਜਦੋ ਭਾਈ ਜੀ ਮਾਤਾ ਜੀ ਨੂੰ ਲੜਾਈ ਬਾਰੇ ਦੱਸਦੇ ਮਾਤਾ ਜੀ ਦੁੱਖੀ ਹੋ ਕੇ ਬੋਲਦੇ, “ਇਹ ਲੜਾਈਆਂ ਹੀ ਸਿੱਖਾ ਦਾ ਕੁੱਝ ਬਨਣ ਨਹੀ ਦੇਂਦੀਆਂ, ਲੜ ਤਾਂ ਸੋ ਦਿਨ ਸਕਦੇ ਹਨ, ਪਰ ਰਾਜ ਇਕ ਦਿਨ ਵੀ ..” ਮਾਤਾ ਜੀ ਪਿਛਲਾ ਫਿਕਰਾ ਮੂੰਹ ਵਿਚ ਹੀ ਰੱਖ ਹੀ ਲੈਂਦੇ।
“ਮਾਤਾ ਜੀ, ਅੱਜ ਕੱਲ੍ਹ ਸਿੱਖਾਂ ਵਿਚ ਚੌਧਰ ਦੀ ਭੁੱਖ ਤਾਂ ਪੈਸੇ ਦੀ ਭੁੱਖ ਨਾਲੋ ਵੀ ਵੱਧ ਗਈ ਹੈ।” ਭਾਈ ਜੀ ਆਪਣਾ ਅਨੁਮਾਣ ਲਾਉਂਦੇ।
“ਮੈ ਸਾਰੀ ਉਮਰ ਪੰਥ ਨੂੰ ਹੀ ਵੋਟਾਂ ਪਾਉਂਦੀ ਆਈ ਹਾਂ, ਪਰ ਹੁਣ ਮੇਰਾ ਦਿਲ ਵੋਟ ਪਾਉਣ ਨੂੰ ਵੀ ਨਹੀ ਕਰਦਾ ।” ਮਾਤਾ ਜੀ ਸਿੱਖਾਂ ਦੀ ਆਪਸੀ ਫੁੱਟ ਤੋਂ ਅੱਕ ਕੇ ਕਹਿੰਦੇ।
ਭਾਈ ਜੀ ਨੂੰ ਵੀ ਉਸ ਦਿਨ ਦਾ ਚੇਤਾ ਆ ਗਿਆ। ਜਦੋ ਇਕ ਵਾਰੀ ਸਾਰਾ ਪਰਿਵਾਰ ਮਾਤਾ ਜੀ ਨੂੰ ਇਕ ਹੋਰ ਪਾਰਟੀ ਨੂੰ ਵੋਟ ਪਾਉਣ ਲਈ ਕਹਿ ਰਿਹਾ ਸੀ, ਪਰ ਮਾਤਾ ਜੀ ਮੰਨ ਹੀ ਨਹੀ ਰੇਹੇ ਸਨ। ਮਾਤਾ ਜੀ ਦਾ ਜਵਾਈ ਤਾਂ ਉਹਨਾਂ ਉੱਪਰ ਦਬਾਅ ਪਾ ਰਿਹਾ ਸੀ ਕਿ ਉਹ ਉਸ ਪਾਰਟੀ ਨੂੰ ਹੀ ਵੋਟ ਪਾੳਣ ਜਿਸ ਵਿਚ ਉਸ ਦਾ ਮਾਂਮਾ ਪਾਰਟੀ ਲਈ ਚੋਣ ਲੜ ਰਿਹਾ ਸੀ। ਪਰ ਮਾਤਾ ਜੀ ਨੇ ਸਾਫ ਕਹਿ ਦਿੱਤਾ ਸੀ, “ ਮੇਰੀ ਵੋਟ ਤਾਂ ਪੰਥ ਨੂੰ ਹੀ ਜਾਵੇਗੀ, ਤੁਸੀ ਕਾਂਰੀਸੀਆਂ ਨੂੰ ਪਾਉ ਜਾਂ ਕੌਮ ਨਸ਼ਟਾਂ ਨੂੰ।” ਪਰ ਹੁਣ ਮਾਤਾ ਜੀ ਵੋਟ ਪਾਉਣ ਦੇ ਹੱਕ ਵਿਚ ਹੀ ਨਹੀ ਹਨ।
ਜਦੋ ਮਾਤਾ ਜੀ ਸਿੱਖਾਂ ਦੀ ਘਰੇਲੂ ਲੜਾਈਆਂ ਦਾ ਜ਼ਿਆਦਾ ਦੁੱਖ ਮਹਿਸੂਸ ਕਰਦੇ ਤਾਂ ਭਾਈ ਜੀ ਦੀ ਪਤਨੀ ਸਤਵੰਤ ਕੌਰ ਨੂੰ ਕੀਰਤਨ ਕਰਨ ਲਈ ਆਖਦੇ। ਸਤਵੰਤ ਕੌਰ ਕੀਰਤਨ ਵਿਚ ਨਿਪੁੰਨ ਹੋਣ ਕਾਰਨ ਸੰਗਤ ਦੀ ਖਿਚ ਦਾ ਕੇਂਦਰ ਬਣਦੀ। ਹਰ ਸੋਮਵਾਰ ਨੂੰ ਬੀਬੀਆਂ ਗੁਰਦੁਆਰੇ ਵਿਚ ਇੱਕਠੀਆਂ ਹੁੰਦੀਆਂ, ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਫਿਰ ਕੀਰਤਨ ਕਰਕੇ ਭੋਗ ਪਾਉਦੀਆਂ। ਭੋਗ ਤੋਂ ਬਾਅਦ ਜਿਹੜੀਆਂ ਬੀਬੀਆਂ ਕੋਲ ਸਮਾਂ ਹੁੰਦਾ ਉਹ ਸਤਵੰਤ ਕੌਰ ਕੋਲ ਬੈਠ ਕੇ ਕੀਰਤਨ ਸਿੱਖਦੀਆਂ।
ਗੁਰਦੁਆਰੇ ਦੀਆਂ ਕਮੇਟੀਆਂ ਦੇ ਆਪਸ ਵਿਚ ਸਿੰਗ ਫਸੇ ਹੀ ਰਹਿੰਦੇ। ਤਕਰੀਬਨ ਹਰ ਐਤਵਾਰ ਹੀ ਲੜਾਈ ਹੋ ਜਾਂਦੀ ਜਿਸ ਕਾਰਨ ਗੁਰਦੁਆਰੇ ਵਿਚ ਸੰਗਤ ਘੱਟ ਜਾਣ ਲੱਗ ਪਈ। ਇਕ ਵਾਰੀ ਤਾਂ ਇਤਨੀ ਲੜਾਈ ਹੋਈ ਕਿ ਗੁਰੂ ਸਾਹਿਬ ਦੀ ਹਜੂਰੀ ਵਿਚ ਹੀ ਇਕ ਦੁਜੇ ਦੀਆਂ ਪੱਗਾਂ ਉਛਾਲਣ ਲੱਗੇ। ਉਸ ਦਿਨ ਕੀਰਤਨ ਦਰਬਾਰ ਗੁਰਦੁਆਰੇ ਦੀ ‘ਗਰਾਂਉਂਡ’ ਵਿਚ ਹੋ ਰਿਹਾ ਸੀ। ਸੰਗਤ ਵਿਚ ਵੀ ਨੱਠ ਭੱਜ ਮਚਣ ਕਾਰਨ ਇਕ ਬੁਜਰਗ ਬੀਬੀ ਦਾ ਪੈਰ ਮਿੱਧ ਹੋ ਕੇ ਲਹੂ ਲਹਾਣ ਹੋ ਗਿਆ। ਉਹ ਇਕ ਪਾਸੇ ਬੈਠੀ ਕਮੇਟੀ ਦੀਆਂ ਦੋਹਾਂ ਪਾਰਟੀਆਂ ਨੂੰ ਮੰਦਾ-ਚੰਗਾ ਬੋਲ ਰਹੀ ਸੀ, “ ਮਰ ਜਾਣਿਆ ਨੇ ਪ੍ਰਧਾਨ ਬਣ ਕੇ ਖੋਰੇ ਕੀ ਕਰਨਾ ਹੈ, ਜਿਹੜੇ ਬਿਨਾਂ ਪ੍ਰਧਾਨਗੀ ਦੇ ਹੀ ਤੱਮਚੜ ਮਚਾਈ ਰੱਖ ਦੇ ਹਨ।”
ਉਸ ਦਿਨ ਤਾਂ ਪੁਲੀਸ ਨੇ ਆ ਕੇ ਹੀ ਲੜਾਈ ਬੰਦ ਕਰਵਾਈ ਜਦੋਂ ਪੁਲੀਸ ਹਫੜਾ-ਦਫੜੀ ਵਿਚ ਹੀ ਜੁੱਤੀਆਂ ਸਣੇ ਗੁਰਦੁਆਰੇ ਅੰਦਰ ਦਾਖਲ ਹੋ ਗਈ ਤਾਂ ਬਹੁਤ ਬੰਦਿਆਂ ਨੇ ਇਤਰਾਜ ਵੀ ਕੀਤਾ। ਪਰ ਪੁਲੀਸ ਵਾਲੇ ਕਹਿ ਰਹੇ ਸਨ, “ ਤੁਸੀ ਉਹ ਜਿਹਾ ਮੌਹਲ ਹੀ ਕਿਉਂ ਪੈਦਾ ਕਰਦੇ ਹੋ, ਜਿਸ ਕਰਕੇ ਸਾਨੂੰ ਦਖਲ-ਅੰਦਾਜ਼ੀ ਕਰਨੀ ਪਵੇ।”
ਪੁਲੀਸ ਦੋਹਾਂ ਪਾਰਟੀਆਂ ਦੇ ਕੁਝ ਬੰਦੇ ਆਪਣੇ ਨਾਲ ਲੈ ਗਈ। ਜਿਸ ਧਿਰ ਦੇ ਸਿਰ ਪਾਟੇ ਸਨ ਉਹਨਾਂ ਦੂਸਰੀ ਧਿਰ ਉੱਪਰ ਕੇਸ ਕਰ ਦਿੱਤਾ। ਪਰ ਭਾਈ ਜੀ ਇਸ ਵੱਡੇ ਝਗੜੇ ਤੋਂ ਵੀ ਦੂਰ ਹੀ ਰਹੇ। ਜਦੋ ਮਾਤਾ ਜੀ ਨੇ ਇਹ ਸਭ ਸੁਣਿਆ ਤਾਂ ਆਪਣੇ ਵਲੂੰਧੜੇ ਹਿਰਦੇ ਨਾਲ ਭਾਈ ਜੀ ਨੂੰ ਕਹਿਣ ਲੱਗੇ, “ਗੁਰਦੁਆਰੇ ਬੰਦਾ ਆਪਸ ਵਿਚ ਪਿਆਰ ਅਤੇ ਸ਼ਾਤੀ ਨਾਲ ਰਹਿਣਾ ਸਿੱਖਣ ਜਾਂਦਾ ਹੈ। ਉੱਥੇ ਜਾ ਕੇ ਆਪਣੇ ਧਰਮ ਨੂੰ ਮੰਨਣ ਅਤੇ ਦੂਸਰਿਆਂ ਦੇ ਧਰਮਾਂ ਦੀ ਇੱਜ਼ਤ ਕਰਣ ਦੀ ਵਿਧੀ ਜਾਨਣ ਲੱਗਦਾ ਹੈ, ਪਰ ਆਪਣੇ ਗੁਰਦੁਆਰੇ ਤਾਂ ਪੈਸੇ ਦੇ ਚੱਕਰ ਨੇ ਕਮੇਟੀਆਂ ਨੂੰ ਅਸ਼ਾਂਤ ਕੀਤਾ ਲੱਗਦਾ ਹੈ।”
“ਗੱਲ ਪੈਸੇ ਦੀ ਵੀ ਹੈ, ਕਿਉਕਿ ਇਕ ਧਿਰ ਆਕੇ ਆਪਣਾ ਜਿੰਦਰਾ ਗੋਲਕ ਨੂੰ ਲਾ ਜਾਂਦੀ ਹੈ ਅਤੇ ਦੂਸਰੀ ਆਪਣਾ।” ਭਾਈ ਜੀ ਨੇ ਅੱਖੀ ਦੇਖਿਆ ਹਾਲ ਦੱਸਿਆ।
ਕਮੇਟੀ ਦਾ ਇਕ ਮੈਬਰ ਭਾਈ ਜੀ ਦੇ ਘਰ ਕਾਫ਼ੀ ਆਣ-ਜਾਣ ਲੱਗਾ। ਹੌਲੀ ਹੌਲੀ ਭਾਈ ਜੀ ਦੀ ਪਤਨੀ ਉਸ ਦੀ ਬਹੁਤ ਸੇਵਾ ਕਰਨ ਲੱਗੀ। ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਏ। ਪਰ ਭਾਈ ਜੀ ਨੂੰ ਆਪਣੀ ਪਤਨੀ ਉੱਪਰ ਪੂਰਾ ਭਰੋਸਾ ਸੀ।
ਹੁਣ ਗੁਰੂ ਘਰ ਦਾ ਪੈਸਾ ਮੁਕੱਦਮੇ ਉੱਪਰ ਲੱਗਣ ਲੱਗਾ। ਵਕੀਲ ਦੋਹਾਂ ਧਿਰਾਂ ਤੋਂ ਚੰਗਾ ਪੈਸਾ ਵਸੂਲਦੇ।
ਦੋਹਾਂ ਧਿਰਾਂ ਨੂੰ ਸੰਗਤ ਦੀਆਂ ਭਾਵਨਾਵਾਂ ਦਾ ਕੋਈ ਖਿਆਲ ਨਹੀ ਸੀ। ਹੁਣ ਤਾਂ ਬੱਚੇ ਵੀ ਆਪਣੇ ਮਾਪਿਆਂ ਨੂੰ ਕਹਿਣ ਲੱਗ ਪਏ ਸਨ,
“ ਗੁਰਦੁਆਰੇ ਕੀ ਕਰਨ ਜਾਣਾਂ ਹੈ, ਲੜਾਈ ਦੇਖੇਣ।” ਮਾਪਿਆਂ ਨੂੰ ਅੱਗੋ ਕੋਈ ਜਵਾਬ ਨਾ ਆਉਦਾਂ। ਇਕ ਦਿਨ ਮਾਤਾ ਜੀ ਦੀ ਪੋਤੀ ਵੀ ਮਾਤਾ ਜੀ ਨੂੰ ਕਹਿਣ ਲੱਗੀ,
“ ਮਾਤਾ ਜੀ ਤੁਸੀ ਤਾਂ ਕਹਿੰਦੇ ਸੀ ਕਿ ਇਕ ਦਿਨ ਖਾਲਸੇ ਦੇ ਬੋਲ-ਬਾਲੇ ਹੋਣਗੇ, ਆਹ ਦੇਖ ਲਉ ਖਾਲਸੇ ਦੇ ਕੰਮ।”
“ ਧੀਏ, ਮੈ ਰਾਜੇ ਰਣਜੀਤ ਸਿੰਘ ਦੇ ਖੁਸੇ ਹੋਏ ਰਾਜ ਦੇ ਮੁੜ ਪਰਤਨ ਦੇ ਸੁਪਨੇ ਦੇਖਦੀ ਰਹਿੰਦੀ ਹਾਂ।” ਮਾਤਾ ਜੀ ਦਰਦ ਭਰੇ ਹਾਉਕੇ ਨਾਲ ਕਹਿੰਦੇ,
“ਪਰ ਉਦੋਂ ਦੇ ਸਿੱਖਾਂ ਦਾ ਅਤੇ ਅੱਜਕੱਲ੍ਹ ਦੇ ਸਿੱਖਾਂ ਵਿਚ ਬਹੁਤ ਅੰਤਰ ਹੈ, ਉਸ ਸਮੇਂ ਦੇ ਸਿੱਖ ਸੇਵਾ, ਸਿਮਰਨ ਅਤੇ ਨਿਮਰਤਾ ਦੇ ਪੁਜਾਰੀ ਸਨ ਅਤੇ ਦਵੈਤ ਈਰਖਾ ਛੱਡ ਕੇ ਪੰਥ ਲਈ ਜਿਊਣ ਦਾ ਭਰੋਸਾ ਰੱਖਦੇ ਸਨ।”
“ ਪਰ ਅੱਜ ਦੇ ਸਿੱਖ ਇਕ ਦੂਜੇ ਨੂੰ ਸਹਿਣ ਦੀ ਸ਼ਕਤੀ ਵੀ ਨਹੀ ਰੱਖਦੇ, ਜੇ ਸੂਝ ਵਾਲੇ ਵਿਦਵਾਨ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹਨਾਂ ਦੀ ਪਹਿਚਾਣ ਨਹੀ ਕਰਦੇ।” ਪੋਤੀ ਵੀ ਸਿੱਖਾਂ ਵਿਚ ਇਤਫਾਕ ਨਾ ਹੋਣਾ, ਗਿਰਾਵਟ ਦਾ ਵੱਡਾ ਕਾਰਨ ਮੰਨਦੀ। ਦਾਦੀ ਅਤੇ ਪੋਤੀ ਵਿਚਾਰ ਵਟਾਂਦਰਾ ਕਰ ਹੀ ਰਹੀਆਂ ਸਨ ਕਿ ਭਾਈ ਜੀ ਪਹੁੰਚ ਗਏ। ਭਾਈ ਜੀ ਨੇ ਦੱਸਿਆ ਕਿ ਕੱਲ੍ਹ ਨੂੰ ਮੁਕਦਮੇ ਦੀ ਤਾਰੀਖ ਹੈ ਅਤੇ ਸਤਵੰਤ ਕੌਰ ਇੱਕ ਧਿਰ ਦੇ ਖਿਲਾਫ਼ ਗਵਾਹੀ ਦੇਣ ਨੂੰ ਤਿਆਰ ਹੋ ਗਈ ਹੈ। ਮਾਤਾ ਜੀ ਨੇ ਭਾਈ ਜੀ ਨੂੰ ਦੱਸਿਆ,
“ ਇਹ ਸਾਰਾ ਕੰਮ ਉਸ ਭੈਂਗੇ ਦਾ ਹੈ।”
“ ਪਤਾ ਨਹੀ ਸਤਵੰਤ ਨੂੰ ਕੀ ਹੋਗਿਆ ਹੈ, ਮੇਰੀ ਤਾਂ ਸੁਣਦੀ ਹੀ ਨਹੀ।” ਭਾਈ ਜੀ ਨੇ ਦੁੱਖ ਭਰੇ ਮਨ ਨਾਲ ਕਿਹਾ।
ਮਾਤਾ ਜੀ ਨੇ ਭਾਈ ਜੀ ਨੂੰ ਸਲਾਹ ਦਿੱਤੀ ਕੇ ਅੱਜ ਹੀ ਸ਼ਾਮ ਨੂੰ ਸਤਵੰਤ ਕੌਰ ਨੂੰ ਮੇਰੇ ਕੋਲ ਲੈ ਕੇ ਆਉ। ਪਰ ਸਤਵੰਤ ਨੇ ਜ਼ਿੱਦ ਫੜ ਰੱਖੀ ਸੀ ਕਿ ਉਹ ਕੋਰਟ ਜ਼ਰੂਰ ਜਾਵੇਗੀ। ਭਾਈ ਜੀ ਬੱਚਿਆਂ ਦੇ ਸਾਹਮਣੇ ਘਰ ਵਿਚ ਕਲੇਸ਼ ਪੈਣ ਤੋਂ ਡਰ ਗਏ। ਚੁੱਪ ਕਰਕੇ ਇਕੱਲੇ ਹੀ ਮਾਤਾ ਜੀ ਦੇ ਘਰ ਨੂੰ ਚਲੇ ਗਏ। ਦੂਸਰੇ ਦਿਨ ਸਤਵੰਤ ‘ਕੋਰਟ’ ਵਿਚ ਜਾ ਕੇ ਗਵਾਹੀ ਦੇ ਆਈ। ਜਿਸ ਧਿਰ ਦੇ ਖਿਲਾਫ਼ ਗਵਾਹੀ ਦਿੱਤੀ ਸੀ ਉਹ ਹਾਰ ਗਈ। ਸ਼ਾਮ ਨੂੰ ਕਮੇਟੀ ਦਾ ਉਹ ਹੀ ਬੰਦਾ ਭਾਈ ਜੀ ਦੇ ਘਰ ਮੱਠਿਆਈ ਦੇ ਡੱਬੇ ਲੈ ਕੇ ਪਹੁੰਚ ਗਿਆ। ਭਾਈ ਜੀ ਨੇ ਮੱਠਿਆਈ ਤਾਂ ਕੀ ਖਾਣੀ ਸੀ। ਉਹਨਾਂ ਨੇ ਉਸ ਬੰਦੇ ਨੂੰ ਬੁਲਾਇਆ ਤੱਕ ਨਾ। ਭਾਈ ਜੀ ਦਾ ਦਿਲ ਤਾਂ ਕਰਦਾ ਸੀ ਕਿ ਡੱਬੇ ਖੋ ਕੇ ਉਹਦੇ ਮੂੰਹ ਉੱਪਰ ਮਾਰਨ। ਪਰ ਆਪਣੀ ਭਲਮਾਨਸੀ ਕਰਕੇ ਚੁੱਪ ਕਰ ਰੇਹੇ।
ਥੋੜੇ ਦਿਨਾਂ ਬਾਅਦ ਹੀ ਗੁਰਦੁਆਰੇ ਰੋਲਾ ਪੈ ਗਿਆ ਕਿ ਭਾਈ ਜੀ ਦੀ ਪਤਨੀ ਨੇ ਝੂਠੀ ਗਵਾਹੀ ਦਿੱਤੀ ਹੈ ਜਿਸ ਕਰਕੇ ਪੁਰਾਣੀ ਕਮੇਟੀ ਦੀ ਜਿੱਤ ਹੋਈ ਹੈ। ਗੁਰਦੁਆਰੇ ਦੇ ਲੰਗਰ ਹਾਲ ਵਿਚ ਇੱਕਠ ਹੋਇਆ। ਪੁਰਾਣੀ ਕੇਮਟੀ ਅਤੇ ਨਵੀ ਕਮੇਟੀ ਦੇ ਮੈਬਰ ਪਹਿਲਾਂ ਹੀ ਪਹੁੰਚ ਗਏ। ਕੁੱਝ ਸੰਗਤ ਵੀ ਇੱਕਠੀ ਹੋ ਗਈ। ਭਾਈ ਜੀ ਨੂੰ ਅਤੇ ਉਹਨਾਂ ਦੀ ਪਤਨੀ ਨੂੰ ਵੀ ਬੁਲਾਇਆ ਗਿਆ। ਭਾਈ ਜੀ ਅੱਜ ਆਪਣੀ ਪਤਨੀ ਕਾਰਨ ਪਹਿਲੀ ਵਾਰੀ ਕੇਮਟੀਆਂ ਦੇ ਝਗੜੇ ਦਾ ਨਿਸ਼ਾਨਾ ਬਣੇ ਸਨ। ਭਾਈ ਨੇ ਦੋਹਾਂ ਧਿਰਾਂ ਦੇ ਵਿਚਾਲੇ ਖੜ੍ਹੇ ਹੋਕੇ ਬੇਨਤੀ ਕੀਤੀ ਕੇ ਦੋਨੋਂ ਧਿਰਾਂ ਸ਼ਾਤੀ ਨਾਲ ਆਪਣੇ ਆਪਣੇ ਵਿਚਾਰ ਰੱਖਣ। ਭਾਈ ਜੀ ਦੀ ਬੇਨਤੀ ਅਣਗੋਲੀ ਕਰਕੇ ਸਭ ਨੇ ਰੌਲਾ ਪਾਉਣਾ ਫਿਰ ਸ਼ੁਰੂ ਕਰ ਦਿੱਤਾ। ਵਿਚੋਂ ਹੀ ਇਕ ਬੰਦਾ ਕਹਿਣ ਲੱਗਾ, “ ਭਾਈ ਜੀ ਦੀ ਪਤਨੀ ਦਾ ਸੰਬਧ ਕਮੇਟੀ ਮੈਬਰ ਨਾਲ ਹੋਣ ਕਾਰਨ ਉਸ ਨੇ ਝੂਠੀ ਗਵਾਹੀ ਦਿੱਤੀ ਹੈ।”
ਭਾਈ ਜੀ ਜਦੋ ਇਹ ਗੱਲ ਸੁਣੀ ਉਦੋਂ ਹੀ ਉਹਨਾਂ ਦੇ ਦਿਲ ਨੂੰ ਕੁਝ ਹੋਣ ਲੱਗਾ। ਉਹਨਾਂ ਨੇ ਮਸੀ ਇਹ ਗੱਲ ਕਹੀ ਕਿ ਇਹ ਸਭ ਝੂਠ ਹੈ। ਸਤਵੰਤ ਕੌਰ ਵਿਚਾਲੇ ਖੜ੍ਹੀ ਕਦੇ ਆਪਣੇ ਪਤੀ ਵੱਲ ਦੇਖੇ ਅਤੇ ਕਦੀ ਉਸ ਕਮੇਟੀ ਮੈਬਰ ਵੱਲ। ਫਿਰ ਉੱਚੀ ਅਵਾਜ਼ ਵਿਚ ਬੋਲੀ, “ ਕਿਉ ਝੂਠ ਦਾ ਤੁਫਾਨ ਤੋਲਦੇ ਹੋ।”
ਭਾਈ ਜੀ ਗੁੱਸੇ ਵਿਚ ਉਸ ਕਮੇਟੀ ਮੈਬਰ ਨੂੰ ਧੋਣੋ ਫੜਨ ਲੱਗੇ। ਪਰ ਉਸ ਕਮੇਟੀ ਮੈਂਬਰ ਨੇ ਆਪਣੀ ਪੈਂਟ ਦੀ ਜੇਬ ਵਿਚੋਂ ਇਕ ਮੁੜਿਆ ਹੋਇਆ ਕਾਗਜ਼ ਕੱਢ ਕੇ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ ਅਤੇ ਬੋਲਿਆ, “ ਇਹ ਉਹ ਚਿੱਠੀ(ਝੂਠੀ) ਹੈ ਜੋ ਸਤਵੰਤ ਕੌਰ ਨੇ ਮੈਨੂੰ ਲਿਖੀ ਸੀ।”
ਭਾਈ ਜੀ ਨੂੰ ਉਸੇ ਸਮੇਂ ਦਿਲ ਦਾ ਦੌਰਾ ਪੈ ਗਿਆ। ਲੋਕੀ ਚੁੱਕ ਕੇ ਹਸਪਤਾਲ ਲੈ ਗਏ। ਦੋ ਤਿੰਨ ਬਾਅਦ ਭਾਈ ਜੀ ਨੂੰ ਕੁਝ ਹੋਸ਼ ਆਈ। ਮਾਤਾ ਜੀ ਨੇ ਭਾਈ ਜੀ ਨੂੰ ਦੇਖਣ ਦੀ ਜ਼ਿੱਦ ਕੀਤੀ ਤਾਂ ਉਹਨਾਂ ਦਾ ਪੁੱਤਰ ਮਾਤਾ ਜੀ ਨੂੰ ਲੈ ਕੇ ਹਸਪਤਾਲ ਗਿਆ। ਭਾਈ ਜੀ ਪੀਲੇ ਜ਼ਰਦ ਚਿਹਰੇ ਨਾਲ ਬਿਸਤਰ ਉੱਪਰ ਪਏ ਸਨ। ਮਾਤਾ ਜੀ ਨੂੰ ਦੇਖ ਉਹਨਾਂ ਦਾ ਦਿਲ ਭਰ ਆਇਆ। ਜਦੋ ਮਾਤਾ ਜੀ ਆਪਣਾ ਹੱਥ ਭਾਈ ਜੀ ਦੇ ਮੱਥੇ ‘ਤੇ ਰੱਖਿਆ ਤਾਂ ਉਹ ਬਹੁਤ ਧੀਮੀ ਅਵਾਜ਼ ਵਿਚ ਬੋਲੇ, “ ਕਮੇਟੀਆਂ ਨੇ ਆਪਣੀ ਲੜਾਈ ਵਿੱਚ ਮੇਰਾ ਪ੍ਰੀਵਾਰ ਕਿਉ ਨਿਸ਼ਾਨਾ ਬਣਾਇਆ। ਮੈ ਤਾਂ ਦੋਹਾਂ ਧਿਰਾਂ ਦਾ ਵਿਚਕਾਰਲਾ ਸਾਝਾਂ ਬੰਦਾ ਸਾਂ?”
ਮਾਤਾ ਜੀ ਨੇ ਅੱਗੇ ਗੱਲ ਕਰਨ ਤੋਂ ਭਾਈ ਹੁਣਾ ਨੂੰ ਰੋਕ ਲਿਆ ਅਤੇ ਭਾਈ ਜੀ ਦੇ ਸਿਰ ਉੱਪਰ ਹੱਥ ਫੇਰਦੇ ਕਹਿਣ ਲੱਗੇ, “ ਪੁੱਤਰ ਜੋ ਕੁਝ ਵੀ ਹੋਇਆ ਉਸ ਸਭ ਉੱਪਰ ਮਿੱਟੀ ਪਾ, ਦਫਾ ਕਰ ਸੂ।”
ਭਾਈ ਜੀ ਭਰੀਆਂ ਹੋਈਆਂ ਅੱਖਾਂ ਨਾਲ ਹੌਲੀ ਜਿਹੀ ਬੋਲੇ, “ਪਰ ਮਾਤਾ ਜੀ ਮੈ ਹੁਣ ਇਸ ਕਸਬੇ ਵਿਚ ਨਹੀ ਰਹਿਣਾ।”
“ ਹਾਂ ਪੁੱਤ ਝਗੜਾ ਕਮੇਟੀਆਂ ਦਾ ਸੀ ਪਰ ਰਗੜਾ ਤੈਨੂੰ ਲੱਗ ਗਿਆ। ਸਭ ਨੂੰ ਪਤਾ ਹੈ ਕਿ ਖੁਦਗਰਜ਼ ਲੋਕਾਂ ਨੇ ਆਪਣੇ ਕੋਲੋ ਚਿੱਠੀ ਲਿਖ ਕੇ ਤੇਰੇ ਪ੍ਰੀਵਾਰ ਨੂੰ ਖ਼ਰਾਬ ਕੀਤਾ। ਤੂੰ ਤਾਂ ਦੋ ਪੁੜਾਂ ਵਿਚਕਾਰ ਪੀਸਿਆ ਗਿਆ।” ਮਾਤਾ ਜੀ ਆਪਣੇ ਦੁੱਪਟੇ ਨਾਲ ਭਾਈ ਜੀ ਦੇ ਮੱਥੇ ਤੋਂ ਠੰਡਾ ਪਸੀਨਾ ਪੂੰਝ ਦੇ ਆਖਿਆ, “ ਸਾਨ੍ਹਾਂ ਦੇ ਭੇੜ ਵਿਚ ਭਲੇਮਾਨਸਾਂ ਦੀ ਬਲੀ ਚੜ੍ਹਦੀ ਹੈ।ਚੌਧਰ ਦੇ ਭੁੱਖੇ ਲੋਕ ਆਪਣੀਆਂ ਲੜਾਈਆਂ ਵਿਚ ਆਮ ਲੋਕਾਂ ਨੂੰ ਵਰਤਦੇ ਹਨ। ਗੁਰੂ ਮਹਾਂਰਾਜ ਸਭ ਨੂੰ ਦੇਖਦੇ ਹਨ, “ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ” ਮਾਤਾ ਜੀ ਇਹ ਕਹਿ ਕੇ ਦੁੱਖੀ ਹਿਰਦੇ ਨਾਲ ਹਸਪਤਾਲ ਦੇ ਕਮਰੇ ਤੋਂ ਬਾਹਰ ਨੂੰ ਤੁਰ ਪਏ।
“ ਮਾਤਾ ਜੀ, ਇਹ ਤੁਕ ਤਾਂ ਸਭ ਕਮੇਟੀ ਵਾਲੇ ਆਪ ਵੀ ਪੜ੍ਹਦੇ ਹਨ।” ਰਸਤੇ ਵਿਚ ਆਉਂਦੇ ਮਾਤਾ ਜੀ ਦੇ ਪੁੱਤਰ ਨੇ ਕਿਹਾ।
“ ਪੜ੍ਹਦੇ ਤਾਂ ਹੋਣਗੇ, ਪਰ ਸਮਝਦੇ ਨਹੀ।” ਮਾਤਾ ਜੀ ਭਰੇ ਹੋਏ ਮਨ ਨਾਲ ਇੰਨਾ ਹੀ ਕਹਿ ਸਕੇ ਅਤੇ ਆਪਣੇ ਘਰ ਵੱਲ ਨੂੰ ਮੁੜ ਪਏ।
ਅਨਮੋਲ ਕੌਰ