ਵਿਕਾਸ
ਇਨਸਾਨ ਨੇ ਦੋ ਬਹੁਤ ਹੀ ਤਕੜੇ ਖਿਆਲ ਪੈਦਾ ਕੀਤੇ ਹਨ। ਪਹਿਲਾ ਖਿਆਲ ਹੈ – ਰੱਬ। ਇਹ ਵੀ ਸ਼ਾਇਦ ਇਨਸਾਨ ਦਾ ਹੰਕਾਰੀ ਹੈ ਕਿ ਕੋਈ ਰੱਬ ਹੈ ਜਾਂ ਹੋ ਸੱਕਦਾ ਹੈ, ਨਾਲੇ ਓਹ ਵੀ ਆਦਮੀ ਦੇ ਰੂਪ ਵਿਚ। ਸੋਚੋਂ, ਬੰਦਾ ਤਾਂ ਇੱਕ ਜੀਵ ਹੈ, ਦੁਨੀਆ ਦੇ ਹੋਰ ਕਰੋੜਾਂ ਜੀਵਾਂ ਦੀ ਤਰਾਂ। ਭਗਵਾਨ ਤਾਂ ਹਜ਼ਾਰਾਂ ਜੀਵਾਂ ਦੇ ਰੂਪ ਵਿੱਚ ਹੋ ਸੱਕਦਾ ਜਾਂ ਸਾਰੇ ਜੀਵ ਖੁਦਾ ਦੇ ਰੂਪ ਵਰਗੇ ਹੋ ਸਕਦੇ ਨੇ। ਸਭ ਤੋਂ ਵੱਡਾ ਫਾਇਦਾ ਰੱਬ ਦਾ ਇਹ ਹੈ ਕਿ ਆਮ ਲੋਕਾਂ ਲਈ ਜੀਵਨ ਜੀਊਣ ਵਿੱਚ ਕੋਈ ਲ਼ਾਭ ਹੈ। ਲੋਕਾਂ ਨੂੰ ਧਰਮ ਵਿੱਚੋਂ ਇਖਲਾਕ ਮਿਲਦਾ ਹੈ। ਜੀਉਣ ਦੇ ਅਸੂਲ ਮਿਲਦੇ ਨੇ। ਪਰ ਦੂਜੇ ਪਾਸੇ ਹਰ ਧਰਮੀ ਬੰਦਾ ਆਪਣੇ ਧਰਮ ਨੂੰ ਪਹਿਲਾਂ ਰੱਖਦਾ। ਇਸ ਲਈ ਇਨਸਾਨ ਆਪਸ ਵਿੱਚ ਜੰਗ ਲੜ ਕੇ ਧਰਮ ਦੇ ਨਾਂ ਹੇਠ ਬੰਦੇ ਦਾ ਸੰਘਾਰ ਕਰਦੇ ਨੇ। ਰੱਬ ਬੰਦੇ ਦਾ ਪਹਿਲਾ ਤਕੜਾ ਭਾਵ ਹੈ।
ਦੂਜਾ ਖਿਆਲ ਹੈ ਵਿਕਾਸ। ਕਹਿਣ ਦਾ ਮਤਲਬ ਜ਼ਿੰਦਗੀ ਪਹਿਲਾ ਕੋਈ ਆਦਿ-ਜੀਵ ਤੋਂ ਸ਼ੁਰੂ ਹੋਈ। ਉਸ ਤੋਂ ਬਾਅਦ ਮੱਛੀ ਆਈ, ਫਿਰ ਮੱਛੀ ਤੋਂ ਹਾਰਕੇ ਬੰਦਾ ਆਇਆ ( ਸਿੱਧਾ ਨਹੀਂ, ਪਰ ਪਹਿਲਾ ਡਾਇਨੋਸਾਰ ਤੋਂ, ਫਿਰ ਬਣ ਮਾਣਸ)। ਸਿੱਧੀ ਗੱਲ ਹੈ, ਬਣ ਮਾਣਸ ਤੋਂ ਭਲਾ ਮਾਣਸ ਬਣ ਗਿਆ। ਇਸ ਨੂੰ ਵਿਕਾਸ ਸੱਦੀਦਾ ਹੈ। ਆਦਮੀ ਤਾਂ ਚੰਦ ਉੱਤੇ ਖੜ੍ਹ ਗਿਆ। ਜੋ ਹੁਣ ਤਕ ਪੋਥੀ ਦੇ ਹਿਸਾਬ ਨਾਲ ਦੇਵਤਾ ਹੀ ਕਰ ਸੱਕਦਾ ਸੀ, ਹੁਣ ਆਦਮੀ ਕਰ ਰਿਹਾ ਹੈ। ਹੁਣ ਇਨਸਾਨ ਪੁਲਾੜ ਦੇ ਹਰੇਕ ਖੂੰਜੇ ਦੀ ਖੋਜ ਕੱਢ ਸਕਦਾ ਹੈ। ਮੈਂ ਇਸ ਪੜਤਾਲ ਵਿੱਚ ਇੱਕ ਪੁਲਾੜ-ਯਤਾਰੀ ਹਾਂ। ਮੇਰਾ ਕੰਮ ਹੈ ਨਵੇਂ ਥਾਂ ਟੋਲਣਾ। ਕਿਉਂ? ਕਿਉਂਕਿ ਪੁਲਾੜ ਵਿੱਚ ਜਾਕੇ ਜੀਉਣ ਲਈ ਨਵੇਂ ਥਾਂ ਭਾਲਣੇ ਜਰੂਰੀ ਹਨ। ਨਵੇਂ ਥਾਵਾਂ ਦੀ ਲੋੜ ਹੈ। ਕਿਉਂ?
ਕਿਉਂਕਿ ਸਾਡੇ ਸੰਸਾਰ ਵਿੱਚ ਇਸ ਵੇਲੇ ਬਹੁਤ ਦੁੱਖ ਹੈ। ਆਬਾਦੀ ਵਧ ਗਈ ਹੈ। ਸੰਸਾਰ ’ਚ ਸਭ ਲਈ ਥਾਂ ਨਹੀਂ ਹੈ। ਆਦਮੀ ਤਾਂ ਬਾਲਣ ਤੋਂ ਬਿਨਾਂ ਜੀਓ ਨਹੀਂ ਸਕਦਾ। ਬਾਲਣ ਕਿਥੋਂ ਆਉਂਦਾ? ਬੰਦੇ ਦੇ ਆਲੇ ਦੁਆਲੇ ਤੋਂ। ਹਰ ਰੁੱਖ ਢਹਿਕੇ, ਧਰਤੀ ਵਿੱਚੋਂ ਤੇਲ ਚੂਸਕੇ। ਇੱਦਾਂ ਅਸੀਂ ਧਰਤੀ ਦੀ ਥਾਲੀ ਖਾਲੀ ਕਰ ਦਿੱਤੀ। ਜਨਤਾਂ ਬਹੁਤੀ ਹੋਣ ਕਰਕੇ, ਸਿਰਫ ਇੱਕ ਬੰਦਾ ਹਜ਼ਾਰਾਂ ਵਿੱਚੋਂ ਅਮੀਰ ਹੈ, ਹੋਰ ਸਭ ਗਰੀਬ ਹਨ। ਜਾਤ ਪਾਤ ਦੀ ਗੱਲ ਨਹੀਂ। ਸੱਚ ਹੈ ਕਿ ਲੋੜਾਂ ਵਧ ਗਈਆਂ। ਪਰ ਇਹਨਾਂ ਹਾਲਾਤਾਂ ਵਿੱਚ, ਕੇਵਲ ਥੋੜ੍ਹੇ ਸਾਰ ਸਕਦੇ ਨੇ। ਇਸ ਲਈ ਮਾਯਾ ਵੱਧ ਗਈ। ਲਾਲਚ ਵੱਧ ਗਿਆ। ਲੋਕ ਸਵਾਰਥੀ ਹੋ ਗਏ। ਰੱਬ ਤਾਂ ਪਿੱਛੇ ਛੱਡ ਦਿੱਤਾ ( ਉਪਰੋ ਨਹੀਂ, ਪਰ ਦਿਲ ਵਿੱਚੋਂ), ਅਤੇ ਸਿਰਫ ਧਨ ਮਗਰ ਲਾਇਨ ਲੱਗ ਗਈ। ਉਹ ਵੀ ਮਰਦ ਲਈ। ਜਨਾਨੀ ਨਾਲ ਤਾਂ ਆਦਮੀ ਬੁਰਾਈ ਕਰਦਾ ਹੈ। ਮਾਂ, ਭੈਣ ਜਾਂ ਧੀ ਨਹੀਂ ਹੈ। ਨੌਕਰਾਣੀ ਹੈ। ਬੰਦੇ ਦੇ ਅਨੰਦ ਲਈ ਹੈ। ਰੋਹਬ ਚਲਾਉਣ ਲਈ ਹੈ। ਜਦ ਦੇਵੀ ਜਨਮ ਲੈਂਦੀ ਵੀ ਹੈ, ਸਭ ਸਮਝਦੇ ਕੋਈ ਘਰ ਵਿੱਚ ਡੈਣ ਆ ਗਈ। ਮੁੰਡੇ ਲਈ ਗੱਲ ਤਾਂ ਹੋਰ ਹੀ ਹੈ। ਮਨ ਮਰਜ਼ੀ, ਖੁਲ੍ਹਾ ਡੁੱਲ੍ਹਾ, ਬਾਪ ਦੇ ਪੈਸੇ ਖਰਚੀ ਜਾਂਦਾ ਹੈ। ਖੇਤ ਵਿੱਚ ਖੁਦ ਕੰਮ ਨਹੀ ਕਰਨਾ, ਪਰ ਬਿਚਾਰੇ ਬਿਹਾਰੀ ਨੂੰ ਗਾਲ੍ਹਾਂ ਕਢਣੀਆਂ ਹੈ। ਖੇਤ ਵੀ ਕਿਥੇ ਰਹੇ? ਪੰਜਾਬ ਨੂੰ ਤਾਂ ਛੱਡ ਦਿੱਤਾ। ਹਰੇਕ ਦਾਜ ਮੰਗਦਾ, ਗੱਡੀ ਟੀ-ਵੀ ਜੋ ਮਰਜ਼ੀ; ਲਾਲਚ ਨੇ ਦੁੱਖ ਸੁੱਖ ਜੋਰ ਨਾਲ ਲਿਆਂਦੇ ਹਨ। ਅਮੀਰ ਵੱਧ ਅਮੀਰ ਹੋਈ ਜਾਂਦਾ, ਗਰੀਬ ਵੱਧ ਗਰੀਬ। ਆਪਣੇ ਮਾਹੌਲ ਦਾ, ਦੁਨੀਆ ਦੇ ਚੁਗਿਰਦੇ ਦਾ ਫਾਹਾ ਵੱਢ ਦਿੱਤਾ। ਇਨਸਾਨ ਦੀ ਅਬਾਦੀ ਵੱਧ ਗਈ, ਧਰਤੀ ਘਟੀ ਗਈ ਕਿਉਂਕਿ ਸਭ ਲਈ ਰਹਿਣ ਲਈ ਥਾਂ ਨਹੀ ਰਿਹਾ ( ਉਂਝ ਦੁਨੀਆ ਦਾ ਇੱਕ ਭੇਤ ਭਰੀ ਅੜਾਉਣੀ ਹੈ ਕਿ ਅਮੀਰ ਦੇ ਘਰ ਇੱਕ ਦੋ ਨਿਆਣੇ ਹੁੰਦੇ ਹਨ, ਪਰ ਗਰੀਬ ਘਰ ਵਿੱਚ, ਜਿਥੇ ਭੁੱਖਾ ਮਰਨਾ ਹੂੰਦਾ, ਅੱਠ ਦਸ ਹੁੰਦੇ ਹਨ)। ਇਸ ਲਈ ਝਾਤੀ ਪੁਲਾੜ ਵੱਲ ਮਾਰੀ। ਦੂਰਬੀਨ ਵਿੱਚੋਂ ਹੋਰ ਸਬਜ਼ ਸੰਸਾਰ ਦਿੱਸਦੇ ਸਨ। ਬਸ ਮੇਰਾ ਤਾਂ ਇਹੀ ਕੰਮ ਹੈ। ਤੁਹਾਡੇ ਲਈ ਨਵਾਂ ਘਰ ਟੋਲਣਾ। ਠੰਢੇ ਠਾਰ ਪੁਲਾੜ ਵਿੱਚ ਘਰ ਟੋਲਣਾ।
ਮੈਂ ਅਤੇ ਮੇਰੇ ਸਾਥੀ ਹੁਣ ਪੁਲਾੜ ਵਿੱਚ ਲੰਘਦੇ ਸਾਂ, ਜਿੱਦਾਂ ਨਿੱਕੀ ਨਿੱਕੀ ਮੱਛੀ ਖੁਲ੍ਹੇ ਸਾਗਰ ਵਿੱਚ ਸ਼ਾਰਕ ਤੋਂ ਲੁਕਣ ਲਈ ਥਾਂ ਲੱਭਦੀ ਸੀ। ਸਾਨੂੰ ਪਤਾ ਨਹੀਂ ਸੀ ਅਸੀਂ ਕਿਥੇ ਚੱਲੇ ਅਤੇ ਕਿਥੇ ਨਵਾਂ ਥਾਂ ਇਨਸਾਨਾਂ ਦੇ ਰਹਿਣ ਲਈ ਲਭਣਾ ਸੀ। ਪੁਲਾੜ-ਜਹਾਜ਼ ਦਾ ਬਾਲਣ ਵੀ ਅੰਤ ਦਾ ਸੀ। ਸਾਡੇ ਕੋਲ਼ ਸਿਰਫ ਸਾਲ ਜੋਗਾ ਬਾਲਣ ਸੀ। ਪੁਲਾੜ-ਜਹਾਜ਼ ਦਾ ਨਾਂ ਰੱਖਿਆ ਸੀ। ਜਹਾਜ਼ ਦਾ ਨਾਂ ਉੱਦਮ ਸੀ। ਉੱਦਮ ਨੇ ਸਾਰੀ ਸੂਰਜੀ-ਮੰਡਲ ਦੇ ਚੰਦ, ਨਛਤਰਾਂ ਅਤੇ ਗ੍ਰਹਿਆਂ ਦੀ ਫੋਲਾ ਫਾਲੀ ਕਰਕੇ ਪਾਣੀ ਟੋਲਿਆ। ਜਦ ਕਾਮਯਾਬ ਨਹੀਂ ਹੋਏ, ਫਿਰ ਸਾਡੇ ਮੰਡਲ ’ਚੋਂ ਬਾਹਰ ਜਾਕੇ ਨਾਲ ਵਾਲੇ ਮੰਡਲ ’ਚ ਜਾਂਚ ਕੀਤੀ।
ਉੱਦਮ ਵਿੱਚ ਪੰਜ ਜਹਾਜ਼ੀ ਸਨ। ਕਹਿਣ ਦਾ ਮਤਲਬ ਪੰਜ ਇਨਸਾਨ ਸਨ। ਮੈਨੂੰ ਗਿਣ ਕੇ ਚਾਰ ਆਦਮੀ ਅਤੇ ਇੱਕ ਔਰਤ। ਦੂਜਾ ਸਾਰਾ ਅਮਲਾ ਕਲਦਾਰਾਂ ਦਾ ਸੀ। ਮੈਨੂੰ ਤੁਸੀਂ ਦੀਪ ਸਦ ਸੱਕਦੇ ਹੋ। ਇਸ ਨਵੇਂ ਮੰਡਲ ਵਿੱਚ ਮਹੀਨਾ ਹੋਗਿਆ ਸੀ, ਜਦ ਹੈਰਾਨ ਕਰਨ ਵਾਲੀ ਘਟਨਾ ਘਟੀ। ਪੁਲਾੜੀ ਤੂਫਾਨ ’ਚ ਫਸ ਗਏ। ਉੱਦਮ ਨੂੰ ਇਧਰ ਉਧਰ ਹੁਝਕੇ ਮਾਰੇ, ਜਿੱਦਾਂ ਉੱਦਮ ਲੱਖ ਟਨ ਲੋਹੇ ਦੀ ਨਾ ਹੋਕੇ, ਪਰ ਕਿਸੇ ਬੀਬੀ ਦੇ ਹੱਥਾਂ ਵਿੱਚ ਫੁਲਕਾ ਇੱਕ ਹੱਥ ਤੋਂ ਦੂਜੇ ਹੱਥ ਜਾਂਦਾ ਹੋਵੇ; ਇਸ ਤਰ੍ਹਾਂ ਤੂਫਾਨ ਨੇ ਉੱਦਮ ਉੱਤੇ ਚੋਟਾਂ ਮਾਰੀਆ। ਬਾਹਰ ਇੱਦਾਂ ਲੱਗਦਾ ਸੀ ਜਿਵੇਂ ਰੱਬ ਨੇ ਆਪਣੇ ਹਥੌੜੇ ਨਾਲ ਭੰਨ ਭੰਨਕੇ ਹੋਰ ਹੀ ਕੁਝ ਬਣਾ ਦਿੱਤਾ। ਅਸੀਂ ਸਾਰਿਆਂ ਨੇ ਕੁਰਸੀ-ਪੇਟੀਆਂ ਪਾਕੇ ਆਪਣੇ ਆਪਣੇ ਦੇਵਤਿਆਂ ਨੂੰ ਸਲਾਮਤੀ ਰੱਖਣ ਦੀ ਬੇਨਤੀ ਕੀਤੀ। ਬਾਰੀ ਵਿੱਚੋਂ ਅੱਗੇ ਦਿਸਦਾ ਸੀ ਕਿ ਸਾਹਮਣੇ ਬਹੁਤ ਤੇਜੀ ਨਾਲ ਕੋਈ ਕਾਲਾ ਜਿਹਾ ਚੰਦ ਨੇੜੇ ਹੁੰਦਾ ਜਾ ਰਿਹਾ ਸੀ।
ਉੱਦਮ ਦਾ ਭਾਰ ਆਮ ਪੁਲਾੜ-ਜਹਾਜ਼ ਤੋਂ ਵੱਧ ਸੀ। ਇਸ ਦੀ ਵਜ੍ਹਾ ਸੀ ਕਿ ਪਾਣੀ ਭਰਣ ਲਈ ਖਾਨੇ ਸਨ। ਹੁਣ ਚੰਦ ਦੀ ਖਿਚ ਨੇ ਖਾਨਿਆਂ ਨੂੰ ਜਹਾਜ਼ ਦੇ ਪਿੰਜਰ ਤੋਂ ਪਾੜ ਕੇ ਉੱਦਮ ਦੇ ਅੱਗੇ ਚੰਦ ਵੱਲ ਭੇਜ ਦਿੱਤੇ। ਤੂਫਾਨ ਨੇ ਪਾਣੀ ਬਣਾਉਣ ਵਾਲੇ ਜੰਤਰ ਵੀ ਆਲੇ ਦੁਆਲੇ ਭੇਜ ਦਿੱਤੇ; ਹਾਰਕੇ ਚੰਦ ਦੀ ਖਿਚ ਨੇ ਸਭ ਕੁਝ ਅਪਣੇ ਵੱਲ ਧੂਹ ਲਿਆ, ਜਿੱਦਾਂ ਕੋਈ ਮਹਾਨ ਚੁੰਬਕ ਨੇ ਖਿਚੇ ਹੋਣ। ਅਸੀਂ ਉਸ ਗ੍ਰਹਿ ਦੇ ਵਾਯੂ-ਮੰਡਲ ਵਿੱਚ ਡਿੱਗ ਗਏ। ਇਸ ਦਾ ਨਤੀਜਾ ਸੀ ਕਿ ਉੱਦਮ ਦਾ ਲੋਹਾ ਗਰਮੀ ਨਾਲ ਲਾਲ ਹੋ ਗਿਆ। ਸਾਡੇ ਮਾਸ ਨੂੰ ਸੇਕ ਲੱਗਿਆ। ਸਰੀਰ ਦੇ ਇਸ ਭਖਾਅ ਨੂੰ ਸਹਿ ਨਹੀਂ ਸਕਦੇ ਸੀ। ਬਹੁਤ ਸੇਕ ਲੱਗਦਾ ਸੀ। ਸਾਨੂੰ ਲਗਦਾ ਸੀ ਕਿ ਧਰਤੀ ਉੱਤੇ ਪੱਥਰਾਂ ਨੇ ਸਾਡੇ ਹਜ਼ਾਰ ਟੁਕੜੇ ਬਣਾ ਦੇਣੇ। ਮੈ ਉੱਦਮ ਦੀ ਘੜੀ ਵੱਲ ਝਾਤੀ ਮਾਰੀ। ਮੈ ਹੋਰ ਹੈਰਾਨ ਹੋਗਿਆ ਜਦ ਦੇਖਿਆ ਕਿ ਟਾਇਮ ਇਕ ਹਜ਼ਾਰ ਵਰ੍ਹਾਂ ਅੱਗੇ ਚੱਲੇ ਗਿਆ ਸੀ। ਮੈ ਆਪਨੇ ਆਪਨੂੰ ਧਮਾਕੇ ਲਈ ਤਿਆਰ ਕਰ ਲਿਆ। ਪਰ ਕੋਈ ਪੱਥਰ ਵਾਲੀ ਧਰਤੀ ਵਿਚ ਨਹੀਂ ਵੱਜੇ। ਅਸੀਂ ਸਮੁੰਦਰ ਵਿੱਚ ਖੜਕ ਦੇਣੀ ਵੱਜੇ! ਪਾਣੀ, ਸੁਧਾ ਪਾਣੀ! ਚਾਰੇ ਪਾਸੇ
ਅਸੀਂ ਬਾਰੀਆਂ ਵਿੱਚੋਂ ਬਾਹਰ ਤਾੜਿਆ। ਸਾਰੇ ਪਾਸੇ ਪਾਣੀ ਸੀ। ਉੱਦਮ ਦੇ ਔਜ਼ਾਰਾਂ ਨਾਲ ਸਕੈਨ ਕੀਤਾ। ਸ਼ਾਬਾਸ਼! ਸਾਨੂੰ ਪਾਣੀ ਵਾਲੀ ਦੁਨੀਆ ਲੱਭ ਗਈ! ਪਰ ਕੋਈ ਧਰਤੀ ਨਹੀਂ ਸੀ। ਉੱਦਮ ਸਾਗਰ ਵਿੱਚ ਡੁਬਣ ਲੱਗ ਗਿਆ। ਅਸੀਂ ਕੁਰਸੀ-ਪੇਟੀਆਂ ਖੋਲ੍ਹੀਆਂ। ਸਾਰੇ ਬੰਦੇ ਇਸ ਹਾਦਸੇ ਵਿਚ ਨਹੀਂ ਬਚੇ। ਦੋ ਸਾਥੀ ਸਦਾ ਲਈ ਅੱਖਾਂ ਮੀਟ ਗਏ। ਇੱਕ ਸਾਥੀ ਅਤੇ ਸਾਡੀ ਇਕੱਲੀ ਸਹੇਲੀ। ਪਰ ਅਸੀਂ ਓਨ੍ਹਾਂ ਲਈ ਕੁਝ ਨਹੀਂ ਕਰ ਸਕਦੇ ਸੀ। ਡੁਬਣ ਤੋਂ ਆਪਣੇ ਆਪਨੂੰ ਬਚਾਉਣਾ ਸੀ। ਅਸੀਂ ਹਵਾ ਭਰਨ ਵਾਲੀ ਕਿਸ਼ਤੀ ਬਾਹਰ ਪਾਣੀ ਵਿੱਚ ਸਿਟ ਦਿੱਤੀ। ਤਿੰਨ ਹੀ ਸਵਾਰ ਰਹਿ ਗਏ। ਡਿੰਗੀ ਵਿੱਚ ਮੇਰੇ ਨਾਲ ਮੀਕਾ ਅਤੇ ਸੋਹਨ ਸਨ। ਕਲਦਾਰਾਂ ਨੇ ਸਾਡੀ ਮਦਦ ਕੀਤੀ ਸੀ, ਡਿੰਗੀ ਵਿੱਚ ਵੜਣ, ਪਰ ਇਨਸਾਨ ਨੂੰ ਬੱਚਾਕੇ ਖੁਦ ਉੱਦਮ ਨਾਲ ਸਮੁੰਦਰ ਦੇ ਪੇਟ ਵਿੱਚ ਹਜ਼ਮ ਹੋ ਗਏ। ਅਸੀਂ ਤਿੰਨ ਬਚੇ ਹੀ ਸਾਂ। ਕਲਦਾਰ ਕਈ ਸਨ। ਪਰ ਸਾਡੇ ਸੰਸਾਰ ਵਿੱਚ ਸਾਡੀ ਜਾਤ ਨੂੰ ਇੰਨ੍ਹਾਂ ਤੋਂ ਉਪਰ ਰਖਿਆ ਗਿਆ ਸੀ ਅਤੇ ਗੁਲਾਮਾਂ ਨੂੰ ਹੇਠਾ।
- ਪਾਣੀ ਲੱਭ ਗਿਆ! ਸਾਲਾ ਸਮੁੰਦਰ! – ਸੋਹਨ ਨੇ ਉੱਚੀ ਦੇਣੀ ਗਾਲ੍ਹ ਕੱਢੀ।
- ਆਹੋ! ਹੁਣ ਅਸੀਂ ਆਦਮ ਜਾਤ ਨੂੰ ਬਚਾ ਸੱਕਦੇ ਹਾਂ! – ਕਟਾਕਸ਼ ਨਾਲ ਮੀਕੇ ਨੇ ਉਤਰ ਦਿੱਤਾ।
- ਪਹਿਲਾ ਤਾਂ ਆਪਾਂ ਬੱਚੀਏ – ਮੈ ਨੇ ਕਿਹਾ।
- ਹਾਂ! ਦੀਪਾ ਆਪਾਂ ਕਿਸੇ ਅਣਜਾਣ ਨਛੱਤਰ ’ਤੇ ਸਮੁੰਦਰ ’ਚ ਡਾਵਾਂ ਡੋਲ ਹਾਂ। ਆਲੇ ਦੁਆਲੇ ਕੋਈ ਧਰਤੀ ਨਹੀਂ ਹੈ। ਸਾਡਾ ਇੱਕ ਰਾਹ ਸੀ ਇਥੋਂ ਘਰ ਵਾਪਸ ਜਾਣਾ, ਨਾਲੇ ਸਾਡੇ ਸੰਸਾਰ ਨੂੰ ਸੂਚਿਤ ਕਰਨਾ। ਓਹ ਡੁੱਬ ਗਿਆ। ਹੁਣ ਤਾਂ ਕੋਈ ਵੀ ਖ਼ਤਰਨਾਕ ਜੀਵ ਸਾਨੂੰ ਖਾ ਸਕਦਾ। ਡੁਬਣ ਤੋਂ ਤਾਂ ਬੱਚ ਗਏ! ਜਦ ਸਾਰਾ ਰਾਸ਼ਨ ਮੁਕ ਗਿਆ, ਭੁੱਖ ਨਾਲ ਮਰ ਜਾਵਾਂਗੇ! ਵਾਹ ਵਾਹ!- ਖਿੱਝ ਵਿੱਚ ਸੋਹਨ ਨੇ ਥੁਕਿਆ।
- ਭੁੱਖ ਦਾ ਚੇਤਾ ਭੁਲਾ ਦੇ ਸੋਹਨ। ਧਿਆਹ ਕਦੀ ਨਹੀਂ ਲੱਗਣੀ!- ਮੀਕਾ ਹੱਸਣ ਲੱਗ ਪਿਆ।
- ਆਹੋ। ਸਾਡਾ ਮਿਸ਼ਨ ਕਾਮਯਾਬ ਹੋਗਿਆ! ਪਾਣੀ ਤਾਂ ਲੱਭ ਗਿਆ! – ਮੈਂ ਵੀ ਹੱਸਣ ਲੱਗ ਪਿਆ। ਹੋਰ ਕਰ ਵੀ ਕੀ ਸੱਕਦਾ ਸੀ?
ਬੱਸ ਇੱਦਾਂ ਕਈ ਦਿਨਾਂ ਲਈ ਨਿਥਾਵੇਂ ਸਾਂ। ਉਪਰ ਅੰਬਰ ਨੀਲਾ ਨਹੀਂ ਸੀ ਪਰ ਲਾਲ ਜਿਹਾ ਸੀ। ਪਾਣੀ ਵੀ ਅਜੀਬ ਸੀ। ਹਲਕਾ ਗੁਲਾਬੀ ਰੰਗ ਦਾ ਸੀ। ਅੰਬਰ ਤਾਂ ਸਮੁੰਦਰ ਦਾ ਪਰਛਾਵਾਂ ਹੀ ਹੁੰਦਾ ਸੀ। ਤਾਈ ਤਾ ਸਾਡੇ ਸੰਸਾਰ ਵਿੱਚ ਨੀਲਾ ਰੰਗ ਦਾ ਸੀ। ਉਪਰ ਇੱਕ ਸੂਰਜ ਤਾਂ ਨਹੀਂ, ਪਰ ਦੋਆਂ ਤੋਂ ਸੇਕ ਆਉਂਦਾ ਸੀ। ਉਂਝ ਸਾਡੇ ਕੋਲ਼ੇ ਟੋਰਚਾਂ ਹਨ, ਪਰ ਫਿਰ ਵੀ ਹਨੇਰੇ ਨੇ ਸਾਨੂੰ ਫਿਕਰ ਨਾਲ ਖਾ ਲਿਆ। ਰਾਤ ਦਾ ਸਾਏ ਵਿੱਚ ਕੁਝ ਨਹੀਂ ਦੀਂਦਾ ਕਰਕੇ ਮੱਛੀਆਂ ਤੋਂ ਵੀ ਡਰ ਲੱਗਦਾ ਸੀ। ਕਿਉਂ ਨਹੀਂ; ਜਿਵੇਂ ਕਿਵੇਂ ਦੀਆਂ ਮੱਛੀਆਂ ਇਸ ਪਾਣੀ ਵਿੱਚ ਹੋ ਸੱਕਦੀਆਂ ਸਨ।
ਪੰਜ ਦਿਨਾਂ ਲਈ ਜਿਥੇ ਲਹਿਰ ਲੈ ਗਈ, ਚੱਲੇ ਗਏ। ਹੌਲੀ ਹੌਲੀ ਸਾਡਾ ਖਾਣਾ ਖਤਮ ਹੋਗਿਆ। ਫਿਰ ਅਸੀਂ ਪਾਣੀ ਵਿੱਚੋਂ ਮੱਛੀਆਂ ਨੂੰ ਫੜਣ ਦੀ ਕੋਸ਼ਿਸ਼ ਕੀਤੀ। ਕੁਝ ਨਹੀਂ ਮਿਲਿਆ। ਜਦ ਦਿਨ ਸੀ, ਗਰਮੀ ਚੁਭਦੀ ਸੀ ( ਅੰਬਰ ਵਿੱਚ ਦੋ ਸੂਰਜ ਸਨ), ਜਦ ਰਾਤ ਆਉਂਦੀ, ਬਰਫ ਤੋਂ ਵੀ ਵੱਧ ਠੰਢੀ ਹੋ ਜਾਂਦੀ ਸੀ। ਚੰਦ ਨਾ ਹੋਣ ਕਰਕੇ ਲਹਿਰਾਂ ਵੀ ਮੱਠੀਆਂ ਸਨ। ਕੋਈ ਕੋਈ ਦਿਨ ਤਾਂ ਇੱਕ ਹੀ ਥਾਂ’ਚ ਬੀਤ ਜਾਂਦੇ ਸੀ। ਮੀਕੇ ਨੇ ਬਰਛਾ ਬਣਾ ਲਿਆ ਸੀ। ਡਿੰਗੀ ਦੇ ਪਾਸੇ ਖੜ੍ਹਕੇ ਨੀਝ ਲਾ ਕੇ ਨਿਤ ਨਿਤ ਸਮੁੰਦਰ ਵੱਲ ਤੱਕਦਾ ਸੀ। ਪਰ ਪਾਣੀ ਤਾਂ ਖਾਮੋਸ਼ ਸੀ। ਜਦ ਸਭ ਕੁਝ ਮੁਕ ਗਿਆ, ਅਸੀਂ ਸਾਗਰ’ਚੋਂ ਪੀਣ ਲੱਗ ਪਏ। ਲੂਣਾ ਪਾਣੀ ਸੀ, ਪਰ ਓਨਾ ਵੀ ਨਹੀਂ, ਜਿੰਨ੍ਹਾ ਅਸੀਂ ਸੋੱਚਿਆਂ। ਮਿਸਰੀ ਵਾਂਗ ਮਿੱਠਾ ਵੀ ਨਹੀਂ ਸੀ। ਹਾਰਕੇ ਪਾਣੀ ਵਿੱਚ ਕੁਝ ਦਿਸ ਗਿਆ। ਜੋਰ ਦੇਣੀ ਬਰਛਾ ਨੂੰ ਜਲ ਵਿੱਚ ਚੋਭ ਕੇ ਮੀਕੇ ਨੇ ਕੁਝ ਕੱਢ ਲਿਆ। ਬਹੁਤ ਅਨੋਖੀ ਮੱਛੀ ਸੀ। ਸੱਪ ਵਾਂਗ ਲੰਭੀ ਸੀ, ਚਮੜੀ ਲਾਲ। ਲਿਸ਼ਕਾਂ ਮਾਰਦੀ ਸੀ। ਅੱਸੀਂ ਤਾਂ ਰਜਕੇ ਖਾਧੀ, ਭਾਵੇਂ ਖਾ ਕੇ ਜਹਿਰ ਨਾਲ ਮਾਰ ਜਾਂਦੇ। ਇਸ ਤੋਂ ਬਾਅਦ ਸਮੁੰਦਰ ਸਾਨੂੰ ਆਸ ਦੇਣ ਲੱਗ ਪਿਆ। ਰੋਜ ਇੱਕ ਦੋ ਮੱਛੀਆਂ ਮਿਲ ਜਾਂਦੀਆਂ ਸਨ।
ਟਾਇਮ ਨਾਲ ਸਾਡੇ ਕਪੜਿਆਂ ਦੀਆਂ ਲੀਰਾਂ ਬਣ ਗਈਆਂ, ਮੁਖ ਉੱਤੇ ਦਾੜ੍ਹੀਆਂ ਚੜ੍ਹ ਗਈਆਂ। ਦੇਖਣ ਵਿੱਚ ਬਾਬੇ ਲੱਗਦੇ ਸਾਂ। ਉਂਝ ਆਲੇ ਦੁਆਲੇ ਬਥੇਰਾ ਪਾਣੀ ਸੀ, ਪਰ ਅੱਸੀਂ ਨ੍ਹਾਏ ਨਹੀਂ ਸੀ। ਪਿੰਡੇ ਬਦਬੂ ਮਾਰਦੇ ਸੀ।
ਮੀਕੇ ਅਤੇ ਸੋਹਨ ਦੇ ਕਈ ਝਗੜੇ ਹੋਏ, ਮੱਛੀਆਂ ਕਰਕੇ। ਸੌਣ ਦੇ ਥਾਂ ਉੱਤੇ ਅਤੇ ਜਿੰਦਗੀ ਦੇ ਮਤਲਬ ਉੱਤੇ। ਇੱਕ ਰਾਤ ਸਾਨੂੰ ਪਾਣੀ ਵਿੱਚੋਂ ਅਜੀਬ ਜਿਹਾ ਖੜਾਕ ਸੁਣਿਆ। ਅੱਸੀਂ ਸਾਰੀ ਰਾਤ ਜਾਗੇ। ਜਦ ਦਿਨ ਚੜ੍ਹਿਆ, ਸਭ ਥੱਕੇ ਅੱਕੇ ਸਨ। ਬਹੁਤ ਗ਼ਲਤੀ ਸੀ। ਬਹੁਤ ਗ਼ਲਤੀ। ਸੋਹਨ ਨੂੰ ਪਤਾ ਵੀ ਨਹੀਂ ਲੱਗਿਆ ਕਦ ਪਾਣੀ ਵਿੱਚੋਂ ਲੰਭੀ ਤਾਰ ਟੋਹ ਟੋਹ ਕੇ ਉਸਨੂੰ ਸਮੁੰਦਰ ਵਿੱਚ ਘੜੀਸ ਕੇ ਲੈ ਗਈ। ਮੀਕੇ ਨੇ ਟੋਹਣੀ ਦੇ ਬਰਛਾ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਫਾਇਦਾ ਨਹੀਂ ਸੀ। ਸੋਹਨ ਸਮੁੰਦਰ ਵਿੱਚ ਕੋਈ ਤੰਦੂਏ ਵਰਗੇ, ਜਾ ਕਲਾਮਾਰੀ ਵਰਗੀ ਚੀਜ਼ ਦਾ ਖਾਣਾ ਬਣ ਗਿਆ। ਸੱਪਲੀਆਂ ਵਾਂਗ, ਹੋਰ ਤਾਰਾਂ ਡਿੰਗੀ ਨੂੰ ਛੋਹਦੀਆਂ ਸਨ। ਹਰੇਕ ਦੇ ਮਾਸ ਵਿੱਚ ਮੀਕੇ ਨੇ ਬਰਛਾ ਖੋਭ ਦਿੱਤਾ। ਫਿਰ ਇੱਕ ਦੰਮ ਦੁਨੀਆ ਖਮੋਸ਼ੀ ਨਾਲ ਭਰ ਗਈ।
ਮੇਰੇ ਹੱਥ ਫਲੈਰ-ਗਨ ਸੀ, ਮੀਕੇ ਦੇ ਬਰਛਾ। ਮੈਂ ਇੱਕ ਪਾਸੇ ਤੱਕਦਾ ਸਾਂ, ਓਹ ਦੂਜੇ ਪਾਸੇ। ਮੀਕਾ ਨਾਲ ਹੀਂ ਨਾਲ ਕੰਬਦਾ ਵੀ ਸੀ। ਡਰਦਾ ਤਾਂ ਮੈਂ ਵੀ ਸੀ, ਪਰ ਖ਼ਤਰੇ ਵਿੱਚ ਆਪਨੂੰ ਸੰਭਾਲ ਕੇ ਰੱਖਿਆ।
- ਹੁਣ ਕੀ ਕਰੀਏ?- ਮੀਕੇ ਨੇ ਆਖਿਆ।
- ਠਹਿਰ। ਹਿਲ ਨਾ। ਕੀ ਪਤਾ ਬਚਾਰੇ ਸੋਹਨ ਨੂੰ ਹਜ਼ਮ ਕਰਦਾ ਐ। ਕੀ ਪਤਾ ਸਾਨੂੰ ਛੱਡ ਦੇਵੇਗਾ-
- ਤੂੰ ਕੀ ਕਹਿੰਦਾ ਏ? ਸਾਡੇ ਮਿੱਤਰ ਬਾਰੇ ਇੱਦਾਂ ਕਿਵੇਂ ਕਹਿ ਸੱਕਦਾ?-
- ਵੀਰਾ ਅਪਣੇ ਆਪ ਨੂੰ ਸੰਭਾਲ। ਬਾਅਦ ਝੂਰਾਂਗੇ। ਜੇ ਅੱਸੀਂ ਜੀਉਂਦੇ ਰਹੇ-। ਮੈਂ ਠਰ੍ਹੰਮੇ ਨਾਲ ਉੱਤਰ ਦਿੱਤਾ।
ਫਿਰ ਸੋੱਚ ਤੋਂ ਵੀ ਤੇਜੀ ਨਾਲ ਦੋ ਟੋਹਣੀਆਂ ਨੇ ਡਿੰਗੀ ਚੱਕ ਕੇ ਪਾਣੀ ਵਿੱਚ ਮਾਰੀ। ਮੀਕੇ ਨੇ ਬਰਛਾ ਇੱਕ ਤਾਰ ਵਿੱਚ ਫਸਾ ਦਿੱਤਾ, ਪਰ ਖੁਦ ਪਾਣੀ ਵਿੱਚ ਡਿੱਗ ਗਿਆ। ਮੈਂ ਕੋਸ਼ਸ਼ ਕੀਤਾ ਫਲੈਰ ਗਨ ਤਾਰਾਂ ਟੋਹਣੀਆਂ ਵੱਲ ਚਲਾਉਣ, ਪਰ ਮੇਰੇ ਹੱਥ ਵਿੱਚੋਂ ਸਾਗਰ’ਚ ਗਨ ਡਿੱਗ ਗਈ। ਮੈਂ ਜੋਰ ਦੇਣੀ ਪਾਣੀ ਵਿੱਚ ਹੱਥ ਪੈਰ ਮਾਰੇ। ਪਾਣੀ ਬਹੁਤ ਤੱਤਾ ਸੀ। ਹੁਣ ਮੈਨੂੰ ਵੀ ਡਰ ਬਹੁਤ ਲੱਗਿਆ। ਮੱਛ ਜਿਥੋਂ ਮਰਜ਼ੀ ਮੈਨੂੰ ਫੜ੍ਹ ਕੇ ਖਾ ਸੱਕਦਾ ਸੀ, ਜੀਉਂਦਾ! ਨਹੀਂ ਤਾਂ ਮੈਂ ਡੁਬਕੇ ਹੀ ਮਰ ਜਾਣਾ ਸੀ। ਹਾਲੇ ਲੰਭੀਆਂ ਤਾਰਾਂ ਸਾਨੂੰ ਫੋਲਦੇ ਸਨ, ਜਦ ਪਾਣੀ ਵਿੱਚੋਂ ਤਿੰਨ ਅਜੀਬ ਝੀਂਗੇ ਵਰਗੇ ਜੀਵਾਂ ਨੇ ਸਾਨੂੰ ਕਾਬੂ ਕਰ ਲਿਆ! ਅੱਸੀਂ ਸਾਹ ਵਿੱਚ ਸਾਹ ਭਰਨ ਦੀ ਕੋਸ਼ਸ਼ ਕੀਤੀ, ਪਰ ਪਾਣੀ ਵਿੱਚ ਕਿਵੇਂ ਸਾਹ ਭਰ ਸੱਕਦੇ ਸੀ? ਪਾਣੀ ਉਪਰ ਜਾਣ ਦੇ ਥਾਂ ਸਗੌਂ ਸਾਨੂੰ ਡੂੰਘੇ ਡੂੰਘੇ ਪਾਣੀ ਦੇ ਪੇਟ ਵਿੱਚ ਲੈ ਗਏ। ਮੈਂ ਤਾਂ ਬੇਸੁੱਧ ਹੋਗਿਆ।
ਸੁਪਣਾ ਸੀ। ਜਰੂਰ ਭਿਆਨਕ ਸੁਪਣਾ। ਹੋਰ ਕੀ ਹੋ ਸੱਕਦਾ ਸੀ? ਮੇਰੀ ਨੀਂਦ ਟੁੱਟ ਗਈ। ਹੁਣ ਆਪਣੇ ਬੇਡ ਵਿੱਚ ਪਿਆ ਹੋਵੇਗਾ, ਉੱਦਮ ਵਿੱਚ। ਪਰ ਜਦ ਅੱਖਾਂ ਖੋਲ੍ਹੀਆਂ ਮੈਂ ਤਾਂ ਕਿਸੇ ਅਨੋਖੇ ਕਮਰੇ ਵਿੱਚ ਸੀ। ਮੇਰੀ ਬੇਡ ਪਲੰਘ ਦੇ ਥਾਂ ਕੋਈ ਸਮੁੰਦਰ ਦਾ ਕੌਡਾ ਸੀ। ਮੈਂ ਨੰਗਾ ਸਾਂ। ਪਰ ਠੰਢਾ ਨਹੀਂ, ਕਿਉਂਕਿ ਕਮਰਾ ( ਦੇੱਖਣ’ਚ ਤਾਂ ਗੁਫਾ ਜਾਪਦਾ ਸੀ)। ਕੋਸਾ ਸੀ। ਕੰਧਾਂ ਲਿਸ਼ਕ ਦੀਆਂ ਸਨ। ਮੈਂ ਉੱਠ ਕੇ ਨੇੜੇ ਜਾਕੇ ਕੰਧ ਦੀ ਪੜਤਾਲ ਕੀਤੀ। ਕੰਧ ਵਿੱਚ ਹੀਰੇ ਸਨ। ਮੈ ਹੱਥ ਨਾਲ ਹੀਰਿਆਂ ਨੋ ਛੋਇਆ। ਅਸਲੀ ਕੰਧ ਸੀ, ਅਸਲੀ ਹੀਰੇ ਸਨ।ਫਿਰ ਸੁਪਣਾ ਨਹੀਂ ਸੀ। ਮੈਂ ਜੋ ਹੋਇਆ ਵੱਲ ਵਾਪਸ ਝਾਤ ਮਾਰੀ। ਉੱਦਮ ਦਾ ਹਾਦਸਾ ਵੱਲ। ਸੋਹਨ ਦੀ ਮੌਤ ਵੱਲ। ਸਭ ਸੱਚ ਸੀ। ਆਖਰੀ ਯਾਦ ਪਾਣੀ ਵਿੱਚ ਝੀਂਗੇ ਸਾਨੂੰ ਖਿਚ ਦੇ ਸੀ। ਲੱਗਦਾ ਕਲਾਮਾਰੀ ਤੋਂ ਬੱਚਾ ਦਿੱਤਾ। ਮੈਨੂੰ ਤਾਂ ਅਰਮਾਨ ਹੋਣਾ ਚਾਹੀਦਾ, ਪਰ ਮੈਂ ਤਾਂ ਚਿੰਤਾ ਨਾਲ ਭਰਿਆ ਸੀ। ਆਲੇ ਦੁਆਲੇ ਮੈਂ ਤੱਕਿਆ। ਬੂਹਾ ਕਿਤੇ ਨਹੀਂ ਦਿੱਸਦਾ ਸੀ। ਮੈਨੂੰ ਕੋਈ ਥਾਣੇ ਦੇ ਬੰਦੀਖਾਣੇ ਵਿੱਚ ਰਖਿਆ? ਮੇਰੇ ਲਈ ਕੁਝ ਕਰਨ ਲਈ ਨਹੀਂ ਸੀ। ਮੈਂ ਫਰਸ਼ ਉ੍ਤੇ ਬਹਿ ਗਿਆ। ਦਾੜ੍ਹੀ ਵਿੱਚ ਉਂਗਲੀਆਂ ਫੇਰੀਆਂ। ਕੇਸਾਂ ਨੋ ਜੂੜਾ’ਚ ਬਣਾਉਣ ਦੀ ਕੋਸ਼ਸ਼ ਕੀਤਾ। ਦੇਖਣ ਵਾਲੇ ਨੂੰ ਤਾਂ ਮੈਂ ਸਾਧੂ ਲੱਗਦਾ ਹੋਵਾਂਗਾ, ਜਾ ਉਦਾਸੀ। ਫਿਰ ਮੇਰੇ ਸਾਹਮਣੇ ਫਰਸ਼ ਦਾ ਇੱਕ ਹਿਸਾ ਧਰਤੀ ਵਿੱਚ ਡੁੱਬਣ ਲੱਗ ਗਿਆ। ਜਿੰਨ੍ਹਾ ਡੁਬੇ ੳਨ੍ਹਾਂ ਪਾਣੀ ਕਮਰੇ ਇਸ ਰਾਹ ਆਉਣ ਲੱਗ ਪਿਆ। ਮੈਂ ਡਰ ਗਿਆ। ਆਲੇ ਦੁਆਲੇ ਤੱਕਦੇ ਨੇ ਮੈਂ ਇੱਕ ਵੱਡੀ ਸਾਰੀ ਕੌਡੀ ਤਾੜ ਲਈ। ਸਾਹ ਭਰਕੇ ਮੂੰਹ ਉੱਤੇ ਰੱਖ ਦਿੱਤੀ, ਕਿਉਂਕਿ ਹੁਣ ਸਾਰਾ ਕਮਰਾ ਟੈਂਕੀ ਵਾਂਗ ਪਾਣੀ ਨਾਲ ਭਰ ਗਿਆ ਸੀ। ਜਿੱਥੇ ਫਰਸ਼ ਡੁਬਿਆ ਸੀ, ਹੁਣ ਦਰ ਦੀਹਂਦਾ ਸੀ। ਇਸ ਵਿੱਚੋਂ ਲੰਬੇ ਝੀਂਗ-ਲੋਕ ਅੰਦਰ ਆ ਗਏ। ਮੇਰੇ ਵੱਲ ਤੁਰਕੇ ਆ ਗਏ, ਪਰ ਮੈਂ ਤਾਂ ਪਾਣੀ ਵਿੱਚ ਲੱਤਾਂ ਬਾਹਾਂ ਮਾਰਦਾ ਡਰਦਾ ਰਹਿ ਗਿਆ। ਝੀਂਗਿਆਂ ਨੇ ਅਪਣੇ ਜਮੂਰਾਂ ਨਾਲ ਮੇਰੀਆਂ ਬਾਹਾਂ ਫੜ ਲੀਆਂ, ਅਤੇ ਹੁਣ ਤਰਕੇ ਮੈਨੂੰ ਕਮਰੇ ਵਿੱਚੋਂ ਬਾਹਰ ਲੈ ਗਏ। ਇੱਕ ਨੇ ਕੌਡੀ ਪਾਸੇ ਧੱਕ ਕੇ ਮੇਰੇ ਮੁਖ ਉੱਤੇ ਕੋਈ ਸਾਹ ਲੈਣ ਵਾਲਾ ਨਕਾਬ ਲਾ ਦਿੱਤਾ।
ਮੈਨੂੰ ਕੋਈ ਅਦਾਲਤ ਵਰਗੇ ਕਮਰੇ ਵਿੱਚ ਟਿੱਕਾ ਦਿੱਤਾ। ਕਮਰੇ ਦੇ ਗੱਭੇ ਇੱਕ ਕੱਚ ਵਰਗੀ ਕੰਧ ਸੀ। ਦੂਜੇ ਪਾਸੇ ਪੱਥਰ ਸਨ। ਮੇਰੇ ਪਾਸੇ ਵਿੱਚੋਂ ਪਾਣੀ ਖਾਲੀ ਕਰ ਦਿੱਤਾ। ਦੂਜੇ ਪਾਸੇ ਹਾਲੇ ਪਾਣੀ ਸੀ। ਇੱਕ ਕਿਸਮ ਦਾ ਤਲਾਅ ਸੀ। ਉਧਰਲੇ ਪਾਸੇ ਫਿਰ ਇੱਕ ਕੰਧ ਖੁਲ੍ਹੀ ਅਤੇ ਪੰਜ ਝੀਂਗ-ਲੋਕ ਅੰਦਰ ਵੜਕੇ ਅਪਣੇ ਆਪਣੇ ਥਾਵਾਂ ਪੱਥਰਾਂ ਉਪਰ ਟਿੱਕ ਗਏ। ਮੈਨੂੰ ਮਹਿਸੂਸ ਹੋਇਆ ਕਿ ਓਨ੍ਹਾਂ ਦੇ ਮਨ ਵਿੱਚ ਮੈਂ ਤਲਾ ਵਿੱਚ ਸੀ, ਅਤੇ ਓਹ ਬਾਹਰੋ ਮੇਰੇ ਵੱਲ ਤੱਕਦੇ ਸਨ।ਪੰਚਾਇਤ ਸੀ। ਇਹ ਝੀਂਗ-ਲੋਕਾਂ ਦੀ ਪੰਚਾਇਤ ਸੀ। ਮੇਰਾ ਕੱਚ ਦੇ ਦੂਜੇ ਪਾਸਿਓ ਮੁਲਾਹਜ਼ਾ ਕਰ ਰਹੇ ਸਨ। ਨਹੀਂ ਤਾਂ ਅਦਾਲਤ ਸੀ, ਨਹੀਂ ਤਾਂ ਕੋਈ ਡਾਕਟਰਾਂ ਦਾ ਨੀਝਸ਼ਾਲਾ। ਮੈਂ ਨਕਾਬ ਲਾਹ ਦਿੱਤਾ। - ਹੇੱਲੋ- ਮੈਂ ਪੰਚਾਇਤ ਨੂੰ ਸੰਬੋਧਨ ਕੀਤਾ। ਜਵਾਬ ਵਿੱਚ ਚੀਕਾਂ ਅਤੇ ਹੋਰ ਅਜੀਬ ਆਵਾਜ਼ਾਂ ਆਈਆਂ। ਮੈਂ ਸੁਣਕੇ ਡਰ ਗਿਆ। ਮੈਨੂੰ ਸੋਚ ਆਈ ਇਹ ਪਰਖ ਹੋਵੇਗੀ ਜਾਂ ਜਿੱਦਾਂ ਬੰਦੇ ਜਾਨਵਾਰਾਂ ਨਾਲ ਕਰਦੇ, ਇੱਦਾਂ ਮੇਰੇ ਉੱਤੇ ਨਾ ਕਰਨ। ਇੰਨ੍ਹਾਂ ਲਈ ਤਾਂ ਮੈਂ ਅਨੋਖਾ ਜਿਹਾ ਜੀਵ ਸੀ। ਧੁੰਦਲਾ ਜਿਹਾ ਖ਼ਿਆਲ ਹੀ ਸੀ, ਕਿ ਮੇਰੇ ਨਾਲ ਕੀ ਬੀਤਣ ਵਾਲਾ ਹੈ। ੳਨ੍ਹਾਂ ਨੇ ਜਰੂਰ ਅਪਣੇ ਵੱਲੋਂ ਮੈਨੂੰ ਕੁਝ ਸੁਆਲ ਆਖੇ। ਮੈਂ ਵੀ ਆਪਣੇ ਵੱਲੋ ਬਹੁਤ ਪੁੱਛਿਆ, ਪਰ ਸਾਡੀਆਂ ਬੋਲੀਆਂ ਅੱਡ ਸਨ। ਇੱਦਾਂ ਰੋਜ ਮੇਰੇ ਨਾਲ ਕਰਦੇ ਸੀ। ਹਰ ਦਿਨ ਇਸ ਕਮਰੇ ਵਿੱਚ ਖੜ੍ਹਾਕੇ ਸੁਆਲ ਪੁੱਛਦੇ ਸੀ। ਪਰ ਸਾਡੀਆਂ ਬੋਲੀਆਂ ਅਲੱਗ ਸਨ। ਇੱਦਾਂ ਰੋਜ ਮੈਨੂੰ ਕਰਦੇ ਸੀ। ਹਰ ਦਿਨ ਇਸ ਕਮਰੇ ਵਿੱਚ ਖੜ੍ਹਾਕੇ ਸੁਆਲ ਪੁੱਛ ਦੇ ਸੀ। ਕਿਸ ਦੇ ਕੁਝ ਨਹੀਂ ਪੱਲੇ ਪਿਆ। ਮੇਰੀਆਂ ਗੱਲਾਂ ੳਨ੍ਹਾਂ ਨੂੰ ਅਜੀਬ ਲੱਗ ਦੀਆਂ; ਅਤੇ ਮੈਨੂੰ ਉਨ੍ਹਾਂ ਦੀਆਂ। ਨਿਤ ਨਿਤ ਮੈਨੂੰ ਸਮੁੰਦਰ ਦੇ ਅਜੀਬ ਮੱਛੀਆਂ ਦਾ ਬਣਾਇਆ ਖਾਣਾ ਪੀਣਾ ਦੇਂਦੇ ਸੀ। ਇੱਦਾਂ ਹਫਤੇ, ਫਿਰ ਮਹੀਨੇ ( ਕੀ ਪਤਾ ਇੱਕ ਦੋ ਸਾਲ) ਬੀਤ ਗਏ। ਇੱਕ ਬਾਰੀ ਮੈਨੂੰ ਪਾਣੀ ਵਿੱਚ ਹੀ ਰੱਖਿਆ। ਇੱਕ ਦੋਂ ਝੀਂਗੇ ਮੇਰੇ ਵੱਲ ਆ ਗਏ।ਉਨ੍ਹਾਂ ਨੇ ਮੈਨੂੰ ਛੋਹਿਆ। ਡਰ ਨਾਲ ( ਕੀ ਪਤਾ ਮੈਨੂੰ ਕੀ ਕਰਨ ਲੱਗੇ ਸੀ!) ਮੇਰੀਆਂ ਨਾੜੀ ਨਾੜੀ ਵਿੱਚ ਲਹੂ ਪਿਆ ਗੇੜੇ ਲਾਉਂਦਾ, ਪਰ ਕੁਝ ਬੁਰਾ ਨਹੀਂ ਕੀਤਾ। ਜਦ ਮੈਂ ਉਸ ਸ਼ੀਸ਼ੇ ਦੇ ਸਾਹਮਣੇ ਹੁੰਦਾ ਸੀ, ਮੈਂ ਕੋਸ਼ਸ਼ ਕੀਤੀ ਉਨ੍ਹਾਂ ਨੂੰ ਮੇਰੀ ਬੋਲੀ ਸਮਝਾਉਣ ਦੀ। ਝੀਂਗਿਆਂ ਨੇ ਵੀ ਕੋਸ਼ਸ਼ ਕੀਤੀ। ਦਿਨੋ ਦਿਨ ਅਸੀਂ ਆਪਣੀ ਨਵੀ ਭਾਸ਼ਾ ਬਣਾ ਲਈ। ਅੱਧੀ ਪੰਜਾਬੀ, ਅੱਧੀ ਝੀਂਗੀ। ਨਤੀਜਾ ਸੀ ਮੈਂ ਉਨ੍ਹਾਂ ਨੋ ਸਮਝਣ ਲੱਗ ਪਿਆ ਅਤੇ ਓਹ ਮੈਨੂੰ ਵੀ ਸਮਝਣ ਲੱਗ ਪਏ। ਹੁਣ ਸਾਡੀਆਂ ਗੱਲਾਂ ਬਾਤਾਂ ਸਮਝਦਾਰ ਸਾਰਥਕ ਨਾਲ ਭਰੀਆਂ ਸਨ। ਇਸ ਅਰਥ ਦੀ ਲੋੜ ਸੀ ਆਦਾਨ ਪ੍ਰਦਾਨ ਲਈ।
ਝੀਂਗਿਆਂ ਨੇ ਮੈਨੂੰ ਆਖਿਆ, ਤੂੰ ਕੋਣ ਹੈ? ਕਿੱਥੋਂ ਹੈ? ਜਦ ਮੈਂ ਸਮਝਾਇਆ, ਕਿ ਮੈਂ ਹੋਰ ਭੂਮੀ ਤੋਂ ਹਾਂ, ਦੋ ਤਾਂ ਹੱਸ ਪਏ। ਪਰ ਦੂਜਿਆਂ ਨੇ ਮੈਨੂੰ ਪੁੱਛਿਆਂ – ਤੂੰ ਕਿਉਂ ਆਇਆ?-। ਮੈਂ ਬਹੁਤ ਕੁਝ ਦਸ ਦਿੱਤਾ, ਪਰ ਥੋੜ੍ਹਾ ਜਾ ਤਾਂ ਪਿੱਛੇ ਵੀ ਰੱਖਿਆ। ਫਿਰ ਆਪਸ ੱਿਵਚ ਘੁਸਰ ਮੁਸਰ ਕਰਨ ਲੱਗ ਪਏ। ਹਾਰਕੇ ਮੇਰੇ ਵੱਲ ਦੇਖਕੇ ਪੁਛਿਆ – ਕਿਉਂ ਤੇਰੀ ਦੁਨੀਆ ਵਿੱਚੋਂ ਪਾਣੀ ਮੁੱਕ ਗਿਆ? ਕਿਉਂ ਖਰਾਬ ਹੋ ਗਿਆ? ਏਨੇ ਲਾਪਰਵਾਹ ਤਾਂ ਹੋ ਨਹੀਂ ਸੱਕਦੈਂ!-। ਪਰ ਮੈਂ ਇਸ ਸੁਆਲ ਦਾ ਜੁਆਬ ਦੇਣ ਤੋਂ ਪਹਿਲਾ ਓੁਨ੍ਹਾਂ ਨੂੰ ਆਖਿਆ – ਮੇਰਾ ਮਿੱਤਰ ਮੀਕਾ ਕਿੱਥੇ ਹੈ?-। ਇਸ ਦਾ ਜੁਆਬ ਨਹੀਂ ਮਿਲਿਆ। ਮੈਨੂੰ ਸ਼ੱਕ ਪੈ ਗਈ ਕੁਝ ਗਲਤ ਸੀ ਅਤੇ ਸੂਈਆਂ ਵਰਗੀਆਂ ਤਿਖੀਆਂ ਨਜ਼ਰਾਂ ਨਾਲ ਇੱਕ ਝੀਂਗੇ ਵੱਲ ਤੱਕਦੇ ਨੇ ਸਖ਼ਤੀ ਨਾਲ ਕਿਹਾ – ਮੇਰਾ ਬੇਲੀ ਮੀਕਾ ਕਿੱਥੇ ਹੈ?-।
- ਚਿੰਤਾ ਨਾ ਕਰ। ਠੀਕ ਹੈ। ਜਿੱਦਾਂ ਤੇਰੇ ਨਾਲ ਗਲਬਾਤ ਦਾ ਸਾਧਨ ਪੈਦਾ ਕਰ ਰਹੇ ਸੀ, ਉਸ ਤਰ੍ਹਾਂ ਓਹ ਦੇ ਨਾਲ ਵੀ ਕਰ ਰਹੇ ਹਾਂ। ਪਰ ਤੇਰੇ ਵਾਂਗ ਉਸਨੂੰ ਸਾਡੀ ਜਬਾਨ ਪੱਲੇ ਨਹੀਂ ਪਈ-। ਹਾਲੇ ਇਸ ਵਿਆਖਿਆ ਨਾਲ ਮੈਂ ਪੂਰਾ ਖ਼ੁਸ਼ ਨਹੀਂ ਸੀ। ਮੈਂ ਸੋਚਿਆ ਗੱਲ ਘੁੰਮਾਕੇ ਓਹਨੂੰ ਸੁਆਲ ਪੁਛਾਂ।
- ਤੁਹਾਡਾ ਸਾਰਾ ਸੰਸਾਰ ਸਮੁੰਦਰ ਹੀ ਹੈ?-
- ਹਾਂ-
- ਫਿਰ ਪਾਣੀ ਦੇ ਉਪਰ ਕੋਈ ਜਾਨਵਰ ਨਹੀਂ ਹੈ?-
- ਸਹੀ ਗੱਲ-
- ਇਸ ਸਮੁੰਦਰੀ ਦੁਨੀਆ ਦੇ ਤੁਸੀਂ ਮਾਲਿਕ ਹੋਂ?-
- ਆਹੋ-
- ਮੈਂ ਕੋਈ ਪਾਣੀ ਹੇਠ ਸ਼ਹਿਰ ਵਿੱਚ ਹਾਂ?-
- ਹਾਂ-
- ਤੁਹਾਨੂੰ ਹਾਂ ਤੋਂ ਛੁੱਟ ਹੋਰ ਕੋਈ ਜੁਆਬ ਨਹੀਂ ਆਉਂਦਾ?-
- ਹਾਂ-
- ਕੁਝ ਤਾਂ ਆਪਣੇ ਬਾਰੇ ਦਸੋਂ-
- ਤੂੰ ਪਹਿਲਾ। ਤੇਰਾ ਸੰਸਾਰ ਕਿੱਦਾਂ ਦਾ ਹੈ-।
ਮੈਂ ਓਨ੍ਹਾਂ ਨੂੰ ਦੱਸਿਆ ਕਿ ਮੇਰਾ ਸੰਸਾਰ ਬਹੁਤ ਸੁੰਦਰ ਹੈ। ਪਰ ਮੈਂ ਸਾਡੇ ਜੰਗਾਂ ਬਾਰੇ ਜਾਂ ਸੁੱਕੇ ਸਮੁੰਦਰ ਬਾਰੇ, ਜਾਂ ਅਬਾਦੀ ਬਾਰੇ ਕੁਝ ਨਹੀ ਉਘਾੜਿਆ। ਕਿਉਂ ਉਨ੍ਹਾਂ ਨੂੰ ਦੇਖਾਵਾ ਬੰਦਾ ਬੁਰਾ ਹਾਂ? ਔਗਣ ਲੁਕਾਕੇ ਗੁਣ ਹੀ ਦੱਸੇ। ਮੇਰੇ ਦਾਦੇ ਨੇ ਕਈ ਬਾਰੀ ਮੈਨੂੰ ਪੁਰਾਣੇ ਪੰਜਾਬ ਬਾਰੇ ਦੱਸਿਆ ਸੀ। ਉਸ ਪੰਜਾਬ ਦੀ ਯਾਦ ਅੱਜ ਵੀ ਸੁਰਜੀਤ ਹੈ, ਤਾਜ਼ਾ ਹੈ। ਨੀਲਾ ਅੰਬਰ, ਸੁਨਹਿਰੇ ਖੇਤ, ਮੱਝਾਂ ਗਾਊਆਂ। ਦਾਦਾ ਜੀ ਦੇ ਬਚਪਨ ਦੇ ਯਾਦਾਸ਼ ਮੇਰੇ ਬਣ ਗਏ। ਮੈਂ ਕੇਵਲ ਪੰਜਾਬ ਬਾਰੇ ਨਹੀਂ ਪਰ ਸਾਰੀ ਦੁਨੀਆ ਬਾਰੇ ਗੀਤ ਗਾਇਆ। ਧਰਤੀ ਬਾਰੇ ਦੱਸਿਆ। ਕਿਵੇਂ ਇਨਸਾਨ ਚੰਦ ਤੱਕ ਪਾਉਚਿਆ। ਇੱਕ ਝੀਂਗਾ ਦੀਆਂ ਬੁਲ੍ਹਾਂ ( ਕੀ ਪਤਾ ਹੋਟ ਸਨ ਜਾਂ ਹੋਰ ਕੁਝ ਅਡਦਾ ਸੀ) ਤੋਂ ਹਾਸਾ ਡੁਲਿਆ। ਉਸਨੂੰ ਤਾਂ ਨੀਲੇ ਅੰਬਰ, ਸੁਨਹਿਰੀ ਧਰਤੀ, ਅਤੇ ਚੰਦ ਉੱਤੇ ਆਦਮੀ ਤੁਰਦਾ ਸਭ ਬਕਵਾਸ ਲੱਗਦਾ ਸੀ।
- ਜਿਹੜੀ ਪੁਲਾੜ ਜਹਾਜ਼’ਚ ਤੂੰ ‘ਤੇ ਤੇਰਾ ਸਾਥੀ ਆਏ, ਹੁਣ ਕਿੱਥੇ ਹੈ?-
- ਜੀ ਸਮੁੰਦਰ ਵਿੱਚ ਡੁਬ ਗਿਆ-
- ਝੂੱਠ! ਤੂੰ ਇਸ ਦੁਨੀਆ’ਚੋਂ ਹੋ! ਚੰਦ ਉੱਤੇ ਤੁਰਦੇ! ਕੋਈ ਚੀਜ਼ ਉੱਡ ਨਹੀਂ ਸੱਕਦੀ!-
- ਰਹਿਣ ਦੇ। ਸਾਨੂੰ ਇਹ “ਬੰਦਾ” ਅਜੀਬ ਲੱਗਦਾ। ਕੀ ਪਤਾ ਇਸ ਪਰਾਏ ਦੀ ਕਹਾਣੀ ਸੱਚ ਹੀ ਹੈ- ਇੱਕ ਹੋਰ ਨੇ ਕਿਹਾ। ਉਸ ਹੀ ਵੇਲੇ ਹੰਝੂਆਂ ਦੀ ਝੜੀ ਫੁੱਟ ਗਈ। ਉਨ੍ਹਾਂ ਨੇ ਮੈਨੂੰ ਰੋਣ ਦਿੱਤਾ। ਫਿਰ ਹੱਥ ਨਾਲ ਚੋਏ ਅਥਰੂ ਸਾਫ਼ ਕਰਕੇ ਆਪਣੀਆਂ ਨਜ਼ਰਾਂ ਉਸ ਦੀਆਂ ਨਜ਼ਰਾਂ’ਚ ਗਡ ਕੇ ਕਿਹਾ – ਹਾਂ ਸੱਚ ਬੋਲਦਾ ਹਾਂ-।
- ਸਮਾਜ ਦੀ ਸਿਸਟਮ ਕਿੱਦਾਂ ਦਾ ਹੈ?- ਪਹਿਲੇ ਨੇ ਮੈਨੂੰ ਆਖਿਆ।
- ਕਈ ਤਰ੍ਹਾਂ ਦੀਆਂ ਪੱਧਤੀਆਂ ਹਨ। ਸਾਡੀ ਦੁਨੀਆ ਦੇ ਹਰੇਕ ਇਲਾਕਿਆਂ ਦੇ ਮੁਲਕ ਬਣਾਏ ਹਨ। ਕੋਈ ਥਾਂ ਰਾਜੇ ਰਾਜ ਕਰਦੇ ਨੇ। ਕੋਈ ਥਾਂ ਲੋਕ। ਇਸਨੂੰ ਗਣਤੰਤਰ ਸੱਦ ਦੇ। ਤੁਹਾਡਾ ਤਰੀਕਾ ਕੀ ਹੈ?-।
ਇਸ ਬਾਰੇ ਝੀਂਗਾਂ ਨੇ ਜੁਆਬ ਦੇ ਦਿੱਤਾ। ਮੈਨੂੰ ਦੱਸਿਆ ਕਿਵੇਂ ਝੀਂਗੇ ਇਸ ਥਾਂ ਸਮੁੰਦਰ ਵਿੱਚ ਰਾਜ ਕਰਦੇ ਨੇ, ਕਿਵੇਂ ਹਿਰ ਸਮੁੰਦਰ ਦੇ ਹੇਠ ਗੁਫਾਵਾਂ ਦੀ ਬਣਾਈ ਹੈ। ਕਿਵੇਂ ਇੱਕ ਰਾਜਾ ਹੈ, ਪਰ ਹਰੇਕ ਪੰਜੀ ਸਾਲ ਬਾਅਦ ਬਦਲ ਦੇ ਝੀਂਗੇ ਅਤੇ ਝੀਂਗਣਾਂ ਦੀ ਹਰੇਕ ਚੀਜ਼ ਵਿੱਚ ਬਰਾਬਰੀ ਹੈ। ਕੋਈ ਪਾਣੀ ਉੱਤੇ ਨਹੀਂ ਜਾਂਦਾ। ਹਰੇਕ ਸਮੁੰਦਰ ਦੀ ਪਰਲੀ ਸਤਾ ਥੱਲੇ ਵਸਦੇ ਨੇ।
ਮੈਂ ਫਿਰ ਉਸਨੁੰ ਸਾਡੇ ਧਰਮਾਂ ਬਾਰੇ ਦੱਸਿਆ। ਸਾਡੇ ਵਡੇ ਵਡੇ ਸ਼ਹਿਰਾਂ ਬਾਰੇ। ਸਾਡੇ ਇਲਮ ਬਾਰੇ। ਮੈਂ ਦੱਸਦਾ ਦੱਸਦਾ ਉਦਾਸ ਹੋਗਿਆ। ਘਰ ਚੇਤੇ ਆਉਂਦਾ ਸੀ। ਐਤਕੀ ਉਨ੍ਹਾਂ ਨੇ ਸਭ ਕੁਝ ਅਪਣੇ ਬਾਰੇ ਮੈਨੂੰ ਵੀ ਦੱਸ ਦਿੱਤਾ। ਧਰਮ ਰੱਬ ੳਹਨਾਂ ਨਹੀਂ ਰੱਖਿਆ ਸੀ। ਪਰ ਝੀਂਗੇ ਆਪਸ ਵਿੱਚ ਪਿਆਰ ਕਰਦੇ ਸਨ ਅਤੇ ਇੱਕ ਦੂਜੇ ਦੀ ਮਦਦ। ਧਰਮ ਸੀ ਸੇਵਾ। ਕੋਈ ਅਮੀਰੀ ਗਰੀਬੀ ਨਹੀਂ ਸੀ। ਰਲਕੇ ਖਾਂਦੇ ਸੀ, ਸਾਂਝ ਨਾਲ ਵਰਤ ਦੇ ਸੀ। ਮੈਤੋਂ ਵੀ ਹੁਣ ਥੋੜ੍ਹਾ ਜਾਂ ਸੱਚ ਬਾਹਰ ਲਹਿਰਾ ਰਿਹਾ ਸੀ, ਜਿੱਦਾਂ ਧੂਆਂ ਕੋਈ ਚਿਮਨੀ ਵਿੱਚੋਂ ਬਾਹਰ ਲਹਿਰਾ ਰਿਹਾ ਸੀ। ਮੈਂ ਬਿੰਨਾ ਸੋਚਣ ਤੋਂ ਦਿਲ ਦੀ ਘੁੰਡੀ ਖੋਲ੍ਹ ਕੇ ਉਨ੍ਹਾਂ ਨੂੰ ਸਾਫ਼ ਦੱਸ ਦਿੱਤਾ ਕਿ ਪਾਣੀ ਦੇ ਭਾਲ ਵਿੱਚ ਇੱਥੇ ਆਏ ਅਤੇ ਸਾਡੀ ਦੁਨੀਆ ਦਾ ਸਤਿਆ ਨਾਸ ਹੋਗਿਆ ਸੀ। ਪਰ ਫਿਰ ਵੀ ਇੱਦਾਂ ਕਥਾ ਸੁਣਾਈ ਜਿੱਦਾਂ ਬੰਦੇ ਦਾ ਇਸ ਕਿਆਮਤ’ਚ ਕੋਈ ਹੱਥ ਨਹੀਂ ਸੀ।
ਇਸ ਦਿਨ ਤੋਂ ਬਾਅਦ ਅਸੀਂ ਨਿਤ ਨਿਤ ਇਸੇ ਤਰਾਂ ਮਿਲਦੇ ਸਾਂ। ਕਦੀ ਝੀਂਗੇ ਅਪਣੇ ਬਾਰੇ ਮੈਨੂੰ ਕੁਝ ਦੱਸ ਦੇ ਸੀ, ਕਦੀ ਮੈਂ ਉਨ੍ਹਾਂ ਨੂੰ ਸਾਡੇ ਸੰਸਾਰ ਬਾਰੇ। ਮੈਂ ਕਈ ਬਾਰੀ ਆਖਿਆ ਮੀਕੇ ਨਾਲ ਗੱਲ ਕਰਨ, ਪਰ ਸਾਨੂੰ ਮਿਲਣ ਨਹੀਂ ਦਿੱਤਾ। ਇੱਕ ਬਾਰੀ ਇਸ ਉੱਤਰ ਸੁਣਕੇ ਮੈਂ ਚੁਪ ਚਾਪ ਹੋ ਕੇ ਖੜ੍ਹਾ ਰਿਹਾ। ਗੱਲ ਮੈਂ ਜਾਣ ਬੂਝ ਕੇ ਤੋਰੀ ਨਹੀਂ; ਉਨ੍ਹਾਂ ਦੇ ਸੁਆਲਾਂ ਦੇ ਜਵਾਬ ਨਹੀਂ ਦਿੱਤੇ। ਮੀਕੇ ਨੂੰ ਤਾਂ ਮਿਲਣ ਨਹੀਂ ਦਿੱਤਾ, ਪਰ ਮੈਨੂੰ ਨਾਹੁਣ ਦੇ ਦਿੱਤਾ; ਮੈਂ ਅਪਣੀ ਹਜਾਮਤ ਕਰਕੇ ਆਪਣੇ ਆਪਨੂੰ ਸਾਫ਼ ਸੁਥਰਾ ਕਰ ਲਿਆ। ਵਾਲ ਵੀ ਕੱਟ ਲੈ ਸੀ।
ਕਿਸੇ ਕਿਸੇ ਦਿਨ ਅਸੀਂ ਧਰਮ ਬਾਰੇ ਬੋਲਦੇ ਸੀ। ਕਦੀ ਗੱਲ ਬਾਤ ਡੂੰਘੀਆਂ ਡੂੰਘੀਆਂ ਚੀਜ਼ਾਂ ਬਾਰੇ ਚਲਦੀ ਸੀ। ਕਈ ਵਾਰੀ ਸਾਰਹੀਣ ਗੱਲਾਂ ਬਾਤਾਂ ਕੀਤੀਆਂ। ਮੈਂ ਹੁਣ ਸੋਚ ਸਮਝਕੇ ਸਾਡੇ ਸਮਾਜ ਬਾਰੇ ਬਹੁਤਾ ਨਹੀਂ ਕਿਹਾ। ਜੇ ਉਨ੍ਹਾਂ ਨੂੰ ਲੱਗਿਆ ਕਿ ਅਸੀਂ ਤਾਂ ਜਾਨਵਰ ਹਾਂ, ਪਾਪੀ ਹਾਂ, ਲਾਲਚੀ ਹਾਂ, ਪਤਾ ਨਹੀਂ ਮੈਨੂੰ ਕੀ ਕਰਨਗੇ। ਸਾਡੀ ਹਮੇਸ਼ਾ ਬਹਿਸ ਬਹੁਤ ਹੁੰਦੀ ਸੀ। ਅਸੀਂ ਖਿਆਲ ਵਟਾਂਦੇ ਸੀ। ਕਿਵੇਂ ਤਿਵੇਂ ਸਮਾਜ ਨੂੰ ਜੀਉਣਾ ਚਾਹੀਦਾ। ਸੱਚ ਸੀ ਕਿ ਮੈਨੂੰ ਉਨ੍ਹਾਂ ਦੇ ਰਸਮ ਰੀਤ ਬਹੁਤ ਪਸੰਦ ਸਨ।
ਝੀਂਗਿਆਂ ਦੀ ਦੁਨੀਆ ਵਿੱਚ ਮਰਦ ਜ਼ਨਾਨੀ ਸਭ ਕੁਝ ਸਾਂਝਾ ਕਰਦੇ ਸੀ, ਬਰਾਬਰ ਸੀ ਨੌਕਰੀਆਂ’ਚ ਪੜ੍ਹਾਈ’ਚ, ਅਤੇ ਪਦ ਸੰਭਾਲਣ ਵਿੱਚ। ਇੱਥੇ ਕਦੀ ਕੋਈ ਤੀਵੀਂ ਰਾਜ ਕਰਦੀ ਸੀ, ਕਦੇ ਕੋਈ ਮਰਦ। ਘਰ ਵਿੱਚ ਮਾਂ ਦਾ ਰਾਜ ਸੀ, ਨਾ ਕੇ ਪਿਉ ਦਾ। ਜਦ ਵਿਆਹ ਹੁੰਦਾ, ਮਰਦ ਤੀਵੀਂ ਦਾ ਨਾ ਲੈਂਦਾ ਸੀ।
ਝੀਂਗਿਆਂ ਦਾ ਜਗ ਵਿੱਚ ਮੰਤਰੀ ਲੋਕਾਂ ਦੇ ਹੁਕਮ ਉੱਤੇ ਚੱਲਦੇ ਸਨ। ਜੇ ਕਿਸੇ ਮੰਤਰੀ ਵਜ਼ੀਰ ਉੱਤੇ ਰਿਸ਼ਵਤਖੋਰੀ ਦੀ ਸ਼ੱਕ ਪੈ ਗਈ, ਬਹੁਤ ਸੁਖਾਲਾ ਸੀ ਉਸ ਨੂੰ ਕੁਰਸੀ ਤੋਂ ਲਾਹੁਣਾ। ਪੁਲਸ ਕੈਦੀ ਨੂੰ ਕੁੱਟ ਨਹੀਂ ਸੱਕਦੀ ਸੀ। ਸਮਾਂ ਜੇ ਕੋਈ ਦੋਸ਼ੀ ਘੰਟੇ ਵਿੱਚ ਲਾ ਸੱਕਦੇ ਸੀ, ਉਸਨੂੰ ਛੱਡਣਾ ਪੈਂਦਾ ਸੀ। ਸਭ ਝੀਂਗੇ ਅਪਣੀ ਭਾਸ਼ਾ ਨੂੰ ਪ੍ਰੇਮ ਕਰਦੇ ਸੀ। ਕਦੀ ਹੋਰ ਕਿਸੇ ਦੀ ਬੋਲੀ ਵਿੱਚ ਬੋਲਦੇ ਨਹੀਂ ਸੀ। ਸਗੋਂ ਜੇ ਕਿਸੇ ਝੀਂਗੇ ਨੇ ਹੋਰ ਝੀਂਗੇ ਨਾਲ ਹੋਰ ਮੱਛ ਦੀ ਜ਼ਬਾਨ’ਚ ਕੁਝ ਕਿਹਾ, ਉਸਨੂੰ ਮੂਰਖ ਆਖਦੇ ਸਨ। ਉਪਕਾਰ ਬਹੁਤ ਸੀ। ਝੀਲ ਜਿੱਡੇ ਦਿਲ ਸਨ। ਗਰੀਬੀ ਬਰਦਾਸ ਨਹੀਂ ਕਰਦੇ ਸੀ। ਕੋਈ ਅੰਗ ਤੋਂ ਬਿੰਨਾ ਝੀਂਗਾ ਔਖਾਈ’ਚ ਨਹੀਂ ਸੀ। ਝੀਂਗਿਆਂ ਦਾ ਸਮਾਜ ਉਨ੍ਹਾਂ ਦੀ ਰਾਖੀ ਰੱਖਦਾ ਸੀ, ਜਿੱਦਾਂ ਮਾਂ ਨਿਆਣੇ ਨੂੰ ਮਮਤਾ ਦੇਂਦੀ ਹੈ। ਕੋਈ ਜਾਤ ਪਾਤ ਨਹੀਂ ਸੀ।
ਝੀਂਗਿਆਂ ਦੇ ਸੰਸਾਰ ਵਿੱਚ ਸਫਾਈ ਸੀ। ਕੋਈ ਸ਼ਿਫਾਰਸ਼ ਨਾਲ ਕੰਮ ਨਹੀਂ ਚੱਲਦਾ ਸੀ। ਜਿਸ ਨੂੰ ਕਰਨਾ ਆਉਂਦਾ ਸੀ, ਉਸਨੂੰ ਹੀ ਮਿਲਦਾ ਸੀ। ਸੜਕਾ ਸਾਫ਼ ਸੀ; ਨਹਿਰ ਸਾਫ਼ ਸੀ। ਉਂਝ ਸਮੁੰਦਰ ਹੇਠ ਸੱਚ ਸੜਕਾਂ ਨਹੀਂ ਸੀ, ਪਰ ਰੇਤ ਵਿੱਚ ਰਾਹ; ਸੱਚ ਨਹਿਰ ਨਹੀਂ ਸੀ, ਪਰ ਕੱਚ ਦੇ ਨਾੜਾਂ ਵਿੱਚ ਪਾਣੀ ਚੱਲਦਾ। ਕਿਤੇ ਕੂੜੇ ਨਾਲ ਧਰਤੀ ਕੰਬਦੀ ਨਹੀਂ ਸੀ। ਮਾਯਾ ਤੋਂ ਖਿਲਾਸੀ ਸੀ, ਨਾਕੇ ਪੈਸੇ ਬਣਾਉਣ ਦਾ ਚਾਹ। ਦਰਅਸਲ ਇਸ ਥਾਂ’ਚ ਪੈਸੇ ਤਾਂ ਹੈ ਨਹੀਂ ਸੀ। ਡਾਕਟਰ ਇਸ ਕਰਕੇ ਲਾਲਚ ਨਹੀਂ ਕਰਦੇ ਸਨ। ਸਭ ਦਾ ਇਲਾਜ ਕਰਦੇ ਸੀ। ਇਸ ਕਰਕੇ ਜਦ ਮੈਂ ਉਨ੍ਹਾਂ ਨੂੰ ਸਾਡੇ ਬਾਰੇ ਦੱਸਦਾ, ਧਿਆਨ ਹੋਰ ਪਾਸੇ ਹੁੰਦਾ ਸੀ। ਪਰ ਦਿਲਚਸਪੀ ਨਾਲ ਉਨ੍ਹਾਂ ਬਾਰੇ ਸੁਣਦਾ ਸੀ।ਗਣਤੰਤਰ ਵਰਗਾ ਸਿਸਟਮ ਸੀ, ਪਰ ਪੂਰੀ ਲੋਕ-ਤੰਤਰ ਨਹੀਂ ਸੀ। ਸਾਰੇ ਇੱਕ ਖਿਆਲ ਦੇ ਸੀ, ਕਿਉਂਕਿ ਸਿਖਾਇਆ ਨਹੀਂ ਸੀ ਹਰੇਕ ਚੀਜ਼ ਨੂੰ ਚੁਣੌਤੀ ਦੇਣਾ। ਇਸ ਵਿੱਚ ਮੈਂ ਬੰਦੇ ਨੂੰ ਨੰਬਰ ਦਿੰਦਾ। ਸਾਡੀ ਲੋਕ-ਤੰਤਰ ਕਹਿੰਦੀ ਜੋ ਮਰਜੀ ਬੰਦਾ ਕਿਹ ਸੱਕਦਾ, ਜੋ ਮਰਜੀ ਸੋਚ ਸੱਕਦਾ। ਜੇ ਹੋਰ ਪਤਾ ਲੈਣਾ ਸੀ, ਮੈਨੂੰ ਨਵੇਂ ਕੱਪੜੇ ਚਾਹੀਦੇ ਸਨ। ਬਸ ਮੇਰੇ ਲਈ ਕੋਈ ਰਾਹ ਨਾਲ ਕੋਈ ਸਮੁੰਦਰੀ ਕੱਪੜੇ ਨਾਲ ਮੇਰੇ ਲਈ ਕਮੀਜ਼ ਪਜਾਮਾ ਸੁਮਾਉ ਦਿੱਤਾ। ਜਿਨ੍ਹਾ ਮਰਜ਼ੀ ਮੈਨੂੰ ਉਸ ਸਮਾਜ ਦਾ ਰਹਿਣ ਸਹਿਣ ਚੰਗਾ ਲੱਗਿਆ, ਅਪਣਾ ਸੰਸਾਰ ਯਾਦ ਆਇਆ। ਉਸ ਦੁਨੀਆ ਬਾਰੇ ਸੋਚ ਸੋਚ, ੳਦਾਸੀ ਨੇ ਦਿਲ ਨੂੰ ਘੇਰਿਆ। ਮੈਂ ਹਠ ਕੀਤਾ ਕਿ ਮੈਂ ਮੀਕੇ ਨੂੰ ਮਿਲਣਾ, ਜਾਂ ਮੈਂ ਆਪਣੀ ਜਾਣ ਲੈ ਲੈਣੀ ਹੈ। ਜਦ ਮੇਰੀ ਖਾਹਸ਼ ਮੰਨਜ਼ੂਰ ਹੋਈ, ਮੈਂ ਸੁਖ ਦਾ ਸਾਹ ਲੈ ਕੇ ਸ਼ੁਕਰ ਗੁਜਾਰ ਹੋਇਆ।
ਦੋਂ ਝੀਂਗ-ਰਾਖੇ ਅਪਣੇ ਜਮੂਰਾਂ ਵਿੱਚ ਝੁਕੀਆਂ ਬਰਛੀਆਂ ਨਾਲ ਮੈਨੂੰ ਹੋਰ ਕਮਰੇ ਵਿੱਚ ਲੈ ਗਏ ਸਨ। ਮੇਰੇ ਕੱਪੜੇ ਪਾਣੀ ਵਿੱਚ ਭਿਜਦੇ ਨਹੀਂ ਸੀ। ਜਦ ਪਾਣੀ ਕਮਰੇ ਵਿੱਚੋਂ ਨਿਚੋੜ ਦਿੱਤਾ, ਕੱਚ ਦੇ ਦੂਜੇ ਪਾਸੇ ਮੈਨੂੰ ਮੀਕਾ ਦਿੱਸਿਆ। ਜੋ ਮੈਨੂੰ ਦੀਂਦਾ ਸੀ, ਉਸ ਨਾਲ ਮੈਂ ਬਹੁਤ ਨਰਾਜ ਸੀ। ਮੇਰੇ ਸਾਹਮਣੇ ਕੋਈ ਸਮੁੰਦਰੀ ਮਸ਼ੀਨ ਸੀ। ਉਸ ਵਿੱਚ ਕਈ ਤਾਰਾਂ ਨਿਕਲ ਕੇ ਮੀਕੇ ਵਿੱਚ ਖੋਭੀਆਂ ਸਨ। ਮੈਨੂੰ ਸਾਫ਼ ਜਾਪਦਾ ਸੀ ਕਿ ਉਸਦੇ ਪਿੰਡੇ ਉੱਤੇ ਤਜਰਬੇ ਕੀਤੇ ਸਨ। ਹੁਣ ਤਕ ਮੈਂ ਸੋਚਦਾ ਸਾਂ ਕਿ ਝੀਂਗੇ ਚੰਗੇ ਸੀ, ਪਰ ਮੇਰੇ ਅੱਖਾਂ ਗਵਾਹ ਸਨ, ਕਿ ਇਹ ਲੋਕ ਵੀ ਜੁਲਮ ਕਰ ਸੱਕਦੇ ਸਨ। ਸਾਲ ਭਰ ਲਈ ਇਹਨਾਂ ਝੂਠ ਬੋਲਿਆ! ਮੈਨੂੰ ਗੱਲਾਂ’ਚ ਲਾਕੇ ਸਭ ਕੁਝ ਸਾਡੇ ਸਮਾਜ ਬਾਰੇ ਸਿਖ ਲਿਆ ਸੀ; ਪਰ ਬਚਾਰੇ ਮੀਕੇ ਦੇ ਸਰੀਰ ਨੂੰ ਪਾੜ ਕੇ ਸਾਡਾ ਜੀਵ ਵਿਗਿਆਨ ਬਾਰੇ ਸਿਖਦੇ ਸੀ! ਮੈਨੂੰ ਇੱਕ ਦੰਮ ਸਦਮਾ ਪੁੱਜਿਆ; ਪਰ ਉਸ ਤੋਂ ਬਾਅਦ ਜਲਦੀ ਗੁਸਾ ਚੜ੍ਹ ਗਿਆ। ਮੇਰੇ ਕਰੋਧ ਉੱਤੇ ਕਬਜ਼ਾ ਕਰਨ ਲਈ, ਮੈਨੂੰ ਇੱਕ ਕੈਦ ਦੀ ਕੋਠੜੀ ਵਿੱਚ ਬੰਦ ਕਰ ਦਿੱਤਾ। ਮੇਰਾ ਲਹੂ ਧੜਕਦਾ ਸੀ। ਕੋਈ ਚਾਲ ਚਲ ਇੱਥੋ ਨਿਕਲਣਾ ਪਵੇਗਾ। ਪਰ ਕਿਵੇਂ? ਨਾਲੇ ਉੱਦਮ ਤਾਂ ਡੁਬ ਗਿਆ। ਮੈਂ ਤਾਂ ਸੱਚ ਮੁੱਚ ਇੱਥੇ ਫਸ ਗਿਆ। ਇਸ ਕਰਕੇ ਹੌਲੀ ਹੌਲੀ ਖਿੱਝ ਦਾ ਤਾਪਮਾਨ ਨੀਚੇ ਆ ਗਿਆ। ਠੰਢੇ ਦਿਮਾਗ ਨਾਲ ਸੋਚਾਂ’ਚ ਗੁੰਮ ਸੁੰਮ ਹੋਗਿਆ। ਜੋ ਬੀਤ ਗਿਆ, ਬੀਤ ਗਿਆ। ਦੇਖੋਂ ਕੀ ਬਾਕੀ ਹੈ। ਮੀਕੇ ਲਈ ਕੁਝ ਨਹੀਂ ਕਰ ਸੱਕਦਾ। ਬਚਾਰਾ ਜਿਉਂਦਾ ਲਾਸ਼ ਹੀ ਸੀ। ਪਰ ਕੋਈ ਰਾਹ ਨਾਲ ਆਪ ਨੋ ਬਚਾਉਣਾ। ਆਪਣੇ ਆਪਨੂੰ ਬਚਾਉਣ’ਚ ਤਾਂ ਇਨਸਾਨ ਮਾਹਰ ਹੈ।
ਮਹੀਨਾ ਬੀਤ ਗਿਆ। ਹਾਰਕੇ ਮੈਨੂੰ ਕੈਦ ਦੀ ਕੋਠੜੀ ਵਿੱਚੋਂ ਕੱਢ ਦਿੱਤਾ। ਜਿਸ ਕਮਰੇ ਵਿੱਚ ਮੀਕਾ ਰੱਖਿਆ ਸੀ, ਮੈਨੂੰ ਓਥੇ ਵਾਪਸ ਲੈ ਗਏ ਸੀ। ਮੀਕਾ ਸ਼ੀਸ਼ੇ ਦੇ ਦੂਜੇ ਪਾਸੇ ਸੀ, ਪਾਣੀ ਵਿੱਚ। ਕੋਈ ਮਸ਼ੀਨ ਦੇ ਰਾਹ ਨਾੜਾਂ ਉਸਦੇ ਨਸਾਂ ਵਿੱਚ ਫਸਾਈਆਂ ਸਨ। ਇਸ ਤਰ੍ਹਾਂ ਸਾਹ ਭਰਦਾ ਸੀ। ਜਿਸਮ ਦੇ ਹਰੇਕ ਪਾਸੇ ਤਾਰਾਂ ਸਨ ਸਭ ਉਪਰ ਇੱਕ ਮਸ਼ੀਨ ਵਿੱਚ ਜਾਂਦੀਆਂ ਸੀ। ਉਸ ਉੱਚੇ ਥਾਂ ਇੱਕ ਲਾਲ-ਸ਼ੀਸ਼ ਦੀ ਅੱਖ ਸੀ। ਮੈਂ ਉਦਾਸੀ ਨਾਲ ਭਰਿਆ ਸੀ, ਪਰ ਇਹ ਸਭ ਨੋ ਧਿਆਨ ਦਿੱਤਾ। ਕੱਚ ਦੇ ਪਿੱਛੇ ਝੀਂਗਾ ਦਾ ਪੰਚਾਇਤ ਖਲੋਇਆ ਸੀ।
- ਤੂੰ ਸਾਨੂੰ ਝੂਠ ਬੋਲਿਆ! ਸ਼ਾਡੇ ਸਮੁੰਦਰ ਨੂੰ ਚੋਰੀ ਕਰਨ ਆਏ- ਇੱਕ ਨੇ ਮੈਨੂੰ ਕਿਹਾ।
- ਸਾਡੇ ਸੰਸਾਰ ਨੂੰ ਕਾਬੂ ਕਰਨਾ ਚਾਹੁੰਦੇ ਹੌ! ਤਸਾਂ ਆ ਵਸਕੇ ਸਾਡੇ ਅਸੂਲ ਖੋਹ ਲੈਣੇ ਹੈ-। ਇੱਕ ਹੋਰ ਨੇ ਸਖਤੀ ਨਾਲ ਬੋਲਿਆ।
- ਨਹੀਂ…ਸੱਚ ਨਹੀਂ…-। ਮੈਂ ਰੋਲ ਘਰੋਲੇ ਵਿੱਚ ਬੁੜ ਬੁੜ ਕੀਤੀ।
- ਦੇਖ!-।
ਉਸ ਲਾਲ ਅੱਖ ਸ਼ੀਸ਼ੇ ਉੱਤੇ ਤਸਵੀਰਾਂ ਸੁਟ ਦਿੱਤੀਆਂ । ਪਹਿਲਾ ਤਾਂ ਮੇਰੇ ਉਨ੍ਹਾਂ ਦੀਆਂ ਗੱਲਾਂ ਪੱਲੇ ਨਹੀਂ ਪਈਆਂ। ਫਿਰ ਸੂਝ ਗਿਆ ਕਿ ਮੀਕੇ ਦਆਂਿ ਸੋੱਚਾਂ ਵਿੱਚੋਂ ਗੱਡ ਕੇ ਸਭ ਕੁਝ ਦੇਖ ਸੱਕਦੇ ਸੀ! ਜਿੱਦਾਂ ਕੋਈ ਹਿੰਦੀ ਫਿਲਮ ਦੇਖਦਾ ਸੀ, ਉਸੇ ਤਰ੍ਹਾਂ ਹੀ ਮੀਕੇ ਦੀਆਂ ਅਨੁਭੂਤੀਆਂ, ਸਾਰੇ ਖਿਆਲ ਕੱਚ ਉੱਤੇ ਡੁਲ੍ਹ ਗਏ। ਇਨਸਾਨਾਂ ਦੀ ਸਾਰੀ ਇਤਿਹਾਸ ਸਾਹਮਣੇ ਆ ਗਈ। ਪਹਿਲਾ ਇਸ ਸੰਸਾਰ ਵਾਂਗ ਸਾਡਾ ਸੰਸਾਰ ਵੀ ਪਾਣੀ ਸੀ। ਅਮੀਬੇ ਦੇਖਾਏ, ਜਿਸ ਤੋਂ ਸਭ ਸੂਖਮ, ਸਭ ਜੀਵ ਸ਼ੁਰੂ ਹੋਏ। ਫਿਰ ਕਿਵੇਂ ਮੱਛੀਆਂ ਪੈਦਾ ਹੋਈਆਂ ਸਨ। ਫਿਰ ਕਿਵੇਂ ਪਹਿਲਾ ਮੱਛ ਕੰਬਦੀ ਧਰਤੀ ਉੱਤੇ ਤੁਰਿਆ। ਫਿਰ ਕਿਵੇਂ ਹਾਰਕੇ ਡਾਇਨੋਸੋਰ ਆ ਗਏ, ਫਿਰ ਥਣਧਾਰੀ ਪ੍ਰਾਣੀ ਆ ਗਏ।ਮਗਰੋਂ ਬਣ ਮਾਣਸ, ਬਾਅਦ ਭਲਾ ਮਾਣਸ। ਤਦੋਂ ਕਿਵੇਂ ਗੁਫਾਵਾਂ’ਚੋਂ ਨਿਕਲ ਕੇ ਖੇਤੀ ਕੀਤੀ। ਪਰ ਸਭ ਕੁਝ ਚੰਗਾ ਨਹੀਂ ਸੀ। ਸਾਡੀਆਂ ਲੜਾਈਆਂ, ਸਾਡੀ ਅਮੀਰੀ ਗਰੀਬੀ ਦੇਖਾਈ। ਕਿਵੇਂ ਧਰਮ ਦੇ ਨਾਂ ਉੱਤੇ ਹੋਰ ਆਦਮੀਆਂ ਨੂੰ ਮਾਰ ਦਿੱਤਾ। ਕਿਵੇਂ ਮਾਯਾ ਮਗਰ ਨੱਸ ਗਏ। ਘੱਲੂਘਾਰੇ ਦੇਖਾਏ। ਪਾਰਟਿਸ਼ਨ ਦੇਖਾਇਆ। ਪੰਜਾਬੀ ਪੰਜਾਬੀ ਨੂੰ ਵੱਢਦਾ। ਬਲਾਤਕਾਰ, ਚੋਰੀ, ਧੋਖਾ, ਔਰਤ ਉੱਤੇ ਰੋਹਬ ਚਲਾਉਣਾ। ਜੋ ਮੀਕੇ ਨੂੰ ਪਤਾ ਸੀ, ਹੁਣ ਝੀਂਗਿਆਂ ਨੂੰ ਵੀ ਪਤਾ ਸੀ। ਔਗਣ ਵੱਧ ਸੀ, ਗੁਣ ਘੱਟ।
- ਤੁਹਾਨੂੰ ਇਸ ਤਰੀਕਾ ਨਹੀਂ ਵਰਤਣਾ ਚਾਹੀਦਾ। ਜੋ ਦੇਖਦੇ ਹਾਂ, ਸਿਰਫ਼ ਇਸ ਦੇ ਖਿਆਲ ਹਨ। ਪੂਰਾ ਸੱਚ ਨਹੀਂ। ਬੰਦੇ ਦੀਆਂ ਸੋੱਚਾਂ ਸੱਚਾਈ ਨੂੰ ਹੋਰ ਰੰਗ ਦੇ ਦਿੰਦੀਆਂ-।
- ਸਾਨੂੰ ਤਾਂ ਸਭ ਕੁਝ ਬਿਲਕੁਲ ਸੱਚ ਲੱਗਦਾ। ਤੁਹਾਨੂੰ ਸ਼ਰਮ ਨਹੀਂ ਆਉਂਦੀ ਜਾਤ ਪਾਤ ਦਾ ਫਰਕ ਕਰਨ? ਧੀ ਨੂੰ ਕੁੱਖ ਹੀ ਵਿੱਚ ਖਤਮ ਕਰਨਾ? ਕਿਉਂ? ਹੰਕਾਰ ਕਰਕੇ? ਅਪਣੇ ਨਾਂ ਨੂੰ ਕਾਇਮ ਰੱਖਣ ਲਈ? ਤੁਹਾਤੋਂ ਤਾਂ ਸ਼ਾਰਕ ਚੰਗੀ ਹੈ! ਧਰਮ ਨੇ ਤਾਂ ਤੁਹਾਨੂੰ ਰੱਬ ਤੋਂ ਪਰੇ ਧੱਕ ਦਿੱਤਾ, ਨਾਕੇ ਨੇੜੇ।‘ਤੇ ਜਿਸ ਕੋਲ ਧਨ ਹੈ, ਜੱਟ ਵਾਂਗ, ਆਪਦਾ ਦੇਖਦਾ, ਪਰ ਜਿਸ ਕੋਲ ਕੁਝ ਨਹੀਂ ਉਸਦੀ ਮਦਦ ਕਰਦਾ ਤਾਂ ਹੈਨੀ। ਸਭ ਨੂੰ ਫਿਕਰ ਪਿਆ! ਸਮਾਜ ਕੀ ਸੋਚੇਦਗਾ? ਕਿਸ ਤਰ੍ਹਾਂ ਦਾ ਸਮਾਜ? ਬਦਕਾਰੀ ਕਿੰਨੀ ਹੈ? ਜਿਸ ਨੂੰ ਕੰਮ ਕਰਨਾ ਆਉਂਦਾ, ਉਸਨੂੰ ਨੌਕਰੀ ਮਿਲਦੀ ਨਹੀਂ। ਸ਼ਿਫਾਰਸ਼ ਨਾਲ ਸਭ ਚੱਲਦਾ। ਗੱਲਤ ਹੈ, ਸਭ ਗੱਲਤ। ਕੌਣ ਆਪਣੀ ਦੇਸ ਦੇ ਦੋ ਬਣਾ ਦੇਂਦੇ ਏ? ਕੇਵਲ ਧਰਮ ਕਰਕੇ? ਨਾਕੇ ਬਣਾਇਆ ਦੇਸ਼ ਕਿੰਨਾ ਗੰਦਾ ਹੈ! ਕੂੜਾ ਸਾਰੇ ਪਾਸੇ ਹੈ! ਸਫ਼ਾਈ ਸਰਕਾਰ ਦੀ ਸਿਰਦਰਦੀ ਨਹੀਂ ਹੈ। ਆਮ ਬੰਦੇ ਦੀ ਹੈ। ਆਪਣੇ ਪਿਆਰੇ ਪੰਜਾਬ ਦਾ ਕੀ ਹਾਲ ਬਣਾਇਆ? ਇਤਿਹਾਸ ਦੇ ਪੰਨੇ ਮਿਟਦੇ ਹਨ।ਪੁਰਾਤਨ ਚੀਜਾਂ ਦੀ ਕੋਈ ਰਾਖੀ ਨਹੀਂ ਰੱਖਦਾ। ਇੱਦਾਂ ਤਾਂ ਕੌਮ ਨੇ ਤਬਾਹ ਹੋ ਜਾਣਾ! ਅਸੀਂ ਸਾਡੇ ਮਾਂ ਬੋਲੀ ਸਭ ਕੁਝ ਤੋਂ ਅੱਗੇ ਰੱਖਦੇ ਹਾਂ। ੳੇੁਸ ਤੋਂ ਬਾਅਦ ਅਜ਼ਾਦੀ, ਸਭ ਦੀ ਅਜ਼ਾਦੀ ਜੋ ਮਰਜ਼ੀ ਸੋਚਣ, ਜੋ ਮਰਜ਼ੀ ਕਹਿਣ। ਇਸ ਤੋਂ ਬਾਅਦ ਝੀਂਗਾਨੀਤ ( ਇਨਸਾਨੀਅਤ)। ਇੱਥੇ ਕੋਈ ਗਰੀਬ ਨਹੀਂ ਹੈ। ਅਮੀਰ ਗਰੀਬ ਦੀ ਮਦਦ ਹਮੇਸ਼ਾ ਕਰਦੇ-
- ਤੁਸੀਂ ਕਿੱਹੜੇ ਫਿਰਿਸ਼ਤੇ ਹੌ! ਦੇਖ ਮੀਕੇ ਦਾ ਕੀ ਹਾਲ ਕੀਤਾ! ਜਿੱਦਾਂ ਕੋਈ ਜਾਨਵਰ ਹੈ!- ਮੈਂ ਸਖਤੀ ਨਾਲ ੳੱਤਰ ਦਿੱਤਾ।
- ਸੱਚ। ਤੁਸਾਂ ਕਿੱਥੇ ਘੱਟ ਨੇ? ਤੁਸੀਂ ਵੀ ਆਪਣੇ ਸੰਸਾਰ ਵਿੱਚ ਤਜਰਬੇ ਜਾਨਵਰਾਂ ਉੱਤੇ ਕਰਦੇ ਹੋ-
- ਅਸੀਂ ਜਾਨਵਰ ਨਹੀਂ ਹਾਂ!-
- ਸਾਡੇ ਅੱਖਾਂ’ਚ ਤਾਂ ਤੁਸੀਂ ਬਹੁਤ ਅਜੀਬ ਹੋ। ਜਾਨਵਰ ਹੀ ਹੋ-
- ਤੁਸੀਂ ਕਿੱਥੇ ਘੱਟ ਹੋ ਸੱਕਦੇ ਨੇ? ਦੂਜੀਆਂ ਮੱਛੀਆਂ ਨਾਲ ਜਰੂਰ ਜੰਗ ਕੀਤੇ ਹੋਣਗੇ। ਜਦ ਤੁਹਾਡੀ ਅਬਾਦੀ ਵੱਧੂਗੀ, ਗਰੀਬੀ ਤਾਂ ਹੋਣੀ ਹੈ। ਕਿਸ ਨੋ ਕਹਿਵੋਗੇ “ ਤੁਸੀਂ ਮਾਂ-ਪਿਉ ਨਹੀਂ ਬਣ ਸੱਕਦੇ?”, ਫਿਰ ਅਬਾਦੀ ਉੱਤੇ ਅਧੀਨ ਕਿਵੇਂ ਕਰੂਗੇ? ਜਦ ਤੁਹਾਡੇ ਸਰੋਤ-ਬਾਲਣ ਮੁਕ ਜਾਵੇਗਾ, ਫਿਰ ਤੁਸੀਂ ਵੀ ਇਨਸਾਨਾਂ ਵਰਗੇ ਹੋ ਜੋ ਗਏ। ਇਹ ਦਿਮਾਗੀ ਜੀਵ ਦੀ ਕਿਸਮਤ ਹੈ। ਅੱਗੇ ਹੋਣ ਲਈ ਆਲਾ ਦੁਆਲਾ ਵਰਤ ਦੇ ਹੋ। ਪਰ ਉਸ ਬਾਲਣ ਨੂੰ ਵਰਤ ਕੇ ਸਭ ਨਾਸ ਕਰ ਦਿੰਦੇ ਹਨ। ਦੇਖੀ ਜਾਵੋ-।
- ਆਪਾਂ ਬਾਕੀ ਦਾ ਬਾਅਦ ਸੋਚ ਲਵਾਂ ਗੇ। ਹੁਣ ਜੋ ਬੀਤ ਗਿਆ, ਉਸਦੀ ਗਵਾਹੀ ਨਾਲ ਲੱਗਦੀ ਸਾਡਾ ਪਾਣੀ ਚੋਰੀ ਕਰਨ ਲੱਗੇ ਸੀ-। ਪਹਿਲੇ ਝੀਂਗੇ ਨੇ ਕਿਹਾ।
- ਆਪਾਂ ਨੂੰ ਇਸ ਇਨਸਾਨਾਂ ਦਾ ਪੁਲਾੜ ਜਹਾਜ਼ ਟੋਲਣਾ ਚਾਹੀਦਾ। ਜੇ ਕੋਈ ਆਕਾਸ਼-ਦੀਪ, ਜਾਂ ਬੀਕਨ ਹੈ, ਉਸ ਨੇ ਸਿਗਨਲ ਭੇਜ ਕੇ ਹੋਰ ਇਸ ਵਰਗੇ ਇੱਥੇ ਲਿਆ ਦੇਣੇ ਹਨ- ਦੂਜੇ ਝੀਂਗੇ ਨੇ ਕਿਹਾ।
- ਵੇਖ, ਜਿੱਦਾਂ ਤੁਹਾਡੇ ਕੋਲ ਝੀਂਗਾਇਅਤ ਹੋ, ਸਾਡੇ ਕੋਲ ਪੰਜਾਬੀਅਤ ਹੈ। ਅਸੀਂ ਇਸ ਵੇਲੇ ਬਹੁਤ ਕੋਸ਼ਿਸ਼ ਕਰ ਰਹੇ ਹਾਂ, ਸਮਾਜ ਦਾ ਭਲਾ ਕਰਨ ਲਈ- ਮੈਂ ਅੱਕ ਕੇ ਕਿਹਾ।
- ਜਾਣ ਦਿਆ ਕਰ! ਤੇਰੀ ਕੌਮ ਲਾਲਚੀ ਹੈ। ਆਪਣੇ ਆਪ ਦਾ ਦੇਖ ਦੀ ਹੈ। ਕਦੇ ਕਿਸੇ ਹੋਰ ਦਾ ਨਹੀਂ। ਇਸ ਲਈ ਤੇਰੀ ਦੁਨੀਆ ਦੇ ਵਿੱਚ ਵੀ ਤੇਰੇ ਪੰਜਾਬੀ ਪਿੱਛੇ ਹੀ ਰਹਿ ਜਾਣਗੇ-।
- ਤੂੰ ਗੱਲਤ ਹੈ। ਹੌਲੀ ਹੌਲੀ ਅੱਸੀਂ ਪਾਣੀ ਲੱਭ ਕੇ ਨਵੀਂ ਦੁਨੀਆ ਵਿੱਚ ਸੈਟ ਹੋ ਕੇ ਉਹ ਗੱਲਤੀਆਂ ਕਰਨੀਆਂ ਨਹੀਂ-।
- ਝੂਠ! ਰੁਲ ਗਏ। ਤੇਰੇ ਲੋਕ ਰੁਲ ਗਏ-।
- ਅਸੀਂ ਵੀ ਮਾਂ ਨੂੰ ਪਿਆਰ ਕਰਦੇ ਹਾਂ। ਸਾਡੇ ਲਈ ਵੀ ਮਾਂ ਰੱਬ ਦਾ ਦੂਜਾ ਰੂਪ ਹੈ। ਅਸੀਂ ਬਦਲ ਜਾਣਾ ਹੈ। ਨਵੀ ਪੀੜ੍ਹੀ ਨੂੰ ਸਭ ਸਮਝ ਹੈ। ਬੰਦਾ ਬੀਬੀ ਬਰਾਬਰ ਹੋਵੇਗਾ। ਸ਼ਹਿਰ ਸਾਫ਼ ਹੋਣਗੇ। ਲੋਕ ਅਪਣਾ ਬੋਝ ਖੁਦ ਚੁੱਕਣ ਗੇ। ਦੇਖੀ ਜਾਓ-।
- ਕਿੱਥੇ? ਇਨਸਾਨਾਂ ਵਿੱਚ ਵੀ ਪੱਛਮ ਅੱਗੇ ਸੀ। ਉਸਦੇ ਗੁਣਾਂ ਦੇ ਥਾਂ’ਤੇ ਔਗਣਾ ਦੀ ਰੀਸ ਕਰਦੇ ਸੀ, ਤੇਰੇ ਪਿਆਰੇ ਪੰਜਾਬੀ। ਪੈਸੇ ਤੋਂ ਦੂਰ ਜੱਟ ਦੇਖਦਾ ਨਹੀਂ- ਪਹਿਲੇ ਝੀਂਗੇ ਨੇ ਕਿਹਾ।
- ਓਏ ਹਾਂ। ਹਾਂ! ਪਰ ਜੋ ਬੀਤ ਗਿਆ ਨੇ ਸਾਡੇ ਸੰਸਾਰ ਦਾ ਐਸਾ ਹਾਲ ਕੀਤਾ! ਐਸਾ ਹਾਲ ਕੀਤਾ, ਅਸੀਂ ਅੱਗੇ ਜਾਂਕੇ ਵਖਰਾ ਸਮਾਜ ਬਣਾਵਾਂਗੇ। ਦੇਖੀ ਜਾਓ! ਸਿਰਫ਼ ਥੋੜ੍ਹਾ ਜਾਂ ਪਾਣੀ ਸਾਨੂੰ ਦਿਓ!- ਮੈਂ ਖੈਰ ਮੰਗਿਆ।
- ਪੰਚਾਇਤ ਦਾ ਆਖਰਾ ਫੈਸਲਾ ਜੇ ਕਿ ਆਦਮੀ ਅਪਰਾਧੀ ਹੈ। ਰੱਬ ਨੇ ਤਹੁਾਨੂੰ ਬਹੁਤ ਸੋਹਣੀ ਦੁਨੀਆ ਦਿੱਤੀ ਸੀ, ਤੇ ਤੇਰੀ ਔਕਾਤ ਨੇ ਤਬਾਹ ਕਰ ਦਿੱਤੀ! ਸੱਜ਼ਾ ਹੋਵੇਗੀ ਮੌਤ!- ਦੂਜੇ ਨੇ ਗੁਸੇ ਵਿੱਚ ਕਿਹਾ।ਠਾਹਿਰ! ਠਾਹਿਰ ਝੀਂਗਿਆ! ਤੁਸੀਂ ਹੁਣ ਤਾਂ ਸਾਡੇ ਨੁਕਸਾਂ ਮਗਰ ਪਏ ਹੈ! ਪਰ ਸਾਡੇ ਗੁਣ ਦੇਖੋ! ਮੈਂ ਬਹੁਤ ਕੁਝ ਤੁਹਾਨੂੰ ਹਾਲੇ ਵੀ ਸਿਖਾ ਸੱਕਦਾ ਹਾਂ! ਲੋਕ-ਤੰਤਰ! ਨਿਆਂ! ਰਹਿਣਾ ਸਹਿਣਾ। ਬੰਦਾ ਊਹੀ ਨਹੀਂ ਹੋਰ ਜਾਨਵਾਰਾਂ ਤੋਂ ਅੱਗੇ ਹੋਗਿਆ!-।
ਮੈਨੂੰ ਫਿਰ ਉਨ੍ਹਾਂ ਦੀਆਂ ਹੋਰ ਗੱਲਾਂ ਸੁਣਨਿਆ ਪਈਆਂ ਅਤੇ ਹਾਰਕੇ ਮਨਣਾ ਪਿਆ ਸਾਡੀ ਕੌਮ ਵਿੱਚ ਕਮੀਆਂ ਹਨ। ਚ ਸੀ ਝੀਂਗਿਆਂ’ਚ ਮੈਨੂੰ ਕੇਵਲ ਇੱਕ ਹੀ ਕਮੀ ਲੱਭੀ ਸੀ ਪਰ ਜੋ ਓਨ੍ਹਾਂ ਨੇ ਮੀਕੇ ਨੂੰ ਕੀਤਾ। ਪਰ ਹੋਰ ਕੁਝ ਤਾਂ ਨਹੀਂ ਸੀ। ਮੈਂ ਜੋਸ਼ ਨਾਲ ਮਨਵਾ ਲਿਆ ਕਿ ਮੈਨੂੰ ਮਾਰਨ ਦੀ ਲੋੜ ਨਹੀਂ ਹੈ। ਮੈਂ ਇੱਕ ਹੀ ਆਦਮੀ ਸੀ, ਮੈਂ ਤੁਹਾਡੇ ਖਿਲਾਫ਼ ਕੀ ਕਰ ਲੈਣਾ? ਹੁਣ ਝੀਂਗੇ ਪੱਕੇ ਹੋ ਗਏ ਸਨ ਕਿ ਕੋਸ਼ਸ਼ ਕਰੂਗੇ ਉੱਦਮ ਨੂੰ ਟੋਲਣ ਦੀ। ਕੰਮ ਵੱਡਾ ਸੀ ਕਿਉਂਕਿ ਅਸੀਂ ਤਾਂ ਸਾਲ ਵਿੱਚ ਜਿੱਥੇ ਜਾਹਜ਼ ਡਿੱਗਾ ਸੀ ਤੋਂ ਹੋਰ ਪਾਸੇ ਲਹਿਰਾਂ ਨਾਲ ਡਿੰਗੀ ਵਿੱਚ ਪਹੁੰਚ ਗਏ ਸੀ। ਪਰ ਉੱਦਮ ਨੂੰ ਮੇਰੇ ਭਲੇ ਲਈ, ਅਤੇ ਹੋਰ ਇਨਸਾਨਾਂ ਨੂੰ ਮੇਰੇ ਮਗਰ ਤੁਰਨ ਨੂੰ ਰੋਕਣ ਲਈ ਲੱਭਣਾ ਪੈਣਾ ਸੀ।
ਮੈਨੂੰ ਇੱਕ ਨਵਾਂ ਸੂਟ ਦੇ ਦਿੱਤਾ। ਸੀਸ ਲਈ ਟੋਪ ਸੀ, ਜਿਸ ਵਿੱਚ ਸਾਹ ਲੈਣ ਲਈ ਹਵਾ ਭਰੀ ਸੀ। ਮੈਂ ਇਸ ਸੂਟ ਪਾਕੇ ਇੱਕ ਝੀਂਗੇ ਦੇ ਪਿੱਠ ਉੱਤੇ ਬਹਿ ਗਿਆ। ਫਿਰ ਦਸ ਝੀਂਗੇ ਮੇਰੇ ਨਾਲ, ਉਸ ਥਾਂ ਵੱਲ ਤਰ ਕੇ ਗਏ, ਜਿੱਥੇ ਮੈਨੂੰ ਅਤੇ ਮੀਕੇ ਨੂੰ ਲੱਭਿਆ ਸੀ। ਅੰਤ ਨਹੀਂ ਸੀ ਕਿੰਨੇ ਕਿਸਮ ਦੀਆਂ ਮੱਛੀਆਂ ਸਮੁੰਦਰ ਵਿੱਚ ਸਨ! ਕੋਈ ਕੋਈ ਤਾਂ ਬਹੁਤ ਅਜੀਬ ਸਨ। ਕੋਈ ਪਾਣੀ ਦਾ ਰੰਗ ਲੈ ਕੇ ਅਦਿੱਖ ਹੋ ਜਾਂਦੀਆਂ ਸੀ! ਇੱਦਾਂ ਅਸੀਂ ਖੋਜ ਸ਼ੁਰੂ ਕੀਤੀ। ਸਾਨੂੰ ਕਈ ਵਾਰੀ ਵਾਪਸ ਆਕੇ ਫਿਰ ਜਾਕੇ ਤਲਾਸ਼ ਸ਼ੁਰੂ ਕਰਨੀ ਪਾਈ। ਹੌਲੀ ਹੌਲੀ ਸਾਰਾ ਸਮੁੰਦਰ ਪਾਰ ਕਰਕੇ ਥਾਂ ਦੇ ਨੇੜੇ ਗਏ। ਝੀਂਗਿਆਂ ਨੂੰ ਕਈ ਕਿਸਮ ਦੀਆਂ ਮੱਛੀਆਂ ਨੂੰ ਪੁੱਛਣਾ ਪਿਆ ਜੇ ਅਜੀਬ ਲੋਹਾ ਵਾਲਾ ਜਹਾਜ਼ ਓਨ੍ਹਾਂ ਨੇ ਦੇਖਿਆ ਸੀ। ਹਾਰਕੇ ਜਿੱਥੇ ਸਮੁੰਦਰ ਵਿਚ ਕੜਕ ਕੇ ਵਜੇ, ਓਹ ਥਾਂ ਲੱਭ ਗਿਆ।ਅਸੀਂ ਇੱਥੇ ਡੁੰਘਾਈ’ਚ ਜਾਕੇ ਤਬਾਹ ਹੋਇਆ ਉੱਦਮ ਲੱਭਣ ਗਏ।ਮੈਂ ਹੁਣ ਕਈ ਬਾਰੀ ਸਮੁੰਦਰ ਦੇ ਵਿਸਮਾਦੀ ਮੱਛੀਆਂ, ਸਮੁੰਦਰੀ ਖੀਰੇ, ਬਾਮ ਮੱਛੀਆਂ, ਵ੍ਹੇਲਾਂ ਅਤੇ ਸ਼ਾਕਾਂ ਦੇਖੀਆਂ ਸੀ। ਪਰ, ਫਿਰ ਵੀ ਆਲੇ ਦੁਆਲੇ ਬਹੁਤ ਚਮਤਕਾਰੀ ਮੱਛੀਆਂ ਸਨ, ਤੇ ਮੈਂ ਤਾਂ ਥਾਂ ਹੀ ਇਸ ਨਾਲ ਖੋਹ ਗਿਆ। ਹੌਲੀ ਹੌਲੀ ਡੁੰਘਾਈ ਦੇ ਪੇਟ ਵਿੱਚ ਗਏ। ਫਿਰ, ਜਿੱਦਾਂ ਕੋਈ ਧੂਆਂ ਵਿੱਚੋਂ ਭੂਤ ਸਾਡੇ ਵੱਲ ਆਉਂਦਾ, ਜਿੰਨ੍ਹੇ ਨੇੜੇ ਹੋਏ, ਓਨ੍ਹਾਂ ਵੱਡਾ, ਸਾਡੇ ਸਾਹਮਣੇ ਉੱਦਮ ਸੀ। ਇੱਕ ਪਾਸੇ ਜਹਾਜ਼ ਦੀ ਛਿਲ ਪਾਤੀ ਸੀ। ਇਹ ਰਾਹ ਅਸੀਂ ਸਭ ਅੰਦਰ ਵੜ ਗਏ। ਆਸ ਪਾਸ ਪਾਣੀ ਵਿੱਚ ਕਲਦਾਰਾਂ ਦੀਆਂ “ ਲਾਸ਼ਾਂ” ਰੁੜ੍ਹ ਰਹੀਆਂ ਸਨ।ਮੈਂ ਝੀਂਗਿਆਂ ਨੂੰ ਹੱਥਾਂ ਨਾਲ ਇਸ਼ਾਰੇ ਦਿੱਤੇ ਕਿੱਥੇ ਜਾਣ।ਇੱਕ ਕੰਪਿਊਟਰ ਵੱਲ ਗਏ। ਇੱਥੇ ਇੱਕ ਝੀਂਗੇ ਨੇ ਵਿੱਚ ਕੁਝ ਫਸਾ ਦਿੱਤਾ। ਫਿਰ ਕੱਢਕੇ ਸਿਰ ਹਿੱਲਾ ਕੇ ਦੂਜਿਆਂ ਨੂੰ ਇਸ਼ਾਰਾ ਦਿੱਤਾ। ਇੱਕ ਹੋਰ ਝੀਂਗੇ ਨੇ ਸਾਰਾ ਕੁਝ ਬੰਦ ਕਰ ਦਿੱਤਾ। ਹੁਣ ਕੋਈ ਰਾਹ ਨਹੀਂ ਸੀ ਕਿ ਇਨਸਾਨ ਮੈਨੂੰ ਲੱਭ ਸੱਕਦੇ, ਜਾਂ ਮੈਂ ਓਨ੍ਹਾਂ ਨੂੰ ਸਨੇਹਾ ਭੇੱਜਾ। ਅਸੀਂ ਸਭ ਬਾਹਰ ਚੱਲੇ ਗਏ।
ਜਦ ਝੀਂਗਿਆਂ ਦੇ ਸ਼ਹਿਰ ਵਾਪਸ ਪਹੁੰਚੇ, ਉਸ ਝੀਂਗੇ ਨੇ ਡਾਲੀ ( ਜਿਸ ਨਾਲ ਕੰਪਿਊਟਰ’ਚੋਂ ਰੀਕਾਰਡਿੰਗ ਭਰੀ ਸੀ), ਪੰਚਾਇਤ ਦੇ ਹਵਾਲੇ ਕਰ ਦਿੱਤੀ।ਫਿਰ ਅਸੀਂ ਸਭ ਨੇ ਇੱਕ ਵੱਢੀ ਚੱਲਦੀ ਤਸਵੀਰ-ਖ਼ਤ ( ਹਾਲੋਗ੍ਰਾਮ) ਦੇ ਰਾਹੀ ਜੋ ਉੱਦਮ ਨੂੰ ਹੋਇਆ ਦੇਖਿਆ।
ਉੱਦਮ ਦੇ ਵਿਡੀਓ- ਆਡੀਓ ਰੀਕਾਡਾਂ ਨੇ ਸਭ ਕੁਝ ਸਮਝਾ ਦਿੱਤਾ। ਜੋ ਦੇਖਦੇ ਸਨ ਜਾਂ ਸੁਣਦੇ ਸੀ, ਉਸ ਤੋਂ ਪਤਾ ਗਾ ਕਿ ਪੁਲਾੜ ਤੂਫਾਨ ਨੇ ਸਾਨੂੰ ਵਕਤ ਪਾਰ ਭੇਜ ਦਿੱਤਾ। ਇਸ ਲਈ ਅਸੀਂ ਟਾਇਮ ਦੇ “ ਅੱਗੇ” ਚੱਲੇ ਗਏ; ਕਹਿਣ ਦਾ ਮਤਲਬ ਜੇ ਸੋਮਵਾਰ ਸੀ, ਹੁਣ ਪਲ ਵਿੱਚ ਵੀਰਵਾਰ ਪਹੁੰਚ ਗਏ। ਪੁਲਾੜ ਵਿੱਚ ਟਾਇਮ ਦੀ ਚਾਦਰ ਪਾਟ ਗਈ। ਕਾਲ ਵਿੱਚ ਪਾੜ ਹੋਗਿਆ ਸੀ। ਸਾਡੇ ਤੋਂ ਪਹਿਲਾ ਇਸ ਖੱਡ ਵਿੱਚੋਂ ਪਾਣੀ ਬਣਾਉਣ ਅਤੇ ਸਟੋਰ ਕਰਨ ਵਾਲੀਆਂ ਟੈਂਕੀਆਂ ਨੇ ਪਾਰ ਕੀਤਾ। ਸਾਤੋਂ ਪਹਿਲਾ ਚੰਦ ਉੱਤੇ ਡਿੱਗ ਗੀਆਂ। ਪਰ ਜਦ ਡਿੱਗੀਆਂ, ਸਾਡੇ ਮਿਸਾਲ ( ਹੁਣੀ ਸਮਝਾਇਆ ਸਿਧਾਂਤ ਦੇ ਹਿਸਾਬ) ਦੇ ਹਿਸਾਬ ਨਾਲ ਕੇਵਲ ਮੰਗਲਵਾਰ ਸੀ। ਬੁੱਧਵਾਰ ਤਕ ਸਾਡੀ ਮਸ਼ੀਨਰੀ ਨੇ ਇਸ ਬਾਂਝ ਦੁਨੀਆ ਵਿੱਚ, ਇਸ ਬੰਜਰ ਚੰਦ ਉੱਤੇ,ਪਾਣੀ ਬਣਾ ਦਿੱਤਾ ਸੀ। ਸੱਚ ਸੀ ਕਿ ਦਿਨਾਂ ਦੀ ਗੱਲ ਨਹੀਂ ਸੀ ਪਰ ਲੱਖ ਲੱਖ ਵਰ੍ਹਿਆਂ ਦੀ। ਇਸ ਵਕਤ ਵਿੱਚ ਝੀਂਗਿਆਂ ਦੀ ਦੁਨੀਆ ਜਮ ਗਈ ਸੀ। ਪਹਿਲਾ ਤਾਂ ਮੈਂ ਹੈਰਾਨ ਹੋਗਿਆ ਸੀ। ਫਿਰ ਮੈਨੂੰ ਹਾਸਾ ਆ ਗਿਆ।
- ਕਹਿਣ ਦਾ ਮਤਲਬ ਸਾਡੇ ਕਰਕੇ ਤੁਹਾਡਾ ਸੰਸਾਰ ਪੈਦਾ ਹੋਇਆ!-।
ਪਹਿਲਾ ਤਾਂ ਝੀਂਗੇ ਵੀ ਹੈਰਾਨ ਸੀ, ਫਿਰ ਘਾਬਰ ਗਏ, ਪਰ ਫਿਰ ਇੱਕ ਨੇ ਲਾਕੇ ਮੈਨੂੰ ੳੁੱਤਰ ਦਿੱਤਾ
- ਲੱਖ ਸਾਲਾਂ’ਚ ਤਾਂ ਇਨਸਾਨਾਂ ਪੁਲਾੜ ਦੇ ਪੰਨਿਆਂ ਵਿੱਚ ਗੁੰਮ ਗਿਆ। ਤੇਰੀ ਕੌਮ ਕਾਮਯਾਬ ਨਹੀਂ ਹੋਈ। ਸਿਰਫ਼ ਤੂੰ ‘ਤੇ ਤੇਰਾ ਸਾਥੀ ਮੀਕਾ ਹਨ। ਇਨਸਾਨ ਤਾਂ ਹੁਣ ਖ਼ਤਮ ਹੈ-। ਮੈਨੂੰ ਪਤਾ ਸੀ ਕਿ ਜੋ ਬੋਲਿਆ, ਸੱਚ ਬੋਲਿਆ।
- ਤੁਹਾਡੀ ਦੁਨੀਆ ਦਾ ਵਿਕਾਸ ਇੱਕ ਰਾਹ ਗਿਆ। ਸਾਡੇ, ਜਿੱਥੇ ਆਲੇ ਦੁਆਲੇ ਕੇਵਲ ਪਾਣੀ ਹੈ, ਹੋਰ ਰਾਹ ਗਿਆ। ਤੂੰ ਇੱਕ ਕਿਸਮ ਦਾ ਦੇਵਤਾ ਹੈਂ ਸਾਡੇ ਲਈ। ਤੁਹਾਡੇ ਹਾਦਸੇ ਨੇ ਸਾਨੂੰ ਜੀਵਨ ਦਿੱਤਾ। ਜਦ ਪਾਣੀ ਬਣਾਉਣ ਵਾਲੀਆਂ ਮਸ਼ੀਨਾਂ ਸਾਡੀ ਧਰਤੀ ਵਿੱਚ ਵੱਜੀਆਂ, ਆਪਣੇ ਆਪ ਕੰਮ ਕਰਕੇ ਜਿੰਨ੍ਹਾ ਪਾਣੀ ਉਨ੍ਹਾਂ ਵਿੱਚ ਸੀ, ਨਾਲ ਸਮੁੰਦਰ ਬਣਾ ਦਿੱਤਾ। ਮੇਰੇ ਖਿਆਲ ਵਿੱਚ ਤੈਨੂੰ ਸਾਡੇ ਸੰਸਾਰ ਨੂੰ ਤੇਰੇ ਤੋਂ ਬਿਹਤਰ ਬਣਾਉਣ ਦੀ ਮਦਦ ਕਰਨੀ ਚਾਹੀਦੀ ਹੈ – ਇੱਕ ਹੋਰ ਨੇ ਸੋਚਕੇ ਮੈਨੂੰ ਕਿਹਾ।
ਮੈਂ ਡੌਰ-ਭੌਰ ਖੜ੍ਹਾ ਰਹਿ ਗਿਆ। ਮੈਂ ਜੋ ਦੇਖਿਆ ਜਾਂ ਸੁਣਿਆ, ਉਸ ਬਾਰੇ ਜਦ ਸੋਚਿਆ, ਓੱਥੇ ਬੇਹੋਸ਼ ਹੋਗਿਆ।
ਜਦ ਉਸ ਸ਼ਾਮ ਮੈਂ ਉੱਠਿਆ, ਮੇਰੇ ਲਈ ਸੋਹਣੇ ਕੱਪੜੇ ਸੀਉਕੇ ਬੇਡ ਕੋਲੇ ਰੱਖੇ ਸੀ। ਕਮਰੇ ਦੇ ਕੰਧ ਉੱਤੇ ਸ਼ੀਸ਼ਾ ਵੀ ਟੰਗਿਆ ਸੀ। ਮੈਂ ਅਪਣੇ ਮੁਖ ਵੱਲ ਤੱਕਿਆ। ਮੈਨੂੰ ਪੂਰਾ ਪਤਾ ਸੀ ਕਿ ਮੈਂ ਹੁਣ ਹਮੇਸ਼ਾ ਲਈ ਇੱਥੇ ਫਸ ਗਿਆ ਸੀ। ਕੀ ਪਤਾ ਲੱਖ ਲੱਖ ਸਾਲਾਂ ਵਿੱਚ ਤਾਂ ਇਨਸਾਨ ਦਾ ਵਿਨਾਸ਼ ਹੋਗਿਆ? ਜਾਂ ਹਾਲੇ ਵੀ ਆਦਮੀ ਜੀਉਂਦਾ ਹੋ ਸੱਕਦਾ? ਇਸ ਨੂੰ ਤਾਂ ਰੱਬ ਹੀ ਜਾਣਦਾ। ਹੁਣ ਮੇਰੇ ਲਈ ਕੀ ਰਿਹਾ? ਹੁਣ ਜਿੰਦਗੀ ਲਈ ਕੀ ਮਜ਼ਾ ਸੀ? ਦਿਲ ਨੂੰ ਕੁਝ ਚੁਭਿਆ ਜਦ ਪੰਜਾਬ ਦੀਆਂ ਯਾਦਾਂ ਆਈਆਂ। ਹੁਣ ਤਾਂ ਮੈਂ ਕੋਈ ਬੇਗਾਣੇ ਥਾਂ ਸੀ, ਮੇਰੇ ਦੇਸ ਤੋਂ ਦੂਰ, ਮੇਰੀ ਦੁਨੀਆ ਤੋਂ। ਮੈਂ ਵਾਪਸ ਉਡਾਰੀ ਵੀ ਨਹੀਂ ਮਾਰ ਸੱਕਦਾ ਸਾਂ। ਮੇਰੇ ਚਾਹ ਨੇ ਇਸ ਓਪਰੇ ਥਾਂ ਮੈਨੂੰ ਲਿਆ ਰੱਖਿਆ। ਮੇਰੀ ਹੋਂਦ ਬੇਮਤਲਬ ਸੀ। ਜੋ ਗਵਾਚ ਦਿੱਤਾ ਕਦੀ ਵਾਪਸ ਨਹੀਂ ਆ ਸੱਕਦਾ। ਹੁਣ ਗੁੰਗੇ ਸਮੁੰਦਰ ਵਿੱਚ ਦਿਨ ਬੀਤਣਗੇ। ਧਰਤੀ ਉੱਤੇ ਕਦੀ ਕਦਮ ਨਹੀਂ ਰੱਖ ਸਕਣੇ। ਮੀਕਾ ਨੇ ਤਾ ਮਰ ਜਾਣਾ। ਮੈਂ ਬ੍ਰਹਿਮੰਡ ਵਿੱਚ ਇੱਕਲਾ ਸੀ। ਕਿਸੇ ਨੇ ਕਮਰੇ ਦੀ ਬੱਤੀ ਬੁਝਾ ਦਿੱਤੀ। ਆਲੇ ਦੁਆਲੇ ਹਨੇਰਾ ਸੀ। ਜੇ ਮੀਕੇ ਦੇ ਥਾਂ ਜਨਾਨੀ ਬੱਚ ਜਾਂਦੀ, ਟੱਬਰ ਸ਼ੁਰੂ ਕਰ ਸਕਦਾ ਸੀ। ਕੋਈ ਪਿਆਰ ਲੈਣ ਦੇਣ ਲਈ ਹੋਣਾ ਸੀ; ਕੋਈ ਦੁੱਖ ਸੁਖ ਕਰਨ। ਬੰਦਾ ਬੇਗਮ ਤੋਂ ਬਿੰਨ ਕੁਝ ਨਹੀਂ ਹੈ। ਸਾਡੀ ਗੱਡੀ ਦੀ ਇੰਜਣ ਔਰਤ ਤੋਂ ਬਿਗੈਰ ਚੱਲ ਨਹੀਂ ਸਕਦੀ। ਸਾਡੇ ਸੰਸਾਰ ਵਿੱਚ ਤੀਵੀ ਨੂੰ ਕਿਨੇ ਦੁੱਖ ਬੰਦੇ ਦੇਂਦੇ ਸੀ। ਹੁਣ ਮੇਰੇ ਪੱਲੇ ਪਿਆ ਕਿ ਜਨਾਨੀ ਤੋਂ ਅੱਲਗ ਜੀਵਨ ਸੁੰਨਾ ਹੈ। ਬੇਬਸ ਹੈ। ਜਨਾਨੀ ਮਾਂ, ਭੈਣ, ਧੀ ਹੈ। ਉਸ ਨੋ ਸਾਡੀ ਨਹੀਂ, ਪਰ ਸਾਨੂੰ ਉਸਦੀ ਪੂਜਾ ਕਰਨੀ ਚਾਹੀਦੀ। ਕੀ ਨਹੀਂ ਬੰਦੇ ਲਈ ਕਰਦੀ? ਜੇ ਮੀਕੇ ਦੇ ਥਾਂ ਉਹ ਹੁੰਦੀ, ਫਿਰ ਵੀ ਜੀਉਣ ਦਾ ਫਾਇਦਾ ਹੋਣਾ ਸੀ।
ਹੁਣ ਮੇਰੇ ਜੀਉਣ ਦਾ ਕੀ ਫਾਇਦਾ ਸੀ? ਮੰਤਵ ਕੀ ਸੀ? ਸ਼ੀਸ਼ੇ ਵਿੱਚੋਂ ਪਰਛਾਵੇਂ ਨੇ ੳਤਰ ਦਿੱਤਾ – ਹੁਣ ਤਾਂ ਤੂੰ ਝੀਂਗੇ-ਲੋਕ ਦੀ ਮਦਦ ਹੀ ਕਰ ਸਕਦਾਂ। ਉਨ੍ਹਾਂ ਨੂੰ ਦੇਖਾ ਜੋ ਆਦਮੀ ਵਿੱਚ ਚੰਗਾ ਹੈ। ਮਦਦ ਕਰ ਕੋਈ ਤਕੜੀ ਤਹਿਜ਼ੀਬ ਪੈਦਾ ਕਰੀ। ਜਿਹੜੀ ਗੱਲਤੀਆਂ ਤੇਰੇ ਦੁਨੀਆ ਵਿੱਚ ਹੋਈਆਂ, ਇੱਥੇ ਨਾ ਹੋਣ ਦਈ-।
ਮੈਂ ਕੱਪੜੇ ਪਾਕੇ ਸੁਥਰਾ ਹੋਕੇ ਪੰਚਾਇਤ ਨੂੰ ਦੇਖਣ ਗਿਆ।
- ਮੈਂ ਤੁਹਾਡੀ ਮਦਦ ਕਰੂਗਾ। ਜੋ ਤੁਹਾਡੇ ਵਿੱਚ ਚੰਗਾ ਹੈ, ਰੱਖੋਂ। ਪਰ ਜੋ ਸਾਡੇ ਵਿੱਚ ਚੰਗਾ ਸੀ, ਤੁਹਾਨੂੰ ਸਿਖਾਉਣਾ। ਇਨਸਾਨ ਦੇ ਚੰਗੇ ਖਿਆਲਾਂ ਨਾਲ ਤਹਾਨੂੰ ਅੱਗੇ ਕਰੂੰਗਾ-।
ਪੰਚਾਇਤ ਨੂੰ ਮੰਜੂਰ ਸੀ। ਮੈਂ ਕੇਵਲ ਇੱਕ ਸ਼ਰਤ ਲਾਈ
ਮੇਰੇ ਲਈ ਜਿਸ ਕਮਰੇ ਵਿੱਚ ਮੀਕਾ ਤਾਰਾਂ ਨਾਲ ਮਸ਼ੀਨਾਂ ਨੂੰ ਅਪਣੇ ਮਨ ਦੀਆਂ ਗੱਲਾਂ ਦੇਖਾਉਂਦਾ ਸੀ, ਪਾਣੀ ਨਿਚੋੜ ਦਿੱਤਾ। ਮੈਂ ਹੁਣ ਉਸਦੇ ਵੱਲ ਦੇਖਦਾ ਖੜ੍ਹਾ ਸੀ। ਬਚਾਰਾ। ਕੀ ਪਤਾ ਜੇ ਝੀਂਗੇ ਚਾਹੁੰਦੇ ਸੀ, ਮੈਂ ਮੀਕੇ ਦੇ ਥਾਂ ਹੋਣਾ ਸੀ, ਉਸਨੇ ਮੇਰੇ? ਪਰ ਜੋ ਲਿਖਿਆ ਹੋਗਿਆ। ਮੈਂ ਉਸਦੇ ਸਾਏ ਥੱਲੇ ਸੀ। ਉਸਦੀ ਜਾਣ ਝੀਂਗਿਆਂ ਨੇ ਨਿਚੋੜ ਦਿੱਤੀ। ਮੈਨੂੰ ਇਹ ਵੀ ਪਤਾ ਸੀ ਜੇ ਮੈਂ ਹੁਣ ਮਸ਼ੀਨ ਬੰਦ ਕਰ ਦਿੱਤੀ, ਸਾਰੇ ਵਿਸ਼ਵ ਵਿੱਚ ਇੱਕ ਹੀ ਇਨਸਾਨ ਹੋਣਾ ਸੀ। ਮੈਂ। ਕੇਵਲ ਮੈਂ। ਇੱਕੇਲਾ, ਹਮੇਸ਼ਾ ਲਈ। ਮੇਰੀ ਕੌਮ ਦਾ ਆਖਰੀ ਆਦਮੀ।
ਪਰ ਇਸ ਹਾਲ ਵਿੱਚ ਮੀਕੇ ਲਈ ਕੀ ਜਿੰਦਗੀ ਸੀ?
ਮੈਂ ਆਪਣੇ ਸਾਥੀ ਦੀ ਮਸ਼ੀਨ ਬੰਦ ਕਰ ਦਿੱਤੀ।
ਹਨੇਰਾ ਹੋਗਿਆ।
ਖ਼ਤਮ
ਰੂਪ ਢਿੱਲੋਂ