ਖਾਮੋਸ਼ ਜਵਾਲਾਮੁੱਖੀ

ਮੀਂਹ ਪੈ ਹਟਿਆ ਸੀ। ਹਵਾ ਬੰਦ ਹੋਣ ਕਾਰਨ ਛੱਤ ‘ਤੇ ਵੀ ਤਾਅ ਜਿਹਾ ਸੀ। ਸੂਰਜ ਡੁੱਬਣ ਵਾਲਾ ਸੀ। ਆਕਾਸ਼ ‘ਚ ਛਾਏ ਬੱਦਲਾਂ ਨੇ ਸੂਰਜ ਦੀ ਰੌਸ਼ਨੀ ਨੂੰ ਮੱਧਮ ਕਰ ਰੱਖਿਆ ਸੀ। ਨੀਲੇ ਅੰਬਰ ‘ਚ ਛਾਈਆਂ ਕਾਲੀਆਂ ਘਟਾਵਾਂ ਵੱਲ ਵੇਖ ਆਪਣੇ ਅਤੀਤ ਨੂੰ ਫਰੋਲਦੀ ਬੇਬੇ ਮੰਜੇ ਦੇ ਇੱਕ ਕੋਨੇ ਤੇ ਪਈ ਸੀ। ਯਾਦਾਂ ਦੀ ਉਧੇੜ ਬੁਣ ‘ਚੋ ਉਸਨੇ ਅਤੀਤ ਦੇ ਸਾਰੇ ਪੱਤਰੇ ਫਰੋਲੇ। ਬੇਬੇ ਤਰੇਂਹਟ ਸਾਲ ਦੀ ਇੱਕ ਕਵਾਰੀ ਔਰਤ ਸੀ। ਨਾ ਬੱਚਿਆਂ ਦਾ ਸ਼ੋਰ, ਨਾ ਘਰ-ਗ੍ਰਸਤੀ ਦਾ ਫਿਕਰ। ਅੱਧੀ ਤੋਂ ਵੱਧ ਉਮਰ ਲੰਗ ਚੁੱਕੀ ਸੀ। ਆਪਣੀ ਤਨਹਾਈ ‘ਚ ਉਹ ਅਕਸਰ ਸਪਨਿਆਂ ਦੇ ਮਹਿਲ ਖੜ੍ਹੇ ਕਰਦੀ ਸੀ। ਇੰਜ ਹੀ ਬਚੀ ਜਿੰਦਗੀ ਲੱਗ ਰਹੀ ਸੀ। ਅਚਾਨਕ ਅਜਨਬੀ ਪੈਰਾਂ ਦੀ ਆਹਟ ਨੇ ਬੇਬੇ ਦੀ ਸੋਚਾਂ ਦੀ ਲੜੀ ਨੂੰ ਇੱਕਦਮ ਤੋੜ ਦਿੱਤਾ।
-“ਕੀ ਹੋਇਆ ਤਾਈ ਜੀ, ਬੜੇ ਉਦਾਸ ਬੈਠੇ ਓ…?
-“ਕੁਝ ਨਹੀ ਨਸੀਬ ਕੋਰੇ। ਬਸ … ਜਵਾਨੀ ਦੇ ਦਿਨਾਂ ‘ਚ ਕੀਤਾ ਇੱਕ ਫੈਸਲਾ ਕਦੇ- ਕਦੇ ਬਹੁਤ ਗਲਤ ਲਗਦੈਂ। ਕਾਸ਼ ਸਾਡਾ ਸਮਝੌਤਾ ਹੋ ਜਾਦਾ… ‘ਤੇ ਅੱਜ ਮੇਰੇ ਵੀ…?
-“ਤਾਈ ਜੀ, ‘ਮੈਂ ਕੁਝ ਸਮਝੀ ਨਹੀ। ਤੁਸੀ ਕੀ ਕਹਿਣਾਂ ਚਾਹੁੰਦੇ ਓ।
-“ ਸਭ ਨਸੀਬ ਦੀਆਂ ਗੱਲਾਂ ਨੇ ਨਸੀਬ ਕੋਰੇ। ਸ਼ਾਇਦ ਅੱਜ ਮੇਰਾ ਵੀ ਹੱਸਦਾ ਖੇਡਦਾ ਪ੍ਰੀਵਾਰ ਹੁੰਦਾ। ਨਿਆਂਣੇ ਮਾਂ ਕਹਿ ਕੇ ਬਲਾਉਦੇ, ਮੇਰੀ ਸੁੱਨੀ ਗੋਦ ਅੱਜ ਭਰੀ ਹੁੰਦੀ। ਕਾਸ਼.. ਉਹ ਮਰ ਜਾਣਾ ਹੀ ਜਿੱਦ ਛੱਡ ਦਿੰਦਾ ……?
-“ਕੌਣ ਸੀ ਤਾਈ ਜੀ ਓ…?”
-ਮੇਰੇ ਨਾਨਕੇ ਪਿੰਡ ਦਾ ਨੱਥੂ ਬਾਣੀਏ ਦਾ ਮੁੰਡਾ ਦਲੀਪਾ। ਸਰਦਾਰ ਸੀ ਉਹ। ਮੁੱਛ ਫੁੱਟ ਗੱਬਰੂ। ਸੱਥ ‘ਚ ਸੌਦੇ ਦੀ ਦੁਕਾਨ ਕਰਦਾ ਸੀ। ਹੁਣ ਤਾਂ ਸੁੱਖ ਨਾਲ ਉਸਦੇ ਨਿਆਣੇ ਵੀ ਜਵਾਨ ਹੋ ਗਏ ਹੋਣਗੇ। ਪਰ ਮੈਂ ਤਾਂ ਹਲੇ ਵੀ ਉਥੇ ਦੀ ਉਥੇ… ਖੜ੍ਹੀ ਹਾਂ। ਕਿੰਨੇ ਚੰਗੇ ਸਨ ਜਵਾਨੀ ਦੇ ਉਹ ਮੌਜ-ਮਸਤੀ ਭਰੇ ਦਿਨ। ਅਸੀ ਦੋਨੋ ਹੀ ਕੱਚੀ ਉਮਰ ਦੇ ਸਾਂ। ਸ਼ਾਇਦ ਇਸੇ ਲਈ ਸਹੀ ਫੈਸਲਾ ਨਾ ਲੈ ਸਕੇ। ਰੱਬ ਪਤਾ ਨਹੀ ਕਿਹੜਿਆਂ ਰੰਗਾਂ ‘ਚ ਰਾਜ਼ੀ ਸੀ। ਤਕਦੀਰ ਨੂੰ ਕਿਸਮਤ ਦੇ ਹਵਾਲੇ ਛੱਡ ਕੇ, ਅਸੀ ਚੱਲ ਪਏ ਨਵੇ ਰਾਹਾਂ ਤੇ ਆਪੋ –ਆਪਣੀ ਮੰਜਿਲ ਦੀ ਭਾਲ ਵਿੱਚ। ਨਾ ਉਸਦੇ ਵਾਹਿਗੁਰੂ ਨੇ ਕੋਈ ਖਿਆਲ ਦਿੱਤਾ ‘ਤੇ ਨਾ ਮੇਰੇ ਮੌਲਾ ਨੇ।
-“ਤਾਈ ਜੀ, “ਉਹ ਕਿਹੜਾ ਫੈਂਸਲਾ ਸੀ। ਜਿਸ ਨੇ ਤੁਹਾਨੂੰ ਅਲੱਗ ਕਰ ਦਿੱਤਾ..?
-“ਬੱਚਪਨ ਦਾ ਪਿਆਰ ਜਵਾਨੀ ਤੱਕ ਦਾ ਸਫਰ ਤੈਅ ਕਰ ਚੁੱਕਾ ਸੀ। ਸਾਡੇ ਪਿਆਰ ਦੀਆਂ ਗੱਲਾਂ ਖੁੱਲ ਕੇ ਹੋਣ ਲੱਗੀਆਂ ਸਨ। ਫੈਸਲਾ ਲੈਣ ਦਾ ਸਮਾਂ ਆ ਗਿਆ ਸੀ। ਜਦ ਗੱਲ ਵਿਆਹ ਤੱਕ ਪਹੁੰਚੀ ਮੁੰਡੇ ਨੇ ਸ਼ਰਤ ਰੱਖ ਦਿੱਤੀ। ਕਹਿੰਦਾ ਤੂੰ ਸਰੋਪਾ ਪਾ ਲੈ। ਸਿੱਖਣੀ ਬਣ ਜਾ।
-“ਫਿਰ ਤਾਈ ਜੀ ਤੁਸੀ ਕੀ ਕਿਹਾ…?”
-“ਫਿਰ ਮੈਂ ਵੀ ਸਿਆਣਪ ਤੋਂ ਕੰਮ ਲਿਆ। ਮੈਂ ਵੀ ਕਹਿ ਦਿੱਤਾ ਉਸਨੂੰ ਤੂੰ ਮੁੱਸਲਮਾਨ ਹੋ ਜਾ।”
-“ਫਿਰ ਤਾਈ ਜੀ……?”
-“ਫਿਰ ਕੀ, ਨਾਂ ਉਸਨੇ ਮੁੜਕੇ ਵੇਖਿਆ ‘ਤੇ ਨਾਂ ਮੈਂ। ਸਾਡਾ ਬਚਪਨ ਦਾ ਪਿਆਰ ਧਰਮ ‘ਤੇ ਕੌਮ ਲਈ ਕੁਰਬਾਨ ਹੋ ਗਿਆ। ਜਦ ਆਪਣਾ ਫੈਸਲਾ ਗੱਲਤ ਲੱਗਣ ਲੱਗਾ ਤਾਂ ਬਹੁਤ ਦੇਰ ਹੋ ਚੁੱਕੀ ਸੀ। ਸਮਾਂ ਹੱਥੋ ਨਿੱਕਲ ਚੁੱਕਾ ਸੀ। “ਨਸੀਬ ਕੋਰੇ, “ਮੈਂ-ਮੈਂ, ਤੂੰ-ਤੂੰ, ਮੇਰਾ-ਤੇਰਾ ਹੰਕਾਰ ਦੀ ਇਹ ਭਾਵਨਾ ਸਿਰਫ ਨਫ਼ਰਤ ਪੈਦਾ ਕਰਦੀ ਹੈ। ਰਿਸ਼ਤਿਆਂ ਦਾ ਖੂੰਨ ਕਰਦੀ ਏ। ਜਦ ਕਿ ਇੱਕ ਦੂਜੇ ਲਈ ਬਦਲਣ ਦੀ ਕੋਸ਼ਿਸ, ਹਰ ਇੱਕ ਧਰਮ ਕੌਮ ਦਾ ਸਤਿਕਾਰ, ਭਾਈਚਾਰਕ ‘ਤੇ ਪਿਆਰ ਮੁੱਹਬਤ ਦੀ ਸਾਂਝ ਨਵੇ ਰਿਸ਼ਤਿਆਂ ਨੂੰ ਜਨਮ ਦਿੰਦੀ ਹੈ। ਕਾਸ਼…ਅਸੀ ਦੋਨੋ ਇੱਕ-ਦੂਜੇ ਦੇ ਧਰਮ ਦਾ ਸਤਿਕਾਰ ਕਰਦੇ। ਆਪੋ- ਆਪਣੇ ਧਰਮ ਦੀ ਮਰਿਆਦਾ ਵਿੱਚ ਰਹਿੰਦੇ ਹੋਏ। ਇੱਕ-ਦੂਜੇ ਦਾ ਜੀਵਨ ਸਾਥੀ ਬਣ ਕੇ ਪਿਆਰ ਦੀ ਸਾਂਝ ਨੂੰ ਗੂੜਾ ਕਰਦੇ। ਕਾਸ਼……!!
ਲੰਬਾ ਹੌਂਕਾ ਭਰ ਕੇ ਬੇਬੇ ਸ਼ਾਂਤ ਹੋ ਚੁੱਕੀ ਸੀ। ਇੱਕ ਖਾਮੋਸ਼ ਜਵਾਲਾਮੁੱਖੀ ਦੀ ਤਰ੍ਹਾਂ। ਸ਼ਾਂਤ…… ਬਿੱਲਕੁਲ ਸ਼ਾਂਤ………!!
ਰਵੀ ਸਚਦੇਵਾ,
ਸਚਦੇਵਾ ਮੈਡੀਕੋਜ਼, ਮਲੋਟ ਰੋਡ ਚੌਕ, ਮੁਕਤਸਰ, ਪੰਜਾਬ