ਅਸਿਹ ਸਦਮਾ

ਪਰਿਵਾਰ ਦੇ ਚੇਹਰਿਆਂ ਉਪਰ ਥੋੜ੍ਹੀ ਉਦਾਸੀ ਦੀ ਝਲਕ, ਅੱਜ ਪਰਮਵੀਰ ਨੂੰ ਪਹਿਲੀ ਵਾਰ ਘਰ ਛੱਡ ਕੇ ‘ਹੌਸਟਲ’ ਵਿਚ ਰਹਿਣ ਲਈ ਰਵਾਨਾ ਕਰ ਰਹੀ ਸੀ। ਨਾਨੀ ਜੀ ਖਾਮੋਸ਼ੀ ਨੂੰ ਤੋੜ ਦੇ ਹੋਏ ਬੋਲੇ, “ ਸਭ ਨੂੰ ਤਾਂ ਖੁਸ਼ ਹੋਣਾ ਚਾਹੀਦਾ, ਮੇਰਾ ਸ਼ੇਰ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਚ ਪੜ੍ਹਨ ਜਾ ਰਿਹਾ।”
“ ਹਾਂ ਨਾਨੀ ਜੀ, ਇਸ ਤਰਾ ਟੋਰ ਰਿਹੇ ਨੇ, ਜਿਵੇਂ ਮੈ ਕਿਸੇ ਬਾਹਰ ਦੇ ਦੇਸ਼ ਜਾ ਰਿਹਾ ਹੋਵਾਂ।” ਪਰਮਵੀਰ ਆਪਣਾ ਸਮਾਨ ਰਿਕਸ਼ੇ ਵਿਚ ਰੱਖ ਦੇ ਹੋਏ ਕਿਹਾ।
ਪਿਤਾ ਜੀ ਨੇ ਹਦਾਇਤ ਕੀਤੀ, “ਬੇਟਾ, ਹਰ ਐਤਵਾਰ ਹਰਿਮੰਦਰ ਸਾਹਿਬ ਜਾ ਕੇ ਮੱਥਾ ਜ਼ਰੂਰ ਟੇਕ ਆਇਆ ਕਰੀ।”
ਪਰਮਵੀਰ ਨੂੰ ਗਰੂ ਨਾਨਕ ਦੇਵ ਯੂਨੀਵਰਸਟੀ ਵਿਚ ‘ਕੇਮੈਸਟਰੀ’ ਦੀ ਐਮ.ਐਸ.ਸੀ ਕਰਨ ਲਈ ਦਾਖਲਾ ਮਿਲਿਆ ਸੀ। ਸ਼ਹਿਰ ਦੇ ਅੰਦਰ ਦਾਖਲ ਹੁੰਦਿਆਂ ਹੀ ਉਸ ਨੇ ਸ਼ਾਤੀ ਭਰੀ ਖੁਸ਼ੀ ਮਹਿਸੂਸ ਕੀਤੀ। ਯੂਨੀਵਰੱਸਟੀ ਦੀ ਖੂਬਸੂਰਤ ਇਮਾਰਤ ਨੇ ਉਸ ਦਾ ਮਨ ਮੋਹ ਲਿਆ। ਹੌਸਟਲ ਦਾ ਕਮਰਾ ਸਾਫ-ਸੁਥਰਾ ਅਤੇ ਹਵਾਦਾਰ ਹੋਣ ਦੇ ਨਾਲ ਖੁੱਲ੍ਹਾ ਵੀ ਸੀ। ਥੋੜ੍ਹੀ ਗਰਮੀ ਹੋਣ ਕਾਰਨ ਉਸ ਨੇ ਕਮਰੇ ਦੀ ਖਿੜਕੀ ਖੋਲ੍ਹ ਦਿੱਤੀ। ਪਹਿਲਾਂ ਤਾਂ ਉਸ ਦਾ ਦਿਲ ਕੀਤਾ ਕਿ ਨਾਲ ਦੇ ਕਮਰੇ ਵਾਲੇ ਲੜਕੇ ਨੂੰ ਮਿਲ ਕੇ ਆਵੇ। ਪਰ ਸੰਗਾਊ ਸੁਭਾਅ ਦਾ ਹੋਣ ਕਾਰਨ ਜਾਣੋ ਝਿਜਕ ਗਿਆ। ਵੈਸੇ ਵੀ ਲੰਮੇ ਸਫ਼ਰ ਦੀ ਥਕਾਵਟ ਮਹਿਸੂਸ ਕਰ ਰਿਹਾ ਸੀ ਅਤੇ ਥੋੜ੍ਹੀ ਦੇਰ ਅਰਾਮ ਕਰਨ ਲਈ ਡਿੱਠੇ ਮੰਜੇ ‘ਤੇ ਲੰਮਾ ਪੈ ਗਿਆ। ਅਜੇ ਉਹ ਜਾਗੋਮੀਟੀ ਵਿਚ ਹੀ ਸੀ ਕਿ ਦੋ ਲੜਕੇ ਕਮਰੇ ਵਿਚ ਦਾਖ਼ਲ ਹੋਏ। ਇਕ ਨੇ ਆਪਣਾ ਨਾਮ ਸੰਜੀਵ ਅਤੇ ਦੂਸਰੇ ਨੇ ਬਰਇੰਦਰ ਦੱਸਿਆ।
“ਅਸੀ ਕਮਰੇ ਦੇ ਅੱਗੋ ਦੀ ਲੰਘ ਹੀ ਰਹੇ ਸੀ, ਦਰਵਾਜਾ ਖੁਲ੍ਹਾ ਦੇਖ ਕੇ ਅਸੀ ਅੰਦਰ ਆ ਗਏ।” ਬਰਇੰਦਰ ਨੇ ਉਸ ਦੇ ਨਾਲ ਹੱਥ ਮਿਲਾਉਂਦਿਆ ਆਖਿਆ। ਥੋੜ੍ਹੀ ਦੇਰ ਗੱਲ-ਬਾਤ ਤੋਂ ਬਾਅਦ ਪਰਮਵੀਰ ਨੇ ਸਹਿਜੇ ਹੀ ਉਹਨਾਂ ਤੋਂ ਪੁੱਛਿਆ, “ ਇਥੇ ‘ਰੈਕਿਗ ਤਾਂ ਨਹੀ ਹੋਵੇਗੀ?”
“ਛੋਟੀਆਂ ਜਮਾਂਤਾਂ ਵਿਚ ਇਸ ਤਰ੍ਹਾਂ ਦੇ ਤਮਾਸ਼ੇ ਹੁੰਦੇ ਰਹਿੰਦੇ ਹਨ, ਵੱਡੀਆਂ ਕਲਾਸਾਂ ਵਾਲੇ ਸਿਆਣੇ ਹੋ ਚੁੱਕੇ ਵਿਦਿਆਰਥੀ ਇਹੋ ਜਿਹੀਆਂ ਹਰਕਤਾਂ ਘੱਟ ਹੀ ਕਰਦੇ ਹਨ।” ਸੰਜੀਵ ਨੇ ਉਸ ਦਾ ‘ ਰੈਕਿਗ’ ਬਾਰੇ ਡਰ ਲਾਉਂਦਿਆ ਕਿਹਾ।
“’ਹੌਸਟਲ ਦੇ ਸਾਰੇ ਲੜਕਿਆਂ ਦੀ ਆਪਸ ਵਿਚ ਚੰਗੀ ‘ਅੰਡਰਸਟੈਂਡਇੰਗ’ ਹੈ।” ਬਰਇੰਦਰ ਨੇ ਦੱਸਿਆ।ਉਹ ਪਰਮਵੀਰ ਨੂੰ ਆਪਣੇ ਨਾਲ ‘ਹੌਸਟਲ’ ਦੀ ਮੈਸ ਦਿਖਾਉਣ ਲੈ ਗਏ।ਭਾਂਵੇ ਪਰਮਵੀਰ ਗੰਭੀਰ ਸੁਭਾਅ ਦਾ ਸੀ ਪਰ ਉਹਨਾਂ ਦੇ ਨਾਲ ਛੇਤੀ ਹੀ ਰਚ ਮਿਚ ਗਿਆ।
ਵੈਸੇ ਤਾਂ ਉਹਨਾਂ ਦੀ ਪੜ੍ਹਾਈ ਸਖਤ ਹੋਣ ਕਾਰਨ ਆਪਸ ਵਿਚ ਗੱਪ-ਸ਼ਪ ਕਰਨ ਅਤੇ ਇਕੱਠੇ ਬੈਠਣ ਦਾ ਮੌਕਾ ਘੱਟ ਹੀ ਮਿਲਦਾ।ਪਰ ਤਿੰਨੇ ਇਕੱਠੇ ਐਤਵਾਰ ਨੂੰ ਹਰਿਮੰਦਰ ਸਾਹਿਬ ਮੱਥਾ ਟੇਕਣ ਜ਼ਰੂਰ ਜਾਂਦੇ। ਕਦੀ ਜੇ ਸਮਾਂ ਹੋਵੇ ਤਾਂ ਸੇਵਾ ਵੀ ਕਰਦੇ। ਸੰਜੀਵ ਭਾਂਵੇ ਹਿੰਦੂ ਧਰਮ ਨਾਲ ਸੰਬਧਤ ਸੀ, ਪਰ ਉਹ ਹਰਿਮੰਦਰ ਸਾਹਿਬ ਵਿਚ ਸ਼ਰਧਾ ਰੱਖਦਾ ਅਤੇ ਉਹਨਾਂ ਨਾਲ ਗੁਰਦੁਆਰੇ ਜ਼ਰੂਰ ਜਾਂਦਾ।
ਜਿਸ ਦਿਨ ਪਰਮਵੀਰ ਦੇ ਮਾਤਾ ਜੀ ਮਿਲਣ ਆਏ, ਬਰਇੰਦਰ ਅਤੇ ਸੰਜੀਵ ਨੂੰ ਦੇਖ ਕੇ ਬਹੁਤ ਖੁਸ਼ ਹੋਏ।ਉਹਨਾਂ ਨੇ ਜਦੋਂ ਸੰਜੀਵ ਦੇ ਕੜਾ ਪਾਇਆ ਦੇਖਿਆ ਤਾਂ ਪੁੱਛ ਹੀ ਲਿਆ, “ਬੇਟਾ, ਤੁਸੀ ਵੀ ਕੜਾ ਪਾਇਆ ਹੈ” 
“ਮਾਤਾ ਜੀ, ਬਹੁਤ ਹਿੰਦੂ ਪੰਜਾਬੀ ਕੜੇ ਪਾਉਂਦੇ ਹਨ। ਵੈਸੇ ਜਿਸ ਦਿਨ ਦਾ ਮੈ ਕੜਾ ਪਾਇਆ ਹੈ, ਉਦੋ ਦੇ ਮੇਰੇ ਸਾਰੇ ਕੰਮ ਸਿਧ ਹੁੰਦੇ ਨੇ।” ਸੰਜੀਵ ਨੇ ਆਪਣੇ ਖੱਬੇ ਹੱਥ ਨਾਲ ਕੜੇ ਨੂੰ ਘਮਾਉਂਦੇ ਹੋਏ ਕਿਹਾ।
“ਜੇ ਇਸ ਤਰ੍ਹਾਂ ਸਾਰੇ ਪੰਜਾਬੀ ਆਪਸੀ ਭੇਦ-ਭਾਵ ਮਿਟਾ ਕੇ ਇਕੱਠੇ ਤੁਰਨ ਤਾਂ ਪੰਜਾਬ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣ।” ਮਾਤਾ ਜੀ ਨੇ ਪੰਜਾਬ ਦੀਆਂ ਕਠਨਾਈਆਂ ਹੱਲ ਕਰਨ ਦੇ ਸੁਝਾਅ ਨਾਲ ਕਿਹਾ।
“ ਪਰ ਸਰਕਾਰਾਂ ਪੰਜਾਬੀਆਂ ਨੂੰ ਇਕੱਠੇ ਕਿੱਥੇ ਹੋਣ ਦੇਂਦੀਆਂ ਨੇ।” ਪਰਮਵੀਰ ਨੇ ਪੰਜਾਬੀਆਂ ਦੀ ਫੁੱਟ ਦਾ ਅਸਲੀ ਕਾਰਨ ਦੱਸਿਆ।
“ਚਲੋ ਛਡੋ, ਆਪਾਂ ਵੀ ਕਿਹੜੀਆਂ ਗੱਲਾਂ ਵਿਚ ਪੈ ਗਏ, ਲਉ ਇਹ ਪਿੰਨੀਆਂ ਖਾਉ ਜਿਹੜੀਆਂ ਮੈ ਤੁਹਾਡੇ ਵਾਸਤੇ ਬਣਾ ਕੇ ਲਿਆਂਈ ਹਾਂ।” ਮਾਤਾ ਜੀ ਨੇ ਉਹਨਾਂ ਨੂੰ ਪਿੰਨੀਆਂ ਫੜਾਉਂਦੇ ਕਿਹਾ, 
“ ਆਹ ਦੇਸੀ ਘਿਉ ਵੀ ਲਉ ਅਤੇ ਆਪਸ ਵਿਚ ਵੰਡ ਲਉ।” 
“ ਮਾਤਾ ਜੀ, ਸਾਡੀ ਵੰਡ ਖਾਣ ਦੀ ਸਾਂਝ ਤਾਂ ਪਹਿਲਾ ਹੀ ਪੱਕ ਚੁੱਕੀ ਹੈ।” ਪਰਮਵੀਰ ਨੇ ਡੱਬਾ ਸੰਜੀਵ ਨੂੰ ਦੇਂਦਿਆਂ ਜਵਾਬ ਦਿੱਤਾ।ਮਾਤਾ ਜੀ ਤਿੰਨਾ ਮਿਤਰਾਂ ਦੇ ਆਪਸੀ ਪਿਆਰ ਦੀ ਕੜੀ ਹੋਰ ਮਜ਼ਬੂਤ ਕਰਕੇ ਸੰਤੌਸ਼ ਨਾਲ ਵਾਪਸ ਮੁੜ ਗਏ।
ਉਸ ਦਿਨ ਬਰਇੰਦਰ ਆਪਣੇ ਪਿੰਡ ਕੋਈ ਵਿਆਹ ਵਿਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ ਅਤੇ ਸੰਜੀਵ ਨੂੰ ਜੁਕਾਮ ਹੋਣ ਕਾਰਨ,ਪਰਮਵੀਰ ਇਕੱਲਾ ਤੜਕੇ ਹੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਚਲਾ ਗਿਆ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਉਸ ਨੇ ਅਨੂੰ ਨੂੰ ਪਰਕਰਮਾਂ ਵਿਚ ਝਾੜੂ ਲਾਉਂਦੇ ਦੇਖਿਆ। ਉਹ ਸਾਇੰਸ ਦੀ ਪ੍ਰਯੋਗਸ਼ਾਲਾ ਵਿਚ ਕਈ ਵਾਰੀ ਮਿਲ ਚੁੱਕੇ ਸਨ। ਪਹਿਲੀ ਵਾਰੀ ਉਂਦੋ ਉਹਨਾਂ ਗੱਲ ਕੀਤੀ ਸੀ ਜਦੋਂ ਅਨੂੰ ਇਕ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਅਸਫ਼ਲ ਹੋਣ ਦੇ ਕਾਰਨ ਉਸ ਨੇ ਪਰਮਵੀਰ ਤੋਂ ਮੱਦਦ ਲਈ ਸੀ। ਵੈਸੇ ਵਿਦਿਆਰਥਣ ਤਾਂ ਉਹ ਬੀ.ਐਸ.ਸੀ ‘ਫਾਈਨਲ’ ਦੀ ਸੀ।
ਪਰਮਵੀਰ ਇਕ ਪਾਸੇ ਹੋ ਕੇ ਲੰਘ ਗਿਆ ਕਿਉਕਿ ਉਸ ਦਾ ਧਿਆਨ ਜ਼ਿਆਦਾ ਕੀਰਤਨ ਵੱਲ ਸੀ ਅਤੇ ਅਨੂੰ ਵੀ ਆਪਣੀ ਸ਼ਰਧਾ ਵਿਚ ਮਸਤ ਸੇਵਾ ਕਰਦੀ ਰਹੀ। ਉਂਝ ਵੀ ਤੜਕੇ ਤੜਕੇ ਜਦੋਂ ਸਾਰੀ ਫਿਜ਼ਾ ਵਿਚ ਰੱਬੀ ਬਾਣੀ ਦੀ ਗੂੰਜ ਕੁਦਰਤ ਨਾਲ ਮਿਲ ਕੇ ਅਲੋਕਿਕ ਨਜ਼ਾਰਾ ਪੇਸ਼ ਕਰ ਰਹੀ ਹੋਵੇ, ਫਿਰ ਧਿਆਨ ਹੋਰ ਪਾਸੇ ਘੱਟ ਹੀ ਜਾਂਦਾ ਹੈ। ਪ੍ਰਕਰਮਾਂ ਵਿਚ ਤੁਰਦਾ ਪਰਮਵੀਰ ਵੀ ਉਸ ਅਲੋਕਿਕ ਨਜ਼ਾਰੇ ਦਾ ਅਨੰਦ ਲੈਂਦਾ ਹੋਇਆ ਗੁਰੂ ਦੇ ਦੁਆਰੇ ਜਾ ਪੁੰਹਚਿਆਂ। ਮੱਥਾ ਟੇਕ ਕੇ ਚੋਂਕੜੀ ਮਾਰੀ ਅਤੇ ਅੱਖਾ ਮੀਟ ਕੀਰਤਨ ਸੁਣਨ ਵਿਚ ਲੀਨ ਹੋ ਗਿਆ।
ਜਦੋਂ ਉਹ ਵਾਪਸ ਮੁੜਿਆ ਤਾਂ ਪ੍ਰਕਰਮਾ ਵਿਚ ਉਸ ਦਾ ਸਿੱਧਾ ਸਾਹਮਣਾ ਹੀ ਅਨੂੰ ਨਾਲ ਹੋ ਗਿਆ। ਜੋ ਦਰਬਾਰ ਸਾਹਿਬ ਵੱਲ ਜਾ ਰਹੀ ਸੀ।ਦੋਹਾਂ ਨੇ ਇਕ ਦੂਸਰੇ ਨੂੰ ਸਤਿ ਸ੍ਰੀ ਅਕਾਲ ਬੁਲਾਈ ਤਾਂ ਅਨੂੰ ਨੇ ਪੁੱਛਿਆ, “ ਤੁਸੀ ਕਦੋਂ ਆਏ?”
“ ਆਇਆਂ ਤਾਂ ਤੁਹਾਡੇ ਤੋਂ ਬਾਅਦ ਹੀ ਹਾਂ, ਤੁਸੀ ਉਸ ਸਮੇਂ ਸੇਵਾ ਕਰ ਰਿਹੇ ਸੀ, ਤੁਸੀ ਹਰ ਰੋਜ਼ ਹੀ ਸੇਵਾ ਕਰਨ ਆਉਂਦੇ ਹੋ?” ਪਰਮਵੀਰ ਨੇ ਨਾਲ ਹੀ ਪੁੱਛਿਆ।
“ਹਰ ਰੋਜ਼ ਕਿੱਥੇ ਆ ਹੁੰਦਾ ਹੈ, ਐਤਵਾਰ ਨੂੰ ਹੀ ਆਪਣੇ ਝਾਈ ਜੀ ਨਾਲ ਆਉਂਦੀ ਹਾਂ। ਉਹ ਦਰਬਾਰ ਸਾਹਿਬ ਵਿਚ ਬੈਠੇ ਕੀਰਤਨ ਸੁਣਦੇ ਹਨ, ਉਹਨਾਂ ਨੂੰ ਹੀ ਲੈਣ ਆਈ ਹਾਂ।” ਉਹ ਗੱਲਾਂ ਕਰ ਹੀ ਰਿਹੇ ਸਨ ਕਿ ਝਾਈ ਜੀ ਉਹਨਾਂ ਕੋਲ ਆ ਪਹੁੰਚੇ। ਪਰਮਵੀਰ ਉਹਨਾ ਦੇ ਗੋਡਿਆਂ ਵੱਲ ਨੂੰ ਝੁਕਿਆ ਅਤੇ ਫਤਿਹ ਬੁਲਾਈ। 
“ਝਾਈ ਜੀ, ਪਰਮਵੀਰ ਮੇਰੇ ਨਾਲ ਕਾਲਜ ਵਿਚ ਪੜ੍ਹਦੇ ਹਨ।” ਇਹ ਕਹਿ ਕੇ ਅਨੂੰ ਨੇ ਝਾਈ ਜੀ ਨੂੰ ਪਰਮਵੀਰ ਨਾਲ ਮਿਲਾਇਆ। ਝਾਈ ਜੀ ਨੂੰ ਪਰਮਵੀਰ ਵਿਚ ਪਤਾ ਨਹੀ ਕੀ ਵਿਸ਼ੇਸ਼ ਲੱਗਾ।ਉਹ ਝੱਟ ਬੋਲੇ, “ਬੇਟਾ, ਅਸੀ ਇਸ ਸ਼ਹਿਰ ਵਿਚ ਹੀ ਰਹਿੰਦੇ ਹਾਂ, ਕਦੇ ਘਰ ਆਉਣਾ।”
ਇਸ ਦਿਨ ਤੋਂ ਬਾਅਦ ਪਰਮਵੀਰ ਅਤੇ ਅਨੂੰ ਆਮ ਦੋਸਤਾਂ ਵਾਂਗ ਮਿਲਣ ਲੱਗ ਪਏ।ਇਕ ਦਿਨ ਬਰਇੰਦਰ ਨੇ ੳਹਨਾਂ ਨੂੰ ‘ਗਰਾਂਊਡ’ ਵਿਚ ਘਾਹ ਉਪਰ ਬੈਠੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ।ਆਉਂਦਾ ਹੀ ਸੰਜੀਵ ਨੂੰ ਬੋਲਿਆ,
“ ਪਰਮਵੀਰ ਤਾਂ ਛੁਪਾ ਰੁਸਤਮ ਨਿਕਲਿਆ, ਆਪਾ ਸਵੇਰ ਦੇ ਉਸ ਨੂੰ ਲੱਭੀ ਜਾਂਦੇਂ ਹਾਂ। ਉਹ‘ਗਰਾਂਊਂਡ ਵਿਚ ਕਿਸੇ ਕੁੜੀ ਨਾਲ ਬੈਠਾ ਗੱਲਾਂ ਕਰਨ ਵਿਚ ਰੁੱਝਾ ਹੋਇਆ ਹੈ।” ਉਦੋ ਹੀ ਪਰਮਵੀਰ ਵੀ ਉਹਨਾਂ ਕੋਲ ਆ ਪਹੁੰਚਾ।
“ਉਹ ਕੁੜੀ ਕੌਣ ਸੀ, ਜਿਸ ਦੇ ਗੋਡੇ ਮੁੱਢ ਬੈਠਾ ਗੱਪਾਂ ਪਟਾਕਦਾ ਆਇਆ ?”
“ ਉਹ ਵੀ ਤੁਹਾਡੇ ਵਾਂਗ ਨਵੀ ਦੋਸਤ ਬਣੀ ਹੈ।” ਪਰਮਵੀਰ ਨੇ ਸਹਿਜ ਸਭਾਅ ਜਵਾਬ ਦਿੱਤਾ।
“ ਅਸੀ ਕਦੋਂ ਦੇ ਤੈਨੂੰ ਭਾਲਦੇ ਪਏ ਸਾਂ, ਪਰ ਤੂੰ ਤਾਂ ਉਹੀ ਗੱਲ ਕੀਤੀ ਕਿ ‘ਨਵੇ ਬਣੇ ਮਿੱਤ ਤਾਂ ਪੁਰਾਣੇ ਕਿਹਦੇ ਚਿੱਤ,”
“ ਯਾਰੋ, ਐਸੀ ਤਾਂ ਕੋਈ ਗੱਲ ਨਹੀ ਮੌਕਾ ਮਿਲਣ ਤੇ ਮੈ ਤੁਹਾਡੀ ਮੁਲਾਕਾਤ ਉਸ ਨਾਲ ਜ਼ਰੂਰ ਕਰਾਵਾਗਾ।”
ਅੱਗਲੇ ਐਤਵਾਰ ਕੁਦਰਤੀ ਚੌਹਾਂ ਦਾ ਟਾਕਰਾ ਦਰਬਾਰ ਸਾਹਿਬ ਵਿਚ ਹੋ ਗਿਆ। ਬਰਇੰਦਰ ਅਤੇ ਸੰਜੀਵ ਅਨੂੰ ਨੂੰ ਦੇਖ ਕੇ ਹੈਰਾਨ ਰਹਿ ਗਏ। ਅਨੂੰ ਦੇ ਜਾਣ ਤੋਂ ਬਾਅਦ ਬਰਇੰਦਰ ਨੇ ਕਹਿ ਹੀ ਦਿੱਤਾ, “ਇਹ ਲੜਕੀ ਤੇਰੀ ਦੋਸਤ ਕਿਵੇਂ ਬਣ ਗਈ?”
“ਜਿਹੜੀ ਏਨੀ ਸ਼ਰਾਮਕਲ ‘ਹੈਲੋ’ ਦਾ ਜਵਾਬ ਦਿੰਦੇਂ ਵੀ ਘਬਰਾ ਜਾਂਦੀ ਹੈ।” ਸੰਜੀਵ ਨੇ ਆਪਣਾ ਤਜ਼ਰਬਾ ਦੱਸਿਆ ਕਿ ਇਕ ਦਿਨ ਜਦੋਂ ਜੋਰ ਦੀ ਮੀਹ ਦਾ ਛਰਾਟਾ ਆਇਆ ਤਾਂ ਅਨੂੰ ਕੰਟੀਨ ਵੱਲ ਨੂੰ ਮੀਂਹ ਤੋਂ ਬਚਨ ਲਈ ਦੋੜੀ ਅਤੇ ਅਚਾਨਕ ਉਸ ਦਾ ਪੈਰ ਤਿਲਕ ਗਿਆ, ਉਹ ਕਿਆਰੀਆਂ ਕੋਲ ਡਿਗ ਪਈ।ਸੰਜੀਵ ਉਸ ਦੇ ਮਗਰ ਆ ਰਿਹਾ ਸੀ। ਇਸ ਦੀ ਮੱਦਦ ਕਰਨ ਲਈ ‘ਹੈਲੋ’ ਕਹਿ ਅਨੂੰ ਨੂੰ ਉਠਾਉਣ ਲਈ ਆਪਣਾ ਹੱਥ ਵਧਾਇਆ। ਪਰ ਅਨੂੰ ਏਨੀ ਘਬਰਾ ਗਈ ਕਿ ਆਪਣਾ ਹੱਥ ਤਾਂ ਕੀ ਫੜਾਉਣਾ ਸੀ ‘ਹੈਲੋ’ ਦਾ ਉਤਰ ਵੀ ਨਹੀ ਦੇ ਸਕੀ। ਪਰਮਵੀਰ ਇਹ ਸੁਣ ਕੇ ਮੁਸਕ੍ਰਾਇਆ ਅਤੇ ਬੋਲਿਆ, “ਇਹ ਤਾਂ ਅਨੂੰ ਉੱਪਰ ਹੀ ਨਿਰਭਰ ਕਰਦਾ ਹੈ ਕਿ ਕਿਸ ਨੂੰ ਦੇਖ ਕੇ ਸ਼ਰਮਾਉਂਦੀ ਅਤੇ ਕਿਸ ਦੀ ਦੋਸਤ ਬਣ ਜਾਂਦੀ ਹੈ।”
“ਬੁਹਤੀਆਂ ਗੱਲਾਂ ਨਾ ਬਣਾ, ਸਿੱਧਾ ਕਹਿ ਕਿ ਗੱਲ ਦੋਸਤੀ ਤੋਂ ਅਗਾਂਹ ਵੱਧ ਗਈ ਹੈ।” ਬਰਇੰਦਰ ਨੇ ਆਪਣਾ ਸ਼ੱਕ ਜਾਹਿਰ ਕੀਤਾ।
“ਇਹੋ ਜਿਹੀਆਂ ਗੱਲਾਂ ਗਰੂ ਘਰ ਆ ਕੇ ਨਹੀ ਕਰੀ ਦੀਆਂ।” ਪਰਮਵੀਰ ਨੇ ਸਿਆਣਾ ਬਣਦਿਆਂ ਕਿਹਾ।
“ ਹਾਂ ਜੀ, ਗੁਰੂ ਘਰ ਆ ਕੇ ਲੜਕੀਆਂ ਨਾਲ ਮੁਲਾਕਾਤ ਕਰ ਲਈ ਦੀ ਹੈ।” ਇਹ ਕਹਿ ਕੇ ਸੰਜੀਵ ਹੱਸਿਆ।
ਅੱਖ ਦੇ ਫੋਰ ਵਿਚ ਜਲਦੀ ਹੀ ਇਕ ਸਾਲ ਲੰਘ ਗਿਆ। ਪਰਮਵੀਰ ਐਮ.ਐਸੀ. ਭਾਗ ਦੂਜੇ ਵਿਚ ਹੋ ਗਿਆ ਅਤੇ ਅਨੂੰ ਨੇ ਬੀ. ਐਸੀ. ਕਰਨ ਤੋਂ ਬਾਅਦ ਬੀ. ਐਡ.ਕਰਨ ਲਈ ਜਲੰਧਰ ਦੇ ਇਕ ਕਾਲਜ ਵਿਚ ਦਾਖਲਾ ਲੈ ਲਿਆ। ਭਾਂਵੇ ਦੋਨੋ ਅਲੱਗ ਥਾਂਵਾ ਉੱਪਰ ਪੜ੍ਹਾਈ ਕਰਨ ਲੱਗ ਪਏ ਸਨ। ਫਿਰ ਵੀ ਮੌਕਾ ਮਿਲਣ ਉੱਪਰ ਇਕ ਦੂਸਰੇ ਨੂੰ ਮਿਲਦੇ ਰਹਿੰਦੇ। ਪਰਮਵੀਰ ਅਨੂੰ ਦੇ ਘਰ ਆਮ ਜਾ ਆਉਦਾ ਸੀ। ਘਰ ਵਾਲੇ ਵੀ ਉਸ ਨੂੰ ਆਪਣੇ ਘਰ ਦਾ ਮੈਂਬਰ ਹੀ ਸਮਝਦੇ ਸਨ। ਇਸੇ ਕਰਕੇ ਪਰਮਵੀਰ ਨੇ ਅਨੂੰ ਨੂੰ ਪੁਛਿਆ,
“ਮੈ ਇਕ ਸਿੱਖ ਹਾਂ ਅਤੇ ਤੁਸੀ ਹਿਦੂੰ, ਫਿਰ ਵੀ ਤੇਰੇ ਘਰ ਦੇ ਮੇਰੇ ਨਾਲ ਸਨੇਹ ਕਿਉ ਕਰਦੇ ਹਨ?“
“ ਤਹਾਨੂੰ ਪਤਾ ਹੀ ਹੈ, ਮੇਰਾ ਵੱਡਾ ਭਰਾ ਸਰਦਾਰ ਹੈ ਜੋ ਫ਼ੌਜ ਵਿਚ ਹੈ। ਗੱਲ ਧਰਮਾਂ ਦੀ ਨਹੀ ਹੁੰਦੀ, ਵਿਚਾਰਾਂ ਦੀ ਹੈ। ਜੇ ਵਿਚਾਰ ਮਿਲ ਜਾਣ ਤਾਂ ਧਰਮ ਵਿਚ ਨਹੀ ਆਉਂਦੇ।”
ਅਨੂੰ ਦੀ ਇਹ ਗੱਲ ਸੁਣ ਕੇ ਪਰਮਵੀਰ ਨੇ ਉਸ ਨੂੰ ਗਲਵੱਕੜੀ ਵਿਚ ਲੈ ਲਿਆ ਅਤੇ ਭਾਵਕ ਹੋ ਕੇ ਬੋਲਿਆ, “ ਰੱਬ ਕਰੇ, ਆਪਣੇ ਵਿਚ ਵੀ ਧਰਮਾਂ ਵਾਲੀ ਅੜਚਨ ਨਾ ਪਏ।”
ਗਰਮੀਆਂ ਦੀਆਂ ਛੁੱਟੀਆਂ ਕਾਰਨ ਪਰਮਵੀਰ ਆਪਣੇ ਕਸਬੇ ਵਿਚ ਮਾਤਾ ਪਿਤਾ ਕੋਲ ਗਿਆ ਹੋਇਆ ਸੀ। ਇਕ ਦਿਨ ਉਸ ਨੂੰ ਵਿਆਹ ਦੇ ਕਾਰਡ ਨਾਲ ਅਨੂੰ ਦਾ ਖੱਤ ਮਿਲਿਆ।ਜਿਸ ਵਿਚ ਉਸ ਨੇ ਆਪਣੇ ਵੱਡੇ ਭਰਾ ਦੇ ਵਿਆਹ ਵਿਚ ਪਰਮਵੀਰ ਦੇ ਪਰਿਵਾਰ ਨੂੰ ਸ਼ਾਮਲ ਹੋਣ ਲਈ ਤਾਕੀਦ ਕੀਤੀ ਸੀ।ਕਿਉਂਕਿ ਹੁਣ ਤੱਕ ਦੋ ਪਰਿਵਾਰ ਇਕ ਦੂਸਰੇ ਨੂੰ ਜਾਣ ਗਏ ਸਨ। ਇਕ ਵਾਰੀ ਪਰਮਵੀਰ ਆਪਣੇ ਪਿਤਾ ਜੀ ਨੂੰ ਅਨੂੰ ਦੇ ਘਰ ਵੀ ਲੈ ਕੇ ਗਿਆ ਸੀ। ਅਨੂੰ ਦੇ ਪਰਿਵਾਰ ਨੇ ਉਹਨਾਂ ਦੀ ਏਨੀ ਆਉਭਗਤ ਕੀਤੀ ਕਿ ਪਿਤਾ ਜੀ ਜਦੋਂ ਵੀ ਪਰਮਵੀਰ ਨੂੰ ਮਿਲਣ ਆਉਦੇ, ਪਹਿਲਾਂ ਅਨੂੰ ਦੇ ਘਰ ਆਉਂਦੇ ਅਤੇ ਉਹਨਾਂ ਲਈ ਆਪਣੇ ਕਸਬੇ ਦੀਆਂ ਮਿਠੀਆਂ ਛੱਲੀਆਂ,ਸਰੋਂ ਦਾ ਸਾਗ ਅਤੇ ਗੰਨੇ ਆਦਿ ਦੀਆਂ ਸੌਗਾਤਾ ਲਿਆਉਂਦੇ। ਪਰਮਵੀਰ ਦੇ ਪਿਤਾ ਜੀ ਜਿੰਮੀਂਦਾਰੀ ਦੇ ਰੁਝੇਵਿਆਂ ਵਿਚ ਮਗਨ ਹੋਣ ਕਾਰਨ ਵਿਆਹ ਵਿਚ ਸ਼ਾਮਲ ਨਹੀ ਸਨ ਹੋ ਸਕਦੇ। ਇਸ ਲਈ ਉਹਨਾਂ ਪਰਮਵੀਰ ਨੂੰ ਕਿਹਾ, “ਪੁੱਤਰ, ਤੂੰ ਹੀ ਵਿਆਹ ਉੱਪਰ ਜਾ ਆ।”
“ਪਰਮ, ਮੈਨੂੰ ਵੀ ਆਪਣੇ ਨਾਲ ਲੈ ਜਾਈਂ, ਮੈ ਵੀ ਗੁਰੂ ਦੀ ਨਗਰੀ ਦੇ ਦਰਸ਼ਨ ਕਰ ਆਊ।” ਪਰਮਵੀਰ ਦੀ ਨਾਨੀ ਜੀ ਨੇ ਕਿਹਾ, “ ਨਾਲੇ ਉਦੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਵੀ ਹੈ।”
ਪਰਮਵੀਰ ਨੇ ਨਾਨੀ ਜੀ ਨੂੰ ਨਾਲ ਲਿਆ ਅਤੇ ਸ਼ਾਮ ਦੀ ‘ਟਰੇਨ’ ਫੜ ਲਈ। ਰਾਤ ਨੂੰ ਉਹ ਅੰਮ੍ਰਿਤਸਰ ਪਹੁੰਚ ਗਏ। ਅਨੂੰ ਦੇ ਘਰ ਗਏ ਤਾਂ ਪਤਾ ਲੱਗਾ ਅਨੂੰ ਮਹਿਮਾਨਾਂ ਨਾਲ ਮੱਥਾ ਟੇਕਣ ਦਰਬਾਰ ਸਾਹਿਬ ਗਈ ਹੈ। ਦਿਲ ਤਾਂ ਪਰਮਵੀਰ ਦਾ ਕਰਦਾ ਸੀ ਉਹ ਵੀ ਦਰਬਾਰ ਸਾਹਿਬ ਜਾਵੇ। ਪਰ ਅਨੂੰ ਦੇ ਝਾਈ ਜੀ ਨੇ ਰੋਕ ਲਿਆ ਅਤੇ ਕਿਹਾ, “ਬੇਟਾ, ਉਹ ਤਾਂ ਆਉਣ ਵਾਲੇ ਨੇ।ਨਾਨੀ ਜੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਕੋਠਾ ਸਾਹਿਬ ਲੈ ਕੇ ਜਾਣ ਅਤੇ ਤੜਕੇ ਵਾਪਸ ਲਿਆਉਣ ਦਾ ਦ੍ਰਿਸ਼ ਦੇਖਣਾ ਚਾਹੁੰਦੇ ਸਨ।ਇਸ ਲਈ ਪਰਮਵੀਰ ਨੇ ਦੂਸਰੀ ਰਾਤ ਦਰਬਾਰ ਸਾਹਿਬ ਬਿਤਾਉਣ ਦਾ ਪਰੌਗਰਾਮ ਬਣਾ ਲਿਆ ਅਤੇ ਬੇਸਬਰੀ ਨਾਲ ਅਨੂੰ ਦਾ ਇੰਤਜਾਰ ਕਰਨ ਲੱਗਾ। ਰਾਤ ਦੇ ਦੋ ਵਜੇ ਤਕ ਵੀ ਜਦੋਂ ਅਨੂੰ ਮਹਿਮਾਨਾਂ ਨੂੰ ਲੈ ਕੇ ਵਾਪਸ ਨਹੀ ਆਈ ਤਾਂ ਸਾਰਿਆਂ ਨੂੰ ਫ਼ਿਕਰ ਹੋਣ ਲੱਗਾ।ਝਾਈ ਜੀ ਕਾਫ਼ੀ ਘਬਰਾ ਗਏ ਸਨ ਉਹਨਾਂ ਦਾ ਪਤੀ ਉਹਨਾਂ ਨੂੰ ਹੌਂਸਲਾ ਦਿੰਦੇ ਹੋਏ ਕਹਿ ਰਿਹਾ ਸੀ, “ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਹੋਣ ਕਾਰਨ ਦਰਬਾਰ ਸਾਹਿਬ ਵਿਚ ਸੰਗਤ ਬਹੁਤ ਜ਼ਿਆਦਾ ਹੋਵੇਗੀ ਅਤੇ ਇੱਕਠ ਵਿਚੋਂ ਨਿਕਲਦੇ ਨਿਕਲਦੇ ਹੀ ਕਾਫ਼ੀ ਸਮਾਂ ਲੱਗ ਜਾਂਦਾ ਹੈ।” ਅਨੂੰ ਦਾ ਛੋਟਾ ਭਰਾ ਆਪਣੇ ਇਕ ਦੋਸਤ ਨੂੰ ਨਾਲ ਲੈ ਕੇ ਸਕੂਟਰ ਉੱਪਰ ਦਰਬਾਰ ਸਾਹਿਬ ਵੱਲ ਨੂੰ ਉਹਨਾਂ ਨੂੰ ਲੈਣ ਲਈ ਚਲ ਪਿਆ।ਪਰ ਥੋੜ੍ਹੀ ਵਿੱਥ ਜਾਣ ਉੱਪਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਰੇ ਸ਼ਹਿਰ ਨੂੰ ਤਾਂ ਭਾਰਤੀ ਫੋਜ ਨੇ ਘੇਰ ਰੱਖਿਆ ਹੈ ਅਤੇ ਅਗਾਂਹ ਕੋਈ ਵੀ ਨਹੀ ਜਾ ਸਕਦਾ। ਇਸ ਗੱਲ ਦਾ ਪਤਾ ਲੱਗਣ ਨਾਲ ਸਾਰੇ ਘਰ ਦਾ ਮਾਹੌਲ ਖੁਸ਼ੀ ਦੇ ਥਾਂ ਉਦਾਸੀ ਵਿਚ ਬਦਲ ਗਿਆ। ਸਾਰੇ ਸੋਚਾਂ ਸੋਚਦੇ ਰਾਤ ਲੰਘਾਉਣ ਲੱਗੇ। ਥੋੜ੍ਹੀ ਦੇਰ ਬਾਅਦ ਬਿਜਲੀ ਵੀ ਚਲੀ ਗਈ ਅਤੇ ਘੁਪ ਹਨੇਰਾ ਸਾਰੇ ਪਾਸੇ ਪਸਰ ਗਿਆ। ਜਦ ਨੂੰ ਪਟਾਕੇ ਚਲਣ ਵਾਂਗ ਅਵਾਜ਼ਾਂ ਆਉਣ ਲੱਗ ਪਈਆਂ। ਘਰ ਵਿਚਲੇ ਸਾਰੇ ਇਨਸਾਨ ਮੂੰਹ ਨਾਲ ਗੱਲਾਂ ਕਰਨੀਆਂ ਭੁਲ ਗਏ ਅਤੇ ਅੱਖਾਂ ਹੀ ਇਕ ਦੂਜੇ ਨੂੰ ਲੱਭਣ ਲੱਗੀਆਂ।ਮੋਮਬੱਤੀ ਜਗਾਉਣ ਨਾਲ ਇਕ ਦੁਜੇ ਦੇ ਭੈ ਭੀਤ ਚਿਹਰੇ ਥੋੜ੍ਹੇ ਥੋੜ੍ਹੇ ਨਜ਼ਰ ਆਉਣ ਲੱਗੇ।ਟੈਲੀਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ‘ਡੈਡ’ ਸੀ। ਜਲਦੀ ਹੀ ਇਹ ਖ਼ਬਰ ਅੱਗ ਵਾਂਗ ਸਾਰੇ ਸ਼ਹਿਰ ਵਿਚ ਫੈਲ ਗਈ ਕਿ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਅਤੇ ਆਲੇ-ਦੁਆਲੇ ਦੇ ਸਾਰੇ ਗੁਰਦਵਾਰਿਆਂ ਉੱਪਰ ਹਮਲਾ ਕਰ ਦਿੱਤਾ ਹੈ। ਅਨੂੰ ਦੇ ਘਰ ਵਿਆਹ ਦੇ ਰੰਗ ਵਿਚ ਭੰਗ ਪੈ ਗਿਆ। ਸਾਰੇ ਪੰਜਾਬ ਵਿਚ ‘ਕਰਫਿਊ’ ਲੱਗਾ ਹੋਣ ਕਾਰਨ ਕੋਈ ਵੀ ਟੱਸ ਤੋਂ ਮੱਸ ਨਹੀ ਸੀ ਹੋ ਸਕਦਾ। ਇਹ ਸਾਰੀਆਂ ਖ਼ਬਰਾਂ ਅਨੂੰ ਦੇ ਘਰ ਦੇ ਵਿਚਲੇ ਸਹਿਮੇ ਹੋਏ ਲੋਕ ਛੋਟੇ ਜਿਹੇ ਸੈਲਾਂ ਵਾਲੇ ਰੇਡਿਉ ਤੋਂ ਸੁਣ ਰਹੇ ਸਨ।ਪੰਜ ਛੇ ਦਿਨ ਇਸ ਤਰ੍ਹਾਂ ਦਾ ਹੀ ਘਰ ਵਿਚ ਵਾਤਾਵਰਣ ਛਾਇਆ ਰਿਹਾ।ਪਰਮਵੀਰ ਦੀ ਨੀਦ ਅਤੇ ਭੁੱਖ ਉਡ ਗਈ ਸੀ ਪਰ ਫਿਰ ਵੀ ਬਾਕੀਆਂ ਦਾ ਦਿਲ ਰੱਖਣ ਲਈ ਕਹਿ ਦਿੰਦਾਂ, “ ਮੇਰੇ ਖਿਆਲ ਫ਼ੌਜ ਨੇ ਸ਼ਰਧਾਲੂਆਂ ਨੂੰ ਸੁਰੱਖਅਤਿ ਥਾਂ ਉੱਪਰ ਪਹੁੰਚਾ ਦਿੱਤਾ ਹੋਵੇਗਾ, ਚਿੰਤਾ ਕਰਨ ਦੀ ਲੋੜ ਨਹੀ।”
“ਆਹੋ, ਇਹ ਰੇਡਊਆ ਵੀ ਝੂਠੀਆਂ ਖ਼ਬਰਾਂ ਦੇ ਰਿਹਾ ਹੈ, ਭਾਰਤ ਦੀ ਫ਼ੌਜ ਕਿਸ ਤਰ੍ਹਾਂ ਇਹ ਜ਼ੁਲਮ ਕਰ ਸਕਦੀ ਹੈ? ਜਿਸ ਭਾਰਤ ਦੇ ਲਈ ਗੁਰੂ ਘਰਾਂ ਦੇ ਗੁਰੂਆਂ ਨੇ ਅਤੇ ਸ਼ਰਧਾਲੂ ਨੇ ਕੁਰਬਾਨੀਆਂ ਦਿੱਤੀਆ ਹੋਣ।” ਨਾਨੀ ਜੀ ਭਾਰਤੀ ਫ਼ੌਜ ਵਿਚ ਯਕੀਨ ਰੱਖਦੇ ਹੋਏ ਬੋਲੇ।
“ਸ਼ਾਇਦ ਪੰਜਾਬੀਆਂ ਨੂੰ ਡਰਾਵਾ ਦੇਣ ਦਾ ਸਰਕਾਰ ਡਰਾਮਾ ਕਰਦੀ ਹੋਵੇ।” ਅਨੂ ਦੇ ਮਾਸੜ ਜੀ ਨੇ ਆਪਣਾ ਵਿਚਾਰ ਦਿੱਤਾ।
“ਡਰਾਮਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਵਾਲੇ ਦਿਨਾਂ ਵਿਚ ਹੀ ਕਰਨਾ ਸੀ, ਹੋਰ ਕੋਈ ਦਿਨ ਨਹੀ ਲੱਭਾ।” ਅਨੂੰ ਦੇ ਝਾਈ ਜੀ ਗੁੱਸੇ ਅਤੇ ਦੁੱਖ ਭਰੇ ਹੋਏ ਮਨ ਨਾਲ ਬੋਲੇ।
ਅਚਾਨਕ ਪਰਮਵੀਰ ਨੂੰ ਚੇਤਾ ਆ ਗਿਆ ਕਿ ਉਸ ਦੇ ਦੋਸਤ ਸੰਜੀਵ ਦੇ ਡੈਡੀ ਫ਼ੋਜ ਵਿਚ ‘ਕਰਨਲ’ ਹੈ।ਕਿਸੇ ਤਰ੍ਹਾਂ ਪਰਮਵੀਰ ਨੇ ਸੰਜੀਵ ਨਾਲ ਰਾਫਤਾ ਕਾਇਮ ਕੀਤਾ। ਜਿਸ ਦੀ ਬਦੌਲਤ ਪਰਮਵੀਰ ਅਤੇ ਅਨੂੰ ਦੇ ਭਰਾ ਨੂੰ ਦਰਬਾਰ ਸਾਹਿਬ ਜਾਣ ਦੀ ਆਗਿਆ ਮਿਲ ਗਈ। ਜਦੋ ਫ਼ੋਜੀ ਉਹਨਾਂ ਨੂੰ ਲੈ ਕੇ ਦਰਬਾਰ ਸਾਹਿਬ ਅੰਦਰ ਦਾਖਲ ਹੋਏ। ਆਲਾ-ਦੁਆਲਾ ਦੇਖ ਕੇ ਪਰਮਵੀਰ ਦੇ ਹੋਸ਼ ਖੰਭ ਲਾ ਕੇ ਉੱਡ ਗਏ। ਟੁਟੀਆਂ ਹੋਈਆਂ ਪਰਕਮਾਂ ਅਤੇ ਲਹੂ ਨਾਲ ਭੀਜੇ ਹੋਏ ਫਰਸ਼ ਨੇ ਉਸ ਦੇ ਦਿਲ ਉੱਪਰ ਹਥੌੜੇ ਵਾਂਗ ਵਾਰ ਕੀਤਾ ਅਤੇ ਸੜ ਰਹੀਆਂ ਲਾਸ਼ਾ ਦੀ ਸੜਿਆਨ ਨੇ ਉਹਦਾ ਸਿਰ ਘੁੰਮਾ ਦਿੱਤਾ।ਉਹ ਬੇਹੋਸ਼ ਹੋ ਕੇ ਉੱਥੇ ਹੀ ਡਿਗ ਪਿਆ। ਅਨੂੰ ਦਾ ਭਰਾ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਰੋਣ ਲੱਗਾ ਅਤੇ ਖ਼ੂਨ ਮਿਲੇ ਪਾਣੀ ਨਾਲ ਉਸ ਦੇ ਮੂੰਹ ਉੱਪਰ ਛਿੱਟੇ ਮਾਰਨ ਲੱਗਾ।ਉਦੋਂ ਹੀ ਇਕ ਫ਼ੋਜੀ ਅਫ਼ਸਰ ਆਇਆ ਅਤੇ ਹਿੰਦੀ ਵਿਚ ਸਾਰਿਆ ਦੀ ਮਾਂ ਭੈਣ ਇਕ ਕਰਨ ਲੱਗਾ, ਪਰਮਵੀਰ ਨੂੰ ਅੰਦਰ ਲਿਆਉਣ ਅਤੇ ਭੇਜਣ ਵਾਲਿਆ ਦੀ ਵੀ।
ਪਰਮਵੀਰ ਨੂੰ ਹਸਪਤਾਲ ਵਿਚ ਤਿੰਨ ਦਿਨ ਬਾਅਦ ਅੱਖ ਖੋਲਣ ਅਤੇ ਨਾਲ ਹੀ ਮੂੰਹ ਵਿਚ ਕੁਝ ਕਹਿਣ ਦਾ ਯਤਨ ਕਰਨ ਲੱਗਾ।ਫਿਰ ਉਹ ਇਕਦਮ ਅਨੂੰ ਕਹਿੰਦਾ ਹੋਇਆ ਉਠਿਆ ਅਤੇ ਕੋਲ ਬੈਠੀ ਨਰਸ ਨੂੰ ਧੱਕਾ ਦੇ ਕੇ ਦੌੜ ਪਿਆ। ਪਰ ਹਸਪਤਾਲ ਦੇ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ। ਉਹ ਪਾਗਲਾਂ ਵਾਗ ਚੀਕਣ ਲੱਗਾ। ਡਾਕਟਰ ਨੇ ਉਸ ਨੂੰ ਫਿਰ ਬੇਹੋਸ਼ੀ ਦਾ ਟੀਕਾ ਲਗਾ ਦਿੱਤਾ। ਉਸ ਦੀ ਹਾਲਤ ਦੇਖ ਕੇ ਸਭ ਘਬਰਾ ਗਏ। ਡਾਕਟਰ ਨੇ ਉਹਨਾਂ ਨੂੰ ਤਸੱਲੀ ਦਿਤੀ ਅਤੇ ਕਿਹਾ, “ਇਸ ਦੇ ‘ਨਰਵਸ ਸਿਸਟਮ’ ਉੱਪਰ ਸਦਮੇ ਦਾ ਅਸਰ ਹੋਣ ਕਾਰਨ, ਥੋੜ੍ਹੀ ਦੇਰ ਇਸ ਦੀ ਇਹ ਹਾਲਤ ਹੋਣੀ ਹੈ, ਫਿਰ ਹੌਲੀ ਹੌਲੀ ਠੀਕ ਹੋ ਜਾਵੇਗਾ। ਸਾਲ ਬਾਅਦ ਵੀ ਪਰਮਵੀਰ ਦੀ ਹਾਲਤ ਸੁਧਰਨ ਦੀ ਬਿਜਾਏ ਹੋਰ ਵਿਘੜ ਗਈ। ਉਹ ਪਾਗਲ ਹੋ ਗਿਆ। ਘਰਦਿਆਂ ਨੇ ਕੋਈ ਥਾਂ ਨਹੀ ਛੱਡੀ ਉਸ ਦਾ ਇਲਾਜ ਕਰਾਉਣ ਵਿਚ। ਉਸ ਦੀ ਨਾਨੀ ਸਾਧਾ, ਜੋਗੀਆਂ ਅਤੇ ਪੁੱਛਾ ਵਾਲਿਆਂ ਦੇ ਡੇਰਿਆਂ ਵਿਚ ਹੀ ਘੁੰਮਦੀ ਹਾਰ ਗਈ। ਪਰਮਵੀਰ ਦੇ ਮਾਤਾ ਪਿਤਾ ਪੜ੍ਹੇ ਲਿਖੇ ਹੋਣ ਕਾਰਨ ਇਨਾਂ ਝੇਮਲਿਆ ਤੋਂ ਬਚੇ ਰਿਹੇ ਪਰ ਡਾਕਟਰ ਕੋਈ ਨਹੀ ਛੱਡਿਆ। ਉਹ ਖਿਲਰੇ ਹੋਏ ਵਾਲਾਂ ਅਤੇ ਖਿਚ ਖਿਚ ਕੇ ਪਟੀ ਹੋਈ ਦਾੜ੍ਹੀ ਵਿਚ ਬੇਪਛਾਨ ਹੋ ਗਿਆ। ਕਈ ਵਾਰੀ ਆਪਣੇ ਘਰ ਦੀ ਛੱਤ ਉੱਪਰ ਚੜ੍ਹ ਕੇ ਇਗਲਸ਼ ਵਿਚ ਉੱਚੀ ਉੱਚੀ ਬੋਲਦਾ। ਕਦੀ ਕਦੀ ਅਨੂੰ ਅਨੂੰ ਕਹਿ ਕੇ ਅਵਾਜ਼ਾ ਮਾਰਦਾ ਕਦੇ ਇੰਦਰਾਂ ਗਾਂਧੀ ਨੂੰ ਗਾਲਾਂ ਕੱਢਦਾ। ਕਈ ਲੋਕ ਉਸ ਨੂੰ ਦੇਖ ਕੇ ਰੋ ਛੱਡਦੇ ਅਤੇ ਕਈ ਹੱਸ। ਦੂਰਦਰਸ਼ਨ ਉੱਪਰ ਕੋਈ ਲੜਕੀ ਖ਼ਬਰਾਂ ਦਿੰਦੀ ਤਾਂ ਦੋੜ ਕੇ ਜਾ ਕੇ ‘ਟੀ.ਵੀ.’ ਨੂੰ ਚੁੰਮਦਾ ਅਤੇ ਫਿਰ ਖਿੜਖੜਾ ਕੇ ਹੱਸਦਾ ਅਤੇ ਸਾਰਿਆਂ ਨੂੰ ਦਸਦਾ, “ ਇਹ ਅਨੂੰ ਹੈ।” ਕਿਸੇ ਗੁਰਦੁਆਰੇ ਦੀ ਤਸਵੀਰ ਦੇਖਦਾ ਉਸ ਉੱਪਰ ਸਿਰ ਰੱਖ ਕੇ ਚੀਕਾਂ ਮਾਰ ਕੇ ਰੋਣ ਲੱਗਦਾ। ਇਹੋ ਜਿਹੀਆਂ ਗੱਲਾਂ ਉਸ ਦੀ ਹਰ ਰੋਜ਼ ਦੀ ਜਿੰਦਗੀ ਦਾ ਹਿੱਸਾ ਬਣ ਗਈਆ ਸਨ। ਉਸ ਦੇ ਮਾਤਾ ਪਿਤਾ ਆਪਣੇ ਆਪ ਨੂੰ ਨਾ ਮਰਿਆ ਵਿਚ ਸਮਝਦੇ ਸਨ ਨਾ ਜਿਊਦਿਆਂ ਵਿਚ। ਡਾਕਟਰ ਦੱਸਦਾ ਇਸ ਦੇ ਦਿਮਾਗ ਉੱਪਰ ਦੋ ਗੱਲਾਂ ਦਾ ਕਾਫੀ ਅਸਰ ਪਿਆ ਹੈ। ਇਕ ਦਰਬਾਰ ਸਾਹਿਬ ਉੱਪਰ ਹਮਲਾ ਹੋਣਾ ਅਤੇ ਦੂਸਰਾ ਅਨੂੰ ਦਾ ਪਤਾ ਨਾ ਲੱਗਣਾ। ਪਰ ਅਨੂੰ ਨੇ ਕੀ ਮਿਲਣਾ ਸੀ, ਉਸ ਦੀ ਤਾਂ ਲਾਸ਼ ਵੀ ਨਾ ਮਿਲੀ ਜਿਸ ਤੋਂ ਸ਼ਾਇਦ ਉਸ ਨੂੰ ਤਸੱਲੀ ਹੋ ਜਾਂਦੀ। ਉਸ ਦੇ ਹੁਣ ਸੰਗਲ ਲੱਗਣ ਲੱਗ ਗਿਆ ਸੀ। ਕਈ ਵਾਰੀ ਸੰਗਲ ਤੁੜਾ ਕੇ ਦੌੜ ਜਾਂਦਾ ਘਰਦੇ ਉਸ ਨੂੰ ਲੱਭਦੇ ਆਪ ਵੀ ਅੱਧੇ ਪਾਗਲ ਹੋ ਜਾਂਦੇ। ਕਈਆਂ ਦੀਆਂ ਸਲਾਹ ਉੱਪਰ ਜੇ ਪਾਗਲਖਾਨੇ ਵਿਚ ਦਾਖਲ ਕਰਾਉਣ ਦਾ ਸੋਚਦੇ ਤਾਂ ਉਹਨਾਂ ਦਾ ਮਨ ਧੁਰ ਅਦੰਰੋਂ ਨਾ ਕਰ ਦਿੰਦਾ।ਦਸ ਸਾਲ ਪਰਮਵੀਰ ਅਤੇ ਉਸ ਦੇ ਮਾਪੇ ਨਰਕ ਭਰੀ ਜ਼ਿੰਦਗੀ ਭੋਗਦੇ ਰਹੇ। ਸੁਹਣਾ ਸੁਨੱਖਾ ਪਰਮਵੀਰ, ਹੱਡੀਆਂ ਦੀ ਮੁਠ ਬਣਿਆ ਘਰ ਦੇ ਕੋਨੇ ਵਿਚ ਸੰਗਲ ਨਾਲ ਬੱਝਾ ਰਹਿੰਦਾ।ਬਹੁਤ ਵਾਰੀ ਸਰਦੀਆਂ ਵਿਚ ਵੀ ਆਪਣੇ ਕਪੜੇ ਪਾੜ ਦਿੰਦਾਂ।ਇਕ ਰਾਤ ਅਚਾਨਕ ਉਸ ਨੂੰ ਨਮੂਨੀਏ ਦਾ ਹਮਲਾ ਹੋਇਆ।ਉਹ ਬੇਹੋਸ਼ੀ ਵਿਚ ਬੁੜਬੁੜਾਇਆ ਅਤੇ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਵਾਲਿਆਂ ਨੂੰ ਕੋਸਦਾ ਹੋਇਆ ਇਸ ਜਹਾਨ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਿਆ।
ਅਨਮੋਲ ਕੌਰ