ਜ਼ਿਲਾ ਪ੍ਰਸਾਸ਼ਨ ਵਲੋਂ ਕੀਤੀ ਗਈ ਮਹੀਨਾਵਾਰ ਮੀਟਿੰਗ ਦੌਰਾਨ ਵੱਖ ਵੱਖ ਵਿਭਾਗਾਂ ਤੋਂ ਉਨਾਂ ਦੇ ਕੰਮਾ ਦਾ ਲਿਆ ਜਾਇਜਾ
ਸ੍ਰੀ ਮੁਕਤਸਰ ਸਾਹਿਬ:-ਜ਼ਿਲਾ ਪ੍ਰਸ਼ਾਸਨ ਵਲੋਂ ਜ਼ਿਲੇ ਦੇ ਸਰਕਾਰੀ ਸਕੂਲਾਂ ਵਿਚ ਨਵੇਂ ਸੈਸ਼ਨ ਲਈ ਨਵੇਂ ਦਾਖਲਿਆਂ ਵਿਚੱ ਵਾਧਾ ਕਰਨ ਲਈ ਦਾਖਲਾ ਮੁਹਿੰਮ ਨੂੰ ਤੇਜ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਦੌਰਾਨ ਜ਼ਿਲਾ ਸਿੱਖਿਆ ਅਫਸਰ ਸ੍ਰੀ ਮਲਕੀਤ ਸਿੰਘ ਖੋਸਾ ਨੇ ਦੱਸਿਆ ਕਿ ਦਾਖਲਾ ਮੁਹਿੰਮ ਤਹਿਤ ਦਾਖਲਾ ਰੈਲੀਆ ਆਯੋਜਿਤ ਕਰਕੇ ਸਰਕਾਰੀ ਸਕੂਲਾਂ ਨੂੰ ਮਿਲ ਰਹੀਆਂ ਸਹੂਲਤਾਂ ਆਦਿ ਸਬੰਧੀ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪ੍ਰੀ ਪ੍ਰਾਇਮਰੀ ਜਮਾਤਾਂ ਵਿਚ ਹੁਣ ਤੱਕ ਕੁੱਲ 6941 ਬੱਚਿਆਂ ਦਾ ਨਵਾਂ ਦਾਖਲਾ ਕੀਤਾ ਜਾ ਚੁੱਕਾ ਹੈ। ਸਮਾਰਟ ਸਕੂਲ ਮੁਹਿੰਮ ਤਹਿਤ 294 ਸਮਾਰਟ ਸਕੂਲ ਵਿਕਸਿਤ ਹੋ ਚੁੱਕੇ ਹਨ। ਉਨਾਂ ਦੱਸਿਆ ਕਿ 325 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਅੰਗਰੇਜੀ ਮਾਧਿਅਮ ਸਕੂਲਾਂ ਵਜੋਂ ਵਿਕਸਿਤ ਕਰਨ ਦੀ ਤਜਵੀਜ ਹੈ।
ਖੇਤੀਬਾੜੀ ਵਿਭਾਗ ਨਾਲ ਮੀਟਿੰਗ ਦੌਰਾਨ ਡਾ. ਬਲਜਿੰਦਰ ਸਿੰਘ ਬਰਾੜ ਨੇ ਹਾੜੀ ਦੀਆਂ ਫਸਲਾਂ ਦੀ ਮੌਜੂਦਾ ਸਥਿਤੀ ਬਾਰੇ ਦੱਸਿਆ। ਇਸ ਤੋਂ ਇਲਾਵਾ ਕਣਕ ਦੀ ਫ਼ਸਲ ਤੇ ਪੀਲੀ ਕੁੰਗੀ ਦੀ ਰੋਕਥਾਮ ਬਾਰੇ ਕਿਹਾ ਕਿ ਬਿਮਾਰੀ ਕੰਟਰੋਲ ਹੇਠ ਹੈ ਅਤੇ ਬਲਾਕ ਮਲੋਟ ਅਤੇ ਲੰਬੀ ਵਿਚ ਅਜੇ ਤੱਕ ਪੀਲੀ ਕੁੰਗੀ ਦਾ ਹਮਲਾ ਨਹੀਂ ਦੇਖਿਆ ਗਿਆ। ਕਿਸਾਨ ਸਿਖਲਾਈ ਕੈਂਪ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਇਨਾਂ ਕੈਂਪਾਂ ਵਿਚ ਕਿਸਾਨਾਂ ਨੂੰ ਪੀਲੀ ਕੁੰਗੀ, ਟਿੱਡੀ ਦਲ ਦੇ ਹਮਲੇ ਸਬੰਧੀ ਅਤੇ ਚਿੱਟੀ ਮੱਖੀ ਦੇ ਪਨਾਹਗਾਹ ਨਦੀਨ ਨਸ਼ਟ ਕਰਨ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨਾਂ ਨੇ ਸਾਉਣੀ 2020 ਲਈ ਫਸਲੀ ਵਿਭਿੰਨਤਾ ਨੂੰ ਮੁੱਖ ਰੱਖਦੇ ਹੋਏ ਪ੍ਰਾਪਤ ਟੀਚ, ਖੇਤੀ ਇਨਪੁਟਸ ਦੀ ਕੁਆਲਿਟੀ ਚੈਕ ਕਰਨ ਲਈ ਲਏ ਗਏ ਸੈਂਪਲਾਂ ਦਾ ਵੇਰਵਾ ਦਿੱਤਾ।
ਸਿਹਤ ਵਿਭਾਗ ਨਾਲ ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਐਚ. ਐਨ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੋਵਲ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ ਅਤੇ ਸਿਹਤ ਵਿਭਾਗ ਵਲੋਂ ਸਾਰੇ ਸਿਵਲ ਹਸਪਤਾਲਾਂ ਵਿਚ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ। ਸਿਹਤ ਵਿਭਾਗ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸ਼ਕੀ ਮਰੀਜ ਨੂੰ ਸਿਵਲ ਹਸਪਤਾਲ ਤੱਕ ਲਿਆਉਣ ਸਬੰਧੀ ਮੌਕ ਡਰੀਲ ਕਰਵਾਈ ਗਈ ਹੈ।
ਜ਼ਿਲਾ ਮਾਲ ਅਫਸਰਾਂ ਨਾਲ ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਬਕਾਇਆ ਪਏ ਇੰਤਕਾਲ ਅਤੇ ਤਕਸੀਮ ਦੇ ਕੇਸਾਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਕੁਮਾਰ ਨੇ ਮਾਲ ਅਫਸਰਾਂ ਨੂੰ ਹੁਕਮ ਕੀਤੇ ਕਿ ਵੱਖ-ਵੱਖ ਮਾਮਲਿਆਂ ਦੀਆਂ ਵਸੂਲੀਆਂ ਵਿੱਚ ਤੇਜ਼ੀ ਲਿਆਂਦੀ ਜਾਵੇ।
ਬੈਠਕ ਦੌਰਾਨ ਉਹਨਾਂ ਨੇ ਨਿਰਦੇਸ਼ ਦਿੱਤੇ ਕਿ ਸਰਕਾਰੀ ਸੇਵਾਵਾਂ ਲੈਣ ਵਿੱਚ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ।
ਬੈਠਕ ਵਿੱਚ ਐਸ.ਡੀ.ਐਮ ਸ੍ਰੀ ਗੋਪਾਲ ਸਿੰਘ, ਸ੍ਰੀ ਓਮ ਪ੍ਰਕਾਸ਼ , ਮੈਡਮ ਵੀਰਪਾਲ ਕੌਰ ਐਸ.ਡੀ.ਐਮਜ , ਮਲੋਟ , ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਡੀਡੀਪੀਓ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਸ਼ਾਮਿਲ ਸਨ।