ਡਿਪਟੀ ਕਮਿਸ਼ਨਰ ਵੱਲੋਂ 'ਗਣਤੰਤਰ ਦਿਵਸ' ਸਮਾਗਮ ਮਨਾਉਣ ਸੰਬੰਧੀ ਮੀਟਿੰਗ ਦਾ ਆਯੋਜਨ

ਮਲੋਟ/ਸ਼੍ਰੀ ਮੁਕਤਸਰ ਸਾਹਿਬ (ਪ੍ਰੇਮ ਗਰਗ):- ਗਣਤੰਤਰਤਾ ਦਿਵਸ ਸਮਾਗਮ ਮਨਾਉਣ ਸੰਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫ਼ਤਰ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਾਰੇ ਸੰਬੰਧਿਤ ਵਿਭਾਗਾਂ ਦੇ ਜ਼ਿਲ੍ਹਾ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 26 ਜਨਵਰੀ 2022 ਦਾ ਗਣਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਵੱਖ-ਵੱਖ ਵਿਭਾਗਾਂ ਦੇ ਜੁੰਮੇ ਲੱਗੇ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰ ਲੈਣ ਤਾਂ ਜੋ ਸਮਾਗਮ ਦੌਰਾਨ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।

ਉਹਨਾਂ ਨਗਰ ਕੌਂਸਲ ਨੂੰ ਇਹ ਵੀ ਹਦਾਇਤ ਕੀਤੀ ਕਿ ਇਸ ਮੇਲਾ ਮਾਘੀ ਅਤੇ ਗਣਤੰਤਰਤਾ ਦਿਵਸ ਸਮਾਗਮ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੀ ਸਫਾਈ ਨਿਰੰਤਰ ਕਰਵਾਈ ਜਾਵੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਗਣਤੰਤਰਤਾ ਦਿਵਸ ਦੌਰਾਨ ਕੋਵਿਡ-19 ਸਬੰਧੀ ਨਿਯਮਾਂ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਸਮਾਗਮ ਵਿੱਚ ਭਾਗ ਲੈਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਰੋਨਾ ਦੇ ਬਚਾਓ ਲਈ ਟੀਕਾਕਰਨ ਦੀਆਂ ਦੋਨੋਂ ਡੋਜ਼ ਜਰੂਰ ਲੱਗੀਆਂ ਹੋਣ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਸ ਮੌਕੇ ਮੈਡਮ ਰਾਜਦੀਪ ਕੌਰ ਏ.ਡੀ.ਸੀ (ਜਰਨਲ), ਸ਼੍ਰੀਮਤੀ ਸਵਰਨਜੀਤ ਕੌਰ ਐੱਸ.ਡੀ.ਐੱਮ, ਸ਼੍ਰੀਮਤੀ ਰੰਜੂ ਸਿੰਗਲਾ ਸਿਵਲ ਸਰਜਨ, ਸ.ਗੁਰਦੀਪ ਸਿੰਘ ਮਾਨ ਡੀ.ਪੀ.ਆਰ.ਓ ਉਚੇਚੇ ਤੌਰ 'ਤੇ ਹਾਜ਼ਰ ਸਨ।