ਸੇਵਾ ਕੇਂਦਰਾਂ ਵਿੱਚ ਆਧਾਰ ਕਾਰਡ ਦੇ ਪਰੂਫ ਆਫ਼ ਐਡੰਟਿਟੀ ਅਤੇ ਪਰੂਫ ਆਫ਼ ਐਡਰੈੱਸ ਅਪਡੇਟ ਕਰਨ ਦੀ ਸੁਵਿਧਾ ਹੋਈ ਸ਼ੁਰੂ- ਡਿਪਟੀ ਕਮਿਸ਼ਨਰ
ਮਲੋਟ: ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਨਾਗਰਿਕਾਂ ਲਈ ਸੇਵਾ ਕੇਂਦਰਾਂ ਵਿੱਚ ਆਧਾਰ ਕਾਰਡ ਦੇ ਪਰੂਫ ਆਫ਼ ਐਡੰਟਿਟੀ ਅਤੇ ਪਰੂਫ ਆਫ਼ ਐਡਰੈੱਸ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਸੇਵਾ ਕੇਂਦਰਾਂ ਵਿੱਚ ਇਸ ਸੇਵਾ ਲਈ ਕੇਵਲ 50 ਰੁਪਏ ਦੀ ਫ਼ੀਸ ਲਈ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਹੁਣ ਜ਼ਿਲ੍ਹਾ ਵਾਸੀ ਸੇਵਾ ਕੇਂਦਰਾਂ ਵਿੱਚ ਪਰੂਫ ਆਫ਼ ਐਡੰਟਿਟੀ ਅਤੇ ਪਰੂਫ ਆਫ਼ ਐਡਰੈੱਸ ਦੀ ਅਪਡੇਸ਼ਨ ਕਰਵਾ ਸਕਣਗੇ ਅਤੇ ਇਸ ਸੇਵਾ ਲਈ ਉਹਨਾਂ ਨੂੰ ਸੇਵਾ ਕੇਂਦਰ ਵਿੱਚ ਕੇਵਲ 50 ਰੁਪਏ ਫ਼ੀਸ ਅਦਾ ਕਰਨੀ ਪਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 15 ਸੇਵਾ ਕੇਂਦਰ ਕੰਮ ਕਰ ਰਹੇ ਹਨ ਜਿਹਨਾਂ ਵਿੱਚੋਂ 12 ਸੇਵਾ ਕੇਂਦਰਾਂ ਵਿੱਚ ਆਧਾਰ ਕਾਰਡ ਬਣਾਉਣ ਅਤੇ ਅਪਡੇਟ ਕਰਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ 12 ਸੇਵਾ ਕੇਂਦਰਾਂ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ, ਪੁਰਾਣੀ ਦਾਣਾ ਮੰਡੀ ਸ਼੍ਰੀ ਮੁਕਤਸਰ ਸਾਹਿਬ, ਬਾਦਲ, ਬਰੀਵਾਲਾ, ਭੰਗੇਵਾਲਾ, ਦੋਦਾ, ਸੁਖਨਾ ਅਬਲੂ, ਲੱਖੇਵਾਲੀ, ਤਹਿਸੀਲ ਦਫ਼ਤਰ ਗਿੱਦੜਬਾਹਾ, ਨਗਰ ਕੌਂਸਲ ਗਿੱਦੜਬਾਹਾ, ਤਹਿਸੀਲ ਦਫ਼ਤਰ ਮਲੋਟ ਅਤੇ ਮਹਿਮੂਦ ਖੇੜਾ ਦੇ ਸੇਵਾ ਕੇਂਦਰ ਸ਼ਾਮਿਲ ਹਨ, ਜਿੱਥੇ ਇਹ ਸੁਵਿਧਾ ਹਾਸਿਲ ਕੀਤੀ ਜਾ ਸਕਦੀ ਹੈ। Author: Malout Live