ਮਲੋਟ ਵਿਖੇ 3 ਦਸੰਬਰ ਨੂੰ ਦਿਵਿਆਂਗ ਦਿਵਸ ਮੌਕੇ ਲਗਾਇਆ ਜਾ ਰਿਹਾ ਹੈ ਵਿਸ਼ੇਸ਼ ਕਰਜ਼ਾ ਕੈਂਪ- ਡਿਪਟੀ ਕਮਿਸ਼ਨਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਿਵਿਆਂਗ ਵਿਅਕਤੀਆਂ ਨੂੰ ਕਰਜ਼ਾ ਦੇਣ ਲਈ 3 ਦਸੰਬਰ 2022 ਨੂੰ ਮਲੋਟ ਵਿਖੇ ਦਿਵਿਆਂਗ ਦਿਵਸ ਮੌਕੇ ਵਿਸ਼ੇਸ਼ ਕਰਜ਼ਾ ਕੈਂਪ ਲਗਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਜਿਸ ਵਿਅਕਤੀ ਕੋਲ 40 ਫ਼ੀਸਦੀ ਜਾਂ ਉਸ ਤੋਂ ਵੱਧ ਦਾ ਅੰਗਹੀਣ ਸਰਟੀਫਿਕੇਟ ਹੈ, ਲਈ ਇਹ ਕਰਜ਼ਾ ਕੈਂਪ ਲਗਾਇਆ ਜਾ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਕਰਜ਼ਾ ਲੈਣ ਦੇ ਚਾਹਵਾਨ ਦਿਵਿਆਂਗ ਵਿਅਕਤੀ ਜੋ ਜ਼ਿਲ੍ਹੇ ਦਾ ਸਥਾਈ ਨਾਗਰਿਕ ਹੋਵੇ, ਆਪਣਾ ਵੋਟਰ ਕਾਰਡ, ਆਧਾਰ ਕਾਰਡ, ਯੂ.ਡੀ.ਆਈ ਕਾਰਡ ਅਤੇ ਜਮਾਬੰਦੀ ਸੰਬੰਧੀ ਗਾਰੰਟੀ ਆਦਿ ਦਸਤਾਵੇਜ਼ ਸਮਾਜਿਕ ਸੁਰੱਖਿਆ ਅਤੇ ਨਿਆ ਅਧਿਕਾਰਿਤਾ ਅਫ਼ਸਰ ਜਾਂ ਐੱਸ.ਸੀ ਕਾਰਪੋਰੇਸ਼ਨ ਦੇ ਦਫ਼ਤਰ ਬਠਿੰਡਾ ਰੋਡ ਸ਼੍ਰੀ ਮੁਕਤਸਰ ਸਾਹਿਬ ਵਿੱਚ ਜਮ੍ਹਾ ਕਰਵਾ ਸਕਦੇ ਹਨ। ਉਹਨਾਂ ਜ਼ਿਲ੍ਹੇ ਦੇ ਦਿਵਿਆਂਗ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਲੈ ਕੇ ਇਸ ਮੌਕੇ ਦਾ ਪੂਰਾ ਲਾਭ ਉਠਾਉਣ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗ ਵਰਗ ਨੂੰ ਆਤਮ ਨਿਰਭਰ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਉਹਨਾਂ ਦੱਸਿਆ ਕਿ ਜੋ ਦਿਵਿਆਂਗ ਵਿਅਕਤੀ ਕਰਜ਼ੇ ਸੰਬੰਧੀ ਸ਼ਰਤਾਂ ਪੂਰੀਆਂ ਕਰ ਸਕਣਗੇ, ਉਹਨਾਂ ਨੂੰ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। Author: Malout Live