"ਇੱਕ ਜੀਵਨ-ਇੱਕ ਜਿਗਰ" ਦੀ ਥੀਮ ਤਹਿਤ ਬਲਾਕ ਲੰਬੀ ਦੇ ਪਿੰਡਾਂ ਵਿੱਚ ਮਨਾਇਆ ਗਿਆ ਵਿਸ਼ਵ ਹੈਪੇਟਾਈਟਸ ਦਿਵਸ

ਮਲੋਟ (ਲੰਬੀ, ਸ਼੍ਰੀ ਮੁਕਤਸਰ ਸਾਹਿਬ):  ਮਾਣਯੋਗ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੀਟਾ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀ.ਐੱਚ.ਸੀ ਲੰਬੀ ਦੇ ਐੱਸ.ਐੱਮ.ਓ ਡਾ. ਜਗਦੀਪ ਚਾਵਲਾ ਦੀ ਅਗਵਾਈ ਹੇਠ ਬਲਾਕ ਦੀਆਂ ਸਮੂਹ ਸਿਹਤ ਸੰਸਥਾਵਾਂ ਅਤੇ ਵੱਖ-ਵੱਖ ਪਿੰਡਾਂ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਜਗਦੀਪ ਚਾਵਲਾ ਨੇ ਦੱਸਿਆ ਕਿ ਹੈਪੇਟਾਈਟਸ ਇਕ ਜਿਗਰ ਦੀ ਬਿਮਾਰੀ ਹੈ ਜੋ ਕਿ ਵਿਸ਼ਾਣੂਆਂ ਜਾਂ ਵਾਇਰਸ ਕਾਰਨ ਹੁੰਦੀ ਹੈ, ਜੋ ਕਿ ਬਹੁਤ ਖਤਰਨਾਕ ਅਤੇ ਜਾਨਲੇਵਾ ਹੋ ਸਕਦਾ ਹੈ। ਹੈਪੇਟਾਈਟਸ ਦੀਆਂ ਪੰਜ ਕਿਸਮਾਂ ਹਨ, ਜਿਸ ਵਿਚ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਸ਼ਾਮਿਲ ਹਨ। ਹੈਪੇਟਾਈਟਸ (ਪੀਲੀਆ) ਏ ਅਤੇ ਈ ਦੂਸ਼ਿਤ ਪਾਣੀ ਪੀਣ ਨਾਲ, ਗਲੇ-ਸੜ੍ਹੇ ਫਲ ਆਦਿ ਖਾਣ ਨਾਲ, ਬਿਨਾਂ ਹੱਥ ਧੋਏ ਖਾਣਾ, ਮੱਖੀਆਂ ਦੁਆਰਾ ਦੂਸ਼ਿਤ ਕੀਤਾ ਭੋਜਣ ਖਾਣ ਆਦਿ ਨਾਲ ਹੁੰਦਾ ਹੈ। ਹਲਕਾ ਬੁਖਾਰ, ਮਾਸਪੇਸ਼ੀਆਂ ਵਿਚ ਦਰਦ, ਭੁੱਖ ਨਾ ਲੱਗਣਾ,

ਉਲਟੀ ਆਉਣਾ, ਪਿਸ਼ਾਬ ਦਾ ਰੰਗ ਗੂੜਾ ਪੀਲਾ ਹੋਣਾ, ਕਮਜ਼ੋਰੀ ਮਹਿਸੂਸ ਹੋਣਾ ਅਤੇ ਜਿਗਰ ਦਾ ਖਰਾਬ ਹੋਣਾ ਇਸ ਬਿਮਾਰੀ ਦੇ ਲੱਛਣ ਹਨ। ਇਸ ਮੌਕੇ ਬੀ.ਈ.ਈ ਸ਼ਿਵਾਨੀ ਨੇ ਦੱਸਿਆ ਕਿ ਇਸ ਸਾਲ ਇਹ ਦਿਨ "ਇੱਕ ਜੀਵਨ-ਇੱਕ ਜਿਗਰ" ਦੀ ਥੀਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਤੋਂ ਭਾਵ ਹੈ ਕਿ ਸਾਨੂੰ ਇੱਕ ਹੀ ਜਿੰਦਗੀ ਮਿਲੀ ਹੈ ਤੇ ਇੱਕ ਜਿਗਰ ਮਿਲਿਆ ਹੈ, ਜਿਸ ਦੀ ਸੰਭਾਲ ਅਸੀਂ ਹੀ ਕਰਨੀ ਹੈ। ਹੈਪੇਟਾਈਟਸ ਬੀ ਅਤੇ ਸੀ ਦੂਸ਼ਿਤ ਖੂਨ ਚੜਾਉਣ ਨਾਲ, ਦੂਸਿਤ ਸਰਿੰਜਾਂ ਦੇ ਇਸਤੇਮਾਲ ਕਰਨ ਲਈ, ਬਿਮਾਰੀ ਗ੍ਰਸਤ ਮਰੀਜ਼ ਦੇ ਖੂਨ ਦੇ ਸੰਪਰਕ ਵਿਚ ਆਉਣ ਨਾਲ, ਅਣ-ਸੁਰੱਖਿਅਤ ਸੰਭੋਗ, ਸਰੀਰ ਉੱਪਰ ਟੈਟੂ ਬਣਵਾਉਣ ਅਤੇ ਨਵਜੰਮੇ ਬੱਚੇ ਨੂੰ ਗ੍ਰਸਤ ਮਾਂ ਤੋਂ ਹੋ ਸਕਦਾ ਹੈ। ਉਹਨਾਂ ਦੱਸਿਆ ਕਿ 'ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਰਿਲੀਫ ਫੰਡ' ਦੇ ਤਹਿਤ ਰਾਜ ਦੇ ਸਮੂਹ ਜਿਲ੍ਹਾ ਹਸਪਤਾਲਾਂ ਵਿਖੇ ਹੈਪੇਟਾਈਟਸ-ਸੀ ਦੇ ਮਰੀਜਾਂ ਦਾ ਇਲਾਜ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਐੱਸ.ਆਈ ਪ੍ਰਿਤਪਾਲ ਸਿੰਘ ਤੂਰ, LHV ਸਲਵਿੰਦਰ ਕੌਰ, CHO ਰਾਜਨਪ੍ਰੀਤ, MPHW ਜਗਦੇਵਰਾਜ, ANM ਦਰਸ਼ਨਪਾਲ ਕੌਰ, ਆਸ਼ਾ ਅਤੇ ਆਂਗਨਵਾੜੀ ਵਰਕਰ ਮੌਜੂਦ ਸਨ। Author: Malout Live