ਦਿਵਿਆਂਗ ਕਰਮਚਾਰੀਆਂ ਨੂੰ ਮਿਲੇਗਾ 1000 ਰੁ. ਮਹੀਨਾ ਭੱਤਾ, ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਮਨਜ਼ੂਰੀ
ਮਲੋਟ (ਪੰਜਾਬ): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਦਿਵਿਆਂਗ ਕਰਮਚਾਰੀਆਂ ਲਈ ਦਿਵਿਆਂਗ ਭੱਤਾ ਮੁੜ ਬਹਾਲ ਕਰ ਦਿੱਤਾ ਹੈ। ਇਸ ਫੈਸਲੇ ਨਾਲ 11,000 ਦਿਵਿਆਂਗ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ। ਪਿਛਲੇ ਹਫ਼ਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸੰਬੰਧੀ ਲਏ ਫ਼ੈਸਲੇ ਦਾ ਐਲਾਨ ਕੀਤਾ ਸੀ। ਇਸ ਸੰਬੰਧੀ ਲਏ ਫ਼ੈਸਲੇ ਦੀ ਪ੍ਰਵਾਨਗੀ ਮੁੱਖ ਮੰਤਰੀ ਦਫ਼ਤਰ ਤੋਂ ਮਿਲ ਗਈ ਸੀ। ਇਹ ਫੈਸਲਾ 1 ਜਨਵਰੀ 2023 ਤੋਂ ਲਾਗੂ ਹੋਵੇਗਾ। ਇਸ ਫੈਸਲੇ ਤਹਿਤ ਦਿਵਿਆਂਗ ਕਰਮਚਾਰੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿਵਿਆਂਗ ਭੱਤਾ ਮਿਲੇਗਾ। ਇਸ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਹੁਣ 40 ਫੀਸਦੀ ਦਿਵਿਆਂਗ ਸਰਕਾਰੀ ਕਰਮਚਾਰੀ ਆਪਣੇ ਗ੍ਰਹਿ ਖੇਤਰ ਵਿੱਚ ਟਰਾਂਸਫਰ ਕਰਵਾ ਸਕਣਗੇ।
ਪਹਿਲਾਂ ਇਹ ਸੀਮਾ 60 ਫੀਸਦੀ ਦਿਵਿਆਂਗਤਾ ਦੀ ਸੀ। ਇਸ ਫੈਸਲੇ ਨਾਲ ਦਿਵਿਆਂਗ ਕਰਮਚਾਰੀਆਂ ਨੂੰ ਵੀ ਆਪਣੇ ਘਰਾਂ ਦੇ ਨੇੜੇ ਨੌਕਰੀ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ਨੂੰ ਲੰਮੇ ਸਫ਼ਰ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ। ਸਰਕਾਰ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਅਤੇ ਬੇਸਹਾਰਾ ਬੱਚਿਆਂ ਲਈ ਕਈ ਕਦਮ ਚੁੱਕ ਰਹੀ ਹੈ। ਇਸੇ ਲੜੀ ਤਹਿਤ 18 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਲਈ 15 ਹੋਮ ਚਲਾਏ ਜਾ ਰਹੇ ਹਨ। ਇੱਥੇ 441 ਬੱਚਿਆਂ ਨੂੰ ਰਿਹਾਇਸ਼, ਸਿਹਤ ਅਤੇ ਸਿੱਖਿਆ ਮੁਫ਼ਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਤਹਿਤ 824 ਬੱਚਿਆਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਵਿੱਚ 7 ਬਾਲ ਘਰ, 4 ਆਬਜ਼ਰਵੇਸ਼ਨ ਹੋਮ, 2 ਸਪੈਸ਼ਲ ਹੋਮ ਅਤੇ 2 ਸਟੇਟ ਆਫ ਕੇਅਰ ਹੋਮ ਸ਼ਾਮਿਲ ਹਨ। ਇਨ੍ਹਾਂ ਵਿੱਚ 441 ਬੱਚੇ ਰਹਿ ਰਹੇ ਹਨ ਅਤੇ ਰਾਜ ਸਰਕਾਰ ਦੀਆਂ ਰਿਹਾਇਸ਼, ਸਿਹਤ ਅਤੇ ਸਿੱਖਿਆ ਆਦਿ ਸਹੂਲਤਾਂ ਦਾ ਲਾਭ ਲੈ ਰਹੇ ਹਨ। ਇਨ੍ਹਾਂ ਵਿੱਚ ਬੇਸਹਾਰਾ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸ਼ਾਮਿਲ ਹਨ। Author: Malout Live