ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਬਚਾਅ ਸੰਬੰਧੀ ਕੀਤੀਆਂ ਗਈਆਂ ਫਰਾਈ-ਡੇ ਡਰਾਈ-ਡੇ ਗਤੀਵਿਧੀਆਂ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਡੇਂਗੂ ਦੀ ਬੀਮਾਰੀ ਦੇ ਫੈਲਣ ਤੋਂ ਬਚਾਅ ਲਈ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਰਿਪੋਰਟ ਹੋਏ ਡੇਂਗੂ ਦੇ ਪਾਜ਼ੀਟਿਵ ਕੇਸਾਂ ਦੇ ਘਰਾਂ ਵਿੱਚ ਅਤੇ ਘਰਾਂ ਦੇ ਆਲੇ-ਦੁਆਲੇ ਅਤੇ ਸ਼ਹਿਰ ਦੇ ਵੱਖ-ਵੱਖ ਸਥਾਨ ਚੱਕਬੀੜ ਸਰਕਾਰ, ਕੱਚਾ ਥਾਂਦਵਾਲਾ ਰੋਡ, ਦਾਨਾ ਮੰਡੀ ਵਿੱਚ ਦੁਕਾਨਾਂ ਅਤੇ ਖਾਲੀ ਪਲਾਟਾਂ ਵਿੱਚ ਸ਼ੁੱਕਰਵਾਰ ਡਰਾਈ-ਡੇ ਅਧੀਨ ਗਤੀਵਿਧੀਆਂ ਕੀਤੀਆਂ ਗਈਆਂ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਾਣੀ ਦੀਆਂ ਟੈਂਕੀਆਂ, ਗਮਲਿਆਂ, ਹੋਰ ਪਾਣੀ ਇਕੱਠਾ ਹੋਣ ਦੇ ਸਰੋਤ ਆਦਿ ਚੈੱਕ ਕਰਕੇ ਜਮ੍ਹਾ ਹੋਏ ਪਾਣੀ ਦੇ ਸਰੋਤਾਂ ਨੂੰ ਮੌਕੇ 'ਤੇ ਖਾਲੀ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਰੰਜੂ ਸਿੰਗਲਾ ਨੇ ਦੱਸਿਆ ਕਿ
ਸਿਹਤ ਵਿਭਾਗ ਵੱਲੋਂ ਲਗਾਤਾਰ ਡੇਂਗੂ ਦੀ ਰੋਕਥਾਮ ਲਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਸਦਕਾ ਡੇਂਗੂ ਤੇ ਕਾਬੂ ਪਾ ਲਿਆ ਗਿਆ ਹੈ। ਭਗਵਾਨ ਦਾਸ ਅਤੇ ਲਾਲ ਚੰਦ ਹੈਲਥ ਇੰਸਪੈਕਟਰ ਨੇ ਕਿਹਾ ਕਿ ਡੇਂਗੂ ਦਾ ਮੱਛਰ ਇੱਕ ਹਫ਼ਤੇ ਤੋਂ ਵੱਧ ਜਮ੍ਹਾ ਹੋਏ ਸਾਫ਼ ਪਾਣੀ ਵਿੱਚ ਪਨਪਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰ ਹਫਤੇ ਸ਼ੁੱਕਰਵਾਰ ਨੂੰ ਜਮ੍ਹਾ ਕੀਤੇ ਹੋਏ ਪਾਣੀ ਦੇ ਸਰੋਤਾਂ ਨੂੰ ਇੱਕ ਵਾਰ ਖਾਲੀ ਕਰਕੇ ਸੁਕਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੁਖਾਰ ਹੋਣ ਦੀ ਸੂਰਤ ਵਿਚ ਨੇੜੇ ਦੇ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਆਪਣਾ ਡੇਂਗੂ ਦਾ ਟੈੱਸਟ ਕਰਵਾਉਣਾ ਚਾਹੀਦਾ ਹੈ ਅਤੇ ਪਾਜ਼ੀਟਿਵ ਹੋਣ ਦੀ ਸੂਰਤ ਵਿੱਚ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਟੈਸਟ ਅਤੇ ਇਲਾਜ ਮੁਫ਼ਤ ਕੀਤੇ ਜਾਂਦੇ ਹਨ। ਇਸ ਮੌਕੇ ਅੰਗਰੇਜ ਸਿੰਘ, ਵਕੀਲ ਸਿੰਘ, ਗੁਰਸੇਵਕ ਸਿੰਘ, ਜਸਕਰਨ ਸਿੰਘ ਅਤੇ ਬ੍ਰੀਡਿੰਗ ਚੈੱਕਰ ਹਾਜ਼ਿਰ ਸਨ। Author: Malout Live