ਸ਼੍ਰੀ ਮੁਕਤਸਰ ਸਾਹਿਬ ‘ਚ 21 ਸਾਲਾਂ ਮੁੰਡੇ ਤੇ ਚੱਲੀਆਂ ਗੋਲੀਆਂ, ਘਰ ਦੇ ਗੇਟ ਅੱਗੇ ਮਾਰੀਆਂ ਗੋਲੀਆਂ
ਸ਼੍ਰੀ ਮੁਕਤਸਰ ਸਾਹਿਬ ਦੇ ਕੱਚਾ ਭਾਗਸਰ ਰੋਡ 'ਤੇ ਬੀਤੀ ਦੇਰ ਰਾਤ ਗੋਲੀਆਂ ਚੱਲਣ ਦੀ ਇਹ ਘਟਨਾ ਸਾਹਮਣੇ ਆਈ ਹੈ। 21 ਸਾਲਾ ਅਨਿਲ ਕੁਮਾਰ ਦੇ ਘਰ ਅੱਗੇ ਹੀ ਮਾਰੀਆਂ ਗੋਲੀਆਂ। ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਂਚ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਦੇ ਕੱਚਾ ਭਾਗਸਰ ਰੋਡ 'ਤੇ ਬੀਤੀ ਦੇਰ ਰਾਤ ਗੋਲੀਆਂ ਚੱਲਣ ਦੀ ਇਹ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਕਰੀਬ 21 ਸਾਲਾ ਅਨਿਲ ਕੁਮਾਰ ਆਪਣੇ ਪਰਿਵਾਰ ਸਮੇਤ ਕਿਸੇ ਪਾਰਟੀ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਆਪਣੇ ਘਰ ਦੇ ਗੇਟ ਦੇ ਸਾਹਮਣੇ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ 'ਤੇ ਸਵਾਰ ਕੁੱਝ ਅਣਪਛਾਤੇ ਵਿਅਕਤੀ ਉੱਥੇ ਪਹੁੰਚੇ। ਪਰਿਵਾਰ ਦੇ ਮੁਤਾਬਿਕ ਉਨ੍ਹਾਂ ਵਿਅਕਤੀਆਂ ਨੇ ਅਨਿਲ ਕੁਮਾਰ ਤੋਂ ਪੁੱਛਿਆ ਕਿ ਕੀ ਉਹ ਇੱਥੇ ਹੀ ਰਹਿੰਦੇ ਹਨ, ਇਸ ਤੋਂ ਤੁਰੰਤ ਬਾਅਦ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਪਰਿਵਾਰ ਦਾ ਕਹਿਣਾ ਹੈ ਕਿ ਹਮਲਾਵਰਾਂ ਵੱਲੋਂ ਕਰੀਬ ਚਾਰ ਰਾਊਂਡ ਫਾਇਰ ਕੀਤੇ ਗਏ, ਜਿਨ੍ਹਾਂ ਵਿੱਚੋਂ ਗੋਲੀਆਂ ਅਨਿਲ ਕੁਮਾਰ ਨੂੰ ਲੱਗੀਆਂ ਅਤੇ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਅਣਪਛਾਤੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਪਹਿਲਾਂ ਨਿੱਜੀ ਹਸਪਤਾਲ ਲਜਾਇਆ ਗਿਆ, ਜਿੱਥੋਂ ਉਸ ਨੂੰ ਸਰਕਾਰੀ ਹਸਪਤਾਲ ਅਤੇ ਬਾਅਦ ਵਿੱਚ ਫਰੀਦਕੋਟ ਰੈਫਰ ਕੀਤਾ ਗਿਆ।
ਅਨਿਲ ਕੁਮਾਰ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਉਸ ਦੀ ਕਿਸੇ ਨਾਲ ਕੋਈ ਲੜਾਈ ਹੋਈ ਹੈ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਨਿਲ ਨੂੰ ਗੋਲੀਆਂ ਕਿਉਂ ਮਾਰੀਆਂ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਐੱਸ.ਐਚ.ਓ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਸਿਟੀ ਦੀ ਜਾਂਚ ਅਧਿਕਾਰੀ ਰਮਨਦੀਪ ਕੌਰ ਨੇ ਦੱਸਿਆ ਕਿ ਅਰੰਭਕ ਜਾਂਚ ’ਚ ਸਾਹਮਣੇ ਆਇਆ ਹੈ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਚਾਰ ਰਾਊਂਡ ਫਾਇਰ ਕੀਤੇ ਗਏ ਹਨ ਅਤੇ ਨੌਜਵਾਨ ਨੂੰ ਗੋਲੀਆਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਅਤੇ ਇਸ ਸਮੇਂ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਆਸ-ਪਾਸ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁੱਟੇਜ ਖੰਘਾਲੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਫੜਨ ਲਈ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
Author : Malout Live



