ਸ਼੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ ਟਿਕਟ ਮੁਕਤ ਕਰਨ ਲਈ ਵਫ਼ਦ ਡੀ.ਸੀ ਨੂੰ ਮਿਲਿਆ
ਇਤਿਹਾਸਿਕ ਤੇ ਧਾਰਮਿਕ ਮੇਲਾ ਮਾਘੀ ਨੂੰ ਟਿਕਟ ਮੁਕਤ ਕਰਨ, ਮੇਲੇ ਦਾ ਸਮਾਂ 26 ਜਨਵਰੀ ਤੱਕ ਤੈਅ ਕਰਨ ਤੇ ਕੋਟਕਪੂਰਾ ਰੋਡ ’ਤੇ ਪੁਰਾਣੀ ਜੇਲ੍ਹ ਵਾਲੀ ਜਗ੍ਹਾ ’ਤੇ ਤਬਦੀਲ ਕਰਨ ਨੂੰ ਲੈ ਕੇ ਸ਼ਹਿਰ ਵਾਸੀਆਂ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੂੰ ਮਿਲਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਇਤਿਹਾਸਿਕ ਤੇ ਧਾਰਮਿਕ ਮੇਲਾ ਮਾਘੀ ਨੂੰ ਟਿਕਟ ਮੁਕਤ ਕਰਨ, ਮੇਲੇ ਦਾ ਸਮਾਂ 26 ਜਨਵਰੀ ਤੱਕ ਤੈਅ ਕਰਨ ਤੇ ਕੋਟਕਪੂਰਾ ਰੋਡ ’ਤੇ ਪੁਰਾਣੀ ਜੇਲ੍ਹ ਵਾਲੀ ਜਗ੍ਹਾ ’ਤੇ ਤਬਦੀਲ ਕਰਨ ਨੂੰ ਲੈ ਕੇ ਸ਼ਹਿਰ ਵਾਸੀਆਂ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੂੰ ਮਿਲਿਆ। ਵਫ਼ਦ ’ਚ ਸ਼ਾਮਿਲ ਆਗੂਆਂ ਨੇ ਦੱਸਿਆ ਕਿ ਕੁੱਝ ਵਰ੍ਹੇ ਪਹਿਲਾਂ ਇਹ ਮੇਲਾ ਟਿਕਟ ਮੁਕਤ ਹੁੰਦਾ ਸੀ, ਪਰ ਹੁਣ ਮੇਲਾ ਠੇਕੇ ’ਤੇ ਦਿੱਤਾ ਜਾਂਦਾ ਹੈ ਤੇ ਠੇਕੇਦਾਰ ਮੇਲੇ ਦੀ ਚਾਰਦੀਵਾਰੀ ਕਰਕੇ ਟਿਕਟ ਲਾ ਦਿੰਦਾ ਹੈ। ਗਰੀਬ ਲੋਕਾਂ ਲਈ ਮੇਲਾ ਵੇਖਣਾ ਔਖਾ ਹੋ ਜਾਂਦਾ ਹੈ। ਇਸ ਲਈ ਮੇਲਾ ਟਿਕਟ ਮੁਕਤ ਕੀਤਾ ਜਾਵੇ। ਇਸ ਦੇ ਨਾਲ ਹੀ ਮਲੋਟ ਰੋਡ ’ਤੇ ਬੱਸ ਅੱਡਾ, ਅਕਾਲ ਅਕੈਡਮੀ, ਡੇਰਾ ਭਾਈ ਮਸਤਾਨ ਸਿੰਘ ਸਕੂਲ ਤੇ ਅੱਧੀ ਦਰਜਨ ਹਸਪਤਾਲ ਹਨ। ਇਸ ਕਰਕੇ ਇਸ ਸੜਕ ’ਤੇ ਆਮ ਦਿਨਾਂ ’ਚ ਵੀ ਅੰਤਾਂ ਦੀ ਭੀੜ ਰਹਿੰਦੀ ਹੈ ਤੇ ਆਵਾਜਾਈ ਠੱਪ ਰਹਿੰਦੀ ਹੈ, ਪਰ ਮੇਲੇ ਦੌਰਾਨ ਹਜ਼ਾਰਾਂ ਦੁਕਾਨਦਾਰ ਤੇ ਲੱਖਾਂ ਲੋਕ ਜਦੋਂ ਇਸ ਛੋਟੇ ਜਿਹੇ ਖੇਤਰ ’ਚ ਇਕੱਠੇ ਹੁੰਦੇ ਹਨ ਤਾਂ ਇਹ ਖੇਤਰ ਜਾਮ ਹੋ ਜਾਂਦਾ ਹੈ।
ਵਿਦਿਆਰਥੀਆਂ ਤੇ ਰਾਹਗੀਰਾਂ ਨੂੰ ਲੰਘਣਾ ਟੱਪਣਾ ਦੁੱਬਰ ਹੋ ਜਾਂਦਾ ਹੈ। ਇਸ ਲਈ ਮੰਨੋਰੰਜਨ ਮੇਲਾ ਮਲੋਟ ਰੋਡ ਤੋਂ ਤਬਦੀਲ ਕਰਕੇ ਕੋਟਕਪੂਰਾ ਰੋਡ ਉਪਰ ਪੁਰਾਣੀ ਜੇਲ੍ਹ ਵਿਖੇ ਤਬਦੀਲ ਕੀਤਾ ਜਾਵੇ। ਇਸ ਤਰ੍ਹਾਂ ਮਲੋਟ ਰੋਡ ਤੋਂ ਭੀੜ ਵੀ ਘਟ ਜਾਵੇਗੀ। ਸਰਕਾਰੀ ਜਗ੍ਹਾ ਹੋਣ ਕਰਕੇ ਦਾਖਲੇ ਦੀ ਟਿਕਟ ਵੀ ਨਹੀਂ ਲੱਗੇਗੀ। ਇਸ ਦੇ ਨਾਲ ਹੀ ਵਫ਼ਦ ਨੇ ਮੇਲਾ 1 ਜਨਵਰੀ ਤੋਂ 26 ਜਨਵਰੀ ਤੱਕ ਲਾਏ ਜਾਣ ਦੀ ਵੀ ਮੰਗ ਕੀਤੀ ਤਾਂ ਜੋ ਕਿ ਭੀੜ ਵੀ ਘਟੇ ਅਤੇ ਵਿਦਿਆਰਥੀਆਂ ਨੂੰ ਪੜ੍ਹਣ ਦਾ ਮੌਕਾ ਵੀ ਮਿਲ ਜਾਵੇ। ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਧਿਆਨ ਨਾਲ ਸੁਣਿਆ ਕਿਹਾ ਕਿ ਮੇਲੇ ਸੰਬੰਧੀ ਸਮੇਂ ਸੁਝਾਅ ਸਮੇਂ ਸਿਰ ਉਨ੍ਹਾਂ ਦੇ ਧਿਆਨ ਵਿੱਚ ਆਉਣ ਕਰਕੇ ਉਹ ਇਨ੍ਹਾਂ ਸਾਰੇ ਮਸਲਿਆਂ ਦਾ ਢੁਕਵਾਂ ਹੱਲ ਕਰਨਗੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਆਉਣ ਵਾਲੀਆਂ ਮੇਲਾ ਬੈਠਕਾਂ ਵਿੱਚ ਵੀ ਵਫ਼ਦ ਨੂੰ ਸ਼ਾਮਿਲ ਕੀਤਾ ਜਾਵੇਗਾ।
Author : Malout Live



