ਚੋਣਾਂ ਦੌਰਾਨ ਕੂਪਨ ਜਾਂ ਹੋਰ ਨਿਸ਼ਾਨੀ ਨਾਲ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ ਸ਼੍ਰੀਮਤੀ ਸਵਰਨਜੀਤ ਕੌਰ ਪੀ.ਸੀ.ਐੱਸ ਸ਼੍ਰੀ ਮੁਕਤਸਰ ਸਾਹਿਬ
ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਐੱਸ.ਡੀ.ਐਮ-ਕਮ-ਰਿਟਰਨਿੰਗ ਅਫਸਰ-086 ਮੁਕਤਸਰ ਸਾਹਿਬ ਵੱਲੋਂ ਵਿਧਾਨ ਸਭਾ ਹਲਕਾ-086 ਨਾਲ ਸੰਬੰਧਿਤ ਸ਼ਰਾਬ ਠੇਕਿਆਂ ਦੇ ਸੰਬੰਧ ਵਿੱਚ ਆਬਕਾਰੀ ਵਿਭਾਗ ਅਤੇ ਸ਼ਰਾਬ ਠੇਕੇਦਾਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ-086 ਵਿੱਚ ਕੁੱਲ 96 ਸ਼ਰਾਬ ਠੇਕੇ ਪੈਂਦੇ ਹਨ, ਜਿਨ੍ਹਾਂ ਵਿੱਚੋਂ 19 ਸ਼ਰਾਬ ਠੇਕੇ ਅੰਗਰੇਜ਼ੀ ਅਤੇ 77 ਦੇਸ਼ੀ ਸ਼ਰਾਬ ਦੇ ਹਨ, ਜੋ ਸ਼੍ਰੀ ਮੁਕਤਸਰ ਸਾਹਿਬ ਅਤੇ ਬਰੀਵਾਲਾ ਸਰਕਲ ਵਿੱਚ ਪੈਂਦੇ ਹਨ। ਇਲੈਕਸ਼ਨ ਕਮਿਸ਼ਨ ਦੀਆਂ ਸਖਤ ਹਦਾਇਤਾਂ ਹਨ ਕਿ ਸ਼ਰਾਬ ਠੇਕਿਆਂ ਤੇ ਸਖਤ ਨਜ਼ਰ ਰੱਖੀ ਜਾਵੇਗੀ। ਇਸ ਲਈ ਜੇਕਰ ਕਿਸੇ ਠੇਕੇ ਦੀ ਰੋਜ਼ਾਨਾ ਆਮਦਨ 30 % ਤੋਂ ਵੱਧ ਹੁੰਦੀ ਹੈ ਤਾਂ ਉਸ ਕੋਲ ਉਸਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਲਮ ਏਰੀਆ ਵਿੱਚ ਸ਼ਰਾਬ ਵਿਕਰੀ ਤੇ ਵੀ ਨਜ਼ਰ ਰੱਖੀ ਜਾਵੇਗੀ।
ਠੇਕਿਆਂ ਅਤੇ ਸਟੋਰੇਜ਼ ਗਡਾਊਨ ਵਿੱਚ ਸ਼ਰਾਬ ਨਿਰਧਾਰਿਤ ਅਤੇ ਸਟਾਕ ਰਜਿਸਟਰ ਤੋਂ ਵੱਧ ਜਾਂ ਘੱਟ ਸ਼ਰਾਬ ਨਹੀਂ ਹੋਣੀ ਚਾਹੀਦੀ। ਇਸ ਲਈ ਸ਼ਰਾਬ ਠੇਕੇਦਾਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਸਹੀ ਮਾਤਰਾਂ ਵਿੱਚ ਸ਼ਰਾਬ ਦਾ ਸਟਾਕ ਰੱਖਣਾ ਅਤੇ ਵੇਚਣਾ ਯਕੀਨੀ ਬਨਾਉਣਗੇ। ਇਸ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਕਲੀ ਅਤੇ ਨਜ਼ਾਇਜ ਸ਼ਰਾਬ ਰੱਖਣ/ਵੇਚਣ ਵਾਲਿਆਂ ਤੇ ਵੀ ਸਖਤ ਨਜ਼ਰ ਰੱਖੀ ਜਾਵੇਗੀ। ਇਸ ਕੰਮ ਲਈ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ, ਜੋ ਸਮੇਂ-ਸਮੇਂ ਤੇ ਸ਼ਰਾਬ ਠੇਕਿਆਂ, ਨਜਾਇਜ਼ ਸ਼ਰਾਬ ਸਟੋਰ ਕਰਨ, ਵੇਚਣ ਆਦਿ ਵਾਲਿਆਂ ਤੇ ਸਖਤ ਨਜ਼ਰ ਰੱਖਣਗੀਆਂ। ਜੇਕਰ ਕੋਈ ਠੇਕੇਦਾਰ ਜਾਂ ਵਿਅਕਤੀ ਕਿਸੇ ਪਾਰਟੀ ਜਾਂ ਵਿਅਕਤੀ ਨੂੰ ਸ਼ਰਾਬ ਕੂਪਨ ਜਾਂ ਹੋਰ ਨਿਸ਼ਾਨੀ ਨਾਲ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੀਟਿੰਗ ਵਿੱਚ ਸ਼੍ਰੀ ਅਨਿਲ ਕੁਮਾਰ, ਸਹਾਇਕ ਰਿਟਰਨਿੰਗ ਅਫ਼ਸਰ-86 ਮੁਕਤਸਰ, ਸ਼੍ਰੀ ਪਵਨ ਈ.ਟੀ.ਓ, ਸ਼੍ਰੀ ਮਨੀਸ਼ ਕਥੂਰੀਆ, ਸ਼੍ਰੀ ਜਸਗੀਰ ਸਿੰਘ ਆਬਕਾਰੀ ਇੰਸਪੈਕਟਰ, ਸ਼੍ਰੀ ਰਿਸ਼ੂ ਗਿਰਧਰ ਕੇ.ਆਰ.ਵਾਈਨ, ਸ਼੍ਰੀ ਨਿਖਿਲ ਕਸਰੀਜਾ ਵਾਈਨ ਕੰਟਰੈਕਟਰ, ਸ਼੍ਰੀ ਵਿਕਰਾਂਤ ਭਠੇਜਾ, ਪਾਰਟਨਰ ਆਫ ਬਰਦਰਜ਼ ਵਾਈਜ਼, ਸ਼੍ਰੀ ਮੁਕਤਸਰ ਸਾਹਿਬ ਵਿੱਚ ਮੌਕੇ ਤੇ ਹਾਜ਼ਿਰ ਸਨ।