ਬਿਨ੍ਹਾਂ ਕੱਦੂ ਕੀਤੇ ਝੋਨੇ ਦੀ ਸਿੱਧੀ ਬਿਜਾਈ ਸਮੇਂ ਦੀ ਲੋੜ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸੂਬੇ ‘ਚ ਪਾਣੀ ਦੇ ਘੱਟ ਰਹੇ ਸ੍ਰੋਤਾਂ ਅਤੇ ਜ਼ਮੀਨੀ ਪਾਣੀ ਦੇ ਡਿੱਗਦੇ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਬਰਾੜ ਦੀ ਯੋਗ ਅਗਵਾਈ ਵਿੱਚ ਬਲਾਕ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਜਵਾਹਰੇਵਾਲਾ ਵਿਖੇ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ । ਜਤਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਦੱਸਿਆ ਕਿ ਬਿਨਾਂ ਕੱਦੂ ਕੀਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 10 ਤੋਂ 20 ਪ੍ਰਤੀਸ਼ਤ ਤੱਕ ਪਾਣੀ ਦੀ ਬੱਚਤ ਹੁੰਦੀ ਹੈ ਅਤੇ 10 ਤੋਂ 12 ਪ੍ਰਤੀਸ਼ਤ ਜਮੀਨ ਵਿੱਚ ਪਾਣੀ ਦਾ ਜ਼ਿਆਦਾ ਰੀਚਾਰਜ ਹੁੰਦਾ ਹੈ। ਉਨਾਂ ਦੱਸਿਆ ਕਿ ਸਿੱਧੀ ਬਿਜਾਈ ਨਾਲ ਫ਼ਸਲ ਨੂੰ ਬਿਮਾਰੀਆਂ ਘੱਟ ਲੱਗਦੀਆਂ ਹਨ, ਆਉਣ ਵਾਲੀ ਕਣਕ ਦੀ ਫਸਲ ਦਾ 1 ਕੁਇੰਟਲ ਤੱਕ ਝਾੜ ਵੱਧ ਹੁੰਦਾ ਹੈ ਅਤੇ ਮਜ਼ਦੂਰੀ ਦੀ ਕਾਫੀ ਬੱਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਅਤੇ
ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਕੀਤੀ ਜਾਣੀ ਚਾਹੀਦੀ ਹੈ। ਝੋਨੇ ਦੀ ਸਿੱਧੀ ਬਿਜਾਈ ਦਾ ਸਹੀ ਸਮਾਂ ਜੂਨ ਦਾ ਪਹਿਲਾ ਪੰਦਰਵਾੜਾ ਅਤੇ ਬਾਸਮਤੀ ਕਿਸਮਾਂ ਲਈ ਜੂਨ ਦਾ ਦੂਜਾ ਪੰਦਰਵਾੜਾ ਢੁੱਕਵਾਂ ਹੁੰਦਾ ਹੈ। ਇਸ ਕੈਂਪ ਦੌਰਾਨ ਨਦੀਨਾਂ ਦੀ ਰੋਕਥਾਮ, ਖਾਦਾਂ ਦੀ ਸੁਚੱਜੀ ਵਰਤੋਂ, ਸਿੰਚਾਈ ਸੰਬੰਧੀ ਵੀ ਕਿਸਾਨਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸਰਕਾਰ ਵੱਲੋਂ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਵਧਾਉਣ ਦਾ ਵੀ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਮੰਤਵ ਲਈ ਪਿੰਡ-ਪਿੰਡ ਕਿਸਾਨ ਮਿੱਤਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ ਇਸ ਮੰਤਵ ਲਈ ਸਮੂਹ ਕਿਸਾਨ ਵੀਰ ਪੋਰਟਲ ਤੇ ਆਪਣੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ।ਇਸ ਤੋਂ ਇਲਾਵਾ ਉਹਨਾਂ ਵੱਲੋਂ ਸਾਉਣੀ ਦੀਆਂ ਫਸਲਾਂ ਦੀ ਸਫਲ ਕਾਸ਼ਤ ਬਾਰੇ, ਮਿੱਟੀ ਸਿਹਤ ਕਾਰਡ ਅਤੇ ਪੀ.ਐੱਮ ਕਿਸਾਨ ਸਨਮਾਨ ਨਿੱਧੀ ਯੋਜਨਾ ਸੰਬੰਧੀ ਗੱਲਬਾਤ ਕੀਤੀ। ਇਸ ਮੌਕੇ ਸੁਪਰਵਾਈਜ਼ਰ ਅਮਨਦੀਪ ਸਿੰਘ ਅਤੇ ਹਰਭਜਨ ਸਿੰਘ ਏ.ਐੱਸ.ਆਈ ਹਾਜ਼ਿਰ ਸਨ। Author: Malout Live