ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਖਾਣ ਵਾਲੀਆਂ ਵਸਤੂਆਂ ਦੀ ਕੀਤੀ ਜਾ ਰਹੀ ਹੈ ਗੁਣਵਤਾ ਚੈਕਿੰਗ- ਡਾ. ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਸੰਬੰਧ ਵਿੱਚ ਸਿਹਤ ਵਿਭਾਗ ਵੱਲੋਂ ਵਿਸ਼ਵ ਫੂਡ ਸੇਫਟੀ ਦਿਵਸ ਤੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਦਫਤਰ ਵਿਖੇ ਸਮਾਗਮ ਕੀਤਾ ਗਿਆ। ਜਿਸ ਦੌਰਾਨ ਸਮੂਹ ਸਟਾਫ ਨੂੰ ਚੰਗਾ ਖਾਣ ਪੀਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਰੰਜੂ ਸਿੰਗਲਾ ਕਿਹਾ ਕਿ ਹਰੇਕ ਸਾਲ 7 ਜੂਨ ਨੂੰ ਵਿਸ਼ਵ ਫੂਡ ਸੇਫ਼ਟੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦਾ ਮਕਸਦ ਆਮ ਲੋਕਾਂ ਵਿੱਚ ਸ਼ੁੱਧ ਭੋਜਨ ਖਾਣ ਅਤੇ ਫਾਸਟ ਫੂਡ ਤੋਂ ਦੂਰ ਰਹਿਣ ਸੰਬੰਧੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਅਸ਼ੁੱਧ ਭੋਜਨ ਖਾਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਰੋਕਣਾ, ਇਨ੍ਹਾਂ ਦੀ ਸਮੇਂ ਸਿਰ ਪਹਿਚਾਣ ਕਰਨਾ, ਉਹਨਾਂ ਦਾ ਇਲਾਜ ਕਰਨਾ ਅਤੇ ਮਨੁੱਖੀ ਸਿਹਤ ਵਿੱਚ ਸੁਧਾਰ ਲਿਆਉਣਾ ਹੈ। ਸਾਲ 2023 ਦਾ ਇਸ ਦਿਨ ਦਾ ਥੀਮ ਹੈ “ਚੰਗਾ ਭੋਜਨ ਜ਼ਿੰਦਗੀਆਂ ਬਚਾਉਂਦਾ ਹੈ”। ਉਨ੍ਹਾਂ ਦੱਸਿਆ ਕਿ ਸਮਾਜ ਵਿੱਚ ਹਰੇਕ ਸਾਲ ਅਸ਼ੁੱਧ ਭੋਜਨ ਖਾਣ ਕਰਕੇ ਹੋਣ ਵਾਲੀਆਂ ਬਿਮਾਰੀਆਂ ਦੇ ਮਾਮਲੇ ਦਿਨ ਪ੍ਰਤੀ ਦਿਨ ਵੱਧ ਰਹੇ ਹਨ ਅਤੇ 10 ਵਿਅਕਤੀਆਂ ਵਿੱਚੋਂ 1 ਵਿਅਕਤੀ ਅਸ਼ੁੱਧ ਭੋਜਨ ਖਾਣ ਨਾਲ ਬਿਮਾਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸ਼ੁੱਧ ਭੋਜਨ ਖਾਣ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਸ਼ਿਕਾਰ ਸਭ ਤੋਂ ਜ਼ਿਆਦਾ ਛੋਟੇ ਬੱਚੇ, ਗਰਭਵਤੀ ਮਹਿਲਾਵਾਂ, ਬਜੁਰਗ ਅਤੇ ਕੰਮਜ਼ੋਰ ਲੋਕ ਹੁੰਦੇ ਹਨ। ਮਨੁੱਖ ਦੀ ਚੰਗੀ ਸਿਹਤ ਲਈ ਚੰਗਾ ਭੋਜਨ ਖਾਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਅਸ਼ੁੱਧ ਖਾਣਾ ਖਾਣ ਕਰਕੇ ਹੋਣ ਵਾਲੀਆਂ ਬਿਮਾਰੀਆਂ ਕਾਰਨ ਗੈਰ-ਹਾਜ਼ਰ ਰਹਿੰਦੇ ਸਕੂਲੀ ਬੱਚਿਆਂ ਦੀ ਸਕੂਲਾਂ ਵਿੱਚੋਂ ਗੈਰ-ਹਾਜ਼ਰੀ ਨੂੰ ਲੋਕਾਂ ਨੂੰ ਸ਼ੁੱਧ ਖਾਣੇ ਦੀ ਮਹੱਤਤਾ ਬਾਰੇ ਜਾਗਰੂਕ ਕਰਕੇ ਘਟਾਇਆ ਜਾ ਸਕਦਾ ਹੈ। ਅਸ਼ੁੱਧ ਭੋਜਨ ਖਾਣ ਨਾਲ ਡਾਇਰੀਏ ਤੋਂ ਲੈ ਕੇ ਕੈਂਸਰ ਤੱਕ ਲਗਭਗ 200 ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਤੰਦਰੁਸਤ ਰਹਿਣ ਲਈ ਕਣਕ ਅਤੇ ਚਾਵਲਾਂ ਦੀ ਜਗ੍ਹਾ ਮੋਟੇ ਅਨਾਜ਼ਾਂ ਜਿਵੇਂ ਕਿ ਬਾਜਰਾ, ਜੁਆਰ,ਮੱਕੀ,ਜੋਂ,ਕੰਗਣੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਕਿ ਸਾਨੂੰ ਤੰਦਰੁਸਤ ਰੱਖਣ ਦੇ ਨਾਲ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ। ਇਸ ਮੌਕੇ ਡਾ. ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਖਾਦ ਪਦਾਰਥਾਂ ਦੀ ਗੁਣਵਤਾ ਦੀ ਜਾਂਚ ਲਈ ਟੀਮਾ ਵੱਲੋਂ ਸੈਂਪਲਿੰਗ ਕੀਤੀ ਜਾਂਦੀ ਹੈ ਅਤੇ ਮਿਲਾਵਟੀ ਚੀਜਾਂ ਵੇਚਣ ਵਾਲਿਆਂ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ। ਵਿਸ਼ਵ ਵਿੱਚ ਅਸ਼ੁੱਧ ਭੋਜਣ ਖਾਣ ਨਾਲ 10 ਪ੍ਰਤੀਸ਼ਤ ਆਬਾਦੀ ਤੇ ਬੁਰਾ ਅਸਰ ਹੋ ਰਿਹਾ ਹੈ। ਸ਼ੁੱਧ ਭੋਜਣ ਦੇ ਨਾਲ-ਨਾਲ ਹਰੇਕ ਮਨੁੱਖ ਨੂੰ ਖਾਣਾ ਖਾਣ ਅਤੇ ਪਰੋਸਣ ਤੋਂ ਪਹਿਲਾਂ ਅਤੇ ਟਾਇਲਟ ਜਾਣ ਤੋਂ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਪਾਣੀ ਨਾਲ ਧੋਣਾ ਚਾਹੀਦਾ ਹੈ। ਆਪਣੇ-ਆਲੇ ਦੁਆਲੇ ਦੀ ਸਫ਼ਾਈ,ਕੱਟੇ ਹੋਏ ਭੋਜਣ ਨਾ ਖਰੀਦਣਾ,ਭੋਜਣ ਢੱਕ ਕੇ ਰੱਖਣੇ ਚਾਹੀਦੇ ਹਨ। ਇਸ ਸਮੇਂ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ,ਰਾਕੇਸ਼ ਗੋਇਲ ਚੀਫ ਫਾਰਮੇਸੀ ਅਫਸਰ,ਸਤਵੀਰ ਕੌਰ ਸੁਪਰਡੈਂਟ,ਦੀਪਕ ਕੁਮਾਰ ਡੀ.ਪੀ.ਐੱਮ. ਅਤੇ ਦਫਤਰ ਦਾ ਸਮੂਹ ਸਟਾਫ ਹਾਜ਼ਿਰ ਸਨ। Author: Malout Live