ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦੀ ਪੰਚਾਇਤ ਕਰੇਗੀ ਤਸਦੀਕ : ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਛੋਟੇ ਕਿਸਾਨਾਂ ਨੂੰ ਜਲਦੀ ਸਹਿਕਾਰੀ ਵਿਭਾਗ ਵਲੋਂ ਮੁਆਵਜਾ ਦਿੱਤਾ ਜਾ ਰਿਹਾ ਹੈ, ਇਹ ਜਾਣਕਾਰੀ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦਫਤਰ ਡਿਪਟੀ ਕਮਿਸ਼ਨਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ. ਰਿਚਾ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ, ਸ੍ਰੀ ਓਮ ਪ੍ਰਕਾਸ਼ ਐਸ.ਡੀ.ਐਮ ਗਿੱਦੜਬਾਹਾ, ਸ੍ਰੀ ਅਵਤਾਰ ਸਿੰਘ ਮੱਕੜ ਜ਼ਿਲ੍ਹਾ ਮਾਲ ਅਫਸਰ ਤੋਂ ਇਲਾਵਾ ਵੱਖ-ਵੱਖ ਵਿਕਾਸ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੁੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਿਹੜੇ-ਕਿਹੜੇ ਛੋਟੇ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਇਸ ਸਬੰਧੀ ਪੂਰੀ ਵੇਰਵੇ ਸਹਿਤ ਖੇਤੀਬਾੜੀ ਅਤੇ ਸੈਟੇਲਾਈਟ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਸੂਚਨਾਂ ਤਿਆਰ ਕੀਤੀ ਜਾਵੇ ਤਾਂ ਜੋ ਇਹਨਾਂ ਕਿਸਾਨਾਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਯੋਗ ਮੁਆਵਜਾ ਦਿੱਤਾ ਜਾ ਸਕੇ ਅਤੇ ਮੁਆਵਜਾ ਦੇਣ ਤੋਂ ਪਹਿਲਾਂ ਇਸ ਦੀ ਤਸਦੀਕ ਸਬੰਧਿਤ ਪੰਚਾਇਤ ਪਾਸੋ ਕਰਵਾਈ ਜਾਵੇ। ਉਹਨਾਂ ਅੱਗੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਘਟਨਾਵਾਂ ਨੂੰ ਸਖਤੀ ਨਾਲ ਰੋਕਣ ਲਈ ਨੋਡਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਆਪਣੇ ਇਲਾਕੇ ਵਿੱਚ ਕਿਸਾਨਾਂ ਨੂੰ ਪਰਾਲੀ ਦੇ ਸਾੜਣ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਪ੍ਰੇਰਿਤ ਕੀਤੀ ਜਾਵੇ ਅਤੇ ਉਹਨਾਂ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਖੇਤੀ ਫਸਲ ਬੀਜਣ ਲਈ ਉਤਸਾਹਿਤ ਕੀਤਾ ਜਾਵੇ। ਉਹਨਾਂ ਅੱਗੇ ਕਿਹਾ ਕਿ ਜੇਕਰ ਕੋਈ ਵਿਅਕਤੀ ਪਰਾਲੀ ਨੂੰ ਅੱਗ ਲਗਾਵੇਗਾ ਤਾਂ ਉਸ ਵਿਰੁੱਧ ਪਰਚਾ ਦਰਜ ਕੀਤਾ ਜਾਵੇਗਾ।