ਸਿਹਤ ਵਿਭਾਗ ਮਲੋਟ ਵੱਲੋਂ ਰੇਲਵੇ ਸਟੇਸ਼ਨ ਮਲੋਟ ਅਤੇ ਬੱਸ ਸਟੈਂਡ ਵਿਖੇ ਕੀਤਾ ਡੇਂਗੂ ਦਾ ਲਾਰਵਾ ਚੈੱਕ

ਮਲੋਟ: ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਸੁਨੀਲ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਮਲੋਟ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਮਲੋਟ ਦੇ ਸਟਾਫ ਵੱਲੋਂ ਡੇਂਗੂ ਦੇ ਬਚਾਅ ਸੰਬੰਧੀ ਲਗਾਤਾਰ ਗਤੀਵਧੀਆਂ ਕੀਤੀਆਂ ਜਾ ਰਹੀਆਂ ਹਨ। ਐਂਟੀ ਡੇਂਗੂ ਕੰਪੇਂਨ "ਹਰ ਸ਼ੁੱਕਰਵਾਰ ਡੇਂਗੂ ਤੇ ਵਾਰ" ਵਾਲੇ ਦਿਨ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਸੱਚਾ ਸੌਦਾ ਰੋਡ ਮਲੋਟ ਵਿਖੇ ਘਰ-ਘਰ ਜਾ ਕੇ ਮੱਛਰਾਂ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਇਸ ਤੋਂ ਬਚਾਅ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਸਮੇਂ ਹਰਜੀਤ ਸਿੰਘ ਹੈੱਲਥ ਸੁਪਰਵਾਈਜ਼ਰ ਨੇਂ ਦੱਸਿਆ ਕਿ ਡੇਂਗੂ ਇੱਕ ਏਡੀਜ਼ ਅਜ਼ਿਪਟੀ ਜਾਤੀ ਦੇ ਟਾਇਗਰ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਡੇਂਗੂ ਬੁਖਾਰ ਹੋਣ ਨਾਲ ਤੇਜ ਸਿਰ ਦਰਦ, ਮੱਥਾ ਦਰਦ, ਪਸੀਨਾ ਆਉਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਜੀਅ ਕੱਚਾ ਹੋਣਾ, ਪੱਠਿਆਂ ਵਿੱਚ ਦਰਦ, ਛਾਤੀ ਅਤੇ ਸਰੀਰ ਦੇ ਉਪਰਲੇ ਅੰਗਾਂ ਵਿੱਚ ਲਾਲ ਧੱਬੇ ਹੋਣੇ ਜਾਂ ਨੱਕ

ਅਤੇ ਮੂੰਹ ਵਿੱਚੋਂ ਖੂਨ ਵੀ ਆ ਸਕਦਾ ਹੈ। ਓਹਨਾਂ ਦੱਸਿਆ ਕਿ ਸਿਹਤ ਵਿਭਾਗ ਮਲੋਟ ਦੀਆਂ ਟੀਮਾਂ ਵਲੋਂ ਘਰ-ਘਰ ਜਾ ਕੇ ਫੀਵਰ ਸਰਵੇ ਕਰਨ ਦੇ ਨਾਲ ਨਾਲ ਐਂਟੀ ਲਾਰਵਾ ਦਵਾਈਆਂ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਡੇਂਗੂ ਤੋਂ ਬਚਾਅ ਲਈ ਸੁਖਨਪਾਲ ਸਿੰਘ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਵਿੱਚ ਪਏ ਕਬਾੜ ਜਿਵੇਂ ਟਾਇਰ, ਟੁੱਟੇ ਬਰਤਨ ਅਤੇ ਗਮਲਿਆਂ ਵਿੱਚ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ। ਪਸ਼ੂ-ਪੰਛੀਆਂ ਦੇ ਭਾਂਡੇ ਅਤੇ ਹੋਰ ਪਾਣੀ ਸਟੋਰ ਕਰਨ ਵਾਲੇ ਬਰਤਨ ਹਰ ਹਫਤੇ ਸਾਫ਼ ਕਰਕੇ ਵਰਤੋਂ ਵਿੱਚ ਲਿਆਉਣੇ ਚਾਹੀਦੇ ਹਨ। ਘਰ ਅਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਨਾਲ ਅਸੀਂ ਡੇਂਗੂ ਵਰਗੀਆਂ ਕਈ ਹੋਰ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ। ਮੱਛਰਾਂ ਤੋਂ ਬਚਣ ਲਈ ਪੂਰਾ ਸ਼ਰੀਰ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਮੱਛਰ ਭਜਾਉਣ ਵਾਲੀਆਂ ਵਸਤੂਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਓਹਨਾਂ ਕਿਹਾ ਕਿ ਬੁਖਾਰ ਹੋਣ ਦੀ ਸ਼ਿਕਾਇਤ ਤੇ ਨਜਦੀਕੀ ਸਿਹਤ ਕੇਂਦਰ ਜਾਂ ਸਿਵਲ ਹਸਪਤਾਲ ਵਿਖੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। Author: Malout Live