ਗੁਲਾਬੀ ਸੁੰਡੀ ਦੀ ਰੋਕਥਾਮ ਲਈ ਨਰਮੇ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਨਾ ਜ਼ਰੂਰੀ- ਡਾ. ਗੁਰਮੀਤ ਸਿੰਘ ਬੁੱਟਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦੇ ਮਾਮਲੇ ਸਾਹਮਣੇ ਆਏ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਵੱਲੋਂ ਨਰਮਾ ਪੱਟੀ ਦੇ ਜਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਸੁੰਡੀ ਦੀ ਰੋਕਥਾਮ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ PAU ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਦੇ ਵਿਗਿਆਨੀਆਂ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਦੌਲਾ, ਮਲੋਟ, ਕਰਮਗੜ੍ਹ, ਰੱਤਾ ਟਿੱਬਾ, ਮੋਹਲਾਂ, ਪੰਨੀਵਾਲਾ, ਸੰਮੇਵਾਲੀ, ਲੱਖੇਵਾਲੀ, ਬੱਲਮਗੜ੍ਹ ਅਤੇ ਮੌੜ ਆਦਿ ਪਿੰਡਾਂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦਾ ਜਾਇਜ਼ਾ ਲਿਆ। ਖੇਤੀ ਮਾਹਿਰਾਂ ਅਨੁਸਾਰ ਜਿਲ੍ਹੇ ਵਿੱਚ ਨਰਮੇ ਦੀ ਫ਼ਸਲ ਦੀ ਮੌਜੂਦਾ ਸਥਿਤੀ ਬਹੁਤ ਚੰਗੀ ਹੈ ਅਤੇ ਕੁੱਝ ਕੁ ਖੇਤਾਂ ਨੂੰ ਛੱਡ ਕੇ ਗੁਲਾਬੀ ਸੁੰਡੀ ਦਾ ਹਮਲਾ ਲਗਭਗ ਕਾਬੂ ਹੇਠ ਹੈ, ਪਰ ਇਸ ਸਮੇਂ ਦੌਰਾਨ ਕਿਸਾਨਾਂ ਨੂੰ ਇਸ ਪ੍ਰਤੀ ਸੁਚੇਤ ਰਹਿਣ ਦੀ ਬਹੁਤ ਜ਼ਰੂਰਤ ਹੈ। ਡਾ. ਬੁੱਟਰ ਨੇ ਕੇ.ਵੀ.ਕੇ ਦੇ ਵਿਗਿਆਨੀਆਂ ਨੂੰ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ ਅਤੇ ਮੌਕੇ ਤੇ ਹਾਜ਼ਿਰ ਕਿਸਾਨਾਂ ਨੂੰ ਆਪਣੇ ਨਰਮੇ ਦੇ ਖੇਤਾਂ ਵਿੱਚ ਫ਼ੁੱਲਾਂ ਅਤੇ ਟੀਂਡਿਆਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਸਿਫ਼ਾਰਿਸ਼ ਕੀਤੇ ਰਸਾਇਣਾਂ ਦਾ ਹੀ ਛਿੜਕਾਅ ਕਰਨਾ ਚਾਹੀਦਾ ਹੈ।

ਖੇਤੀ ਮਾਹਿਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਭੰਬੀਰੀ ਫ਼ੁੱਲਾਂ ਨੂੰ ਸਰਵੇਖਣ ਦੌਰਾਨ ਹੀ ਨਸ਼ਟ ਕਰ ਦੇਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ 100 ਗ੍ਰਾਮ ਪਰੋਕਲੇਮ 5 ਐੱਸ.ਜੀ (ਐਮਾਮੈਕਟੀਨ ਬੈਨਜ਼ੋਏਟ) ਜਾਂ 500 ਮਿਲੀਲਿਟਰ ਕਿਊਰਾਕਰਾਨ 50 ਈ.ਸੀ (ਪਰਫ਼ੀਨੋਫ਼ਾਸ) ਜਾਂ 200 ਮਿਲੀਲਿਟਰ ਅਵਾਂਟ 145 ਐਸ.ਸੀ (ਇੰਡੋਕਸਾਕਾਰਬ) ਜਾਂ 250 ਗ੍ਰਾਮ ਲਾਰਵਿਨ 75 ਡਬਲਯੂ.ਪੀ (ਥਾਇਓਡੀਕਾਰਬ) ਜਾਂ 800 ਮਿਲੀਲਿਟਰ ਫ਼ਾਸਮਾਈਟ 50 ਈ.ਸੀ (ਈਥੀਆਨ) ਕੀਟਨਾਸ਼ਕਾਂ ਨੂੰ ਅਦਲ ਬਦਲ ਕੇ 7-8 ਦਿਨਾਂ ਬਾਅਦ ਛਿੜਕਾਅ ਕਰਦੇ ਰਹਿਣਾ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਕੀਟ ਪ੍ਰਬੰਧਨ ਤੋਂ ਇਲਾਵਾ ਖੁਰਾਕੀ ਤੱਤਾਂ ਦਾ ਛਿੜਕਾਅ ਅਤੇ ਪਾਣੀ ਪ੍ਰਬੰਧਨ ਦਾ ਵੀ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ, ਜੇਕਰ ਨਰਮੇ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ ਆਪਣੇ ਇਲਾਕੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਨਾਲ ਤੁਰੰਤ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਕਰਮਜੀਤ ਸ਼ਰਮਾ ਇੰਚਾਰਜ ਕੇ.ਵਿ.ਕੇ ਸ਼੍ਰੀ ਮੁਕਤਸਰ ਸਾਹਿਬ, ਡਾ. ਗੁਰਮੇਲ ਸਿੰਘ, ਸਹਾਇਕ ਪ੍ਰੋਫ਼ੈਸਰ (ਪੌਦ ਸੁਰੱਖਿਆ) ਦੇ ਨਾਲ ਨਾਲ ਹੋਰ ਵਿਗਿਆਨੀ ਵੀ ਮੌਜੂਦ ਸਨ। Author: Malout Live