ਸਾਵਧਾਨੀਆਂ ਦਾ ਖਿਆਲ ਰੱਖ ਕੇ ਕੋਲਡ ਵੇਵ ਤੋਂ ਬਚਿਆ ਜਾ ਸਕਦਾ ਹੈ- ਡਿਪਟੀ ਕਮਿਸ਼ਨਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਸਰਦੀ ਦੇ ਮੌਸਮ ਵਿੱਚ ਠੰਡੀਆਂ ਹਵਾਵਾਂ ਚੱਲਣ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਲੋਕਾਂ ਨੂੰ ਅਗਾਊਂ ਤੋਂ ਹੀ ਤਿਆਰੀਆਂ ਰੱਖਣੀਆਂ ਚਾਹੀਦੀਆਂ ਹਨ। ਜ਼ਿਲ੍ਹਾ ਵਾਸੀਆਂ ਨੂੰ ਆਪਣੇ-ਆਪ ਦੇ ਨਾਲ-ਨਾਲ, ਪਸ਼ੂਆਂ, ਫਸਲਾਂ ਅਤੇ ਹੋਰਨਾਂ ਵਸਤਾਂ ਦੀ ਸਾਂਭ-ਸੰਭਾਲ ਲਈ ਪਹਿਲਾਂ ਤੋਂ ਪ੍ਰਬੰਧ ਮੁਕੰਮਲ ਕਰਨੇ ਚਾਹੀਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜ਼ਿਲ੍ਹਾ ਵਾਸੀਆਂ ਨੂੰ ਸਰਦੀ ਦੇ ਮੌਸਮ ਵਿੱਚ ਕੋਲਡ ਵੇਵ ਦੌਰਾਨ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਇਸ ਬਾਰੇ ਪ੍ਰੇਰਿਤ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਠੰਡ ਤੋਂ ਬਚਣ ਲਈ ਪਹਿਲਾਂ ਤੋਂ ਹੀ ਸਰਦੀਆਂ ਦੇ ਕੱਪੜੇ ਤਿਆਰ ਰੱਖਣੇ ਚਾਹੀਦੇ ਹਨ, ਮੋਟੇ ਕੱਪੜੇ ਸਰਦੀਆਂ ਤੋਂ ਬਚਣ ਵਿੱਚ ਸਹਾਈ ਹੁੰਦੇ ਹਨ। ਜਰੂਰੀ ਵਸਤਾਂ ਜਿਵੇਂ ਖਾਣਾ, ਪੈਟਰੋਲ, ਬੈਟਰੀਆਂ, ਚਾਰਜਰ, ਦਵਾਈਆਂ ਆਦਿ ਦਾ ਪ੍ਰਬੰਧ ਅਗਾਂਊ ਤੋਂ ਹੀ ਆਪਣੇ ਕੋਲ ਹੋਣਾ ਯਕੀਨੀ ਬਣਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ ਦੇ ਦਰਵਾਜਿਆਂ ਤੇ ਖਿੜਕਿਆਂ ਨੂੰ ਚੰਗੀ ਤਰਾਂ ਬੰਦ ਰੱਖਦਾ ਚਾਹੀਦਾ ਹੈ ਤਾਂ ਜ਼ੋ ਕੋਲਡ ਵੇਵ ਘਰ ਦੇ ਅੰਦਰ ਦਾਖਲ ਨਾ ਹੋ ਸਕੇ। ਉਨਾਂ ਕਿਹਾ ਕਿ ਫਲੂ, ਨੱਕ ਦਾ ਵਗਣਾ ਜਾਂ ਹੋਰ ਬਿਮਾਰੀ ਵਾਲੇ ਲੱਛਣ ਹੋਣ ’ਤੇ ਪਹਿਲਾਂ ਤੋਂ ਹੀ ਡਾਕਟਰੀ ਸਹਾਇਤਾ ਲੈ ਲਈ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਜਦੋਂ ਠੰਡੀਆਂ ਹਵਾਵਾਂ ਚੱਲਦੀਆਂ ਹਨ ਤਾਂ ਉਸ ਸਮੇਂ ਵੀ ਸਾਵਧਾਨੀਆਂ ਵਰਤ ਕੇ ਅਸੀਂ ਕੋਲਡ ਵੇਵ ਤੋਂ ਬਚ ਸਕਦੇ ਹਾਂ। ਉਨਾਂ ਕਿਹਾ ਕਿ ਵੱਧ ਤੋਂ ਵੱਧ ਅੰਦਰ ਰਹਿ ਕੇ ਅਤੇ ਘੱਟ ਤੋਂ ਘੱਟ ਆਵਾਜਾਈ ਕਰਕੇ, ਪੂਰੇ ਅਤੇ ਮੋਟੇ ਕੱਪੜੇ ਪਾ ਕੇ, ਹਵਾ ਦਾਖਲ ਨਾ ਹੋਣ ਵਾਲੇ ਨਾਇਲੋਨ ਤੇ ਕੋਟਨ ਦੇ ਕੱਪੜੇ ਆਦਿ ਪਾ ਕੇ ਬਚਿਆ ਜਾ ਸਕਦਾ ਹੈ। ਕੱਸੇਦਾਰ ਕੱਪੜੇ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜ਼ੋ ਖੂਨ ਦਾ ਸਰਕੂਲੇਸ਼ਨ ਚੱਲਦਾ ਰਹੇ। ਆਪਣੇ ਆਪ ਨੂੰ ਜਿੰਨਾ ਹੋ ਸਕੇ ਸੁੱਕਾ ਰੱਖਿਆ ਜਾਵੇ ਅਤੇ ਕੱਪੜੇ ਗਿੱਲੇ ਹੋਣ ’ਤੇ ਤੁਰੰਤ ਕਪੜੇ ਬਦਲੇ ਜਾਣ। ਦਸਤਾਨਿਆਂ ਦੀ ਵਰਤੋਂ ਵੀ ਕੀਤੀ ਜਾਵੇ ਤਾਂ ਜ਼ੋ ਹੱਥ ਨਾ ਠੰਡੇ ਹੋਣ। ਨੱਕ ਅਤੇ ਮੂੰਹ ਨੂੰ ਮਾਸਕ ਨਾਲ ਜ਼ਰੂਰ ਢੱਕਿਆ ਜਾਵੇ। ਇਹ ਹੋਰਨਾਂ ਬਿਮਾਰੀਆਂ ਦੇ ਨਾਲ-ਨਾਲ ਕੋਰੋਨਾ ਵਾਇਰਸ ਤੋਂ ਬਚਣ ਲਈ ਸਭ ਤੋਂ ਫਾਇਦੇਮੰਦ ਤਰੀਕਾ ਹੈ। ਟੋਪੀ ਤੇ ਮਫਲਰ ਦੀ ਵਰਤੋਂ ਵੀ ਜ਼ਰੂਰ ਕੀਤੀ ਜਾਵੇ। ਪੋਸ਼ਟਿਕ ਖਾਣਾ ਖਾਧਾ ਜਾਵੇ, ਫਲ ਤੇ ਸਬਜ਼ੀਆਂ ਦੀ ਵਰਤੋਂ ਰੋਜ਼ਾਨਾ ਕੀਤੀ ਜਾਵੇ, ਖਾਸ ਤੌਰ ’ਤੇ ਵਿਟਾਮਿਨ ਸੀ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ ਜੋ ਕਿ ਆਪਣੀ ਇੰਮਿਉਨਿਟੀ ਵਧਾਉਂਦਾ ਹੈ। ਗਰਮ ਚੀਜਾਂ ਪੀਤੀਆਂ ਜਾਣ ਜਿਸ ਨਾਲ ਆਪਣੇ ਸਰੀਰ ਅੰਦਰ ਠੰਡ ਨਾਲ ਲੜਣ ਦੀ ਸ਼ਕਤੀ ਪੈਦਾ ਹੁੰਦੀ ਹੈ। ਚਿਹਰੇ ’ਤੇ ਤੇਲ, ਕਰੀਮ ਆਦਿ ਲਗਾਈ ਜਾਵੇ। ਨਵ ਜਨਮੇ ਬੱਚਿਆਂ, ਬਜੁਰਗਾਂ ਜਾਂ ਇਕੱਲੇ ਰਹਿਣ ਵਾਲੇ ਵਿਅਕਤੀਆਂ ਦਾ ਖਾਸ ਧਿਆਨ ਰੱਖਿਆ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਲਡ ਵੇਵ ਸਮੇਂ ਘਰਾਂ ਅੰਦਰ ਕੋਲਾ ਨਹੀਂ ਜਲਾਉਣਾ ਚਾਹੀਦਾ ਇਹ ਕਾਰਬਨ ਮੋਨੋਆਕਸਾਈਡ ਪੈਦਾ ਕਰਦਾ ਹੈ ਜੋ ਕਿ ਸਾਡੇ ਲਈ ਘਾਤਕ ਸਿੱਧ ਹੋ ਸਕਦਾ ਹੈ। ਇਸ ਸਮੇਂ ਅਲਕੋਹਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਇਹ ਆਪਣੇ ਸਰੀਰ ਦੇ ਤਾਪਮਾਨ ਨੂੰ ਘਟਾਉਂਦੀ ਹੈ। ਉਨਾਂ ਕਿਹਾ ਕਿ ਕੰਬੰਨ ਹੋਣਾ ਠੰਡ ਦੀ ਪਹਿਲੀ ਨਿਸ਼ਾਨੀ ਹੈ ਜਿਸ ਨੂੰ ਇਗਨੋਰ ਨਾ ਕਰਕੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਕਿਸੇ ਵੀ ਤਰ੍ਹਾਂ ਦੇ ਫਲੂ ਜਾਂ ਬਿਮਾਰੀ ਵਾਲੇ ਵਿਅਕਤੀ ਕੋਲ ਸਾਵਧਾਨੀਆਂ ਦੀ ਪਾਲਣਾ ਕਰਕੇ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਦੇ ਆਧਾਰ ’ਤੇ ਜੁਕਾਮ, ਬੁਖਾਰ ਸਮੇਂ ਆਪਣੇ ਨੇੜੇ ਦੇ ਡਾਕਟਰ ਕੋਲ ਸਲਾਹ ਲਈ ਜਾਵੇ। ਉਨਾਂ ਕਿਹਾ ਕਿ ਕੋਲਡ ਵੇਵ ਦੌਰਾਨ ਪਸ਼ੂਆਂ ਨੂੰ ਤਾਕਤ ਲਈ ਆਮ ਨਾਲੋਂ ਵਧੇਰੇ ਚਾਰੇ ਦੀ ਜਰੂਰਤ ਹੁੰਦੀ ਹੈ। ਉਨਾਂ ਕਿਹਾ ਕਿ ਕੋਲਡ ਵੇਵ ਦੌਰਾਨ ਪਸ਼ੂਆਂ ਦੀ ਪ੍ਰਜਾਤੀ ਵੱਧਣ ’ਚ ਵੀ ਦਿੱਕਤ ਆਉਂਦੀ ਹੈ ਸੋ ਇਨਾਂ ਦੀ ਸੰਭਾਲ ਕਰਨੀ ਲਾਜ਼ਮੀ ਹੈ। ਪਸ਼ੂਆਂ ਦੇ ਠਹਿਰਨ ਵਾਲੀ ਥਾਂ ਚਾਰੋਂ ਪਾਸ ਕਵਰ ਹੋਣੀ ਚਾਹੀਦੀ ਹੈ ਤਾਂ ਜ਼ੋ ਕਿਸੇ ਪਾਸੋਂ ਵੀ ਹਵਾ ਦਾਖਲ ਨਾ ਹੋ ਸਕੇ। ਪੂਰੀ ਖੁਰਾਕ ਦੇ ਕੇ, ਉਚਿੱਤ ਕੁਆਲਿਟੀ ਦੇ ਚਾਰੇ ਦੀ ਵਰਤੋਂ, ਪਸ਼ੂਆਂ ਦੇ ਸ਼ੈੱਡਾ ’ਚ ਸੂਰਜ ਦੀ ਰੋਸ਼ਨੀ ਦੀ ਆਮਦ ਨਾਲ ਅਤੇ ਪਸ਼ੂਆਂ ਦੇ ਹੇਠਾਂ ਪਰਾਲੀ ਵਿਛਾ ਕੇ ਅਤੇ ਹੋਰ ਲੋੜੀਂਦੇ ਸਾਧਨਾਂ ਦੀ ਵਰਤੋਂ ਕਰਕੇ ਪਸ਼ੂਆਂ ਨੂੰ ਠੰਡ ਤੋਂ ਬਚਾਇਆ ਜਾ ਸਕਦਾ ਹੈ।