ਦਿੱਲੀ ਵਾਸੀਆਂ ਨੂੰ ਨਹੀਂ ਮਿਲ ਰਹੀ ਪ੍ਰਦੂਸ਼ਣ ਤੋਂ ਰਾਹਤ
ਦਿੱਲੀ ਵਾਸੀਆਂ ਨੂੰ ਨਹੀਂ ਮਿਲ ਰਹੀ ਪ੍ਰਦੂਸ਼ਣ ਤੋਂ ਰਾਹਤ , ਖ਼ਤਰਨਾਕ ਪੱਧਰ ‘ਤੇ ਪਹੁੰਚਿਆ ਪ੍ਰਦੂਸ਼ਣ:-ਨਵੀਂ ਦਿੱਲੀ ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਰਹਿੰਦੇ ਲੋਕਾਂ ਨੂੰ ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ ਮਿਲੀ ਅਤੇ ਧੁੰਦ ਕਾਰਨ ਲੋਕ ਸੂਰਜ ਦੇ ਦਰਸ਼ਨ ਕਰਨ ਲਈ ਤਰਸ ਗਏ ਹਨ। ਜਿਸ ਕਰਕੇ ਹੁਣ ਦਿੱਲੀ ‘ਚ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ। ਦਿੱਲੀ ਤੇ ਨੋਇਡਾ ਵਿਚ ਖ਼ਾਸਕਰ ਵੱਧ ਰਿਹਾ ਪ੍ਰਦੂਸ਼ਣ ਹੁਣ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਅੱਜ ਬੁੱਧਵਾਰ ਨੂੰ ਦਿੱਲੀ ਦੇ ਲੋਧੀ ਰੋਡ ‘ਤੇ ਪੀ.ਐਮ. 2.5 ਏਅਰ ਕੁਆਲਿਟੀ ਇੰਡੈੱਕਸ ਵਿਚ 500 ਦੇ ਪੱਧਰ ਤੱਕ ਪੁੱਜ ਗਿਆ। ਜੋ ਕਿ ਬੇਹੱਦ ਗੰਭੀਰ ਸਥਿਤੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਬੁੱਧਵਾਰ ਨੂੰ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਐਮਰਜੈਂਸੀ ਜੋਨ ਵਿਚ ਆ ਸਕਦਾ ਹੈ। ਇਸ ਤੋਂ ਇਲਾਵਾ ਨੌਇਡਾ ਦੇ ਸੈਕਟਰ 125 ’ਚ, ਬੁੱਧਵਾਰ ਸਵੇਰੇ AQI ਪੱਧਰ 466 ਰਿਹਾ ਹੈ। ਨੌਇਡਾ ਦੇ ਹੀ ਸੈਕਟਰ 62 ’ਚ ਇਹ 469 ’ਤੇ ਹੈ। ਇਸ ਤੋਂ ਪਹਿਲਾਂ ਦਿੱਲੀ ’ਚ ਹਵਾ ਦਾ ਮਿਆਰ ਕੁਝ ਦਿਨ ਬਿਹਤਰ ਰਹਿਣ ਤੋਂ ਬਾਅਦ ਮੰਗਲਵਾਰ ਸਵੇਰੇ ਇੱਕ ਵਾਰ ਫਿਰ ਗੁਆਂਢੀ ਰਾਜਾਂ ’ਚ ਸੜ ਰਹੀ ਪਰਾਲ਼ੀ ਕਾਰਨ ਗੰਭੀਰ ਸ਼੍ਰੇਣੀ ਵਿੱਚ ਪੁੱਜ ਗਿਆ ਸੀ।