ਸੀ.ਜੇ.ਐੱਮ ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਨੇ ਸਿਵਲ ਹਸਪਤਾਲ, ਸ਼੍ਰੀ ਮੁਕਤਸਰ ਸਾਹਿਬ ਵਿਖੇ ਨਸ਼ਾ ਵਿਰੋਧੀ ਸੈਂਟਰ ਦਾ ਕੀਤਾ ਗਿਆ ਦੌਰਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀ ਰਾਜ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਸ਼੍ਰੀਮਤੀ ਹਰਪ੍ਰੀਤ ਕੌਰ, ਸਿਵਲ ਜੱਜ ਸੀਨੀਅਰ ਡਿਵੀਜ਼ਨ-ਸੀ.ਜੇ.ਐੱਮ- ਸਹਿਤ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਿਲ੍ਹਾ ਸਿਵਲ ਹਸਪਤਾਲ, ਸ਼੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਨਸ਼ਾ ਵਿਰੋਧੀ ਸੈਂਟਰ ਦਾ ਦੌਰਾ ਕੀਤਾ ਗਿਆ। ਡਾ. ਭੁਪਿੰਦਰਜੀਤ ਕੌਰ, ਐੱਸ.ਐੱਮ.ਓ. (ਡੀ.ਐੱਚ) ਦੀ ਅਗਵਾਈ ਹੇਠ ਡਾ. ਰਾਹੁਲ ਜਿੰਦਲ, ਮਨੋਵਿਗਿਆਨਕ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਿਵਲ ਹਸਪਤਾਲ ਵਿਖੇ ਦਾਖਲ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਸ ਮੌਕੇ ਸੀ.ਜੇ.ਐੱਮ. ਵੱਲੋਂ ਦਾਖਲ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦਾ ਸਿਹਤ ’ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਪਰਿਵਾਰ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਮੇਰੀ ਆਪ ਸਭ ਨੂੰ ਅਪੀਲ ਹੈ ਕਿ ਇਸ ਤੋਂ ਵੱਧ ਤੋਂ ਵੱਧ ਬਚਿਆ ਜਾਵੇ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸਹੀ ਵਤੀਰਾ ਰੱਖੋ, ਜੇਕਰ ਆਪ ਨੂੰ ਕਿਸੇ ਕਿਸਮ ਦੀ ਕਾਨੂੰਨੀ ਸਹਾਇਤਾ/ਸਲਾਹ ਜਾਂ ਹੋਰ ਕਿਸੇ ਕਿਸਮ ਦੀ ਸਹਾਇਤਾ ਦੀ ਜ਼ਰੂਰਤ ਹੈ ਤਾਂ ਉਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਕਰ ਸਕਦਾ ਹੈ। ਸਿਵਲ ਹਸਪਤਾਲ ਦੇ ਡਾਕਟਰ ਨੇ ਵਿਸ਼ਵਾਸ ਦਿਵਾਇਆ ਕਿ ਕਾਫੀ ਮਰੀਜ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਸਹੀ ਸਲਾਮਤ ਰਹਿ ਰਹੇ ਹਨ ਅਤੇ ਭਵਿੱਖ ਵਿੱਚ ਵੀ ਜਿਹੜੇ ਮਰੀਜ਼ ਰਹਿ ਗਏ ਹਨ, ਉਹ ਵੀ ਜਲਦੀ ਹੀ ਠੀਕ ਹੋ ਕੇ ਵਧੀਆ ਸਮਾਜ ਦੀ ਸਿਰਜਣਾ ਕਰਨ ਲਈ ਯਤਨਸ਼ੀਲ ਹੋਣਗੇ। Author: Malout Live