ਸਿਵਲ ਹਸਪਤਾਲ ਮਲੋਟ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਕੀਤੀ ਅਨੌਖੀ ਪਹਿਲ, ਨਵ-ਜੰਮੇ ਬੱਚਿਆਂ ਦੇ ਮਾਪਿਆਂ ਨੂੰ ਵੰਡੇ ਫ਼ਲਦਾਰ ਬੂਟੇ

ਮਲੋਟ: ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਬਾਂਸਲ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਮਲੋਟ ਵਿਖੇ ਇੱਕ ਨਵੀਂ ਪਹਿਲ ਕਦਮੀ ਤਹਿਤ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਨਵ-ਜੰਮੇ ਬੱਚਿਆਂ ਦੇ ਮਾਪਿਆਂ ਨੂੰ ਫਲਦਾਰ ਤੇ ਫੁੱਲਾਂ ਵਾਲੇ ਬੂਟੇ ਵੰਡੇ ਗਏ। ਇਸ ਮੌਕੇ ਡਾ. ਸੁਨੀਲ ਬਾਂਸਲ ਨੇ ਦੱਸਿਆ ਕਿ ਦਿਨੋਂ-ਦਿਨ ਰੁੱਖਾਂ ਦੀ ਘਾਟ ਅਤੇ ਵੱਧ ਰਹੇ ਪ੍ਰਦੂਸ਼ਣ ਕਾਰਨ ਮਨੁੱਖਾਂ ਲਈ ਸ਼ੁੱਧ ਹਵਾ ਦੀ ਕਮੀਂ ਹੋ ਰਹੀ ਹੈ ਅਤੇ ਸਾਹ ਲੈਣਾ ਔਖਾ ਹੁੰਦਾ ਜਾ ਰਿਹਾ ਹੈ, ਦੂਸ਼ਿਤ ਵਾਤਾਵਰਣ ਦੇ ਪ੍ਰਭਾਵ ਕਾਰਨ ਲੋਕ ਗੰਭੀਰ ਬਿਮਾਰੀਆਂ ਦੀ ਗ੍ਰਿਫਤ ਵਿੱਚ ਆ ਰਹੇ ਹਨ। ਵੱਧ ਪ੍ਰਦੂਸ਼ਣ ਕਾਰਨ ਸਾਹ ਦੀਆਂ ਬਿਮਾਰੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਮੇਂ ਸੁਖਨਪਾਲ ਸਿੰਘ ਨੇਂ ਨਵ-ਜੰਮੇ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਤੰਦਰੁਸਤ ਸਮਾਜ ਸਿਰਜਣ ਲਈ ਨਵ-ਜੰਮੇਂ ਬੱਚਿਆਂ ਦੀ ਖੁਸ਼ੀ ਵਿੱਚ

ਪੌਦੇ ਲਗਾ ਕੇ ਪੌਦਿਆਂ ਦੀ ਚੰਗੀ ਤਰਾਂ ਦੇਖਭਾਲ ਕਰਨ ਤਾਂ ਜੋ ਆਉਣ ਵਾਲੀਆਂ ਨਸਲਾਂ ਲਈ ਚੰਗਾ ਤੇ ਸਾਫ਼-ਸੁਥਰਾ ਵਾਤਾਵਰਣ ਛੱਡ ਕੇ ਜਾਈਏ। ਡਾ. ਕਾਮਨਾ ਜਿੰਦਲ ਨੇਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਵਲ ਹਸਪਤਾਲ ਮਲੋਟ ਵਿਖੇ ਹਰ ਮਹੀਨੇ 150 ਤੋਂ ਵੱਧ ਡਲਿਵਰੀਆਂ ਹੋ ਰਹੀਆਂ ਹਨ ਅਤੇ ਵਾਤਾਵਰਨ ਨਾਲ ਜੁੜੀਆਂ ਬਿਮਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਕ ਨਵੀਂ ਪਹਿਲ ਕਦਮੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹਰ ਨਵ-ਜੰਮੇਂ ਬੱਚਿਆਂ ਦੇ ਮਾਪਿਆਂ ਨੂੰ ਬੂਟੇ ਦੇ ਕੇ ਘਰ ਭੇਜਿਆ ਜਾਵੇਗਾ। ਜਿਸ ਨਾਲ ਵਾਤਾਵਰਨ ਵਿੱਚ ਸੁਧਾਰ ਹੋਵੇਗਾ ਅਤੇ ਬਿਮਾਰੀਆਂ ਵਿੱਚ ਕਟੌਤੀ ਹੋਵੇਗੀ। ਇਸ ਸਮੇਂ ਡਾ. ਰੋਮੀ ਬਾਂਸਲ, ਰਮਿੰਦਰ ਸਿੰਘ ਚੀਫ਼ ਫਾਰਮੈਸੀ ਅਫ਼ਸਰ, ਦਵਿੰਦਰ ਕੌਰ ਸਟਾਫ਼ ਨਰਸ, ਹਰਪ੍ਰੀਤ ਸਿੰਘ, ਸਟਾਫ਼ ਨਰਸ ਅਤੇ ਹੋਰ ਸਟਾਫ਼ ਮੈਂਬਰ ਹਾਜ਼ਿਰ ਸਨ। Author: Malout Live