ਆਲ ਪੰਜਾਬ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਵੱਲੋਂ ਮਲੋਟ ‘ਚ ਸਰਕਾਰ ਦਾ ਪੁਤਲਾ ਫੂਕਿਆ
ਮਲੋਟ: ਆਲ ਪੰਜਾਬ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ ਤੇ ਬਲਾਕ ਮਲੋਟ ਪ੍ਰਧਾਨ ਕਿਰਨਜੀਤ ਕੌਰ ਦੀ ਅਗਵਾਈ ਹੇਠ ਮੰਗਾਂ ਨੂੰ ਲੈ ਕੇ ਮਲੋਟ ਦੀ ਅਨਾਜ ਮੰਡੀ ਵਿੱਚ ਬਲਾਕ ਪੱਧਰ ਦਾ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਕਿਰਨਜੀਤ ਕੌਰ ਨੇ ਕਿਹਾ ਕਿ ਅੱਜ ਆਈ.ਸੀ.ਡੀ.ਐੱਸ ਸਕੀਮ ਦੇ ਕਈ ਦਹਾਕੇ ਬੀਤ ਗਏ ਹਨ ਅਤੇ ਇਸ ਦੇ ਬਾਵਜੂਦ ਵੀ ਕਿਸੇ ਵਰਕਰ ਹੈਲਪਰ ਨੂੰ ਪੱਕਾ ਨਹੀਂ ਕੀਤਾ ਗਿਆ ਅਤੇ ਨਾ ਹੀ ਗੁਜਾਰੇ ਜੋਗਾ ਸਨਮਾਨ ਜਨਕ ਭੱਤਾ ਦਿੱਤਾ ਜਾ ਰਿਹਾ।
ਕੇਂਦਰ ਸਰਕਾਰ ਵੱਲੋਂ 4500 ਰੁਪਏ ਵਰਕਰ ਅਤੇ 2250 ਰੁਪਏ ਹੈਲਪਰ ਨੂੰ ਦਿੱਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰ ਨੂੰ ਦਰਜਾ ਚਾਰ ਕਰਮਚਾਰੀ ਘੋਸ਼ਿਤ ਕੀਤਾ ਜਾਵੇ। ਉਨ੍ਹਾਂ ਚੇਤਾਨਵੀ ਦਿੱਤੀ ਕਿ ਸਰਕਾਰ ਨੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਸੰਬੰਧੀ ਉਨ੍ਹਾਂ ਨਾਇਬ ਤਹਿਸੀਲਦਾਰ ਮਲੋਟ ਜਸਵਿੰਦਰ ਕੌਰ ਨੂੰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਵੀ ਸੌਂਪਿਆਂ। ਇਸ ਮੌਕੇ ਸਿਮਰਜੀਤ ਕੌਰ, ਅਮਰਜੀਤ ਕੌਰ, ਸੁਖਵਿੰਦਰ ਕੌਰ, ਗਗਨਦੀਪ ਕੌਰ, ਸੁਮਨ ਰਾਣੀ, ਕੁਲਵਿੰਦਰ ਕੌਰ, ਹਰਜੀਤ ਕੌਰ ਤੋਂ ਇਲਾਵਾ ਹੈਲਪਰ ਸੁਰਜੀਤ ਕੌਰ, ਮਨਜੀਤ ਕੌਰ ਅਤੇ ਗੁਰਮੀਤ ਕੌਰ ਮੁੱਖ ਤੌਰ 'ਤੇ ਹਾਜ਼ਰ ਸਨ। Author: Malout Live