ਬੀਜ ਵਾਲੇ ਆਲੂਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ ਐਡਵਾਇਜ਼ਰੀ ਜਾਰੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪਿਛੇਤਾ ਝੁਲਸ ਰੋਗ ਆਲੂਆਂ ਦੀ ਇੱਕ ਗੰਭੀਰ ਸਮੱਸਿਆ ਹੈ। ਜੇਕਰ ਇਸ ਦਾ ਹੱਲਾ ਆਲੂਆਂ ਦੀ ਫਸਲ 'ਤੇ ਸ਼ੁਰੂ ਹੋ ਜਾਵੇ ਤਾਂ ਅਨੁਕੂਲ ਮੌਸਮ ਦੌਰਾਨ ਇਸ ਦਾ ਵਾਧਾ ਬਹੁਤ ਹੁੰਦਾ ਹੈ, ਜਿਸ ਕਰਕੇ ਆਲੂਆਂ ਦੇ ਝਾੜ 'ਤੇ ਮਾੜਾ ਅਸਰ ਪੈ ਜਾਂਦਾ ਹੈ। ਇਸ ਰੋਗ ਦੇ ਹਮਲੇ ਨਾਲ ਪੱਤਿਆਂ ਦੇ ਕਿਨਾਰਿਆਂ 'ਤੇ ਪਾਣੀ ਭਿੱਜੇ ਗੁੜ੍ਹੇ ਭੂਰੇ ਰੰਗ ਦੇ ਧੱਬੇ (ਚੱਟਾਖ) ਪੈ ਜਾਂਦੇ ਹਨ ਜੋ ਕਿ ਬਾਅਦ ਵਿੱਚ ਕਾਲੇ ਹੋ ਜਾਂਦੇ ਹਨ ਅਤੇ ਸਵੇਰ ਵੇਲੇ ਵੇਖਣ 'ਤੇ ਪੱਤਿਆਂ ਦੇ ਹੇਠਲੇ ਪਾਸੇ ਚਿੱਟੀ ਰੂੰ ਵਰਗੀ ਉੱਲੀ ਵੀ ਨਜ਼ਰ ਆਉਂਦੀ ਹੈ। ਜਿਆਦਾ ਅਨੁਕੂਲ ਮੌਸਮ (10-20 ਡਿਗਰੀ ਸੈਟੀਗ੍ਰੇਡ ਤਾਪਮਾਨ 90 ਪ੍ਰਤੀਸ਼ਤ ਤੋਂ ਵੱਧ ਨਮੀਂ ਅਤੇ ਰੁਕ-ਰੁਕ ਕੇ ਬਾਰਿਸ਼ ਪੈਣਾ) ਦੌਰਾਨ ਇਹ ਰੋਗ ਬਹੁਤ ਤੇਜੀ ਨਾਲ ਫੈਲਦਾ ਹੈ ਅਤੇ ਅਜਿਹੇ ਮੌਸਮ ਵਿੱਚ 7 ਤੋਂ 10 ਦਿਨ੍ਹਾਂ ਦੇ ਵਿੱਚ ਹੀ ਫਸਲ ਤਬਾਹ ਕਰ ਦਿੰਦਾ ਹੈ, ਜਿਸ ਕਰਕੇ ਖੇਤ ਦੂਰੋਂ ਹੀ ਝੁਲਸੇ ਹੋਏ ਨਜ਼ਰ ਆਉਂਦੇ ਹਨ। ਡਿਪਟੀ ਡਾਇਰੈਕਟਰ ਬਾਗਬਾਨੀ ਸ਼੍ਰੀ ਕੁਲਜੀਤ ਸਿੰਘ ਨੇ ਆਲੂਆਂ ਦੇ ਪਿਛੇਤੇ ਝੁਲਸ ਰੋਗ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੰਬਰ ਮਹੀਨੇ ਮੀਂਹ ਪੈਣ ਕਰਕੇ ਮੌਸਮ ਇਸ ਰੋਗ ਦੇ ਹਮਲੇ ਅਤੇ ਵਾਧੇ ਲਈ ਅਨੁਕੂਲ ਹੋ ਗਿਆ ਸੀ ਅਤੇ ਇਸ ਦਾ ਹਮਲਾ ਨਵੰਬਰ ਦੇ ਦੂਜੇ ਪੰਦਰਵਾੜੇ ਲੁਧਿਆਣੇ ਜ਼ਿਲ੍ਹੇ ਦੇ ਸਮਰਾਲੇ ਨੇੜੇ ਲੱਗਦੇ ਪਿੰਡਾਂ ਹੇੜੀਆਂ, ਬਹਿਲੋਲਪੁਰ, ਬਰਮਾ, ਸਹਿਜੋ ਮਾਜਰਾ ਅਤੇ ਬਾਅਦ ਵਿੱਚ ਹੁਸ਼ਿਆਰਪੁਰ, ਪਟਿਆਲਾ, ਰੋਪੜ, ਸ਼ਹੀਦ ਭਗਤ ਸਿੰਘ ਨਗਰ ਦੇ ਕਈ ਪਿੰਡਾਂ ਵਿੱਚ ਵੇਖਿਆ ਗਿਆ। ਉਨ੍ਹਾਂ ਦੱਸਿਆ ਕਿ ਆਲੂਆਂ ਦੀ ਫਸਲ 'ਤੇ ਹਮਲੇ ਤੋਂ ਬਾਅਦ ਇਹ ਰੋਗ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਟਮਾਟਰਾਂ ਦੀ ਫਸਲ 'ਤੇ ਗੰਭੀਰ ਰੂਪ ਧਾਰਨ ਕਰ ਗਿਆ ਸੀ।
ਜਿਹੜੇ ਕਿਸਾਨ ਵੀਰਾਂ ਨੇ ਸਮੇਂ ਸਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਮੁਤਾਬਿਕ ਛਿੜਕਾਅ ਕੀਤੇ ਉਨ੍ਹਾਂ ਦੀ ਫਸਲ ਇਸ ਰੋਗ ਤੋਂ ਬਚ ਗਈ ਹੈ। ਪਰ ਇਸ ਦੇ ਉਲਟ ਜਿੰਨ੍ਹਾਂ ਕਿਸਾਨਾਂ ਨੇ ਸਮੇਂ ਸਿਰ ਇਸ ਰੋਗ ਦੀ ਰੋਕਥਾਮ ਨਹੀਂ ਕੀਤੀ ਉੱਥੇ ਇਸ ਰੋਗ ਦਾ ਹਮਲਾ ਜਿਆਦਾ ਵੇਖਣ ਨੂੰ ਮਿਲਿਆ। ਉਨ੍ਹਾਂ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਨਵਰੀ ਮਹੀਨੇ ਦਾ ਮੌਸਮ ਵੀ ਇਸ ਰੋਗ ਦੇ ਅਨੁਕੂਲ ਚੱਲ ਰਿਹਾ ਹੈ ਅਤੇ ਆਉਂਦੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਇਸ ਰੋਗ ਦੀ ਉੱਲੀ ਦੇ ਬੀਜਾਣੂੰ ਮੀਂਹ ਪੈਣ ਨਾਲ ਪੱਤਿਆਂ ਅਤੇ ਤਣੇ ਤੋਂ ਝੜ ਕੇ ਜ਼ਮੀਨ ਵਿੱਚ ਰਲ ਜਾਂਦੇ ਹਨ, ਜੋ ਧਰਤੀ ਵਿਚਲੇ ਨਵੇਂ ਬਣ ਰਹੇ ਆਲੂਆਂ ਤੇ ਬੇਢੰਗੇ ਭੂਰੇ ਰੰਗ ਦੇ ਧੱਬੇ ਬਣਾ ਦਿੰਦੇ ਹਨ। ਇਸੇ ਤਰ੍ਹਾਂ ਹੀ ਆਉਂਦੇ ਦਿਨ੍ਹਾਂ ਵਿੱਚ ਮੌਸਮ ਨਿੱਘਾ ਹੋਣ 'ਤੇ ਤੇਲੇ ਦੀ ਆਮਦ ਵਧਣ ਦੀ ਸੰਭਾਵਨਾ ਬਣ ਜਾਂਦੀ ਹੈ, ਜਿਸ ਨਾਲ ਵਿਸ਼ਾਣੂੰ ਰੋਗ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਆਲੂਆਂ ਦੇ ਵਿਸ਼ਾਣੂੰ ਰੋਗ ਵੀ ਪੱਤਿਆਂ ਰਾਹੀਂ ਜ਼ਮੀਨ ਵਿੱਚ ਹੇਠਾਂ ਬਣ ਰਹੇ ਆਲੂਆਂ 'ਤੇ ਚਲੇ ਜਾਂਦੇ ਹਨ। ਪੁਟਾਈ ਤੋਂ ਬਾਅਦ ਇਹ ਰੋਗੀ ਆਲੂ ਸਿਹਤਮੰਦ ਆਲੂਆਂ ਨਾਲ ਹੀ ਗੁਦਾਮਾਂ ਵਿੱਚ ਰੱਖ ਦਿੱਤੇ ਜਾਂਦੇ ਹਨ ਅਤੇ ਅਗਲੀ ਫਸਲ ਵਾਸਤੇ ਰੋਗ ਲਗਾਉਣ ਦਾ ਮੁੱਖ ਕਾਰਨ ਬਣਦੇ ਹਨ। ਉਨ੍ਹਾਂ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਕਿ ਉਹ ਬੀਜ ਵਾਲੀ ਫਸਲ ਦੀਆਂ ਵੇਲਾਂ ਸਮੇਂ ਸਿਰ ਕੱਟ ਲੈਣ ਅਤੇ ਜਿਹੜੇ ਖੇਤਾਂ ਵਿੱਚ ਝੁਲਸ ਰੋਗ ਦਾ ਹਮਲਾ ਹੋਇਆ ਹੈ ਉਸ ਖੇਤ ਦੀਆਂ ਵੇਲਾਂ ਖੇਤ ਵਿੱਚੋਂ ਬਾਹਰ ਕੱਢ ਦੇਣ ਤਾਂ ਜੋ ਇਹ ਰੋਗ ਜ਼ਮੀਨ ਹੇਠਾਂ ਪਏ ਆਲੂਆਂ ਤੇ ਨਾ ਪਹੁੰਚ ਸਕੇ। Author: Malout Live