ਪੰਚਾਇਤ ਜਮੀਨਾਂ ਤੇ ਨਜਾਇਜ ਕਬਜ਼ੇ ਹਟਾਉਣ ਲਈ ਚਲੇਗੀ ਮੁਹਿੰਮ
ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵਲੋਂ ਪੰਚਾਇਤੀ ਜਮੀਨਾਂ ਤੋਂ ਨਜਾਇਜ ਕਬਜ਼ੇ ਹਟਾਉਣ ਸਬੰਧੀ ਸਖਤ ਨਿਰਦੇਸ ਦਿੱਤੇ ਗਏ ਹਨ। ਇਸ ਸਬੰਧੀ ਜ਼ਿਲਾ ਮਾਲ ਅਫਸਰਾਂ ਨਾਲ ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਚਰਚਾ ਕੀਤੀ ਅਤੇ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਉਹਨਾਂ ਨੇ ਦੱਸਿਆਂ ਕਿ ਪੰਚਾਇਤਾਂ ਦੀ ਜਮੀਨਾਂ ਤੇ ਜੇਕਰ ਕਿਸੇ ਨੇ ਨਜਾਇਜ ਕਬਜਾ ਕੀਤਾ ਹੋਇਆ ਹੈ ਤਾਂ ਉਹ ਤੁਰੰਤ ਛੱਡ ਦੇਣ, ਉਹਨਾਂ ਨੇ ਪੰਚਾਇਤ ਵਿਭਾਗ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਪਸੀ ਤਾਲਮੇਲ ਕਰਕੇ ਤੁਰੰਤ ਨਜਾਇਜ ਕਬਜੇ ਹਟਾ ਕੇ ਇਹ ਜਮੀਨਾਂ ਪੰਚਾਇਤਾਂ ਨੂੰ ਸੌਂਪੀਆਂ ਜਾਣ। ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਕੁਮਾਰ ਨੇ ਮਾਲ ਅਫਸਰਾਂ ਨੂੰ ਹੁਕਮ ਕੀਤੇ ਕਿ ਵੱਖ-ਵੱਖ ਮਾਮਲਿਆਂ ਦੀਆਂ ਵਸੂਲੀਆਂ ਵਿੱਚ ਤੇਜ਼ੀ ਲਿਆਂਦੀ ਜਾਵੇ।
ਉਹਨਾਂ ਨੇ ਆਖਿਆ ਕਿ ਜਿਸ ਕਿਸੇ ਵਸੂਲੀ ਦਾ ਬਕਾਇਆ ਖੜਾ ਹੈ, ਉਸਦੇ ਜਮੀਨ ਦੇ ਰਿਕਾਰਡ ਵਿੱਚ ਬਕਾਏ ਦਾ ਇੰਦਰਾਜਾ ਕਰ ਦਿੱਤਾ ਜਾਵੇ, ਜਿਸ ਤੋਂ ਬਾਅਦ ਅਜਿਹਾ ਵਿਅਕਤੀ ਆਪਣੀ ਜਾਇਦਾਦ ਦੀ ਵਿਕਰੀ ਨਹੀਂ ਕਰ ਸਕੇਗਾ। ਉਹਨਾਂ ਅਜਿਹੇ ਦੇਣਦਾਰਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਬਕਾਇਆ ਅਦਾ ਕਰਨ। ਇਸੇ ਤਰਾਂ ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇਂ ਅਰਾਵਿੰਦ ਕੁਮਾਰ ਨੇ ਬਕਾਇਆ ਪਏ ਇੰਤਕਾਲ ਅਤੇ ਤਕਸੀਮ ਦੇ ਕੇਸ ਵੀ ਤੁਰੰਤ ਪਾਸ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਦੱਸਿਆਂ ਕਿ ਸਾਰੀਆਂ ਮਾਲ ਅਦਾਲਤਾਂ ਵਿੱਚ ਕੋਰਟ ਮੈਨੇਜਮੈਂਟ ਸਿਸਟਮ ਲਾਗੁ ਕੀਤਾ ਗਿਆ ਹੈ, ਉਹਨਾਂ ਕਿਹਾ ਕਿ ਸਾਰੀਆਂ ਮਾਲ ਅਦਾਲਤਾਂ ਦੇ ਚੱਲ ਰਹੇ ਕੇਸਾਂ ਦੀ ਸੂਚਨਾਂ ਇਸ ਪੋਰਟਲ ਤੇ ਅਪਲੋਡ ਕੀਤੀ ਜਾਵੇ। ਬੈਠਕ ਦੌਰਾਨ ਉਹਨਾਂ ਨੇ ਨਿਰਦੇਸ਼ ਦਿੱਤੇ ਕਿ ਸਰਕਾਰੀ ਸੇਵਾਵਾਂ ਲੈਣ ਵਿੱਚ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ। ਬੈਠਕ ਵਿੱਚ ਐਸ.ਡੀ.ਐਮ ਸ੍ਰੀ ਗੋਪਾਲ ਸਿੰਘ, ਸ੍ਰੀ ਓਮ ਪ੍ਰਕਾਸ਼, ਏਸੀਯੁਟੀ ਗਗਨਦੀਪ ਸਿੰਘ, ਜ਼ਿਲਾ ਮਾਲ ਅਫਸਰ ਸ.ਅਵਤਾਰ ਸਿੰਘ, ਤਹਿਸੀਲਦਾਰ ਜੈਤ ਰਾਮ,ਸੁਖਬੀਰ ਕੌਰ, ਗੁਰਮੇਲ ਸਿੰਘ ਆਦਿ ਵੀ ਹਾਜ਼ਰ ਸਨ।