CDPO ਦਫਤਰ ਦੇ ਬਾਹਰ ਧਰਨਾ ਲਗਾ CDPO ਰਾਹੀਂ ਵਿਭਾਗ ਦੀ ਮੰਤਰੀ ਦੇ ਨਾਂ ਭੇਜਿਆ ਧਰਨੇ ਦਾ ਨੋਟਿਸ- ਬਲਾਕ ਪ੍ਰਧਾਨ ਕਿਰਨਜੀਤ ਕੌਰ
ਮਲੋਟ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਹਰਗੋਬਿੰਦ ਕੌਰ ਗਰੁੱਪ ਬਲਾਕ ਮਲੋਟ ਪ੍ਰਧਾਨ ਕਿਰਨਜੀਤ ਕੌਰ ਵੱਲੋਂ ਬਲਾਕ ਦੀ ਅਗਵਾਈ ਹੇਠ CDPO ਦਫ਼ਤਰ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਜਿਸ ਦੌਰਾਨ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਯੂਨੀਅਨ ਦਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਪਿਛਲੇ 47 ਸਾਲਾਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਸ਼ੋਸ਼ਣ ਕਰ ਰਹੀਆ ਹਨ। ਇਸ ਤੋਂ ਬਚਣ ਲਈ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਲਾਮਬੰਦ ਹੋ ਕੇ ਮਜ਼ਬੂਤੀ ਨਾਲ ਖੜੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਦੀ ਸਰਕਾਰ ਹੈ ਤੇ ਭਾਵੇਂ ਪੰਜਾਬ ਦੀ ਸਰਕਾਰ ਹੈ ਕਿਸੇ ਵੱਲੋਂ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਦਾ ਬਿਗਲ ਵਜਾਉਂਦਿਆ ਉਹਨਾਂ ਨੇ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਨਾਮ CDPO ਰਾਹੀ ਧਰਨੇ ਦਾ ਨੋਟਿਸ ਭੇਜਿਆ ਗਿਆ।
ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰਨ ਲਈ ਉਤਰਨਗੀਆਂ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਆਗੂਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਚੌਥੇ ਦਰਜੇ ਦਾ ਗਰੇਡ ਦਿੱਤਾ ਜਾਵੇ। ਉਹਨਾਂ ਕਿਹਾ ਕਿ 2017 ਤੋਂ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ ਵਿੱਚ ਭੇਜੇ ਜਾਣ। ਗਰਮੀਆਂ ਦੀਆਂ ਛੁੱਟੀਆਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਬਰਾਬਰ ਕੀਤੀਆਂ ਜਾਣ, ਕਿਉਂਕਿ ਬਹੁਤ ਸਾਰੇ ਆਂਗਣਵਾੜੀ ਸੈਂਟਰ ਸਰਕਾਰੀ ਸਕੂਲਾਂ ਵਿਚ ਚੱਲਦੇ ਹਨ। ਜਦੋਂ ਸਕੂਲ ਬੰਦ ਹੋ ਜਾਂਦੇ ਹਨ ਤਾਂ ਵਰਕਰਾਂ ਤੇ ਹੈਲਪਰਾਂ ਨੂੰ ਦਿੱਕਤ ਆਉਦੀ ਹੈ, ਕਿਉਂਕਿ ਸਕੂਲਾਂ ਨੂੰ ਤਾਲੇ ਲੱਗੇ ਹੁੰਦੇ ਹਨ, ਕਮਰੇ ਬੰਦ ਹੁੰਦੇ ਹਨ। ਵਰਕਰ ਹੈਲਪਰ ਸਕੂਲਾਂ ਦੀਆਂ ਕੰਧਾਂ ਨਾਲ ਧੁੱਪ ਵਿੱਚ ਬੈਠਣ ਲਈ ਮਜਬੂਰ ਹੋ ਜਾਂਦੀਆਂ ਹਨ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਤੁਰੰਤ ਕੀਤੀ ਜਾਵੇ ਅਤੇ ਭਰਤੀ ਕਰਨ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਦੇ ਲਈ ਸੋਧ ਕੀਤੀ ਜਾਵੇ। ਇਸ ਤੋਂ ਇਲਾਵਾ 10 ਸੂਤਰੀ ਮੰਗ ਪੱਤਰ ਤੇ ਧਿਆਨ ਕੀਤਾ ਜਾਵੇ। Author: Malout Live